Saturday , 20 April 2019
Breaking News
You are here: Home » EDITORIALS » ਮਨੁੱਖੀ ਤਸਕਰੀ ਦਾ ਸਿਲਸਿਲਾ ਬੇਰੋਕ ਜਾਰੀ

ਮਨੁੱਖੀ ਤਸਕਰੀ ਦਾ ਸਿਲਸਿਲਾ ਬੇਰੋਕ ਜਾਰੀ

ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਤੋਂ ਮਨੁੱਖੀ ਤਸਕਰੀ ਦਾ ਸਿਲਸਿਲਾ ਬੇਰੋਕ ਜਾਰੀ ਹੈ। ਗਰੀਬ ਅਤੇ ਮਜ਼ਬੂਰ ਲੋਕਾਂ ਨੂੰ ਮਨੁੱਖੀ ਤਸਕਰੀ ਦੇ ਨਾਮ ਉਪਰ ਲੁੱਟਿਆ ਜਾ ਰਿਹਾ ਹੈ। ਸਰਕਾਰ ਵਿਕਸਤ ਦੇਸ਼ਾਂ ਨੂੰ ਗੈਰ ਕਾਨੂੰਨੀ ਪ੍ਰਵਾਸ ਰੋਕਣ ਵਿੱਚ ਬੁਰੀ ਤਰ੍ਹਾਂ ਅਸਫਲ ਹੈ। ਮਨੁੱਖੀ ਤਸਕਰੀ ਦੀ ਇਕ ਨਵੀਂ ਘਟਨਾ ਨੇ ਤਾਂ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪੰਜਾਬ, ਹਰਿਆਣਾ ਅਤੇ ਦਿੱਲੀ ਦੇ 22 ਨਾਬਾਲਗਾਂ ਬੱਚਿਆਂ ਨੂੰ ਰਗਬੀ ਦੀ ਸਿਖਲਾਈ ਦੇਣ ਦੇ ਬਹਾਨੇ ਤਿੰਨ ਟਰੈਵਲ ਏਜੰਟਾਂ ਵਲੋਂ ਨਾਜਾਇਜ਼ ਢੰਗ ਨਾਲ ਫਰਾਂਸ ਲੈ ਕੇ ਜਾਣਾ ਅਤੇ ਬਾਅਦ ’ਚ ਉਨ੍ਹਾਂ ਦੇ ਗਾਇਬ ਹੋ ਜਾਣ ਦੀ ਘਟਨਾ ਸੱਚਮੁੱਚ ਬਹੁਤ ਚਿੰਤਾਜਨਕ ਹੈ। ਸੀਬੀਆਈ ਨੇ ਫਰਾਂਸ ਸਰਕਾਰ ਦੀ ਸ਼ਿਕਾਇਤ ਉਪਰ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਜਾਂਚ ਏਜੰਸੀ ਨੇ ਸ਼ੁਕਰਵਾਰ ਨੂੰ ਤਿੰਨ ਟਰੈਵਲ ਏਜੰਟਾਂ ਫ਼ਰੀਦਾਬਾਦ ਦੇ ਲਲਿਤ ਡੇਵਿਡ ਡੀਨ ਅਤੇ ਦਿੱਲੀ ਦੇ ਸੰਜੇ ਰਾਏ ਤੇ ਵਰੁਣ ਚੌਧਰੀ ਦੇ ਦਫ਼ਤਰਾਂ ਦੀ ਤਲਾਸ਼ੀ ਲਈ ਅਤੇ ਸਬੰਧਤ ਦਸਤਾਵੇਜ਼ ਬਰਾਮਦ ਕੀਤੇ। ਅਧਿਕਾਰੀਆਂ ਮੁਤਾਬਿਕ ਏਜੰਟਾਂ ਨੇ ਇਨ੍ਹਾਂ ਨਾਬਾਲਗਾਂ ਨੂੰ ਵਿਦੇਸ਼ ਭੇਜਣ ਲਈ ਹਰ ਬਚੇ ਦੇ ਪਰਿਵਾਰ ਕੋਲੋਂ 25-30 ਲਖ ਰੁਪਏ ਲਏ ਸਨ। ਵੀਜ਼ੇ ਪ੍ਰਾਪਤ ਕਰਨ ਲਈ ਏਜੰਟਾਂ ਨੇ ਕਾਗਜ਼ਾਂ ’ਚ ਦਿਖਾਇਆ ਸੀ ਕਿ 13-18 ਸਾਲ ਉਮਰ ਵਰਗ ਦੇ 25 ਬਚੇ ਪੈਰਿਸ ’ਚ ਰਗਬੀ ਦੇ ਸਿਖਲਾਈ ਕੈਂਪ ‘ਚ ਹਿਸਾ ਲੈਣ ਜਾ ਰਹੇ ਹਨ। ਫਰਾਂਸ ਵਿੱਚ ਗਾਇਬ ਹੋਏ ਬੱਚੇ ਕਪੂਰਥਲਾ ਦੇ ਦੋ ਸਕੂਲਾਂ ਦੇ ਵਿਦਿਆਰਥੀ ਹਨ। 25 ਵਿਦਿਆਰਥੀਆਂ ਦਾ ਇਹ ਸਮੂਹ ਪੈਰਿਸ ਦੀ ਫਰੈਂਚ ਫੈਡਰੇਸ਼ਨ ਦੇ ਕਥਿਤ ਸਦੇ ’ਤੇ ਉਥੇ ਰਗਬੀ ਦੇ ਸਿਖਲਾਈ ਕੈਂਪ ’ਚ ਹਿਸਾ ਲੈਣ ਗਿਆ ਸੀ। 25 ਵਿਦਿਆਰਥੀਆਂ ਨੇ ਇਕ ਹਫ਼ਤੇ ਤਕ ਕੈਂਪ ’ਚ ਹਿਸਾ ਵੀ ਲਿਆ ਪਰ ਇਸ ਦੌਰਾਨ ਟਰੈਵਲ ਏਜੰਟਾਂ ਨੇ ਉਨ੍ਹਾਂ ਦੀ ਵਾਪਸੀ ਦੀ ਟਿਕਟ ਰਦ ਕਰ ਦਿਤੀ ਅਤੇ ਇਸ ਦੌਰਾਨ 23 ਬੱਚੇ ਗਾਇਬ ਹੋ ਗਏ। ਦੋ ਬੱਚੇ ਭਾਰਤ ਵਾਪਸ ਪਰਤ ਆਏ ਜਦੋਂ ਕਿ ਇਕ ਬੱਚੇ ਨੂੰ ਉਥੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਨ੍ਹਾਂ ਸਾਰੇ ਬੱਚਿਆਂ ਨੂੰ ਇਕ ਸਥਾਨਕ ਗੁਰਦੁਆਰਾ ਸਾਹਿਬ ’ਚ ਰਖਿਆ ਗਿਆ। ਫਰਾਂਸ ਦੀ ਪੁਲਿਸ ਵੱਲੋਂ ਫੜੇ ਗਏ ਇਕ ਬੱਚੇ ਤੋਂ ਪੁੱਛਗਿੱਛ ਦੌਰਾਨ ਇਸ ਸਾਰੇ ਮਾਮਲੇ ਦਾ ਪਰਦਾ ਫਾਸ਼ ਹੋਇਆ। ਫਰਾਂਸ ਨੇ ਇਸ ਦੀ ਸੂਚਨਾ ਇੰਟਰਪੋਲ ਨੂੰ ਦਿਤੀ ਅਤੇ ਇੰਟਰਪੋਲ ਨੇ ਸੀ. ਬੀ. ਆਈ. ਨੂੰ ਜਾਂਚ ਕਰਨ ਲਈ ਆਖਿਆ। ਇਹ ਮਾਮਲਾ ਸੱਚਮੁੱਚ ਬਹੁਤ ਗੰਭੀਰ ਹੈ। ਵਿਕਸਤ ਦੇਸ਼ਾਂ ਨੂੰ ਵਿਕਾਸ ਦੇ ਨਾਮ ਉਪਰ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਭਾਰਤ ਉਪਰ ਇਕ ਧੱਬਾ ਹੈ। ਇਸ ਗੈਰ ਕਾਨੂੰਨੀ ਸਰਗਰਮੀ ਨੂੰ ਹਰ ਹਾਲਤ ਰੋਕਿਆ ਜਾਣਾ ਚਾਹੀਦਾ ਹੈ। ਮਨੁੱਖੀ ਤਸਕਰੀ ਵਿੱਚ ਸ਼ਾਮਲ ਏਜੰਟਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਇਸ ਨਾਲ ਭਾਰਤ ਦੀ ਵਿਦੇਸ਼ਾਂ ਵਿੱਚ ਸ਼ਾਖ ’ਤੇ ਧੱਬਾ ਲੱਗਦਾ ਹੈ। ਗੈਰ ਕਾਨੂੰਨੀ ਤਰੀਕਿਆਂ ਨਾਲ ਬਾਹਰ ਜਾਣ ਵਾਲੇ ਲੋਕਾਂ ਦੀ ਲੁੱਟ ਹੋ ਰਹੀ ਹੈ। ਦੂਜੇ ਪਾਸੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਤਾਜ਼ਾ ਘਟਨਾ ਤੋਂ ਸਰਕਾਰ ਕੁਝ ਸਿੱਖੇਗੀ ਅਤੇ ਇਸ ਸਬੰਧੀ ਕੋਈ ਪੁਖਤਾ ਕਾਰਵਾਈ ਕਰੇਗੀ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11