Wednesday , 21 November 2018
Breaking News
You are here: Home » EDITORIALS » ਭ੍ਰਿਸ਼ਟਾਚਾਰ ਦੀ ਦੀਵਾਲੀ

ਭ੍ਰਿਸ਼ਟਾਚਾਰ ਦੀ ਦੀਵਾਲੀ

ਕਿਸੇ ਸਮੇਂ ਦੀਵਾਲੀ ਖੁਸ਼ੀਆਂ ਅਤੇ ਖੇੜਿਆਂ ਦਾ ਤਿਉਹਾਰ ਸੀ ਹੁਣ ਇਹ ਤਿਉਹਾਰ ਮੌਜੂਦਾ ਹਾਲਾਤਾਂ ਵਿੱਚ ਢੱਲ ਗਿਆ ਹੈ। ਦੀਵਾਲੀ ਭ੍ਰਿਸ਼ਟਾਚਾਰ ਦਾ ਤਿਉਹਾਰ ਬਣਦਾ ਜਾ ਰਿਹਾ ਹੈ। ਇਸ ਮੌਕੇ ’ਤੇ ਭ੍ਰਿਸ਼ਟ ਨੇਤਾਵਾਂ ਅਤੇ ਅਧਿਕਾਰੀਆਂ ਨੂੰ ਤੋਹਫਿਆਂ ਦੇ ਨਾਮ ਉਪਰ ਭਾਰੀ ਰਿਸ਼ਵਤ ਦਿੱਤੀ ਜਾਂਦੀ ਹੈ। ਇਹ ਦੁੱਖ ਦੀ ਗੱਲ ਹੈ ਕਿ ਬਨੇਰਿਆਂ ਉਪਰ ਦੀਵੇ ਬਲਦੇ ਹਨ ਪ੍ਰੰਤੂ ਵੇਹੜਿਆਂ ਵਿੱਚ ਹਨੇਰਾ ਪਸਰਿਆ ਹੋਇਆ ਹੈ। ਭ੍ਰਿਸ਼ਟਾਚਾਰ ਦੇ ਦੈਂਤ ਨੇ ਲੋਕਾਂ ਦੀਆਂ ਖੁਸ਼ੀਆਂ ਨੂੰ ਖੋਹ ਲਿਆ ਹੈ। ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਰਕਾਰੀ ਪ੍ਰਬੰਧ ਬੁਰੀ ਤਰ੍ਹਾਂ ਚਰਮਰਾ ਗਿਆ ਹੈ। ਹੁਣ ਆਮ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ। ਦੀਵਾਲੀ ਮੌਕੇ ਤਾਂ ਉਨ੍ਹਾਂ ਦਾ ਦਮ ਹੋਰ ਘੁੱਟ ਜਾਂਦਾ ਹੈ। ਕਰੋੜਾਂ ਲੋਕ ਦੀਵਾਲੀ ਦੇ ਤਿਉਹਾਰ ਉਪਰ ਵੀ ਖੁਸ਼ੀ ਨਹੀਂ ਮਨਾ ਸਕਦੇ। ਦੇਸ਼ ਦੇ ਸਿਆਸੀ ਪ੍ਰਬੰਧ ਨੇ ਉਨ੍ਹਾਂ ਦੇ ਹਿੱਸੇ ਦੀ ਦਿਵਾਲੀ ਖੋਹ ਲਈ ਹੈ। ਦੀਵਾਲੀ ਨੂੰ ਖੁੱਲ੍ਹੇ ਰੂਪ ਵਿੱਚ ਭ੍ਰਿਸ਼ਟਾਚਾਰ ਦਾ ਤਿਉਹਾਰ ਬਣਾ ਦਿੱਤਾ ਗਿਆ ਹੈ। ਦੀਵਾਲੀ ਦੇ ਤਿਉਹਾਰ ਨੂੰ ਹੁਣ ਵਪਾਰ ਲਈ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ। ਦੀਵਾਲੀ ਦੇ ਇਸ ਤਿਉਹਾਰ ਮੌਕੇ ਇਹ ਸੋਚਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਿਉਂ ਨਹੀਂ ਹੋ ਰਿਹਾ। ਭ੍ਰਿਸ਼ਟਾਚਾਰ ਵਿਰੋਧੀ ਲਹਿਰਾਂ ਦੇ ਬਾਵਜੂਦ ਭ੍ਰਿਸ਼ਟਾਚਾਰ ਨੂੰ ਠੱਲ੍ਹ ਨਹੀਂ ਪੈ ਰਹੀ। ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਦੀ ਲੁੱਟ ਜਾਰੀ ਹੈ। ਵੱਡੇ ਸਰਕਾਰੀ ਸੌਦਿਆਂ ਵਿੱਚ ਕਮਿਸ਼ਨਬਾਜ਼ੀ ਖੁੱਲ੍ਹੇ ਆਮ ਚੱਲ ਰਹੀ ਹੈ। ਕਾਰਪੋਰੇਟ ਅਤੇ ਕਾਰੋਬਾਰੀ ਅਦਾਰੇ ਸਿੱਧੇ ਤੌਰ ’ਤੇ ਸਰਕਾਰ ਨੂੰ ਚਲਾ ਰਹੇ ਹਨ। ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਨੂੰ ਪ੍ਰਭਾਵਿਤ ਕਰਕੇ ਮਾਲਾ-ਮਾਲ ਹੋ ਰਹੇ ਹਨ। ਭ੍ਰਿਸ਼ਟਾਚਾਰ ਦੇ ਵੀ ਕਈ ਰੂਪ ਹਨ। ਨਵੇਂ ਹਾਲਾਤਾਂ ਵਿੱਚ ਭ੍ਰਿਸ਼ਟਾਚਾਰੀਆਂ ਨੇ ਆਪਣੇ ਢੰਗ ਤਰੀਕੇ ਬਦਲ ਲਏ ਹਨ। ਦੀਵਾਲੀ ਮੌਕੇ ਭ੍ਰਿਸ਼ਟਾਚਾਰ ਦੇ ਅਜਿਹੇ ਕਈ ਰੂਪ ਦੇਖਣ ਨੂੰ ਮਿਲਦੇ ਹਨ। ਬੇਸ਼ੱਕ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਕਾਨੂੰਨੀ ਪ੍ਰਬੰਧ ਦੀ ਚਰਚਾ ਹੋ ਰਹੀ ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਇਸ ਸਬੰਧੀ ਸਿਆਸੀ ਸਹਿਮਤੀ ਨਹੀਂ ਬਣ ਰਹੀ ਹੈ। ਲੋਕਪਾਲ ਦਾ ਮੁੱਦਾ ਵੀ ਕਿੱਧਰੇ ਆਲੋਪ ਹੋ ਗਿਆ ਹੈ। ਇਸ ਮੁੱਦੇ ’ਤੇ ਮੀਡੀਆ ਦੀ ਸਰਗਰਮੀ ਪੂਰੀ ਤਰ੍ਹਾਂ ਠੰਢੀ ਪੈ ਚੁੱਕੀ ਹੈ। ਭ੍ਰਿਸ਼ਟਾਚਾਰ ਵਿਰੋਧੀ ਲਹਿਰ ਦੇ ਕਾਰਕੁੰਨ ਆਪਣੇ ਘਰ ਜਾ ਚੁੱਕੇ ਹਨ। ਸਿਆਸੀ ਪਾਰਟੀਆਂ ਦੀਆਂ ਤਰਜੀਹਾਂ ਵੀ ਹੁਣ ਬਦਲ ਗਈਆਂ ਹਨ। ਲਗਦਾ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਦੇਸ਼ ਵਿੱਚ ਹੁਣ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਲਹਿਰ ਦਾ ਕੋਈ ਵਾਲੀਵਾਰਸ ਨਹੀਂ ਰਿਹਾ। ਅਜਿਹੇ ਹਾਲਾਤਾਂ ਵਿੱਚ ਭ੍ਰਿਸ਼ਟਾਚਾਰੀ ਖੁੱਲ੍ਹ ਕੇ ਖੇਡ ਰਹੇ ਹਨ। ਦੇਸ਼ ਲੁਟਿਆ ਜਾ ਰਿਹਾ ਹੈ। ਭ੍ਰਿਸ਼ਟਾਚਾਰੀ ਖੁੱਲ੍ਹੇਆਮ ਬੈਂਕਾਂ ਲੁੱਟ ਕੇ ਵਿਦੇਸ਼ਾਂ ਵਿੱਚ ਭੱਜ ਰਹੇ ਹਨ। ਆਮ ਲੋਕ ਭ੍ਰਿਸ਼ਟ ਪ੍ਰਬੰਧ ਵਿੱਚ ਔਖੇ ਸਾਹ ਲੈ ਰਹੇ ਹਨ। ਨੇੜ ਭਵਿੱਖ ਵਿੱਚ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਸ਼ਾਇਦ ਹੀ ਮਿਲੇ ਕਿਉਂਕਿ ਇਸ ਨੂੰ ਹੌਲੀ-ਹੌਲੀ ਜੀਵਨ ਦਾ ਇਕ ਹਿੱਸਾ ਬਣਾ ਦਿੱਤਾ ਗਿਆ ਹੈ। ਜੇਕਰ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕੀਤਾ ਜਾਂਦਾ ਤਾਂ ਇਕ ਦਿਨ ਇਸ ਦੇਸ਼ ਦਾ ਸਾਰਾ ਪ੍ਰਬੰਧ ਵਿਕਾਊ ਹੋ ਜਾਵੇਗਾ। ਭ੍ਰਿਸ਼ਟਾਚਾਰ ਦੇ ਖਾਤਮੇ ਲਈ ਇਕ ਵੱਡੀ ਅਤੇ ਮਜ਼ਬੂਤ ਲਹਿਰ ਦੀ ਲੋੜ ਹੈ। ਆਮ ਲੋਕਾਂ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਇਹ ਲਹਿਰ ਕਾਰਗਰ ਨਹੀਂ ਹੋ ਸਕਦੀ। ਦੀਵਾਲੀ ਦੇ ਇਸ ਤਿਉਹਾਰ ਮੌਕੇ ਜੇਕਰ ਸਾਰਾ ਭਾਰਤ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਪੱਕਾ ਫੈਸਲਾ ਕਰ ਲਵੇ ਤਦ ਅਗਲੀ ਦੀਵਾਲੀ ਤੱਕ ਭਾਰਤ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਮੁਕਤ ਹੋ ਜਾਵੇਗਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11