Tuesday , 23 October 2018
Breaking News
You are here: Home » BUSINESS NEWS » ਭੰਡਾਰੀ ਪੁੱਲ ਵਿਸਥਾਰ ਬਾਅਦ ਆਮ ਲੋਕਾਂ ਲਈ ਖੋਲ੍ਹਿਆ

ਭੰਡਾਰੀ ਪੁੱਲ ਵਿਸਥਾਰ ਬਾਅਦ ਆਮ ਲੋਕਾਂ ਲਈ ਖੋਲ੍ਹਿਆ

ਉਦਘਾਟਨੀ ਸਮਾਰੋਹ ਵਿਚ ਪਹੁੰਚੇ ਤਿੰਨ ਕੈਬਨਿਟ ਮੰਤਰੀ

ਅੰਮ੍ਰਿਤਸਰ, 16 ਜੁਲਾਈ (ਰਾਜੇਸ਼ ਡੈਨੀ, ਬਿਕਰਮਜੀਤ ਸਿੰਘ)- ਸ਼ਹਿਰ ਦੀ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਭੰਡਾਰੀ ਪੁੱਲ ਦੇ ਕੀਤੇ ਗਏ ਵਿਸਥਾਰ ਨੂੰ ਅੱਜ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਭੰਡਾਰੀ ਪੁੱਲ ਦੇ ਇਸ ਨਵੇਂ ਹਿੱਸੇ ਨੂੰ ਲੋਕ ਅਰਪਿਤ ਕਰਨ ਲਈ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ, ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ ਉਚੇਚੇ ਤੌਰ ’ਤੇ ਸਮਾਗਮ ਵਿਚ ਹਾਜ਼ਰ ਹੋਏ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸ੍ਰੀ ਸਿੰਗਲਾ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ ਉਸਾਰੇ ਗਏ ਇਸ ਚਹੁੰ ਮਾਰਗੀ ਰੇਲਵੇ ਓਵਰ ਬ੍ਰਿਜ ’ਤੇ 41 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ ਸ਼ਹਿਰ ਵਾਸੀਆਂ ਅਤੇ ਸ਼ਹਿਰ ਆਉਣ ਵਾਲੇ ਲੱਖਾਂ ਸੈਲਾਨੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਆਵਾਜਾਈ ਪ੍ਰਬੰਧ ਨੂੰ ਸੁਖਾਲਾ ਕਰਨ ਲਈ ਛੇਤੀ ਹੀ ਨਵੇਂ ਰੇਲਵੇ ਓਵਰ ਬ੍ਰਿਜ ਬਣਾਏ ਜਾਣਗੇ, ਜਿਸ ਨਾਲ ਸੜਕਾਂ ’ਤੇ ਲੱਗਦੇ ਜਾਮ ਬੰਦ ਹੋ ਜਾਣਗੇ। ਇਸ ਮੌਕੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ, ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਵਿਧਾਇਕ ਸ੍ਰੀਮਤੀ ਨਵਜੋਤ ਕੌਰ ਸਿੱਧੂ, ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਸ੍ਰੀ ਐਸ. ਸ੍ਰੀਵਾਸਤਵਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ ਸ਼ਰਮਾ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਕਸੀਅਨ ਸ. ਜਸਬੀਰ ਸਿੰਘ ਸੋਢੀ, ਸ੍ਰੀਮਤੀ ਮਮਤਾ ਦੱਤਾ, ਕੌਂਸਲਰ ਸੁਖਦੇਵ ਸਿੰਘ ਚਾਹਲ ਅਤੇ ਹੋਰ ਸੀਨੀਅਰ ਨੇਤਾ ਅਤੇ ਅਧਿਕਾਰੀ ਹਾਜ਼ਰ ਸਨ। ਸ੍ਰੀ ਸਿੰਗਲਾ ਨੇ ਇਸ ਤੋਂ ਇਲਾਵਾ ਮੁੱਧਲ ਤੋਂ ਵੇਰਕਾ ਨਹਿਰ ਤੱਕ ਬਣੀ ਸੜਕ ਦੀ ਮੁੜ ਉਸਾਰੀ ਕਰਨ ਅਤੇ ਵੱਲ੍ਹਾ ਰੇਲਵੇ ਫਾਟਕ ਤੋਂ ਅੰਮ੍ਰਿਤਸਰ ਬਾਈਪਾਸ ਤੱਕ ਸੜਕ ਦੀ ਮੁੜ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਵੀ ਰੱਖੇ। ਇਸ ਤੋਂ ਪਹਿਲਾਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਉਨਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ।

Comments are closed.

COMING SOON .....


Scroll To Top
11