Thursday , 23 May 2019
Breaking News
You are here: Home » PUNJAB NEWS » ਭਾਰਤ-ਪਾਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਅੱਗੇ ਵਧਾਉਣ ਲਈ ਸਹਿਮਤ

ਭਾਰਤ-ਪਾਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਅੱਗੇ ਵਧਾਉਣ ਲਈ ਸਹਿਮਤ

ਉਸਾਰੀ ਦੋ ਪੜਾਅ ’ਚ ਝ ਪਹਿਲਾ ਪੜਾਅ 550 ਸਾਲਾ ਸਮਾਗਮਾਂ ਤੋਂ ਪਹਿਲੇ ਹੋਵੇਗਾ ਤਿਆਰ

ਅੰਮ੍ਰਿਤਸਰ, 14 ਮਾਰਚ- ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਵਿਚਾਰ ਕਰਨ ਲਈ ਅਜ ਭਾਰਤ ਤੇ ਪਾਕਿਸਤਾਨ ਨੇ ਬਾਕਾਇਦਾ ਵਿਚਾਰ ਵਟਾਂਦਰਾ ਕੀਤਾ। ਇਹ ਵਿਚਾਰ–ਚਰਚਾ ਬੇਹਦ ਸੁਖਾਵੇਂ ਮਾਹੌਲ ਵਿਚ ਹੋਈ। ਇਹ ਮੁਲਾਕਾਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇਕ ਸਮਝੌਤੇ ਦੇ ਖਰੜੇ ਉਤੇ ਚਰਚਾ ਕਰਨ ਲਈ ਸੀ। ਹੁਣ ਦੋਵੇਂ ਦੇਸ਼ਾਂ ਦੇ ਵਫ਼ਦ ਆਉਂਦੀ 2 ਅਪ੍ਰੈਲ ਨੂੰ ਇਕ ਵਾਰ ਫਿਰ ਮਿਲਣਗੇ। ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਰਤ ਤੇ ਪਾਕਿਸਤਾਨ ਵਿਚਾਲੇ ਅਜ ਇਹ ਪਹਿਲੀ ਅਧਿਕਾਰਤ ਮੁਲਾਕਾਤ ਸੀ। ਬੈਠਕ ਮਗਰੋਂ ਜਾਰੀ ਸਾਂਝੇ ਪ੍ਰੈਸ ਬਿਆਨ ਵਿਚ ਦਸਿਆ ਗਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀਪੂਰਨ ਮਾਹੌਲ ਵਿਚ ਮੀਟਿੰਗ ਹੋਈ। ਇਸ ਮਗਰੋਂ ਦੋਵੇਂ ਦੇਸ਼ ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ‘ਤੇ ਅਗੇ ਵਧ ਸਕਦੇ ਹਨ। ਮੀਟਿੰਗ ਵਿਚ ਵਖ-ਵਖ ਤਕਨੀਕੀ ਪਖਾਂ ‘ਤੇ ਵੀ ਵਿਚਾਰ ਵਟਾਂਦਰੇ ਹੋਏ ਤੇ ਗਲਿਆਰੇ ਦੇ ਵੇਰਵਿਆਂ ਬਾਰੇ ਵੀ ਗਲਬਾਤ ਹੋਈ। ਭਾਰਤੀ ਵਫ਼ਦ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕਤਰ ਐਸ.ਸੀ.ਐਲ. ਦਾਸ ਵਲੋਂ ਕੀਤੀ ਗਈ ਤੇ ਪਾਕਿਸਤਾਨ ਵਾਲੇ ਪਾਸਿਓਂ ਡਾ. ਮੁਹੰਮਦ ਫੈਜ਼ਲ (ਸਾਰਕ ਅਧਿਕਾਰੀ) ਪਹੁੰਚੇ ਹੋਏ ਸਨ। ਦੋਵਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਇਕਠਿਆਂ ਤੇ ਤੇਜ਼ੀ ਨਾਲ ਕੰਮ ਕਰਨ ‘ਤੇ ਸਹਿਮਤੀ ਜਤਾਈ। ਜਾਣਕਾਰੀ ਅਨੁਸਾਰ ਹੁਣ ਆਉਂਦੀ 19 ਮਾਰਚ ਨੂੰ ਦੋਵੇਂ ਦੇਸ਼ ਸਰਹਦ ‘ਤੇ ਗਲਿਆਰੇ ਦੇ ਮੇਲ ਬਿੰਦੂ ਤੈਅ ਕਰਨਗੇ। ਉਦੋਂ ਦੋਵੇਂ ਦੇਸ਼ਾਂ ਦੇ ਤਕਨੀਕੀ ਮਾਹਰ ਹੀ ਸ਼ਾਮਲ ਹੋਣਗੇ। ਇਸ ਉਪਰੰਤ 2 ਅਪਰੈਲ ਨੂੰ ਪਾਕਿਸਤਾਨ ਦੇ ਵਾਹਗਾ ਵਿਚ ਵੀ ਬੈਠਕ ਹੋਵੇਗੀ। ਉਪਰੰਤ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਦੇ ਉਚ ਅਧਿਕਾਰੀਆਂ ਵਲੋਂ ਸੰਗਠਿਤ ਜਾਂਚ ਚੌਕੀ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਗਈ। ਤਕਰੀਬਨ 5 ਘੰਟਿਆਂ ਤਕ ਚਲੀ ਬੈਠਕ ‘ਚ ਕਈ ਪਹਿਲੂਆਂ ‘ਤੇ ਚਰਚਾ ਕੀਤੀ ਗਈ। ਇਸ ਮੀਟਿੰਗ ‘ਚ ਭਾਰਤੀ ਅਧਿਕਾਰੀਆਂ ਨੇ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਯਾਦਗਾਰੀ ਸਮਾਰੋਹ ਦੇ ਲਈ ਭਾਰਤ ਸਰਕਾਰ ਵਲੋਂ ਵਖ-ਵਖ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ। ਅਜ ਦੀ ਮੀਟਿੰਗ ਵਿਚ ਚਰਚਾ ਕੀਤੀ ਗਈ ਕਿ ਇਕ ਦਿਨ ਵਿਚ 5,000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਦਿਤੀ ਜਾਵੇ। ਇਸ ਬਾਰੇ ਵੀ ਚਰਚਾ ਹੋਈ ਕਿ ਭਾਰਤੀ ਸ਼ਰਧਾਲੂਆਂ ਨੂੰ ਵੀਜ਼ੇ ਤੋਂ ਬਿਨਾ ਇਸ ਗੁਰੂਘਰ ਦੇ ਦਰਸ਼ਨਾਂ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਭਾਰਤੀ ਵਫ਼ਦ ਵਿਚ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਬੀ.ਐਸ.ਐਫ਼. , ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਮੌਜੂਦ ਸਨ। ਦੋਵੇਂ ਧਿਰਾਂ ਨੇ ਸਮਝੌਤੇ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਬਾਰੇ ਗਲਬਾਤ ਕੀਤੀ ਤੇ ਲਾਂਘੇ ਬਾਰੇ ਹਰ ਤਰ੍ਹਾਂ ਦੀਆਂ ਵਾਧਾਂ–ਘਾਟਾਂ ਤੇ ਤਾਲਮੇਲ ਜਿਹੇ ਮੁਦਿਆਂ ਸਬੰਧੀ ਗਲਬਾਤ ਹੋਈ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਵਿਖੇ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹਦ ਉਤੇ ਬਣਨ ਵਾਲਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬੇਹਦ ਆਧੁਨਿਕ ਹੋਵੇਗਾ। ਸ਼ਰਧਾਲੂਆਂ ਲਈ ਹਰ ਸਹੂਲਤ ਦਾ ਖ਼ਿਆਲ ਰਖਿਆ ਜਾਵੇਗਾ। ਕੇਂਦਰ ਸਰਕਾਰ ਨੇ ਇਸ ਲਈ 190 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਕਰਤਾਰਪੁਰ ਸਾਹਿਬ ਲਾਂਘੇ ਦੀ ਟਰਮੀਨਲ ਇਮਾਰਤ ਅਤਿ–ਆਧੁਨਿਕ ਹੋਵੇਗੀ। ਸ਼ਰਧਾਲੂ ਇਸੇ ਲਾਂਘੇ ਰਾਹੀਂ ਅਗੇ ਜਾ ਕੇ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਵਿਖੇ ਦਰਬਾਰ ਸਾਹਿਬ ਗੁਰੂਘਰ ਦੇ ਦਰਸ਼ਨ ਕਰਿਆ ਕਰਨਗੇ। ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ (ਐਲ.ਪੀ.ਏ.ਆਈ.) ਨੂੰ ਇਸ ਲਾਂਘੇ ਦੀ ਉਸਾਰੀ ਦਾ ਕੰਮ ਬਹੁਤ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਦਰਅਸਲ ਨਵੰਬਰ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸਮੁਚੇ ਵਿਸ਼ਵ ਵਿਚ ਬੇਹਦ ਧੂਮਧਾਮ ਨਾਲ ਮਨਾਇਆ ਜਾਣਾ ਹੈ। ਕਰਤਾਰਪੁਰ ਸਾਹਿਬ ਲਾਂਘੇ ਲਈ 50 ਏਕੜ ਜ਼ਮੀਨ ਵਰਤੀ ਜਾਣੀ ਹੈ, ਜਿਸ ਨੂੰ ਦੋ ਗੇੜਾਂ ਵਿਚ ਵਿਕਸਤ ਕੀਤਾ ਜਾਣਾ ਹੈ। ਪਹਿਲੇ ਗੇੜ ਵਿਚ 21,650 ਵਰਗ ਮੀਟਰ ਦੀ ਪੂਰੀ ਤਰ੍ਹਾਂ ਏਅਰ–ਕੰਡੀਸ਼ਨਡ ਇਮਾਰਤ ਤਿਆਰ ਕੀਤੀ ਜਾਣੀ ਹੈ। ਸ਼ਰਧਾਲੂਆਂ ਲਈ ਇਸ ਟਰਮੀਨਲ ਬਿਲਡਿੰਗ ਕੰਪਲੈਕਸ ਦਾ ਡਿਜ਼ਾਇਨ ਖੰਡੇ ਦੀ ਤਰਜ਼ ਉਤੇ ਬਣਾਇਆ ਜਾ ਰਿਹਾ ਹੈ। ਜੋ ਮਨੁਖਤਾ, ਇਕਸਾਰਤਾ ਤੇ ਸਾਂਝੀਵਾਲਤਾ ਜਿਹੀਆਂ ਕਦਰਾਂ–ਕੀਮਤਾਂ ਦੀ ਯਾਦ ਦਿਵਾਉਂਦਾ ਰਹੇਗਾ। ਦੂਜੇ ਗੇੜ ਵਿਚ ਹਸਪਤਾਲ, ਸ਼ਰਧਾਲੂਆਂ ਦੇ ਰਹਿਣ ਲਈ ਸਥਾਨ ਤੇ ਹੋਰ ਅਤਿ–ਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਇਥੇ ਇਮੀਗ੍ਰੇਸ਼ਨ ਤੇ ਕਸਟਮਜ਼ ਕਲੀਅਰੈਂਸ ਦੀਆਂ ਸਹੂਲਤਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਜਾਵੇਗਾ, ਜਿਥੇ ਇਕ ਦਿਨ ਵਿਚ 5,000 ਸ਼ਰਧਾਲੂ ਆਸਾਨੀ ਨਾਲ ਆ–ਜਾ ਸਕਣਗੇ।

Comments are closed.

COMING SOON .....


Scroll To Top
11