Tuesday , 20 August 2019
Breaking News
You are here: Home » NATIONAL NEWS » ਭਾਰਤ-ਪਾਕਿ ਦੋਵਾਂ ਨੇ ਇਕ-ਦੂਜੇ ਦੇ ਲੜਾਕੂ ਜਹਾਜ਼ ਸੁੱਟੇ

ਭਾਰਤ-ਪਾਕਿ ਦੋਵਾਂ ਨੇ ਇਕ-ਦੂਜੇ ਦੇ ਲੜਾਕੂ ਜਹਾਜ਼ ਸੁੱਟੇ

ਪਾਕਿ ਵਲੋਂ ਭਾਰਤੀ ਹਵਾਈ ਸੈਨਾ ਦਾ ਪਾਇਲਟ ਗ੍ਰਿਫ਼ਤਾਰ ਕਰਨ ਦਾ ਦਾਅਵਾ-ਵੀਡੀਓ ਜਾਰੀ

ਨਵੀਂ ਦਿਲੀ, 27 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ ‘ਤੇ ਹੈ। ਜੈਸ਼-ਏ-ਮੁਹੰਮਦ ਦੇ ਕੈਂਪ ‘ਤੇ ਭਾਰਤੀ ਹਵਾਈ ਫ਼ੌਜ ਦੀ ਕਾਰਵਾਈ ਤੋਂ ਠੀਕ ਇਕ ਦਿਨ ਬਾਅਦ ਪਾਕਿਸਤਾਨ ਲੜਾਕੂ ਜਹਾਜ਼ ਨੇ ਬੁਧਵਾਰ ਸਵੇਰੇ ਰਾਜੌਰੀ ਪੁਣਛ ਜ਼ਿਲ੍ਹੇ ‘ਚ ਬੰਬ ਸੁਟ ਕੇ ਜੰਗਬੰਦੀ ਦੀ ਉਲੰਘਣਾ ਕੀਤੀ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਲੜਾਕੂ ਜਹਾਜ਼ ਨੇ ਰਾਜੌਰੀ ਦੇ ਨੌਸ਼ਹਰਾ ਤੇ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਣਾ ਘਾਟੀ ‘ਚ ਘੁਸਪੈਠ ਕਰ ਭਾਰਤੀ ਇਲਾਕਿਆਂ ‘ਤੇ ਲੈਜ਼ਰ ਗਾਈਡੈਡ ਗੋਲੇ ਦਾਗੇ। ਪਾਕਿ ਦੀ ਇਸ ਕਾਰਵਾਈ ਦਾ ਪਤਾ ਲਗਦੇ ਹੀ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਉਨ੍ਹਾਂ ਨੂੰ ਰੋਕਣ ਲਈ ਜਾ ਪਹੁੰਚੇ। ਅਚਾਨਕ ਹੋਈ ਇਸ ਕਾਰਵਾਈ ਤੋਂ ਤੁਰੰਤ ਮਗਰੋਂ ਪਾਕਿਸਤਾਨੀ ਲੜਾਕੂ ਜਹਾਜ਼ ਆਪਣੇ ਇਲਾਕੇ ‘ਚ ਭਜ ਗਏ। ਦੁਸ਼ਮਣ ਦੇ ਲੜਾਕੂ ਜਹਾਜ਼ਾਂ ਦੀ ਇਹ ਕਾਰਵਾਈ ਕੁਝ ਮਿੰਟ ਹੀ ਚਲੀ। ਇਸ ਦੌਰਾਨ ਸੁਰਖਿਆ ਦੇ ਮਦੇਨਜ਼ਰ ਕੁਝ ਸਮੇਂ ਲਈ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਦੇ ਹਵਾਈ ਅਡਿਆਂ ‘ਤੇ ਹਵਾਈ ਆਵਾਜਾਈ ਨੂੰ ਬੰਦ ਕੀਤਾ ਗਿਆ ਪਰੰਤੂ ਕੁਝ ਸਮੇਂ ਬਾਅਦ ਆਵਾਜਾਈ ਮੁੜ ਬਹਾਲ ਕਰ ਦਿਤੀ ਗਈ। ਇਸ ਉਪਰੰਤ ਵਿਦੇਸ਼ ਮੰਤਰਾਲੇ ਵਲੋਂ ਕੀਤੀ ਗਈ। ਵਿਦੇਸ਼ ਵਿਭਾਗ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ‘ਚ ਦਸਿਆ ਕਿ ਪਾਕਿ ਹਵਾਈ ਫ਼ੌਜ ਨੇ ਬੁਧਵਾਰ ਨੂੰ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਸਾਹਮਣਾ ਭਾਰਤੀ ਹਵਾਈ ਫ਼ੌਜ ਨਾਲ ਹੋਇਆ ਪਰ ਸਾਡੀ ਚੌਕਸੀ ਨਾਲ ਪਾਕਿਸਤਾਨ ਦੀ ਕੋਸ਼ਿਸ਼ ਅਸਫ਼ਲ ਰਹੀ। ਅਸੀਂ ਪਾਕਿਸਤਾਨ ਦਾ ਇਕ ਜਹਾਜ਼ ਐਫ਼-16 ਮਾਰ ਗਿਰਾਇਆ ਹੈ ਅਤੇ ਸਾਡਾ ਇਕ ਮਿਗ-21 ਬਾਇਸਨ ਜਹਾਜ਼ ਕ੍ਰੈਸ ਹੋਇਆ ਹੈ। ਸਾਡਾ ਇਕ ਪਾਇਲਟ ਹਾਲੇ ਵੀ ਲਾਪਤਾ ਹੈ ਅਤੇ ਪਾਕਿਸਤਾਨ ਦੇ ਦਾਅਵਿਆਂ ਦੀ ਜਾਂਚ ਕਰ ਰਹੇ ਹਨ। ਇਸ ਪ੍ਰੈਸ ਕਾਨਫਰੰਸ ‘ਚ ਏਅਰਵਾਈਸ ਮਾਰਸ਼ਲ ਆਰ.ਜੀ.ਕੇ. ਕਪੂਰ ਵੀ ਮੌਜੂਦ ਸਨ। ਦੂਜੇ ਪਾਸੇ ਪਾਕਿਸਤਾਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੇ ਜਹਾਜ਼ਾਂ ਨੇ ਜੰਮੂ-ਕਸ਼ਮੀਰ ‘ਚ ਸਰਹਦ ਪਾਰ ਕੀਤੀ ਅਤੇ ਇਕ ਭਾਰਤੀ ਫਾਇਟਰ ਜੈਟ ਨੂੰ ਸੁਟ ਦਿਤਾ ਹੈ। ਪਾਕਿਸਤਾਨ ਦੇ ਡੀ.ਜੀ. ਆਈ.ਐਸ.ਪੀ.ਆਰ. ਮੇਜਰ ਜਨਰਲ ਆਸਿਫ਼ ਗਫ਼ੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਰਤ ਦੇ ਹਵਾਈ ਫ਼ੌਜ ਦੇ ਦੋ ਪਾਇਲਟ ਗ੍ਰਿਫ਼ਤਾਰ ਕੀਤੇ ਹਨ। ਦਾਅਵੇ ‘ਚ ਇਕ ਪਾਇਲਟ ਦੇ ਜ਼ਖ਼ਮੀ ਹੋਣ ਕਰਕੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਏ ਜਾਣ ਦੀ ਗਲ ਕਹੀ ਗਈ ਹੈ ਜਦੋਂਕਿ ਦੂਸਰਾ ਸੁਰਖਿਅਤ ਦਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਮੀਡੀਆ ਨੇ ਇਕ ਵੀਡੀਓ ਜਾਰੀ ਕੀਤਾ ਹੈ ਜਿਸ ‘ਚ ਇਕ ਵਿਅਕਤੀ, ਜਿਸ ਦੀਆਂ ਅਖਾਂ ‘ਤੇ ਪਟੀ ਬੰਨ੍ਹੀ ਹੋਈ ਹੈ ਤੇ ਦਸ ਰਿਹਾ ਹੈ ਕਿ ਉਹ ਆਈ.ਏ.ਐਫ. ਦਾ ਵਿੰਗ ਕਮਾਂਡਰ ਹੈ।
ਜੇਕਰ ਜੰਗ ਸ਼ੁਰੂ ਹੋਈ ਤਾਂ ਨਾ ਮੇਰੇ ਕਾਬੂ ‘ਚ ਰਹੇਗੀ, ਨਾ ਮੋਦੀ ਦੇ : ਇਮਰਾਨ ਖ਼ਾਨ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨਾਲ ਵਧੇ ਤਣਾਅ ਵਿਚਾਲੇ ਪੁਲਵਾਮਾ ਹਮਲੇ ‘ਤੇ ਫਿਰ ਤੋਂ ਗਲਬਾਤ ਕਰਨ ਦੀ ਭਾਰਤ ਨੂੰ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁਧ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੜਾਈ ਸ਼ੁਰੂ ਹੋਣ ਤੋਂ ਬਾਅਦ ਕਦੋਂ ਖ਼ਤਮ ਹੋਵੇਗੀ, ਇਹ ਤੈਅ ਕਰਨਾ ਕਿਸੇ ਦੇ ਹਥ ‘ਚ ਨਹੀਂ ਹੈ। ਇਮਰਾਨ ਨੇ ਕਿਹਾ ਕਿ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਕਿ ਇਹ ਕਿਧਰ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾ ਵਿਸ਼ਵ ਯੁਧ ਤਿੰਨ ਮਹੀਨਿਆਂ ‘ਚ ਖ਼ਤਮ ਹੋਣਾ ਸੀ, ਜਿਸ ਨੂੰ ਛੇ ਸਾਲ ਲਗ ਗਏ। ਦੂਜੇ ਵਿਸ਼ਵ ਯੁਧ ‘ਚ ਹਿਟਲਰ ਨੇ ਸੋਚਿਆ ਸੀ ਕਿ ਉਹ ਰੂਸ ਨੂੰ ਫ਼ਤਿਹ ਕਰ ਲਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਇਮਰਾਨ ਨੇ ਅਗੇ ਕਿਹਾ, ‘‘ਜੰਗ ਛਿੜਨ ਤੋਂ ਬਾਅਦ ਇਹ ਮੇਰੇ ਜਾਂ ਨਰਿੰਦਰ ਮੋਦੀ ਦੇ ਕੰਟਰੋਲ ‘ਚ ਨਹੀਂ ਰਹਿ ਜਾਵੇਗੀ।‘‘ ਉਨ੍ਹਾਂ ਨੇ ਦੁਹਰਾਇਆ ਕਿ ਉਹ ਭਾਰਤ ਨਾਲ ਅਤਵਾਦ ਦੇ ਮੁਦੇ ‘ਤੇ ਚਰਚਾ ਕਰਨ ਲਈ ਤਿਆਰ ਹਨ ਪਰ ਮਸਲੇ ਗਲਬਾਤ ਰਾਹੀਂ ਹੀ ਹਲ ਕਰਨੇ ਚਾਹੀਦੇ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ‘ਤੇ ਉਨ੍ਹਾਂ ਨੇ ਹਵਾਈ ਫੌਜ ਦੀ ਕਾਰਵਾਈ ਇਸ ਲਈ ਕੀਤੀ ਕਿਉਂਕਿ ਉਨ੍ਹਾਂ (ਪਾਕਿਸਤਾਨ) ਨੂੰ ਵੀ ਜਵਾਬ ਦੇਣਾ ਆਉਂਦਾ ਹੈ।

Comments are closed.

COMING SOON .....


Scroll To Top
11