Saturday , 16 February 2019
Breaking News
You are here: Home » Editororial Page » ਭਾਰਤ ਨੂੰ ਔਰਤਾਂ ਲਈ ਖਤਰਨਾਕ ਕਰਾਰ ਦੇਣ ਵਾਲੀ ਰਿਪੋਰਟ ਨੇ ਸਮੁੱਚਾ ਦੇਸ਼ ਕੀਤਾ ਸ਼ਰਮਸਾਰ

ਭਾਰਤ ਨੂੰ ਔਰਤਾਂ ਲਈ ਖਤਰਨਾਕ ਕਰਾਰ ਦੇਣ ਵਾਲੀ ਰਿਪੋਰਟ ਨੇ ਸਮੁੱਚਾ ਦੇਸ਼ ਕੀਤਾ ਸ਼ਰਮਸਾਰ

ਇਸਲਾਮ ਧਰਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸ)ਦੇ ਪਾਸ ਇੱਕ ਸਹਾਬੀ (ਸਹਾਬੀ ਉਸ ਆਦਮੀ ਨੂੰ ਕਹਿੰਦੇ ਹਨ ਜਿਸਨੇ ਹਜ਼ਰਤ ਮੂਹੰਮਦ (ਸ) ਨੂੰ ਜਿਊਂਦੇ ਜੀਅ ਅਪਣੀਆਂ ਅੱਖਾਂ ਨਾਲ ਵੇਖਿਆ ਹੋਵੇ ਤੇ ਉਂਨ੍ਹਾਂ ਦੁਆਰਾ ਦਿੱਤੀਆਂ ਹਦਾਇਤਾਂ ਤੇ ਅਮਲ ਕੀਤਾ ਹੋਵੇ)ਆਇਆ ਤੇ ਆਪ ਨੂੰ ਪੁਛੱਣ ਲੱਗਾ ਕਿ ਮੈਨੂੰ (ਅਲੱਾਹ ਅਤੇ ਰਸੂਲ ਤੋਂ ਬਾਅਦ) ਦੁਨੀਆਂ ਵਿਚ ਸੱਭ ਤੋਂ ਵੱਧ ਕਿਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਜਾਂ ਸੱਭ ਤੋਂ ਵੱਧ ਮੇਰੇ ਹੁਸਨੇ-ਸਲੂਕ ਦਾ ਹੱਕਦਾਰ ਕੌਣ ਹੈ, ਤਾਂ ਆਪ ਨੇ ਕਿਹਾ ਤੇਰੀ ਮਾਂ, ਤਾਂ ਉਸਨੇ ਫਿਰ ਦੁਬਾਰਾ ਪੁਛਿਆ ਕਿ ਉਸ ਤੋਂ ਬਾਅਦ , ਆਪ ਨੇ ਫਿਰ ਫਰਮਾਇਆ ਤੇਰੀ ਮਾਂ, ਉਸਨੇ ਤੀਜੀ ਵਾਰ ਪੁਛਿੱਆ ਉਸ ਤੋਂ ਬਾਅਦ ਆਪ ਨੇ ਤੀਜੀ ਵਾਰ ਵੀ ਫਰਮਾਇਆ ਤੇਰੀ ਮਾਂ, ਜਦ ਉਸਨੇ ਚੌਥੀ ਵਾਰ ਪੁਛਿਆ ਕਿ ਉਸ ਤੋਂ ਬਾਅਦ ਤਾਂ ਆਪਨੇ ਫਰਮਾਇਆ ਤੇਰਾ ਬਾਪ ।ਕਹਿਣ ਦਾ ਭਾਵ ਇਹ ਹੈ ਕਿ ਔਰਤ ਜ਼ਾਤ ਵਿਸ਼ੇਸ਼ ਰੂਪ ਚ’ ਜੋ ਕੁਰਬਾਨੀ ਅਪਣੇ ਬਚਿੱਆਂ ਲਈ ਮਾਂ ਦੀ ਹੁੰਦੀ ਹੈ ਉਸਦਾ ਅਹਿਸਾਨ ਇੱਕ ਬੰਦਾ ਅਪਣੀ ਤਮਾਮ ਉਮਰ ਵੀ ਮਾਂ ਦੀ ਖਿਦਮਤ ਕਰਦਾ ਰਹੇ ਤਾਂ ਵੀ ਚੁਕਾ ਨਹੀਂ ਸਕਦਾ।
ਇਸੇ ਪਰਕਾਰ ੱਿੲਕ ਹੋਰ ਮੌਕੇ ਤੇ’ ਹਜ਼ਰਤ ਮੁਹਮਦ (ਸ) ਨੇ ਅਪਣੇ ਸਹਾਬੀਆ ਨੂੰ ਫਰਮਾਇਆ ਜਿਸ ਦੇ ਘਰ ਦੋ ਲੜਕੀਆਂ ਨੇ ਜਨਮ ਲਿਆ ਤੇ ਉਸਨੇ ਉਹਨ੍ਹਾਂ ਕੁੜੀਆਂ ਨੂੰ ਵੇਖ ਕੇ ਮੱਥੇ ਵੱਟ ਨਾ ਪਾਇਆ ਤੇ ਕੁੜੀਆਂ ਦੀ ਵਧੀਆ ਢੰਗ ਨਾਲ ਪਰਵਰਿਸ਼ ਕਰਦਿਆਂ ਉਹਨ੍ਹਾਂ ਨੂੰ ਨੇਕ ਤੇ ਚੰਗੀ ਜਗ੍ਹਾ ਵਿਆਹਿਆ ਤਾਂ ਉਹ ਜਨੱਤ ਚ’ ਮੇਰੇ ਨਾਲ ਇਸ ਪਰਕਾਰ ਹੋਵੇਗਾ ਜਿਵੇਂ ਇਹ ਦੋ ਉਂਗਲਾਂ (ਵਿਕਟਰੀ ਵਾਲੀਆਂ) ਹਨ।
ਹਜ਼ਰਤ ਲੁਕਮਾਨ(ਹਕੀਮ) ਨੇ ਇੱਕ ਵਾਰ ਅਪਣੇ ਬੇਟੇ ਨੂੰ ਕਿਹਾ ਕਿਤੋਂ ਸਵਰਗ ਦੀ ਮਿੱਟੀ ਲੈ ਕੇ ਆ,ਤਾਂ ਉਹਨ੍ਹਾਂ ਦੇ ਬੇਟੇ ਨੇ ਅਪਣੀ ਮਾਂ ਦੇ ਪੈਰਾਂ ਹੇਠਲੀ ਮਿੱਟੀ ਚੁੱਕੀ ਤੇ ਜਾ ਫੜਾਈ।
ਜੇਕਰ ਗਲ੍ਹ ਭਾਰਤ ਦੀ ਕਰੀਏ ਤਾਂ ਸਦੀਆਂ ਤੋਂ ਇਸ ਦੇਸ ਵਿਚ ਔਰਤ ਨੂੰ ਦੇਵੀ ਸਮਝ ਇਸ ਦੀ ਪੂਜਾ ਕੀਤੀ ਜਾਂਦੀ ਹੈ ਤੇ ਬੱਚੀਆਂ ਨੂੰ ਕੰਜਕਾਂ ਮਾਣਤਾ ਦੇ ਉਹਨ੍ਹਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ।
ਉਕਤ ਸਾਰੀ ਵਿਆਖਿਆ ਕਰਨ ਦਾ ਮਕਸਦ ਇਹੋ ਹੈ ਕਿ ਜਿਸ ਔਰਤ ਨੂੰ ਸਾਡੇ ਪੀਰ ਪੈਗੰਬਰਾਂ ,ਅਵਤਾਰਾਂ, ਰਿਸ਼ੀਆਂ ,ਮੁਨੀਆਂ ਨੇ ਇਨ੍ਹੀ ਇੱਜ਼ਤ ਨਾਲ ਨਿਵਾਜ਼ਿਆ ਹੈ ਅੱਜ ਉਸੇ ਔਰਤ (ਮਾਂ,ਧੀ,ਭੈਣ ਤੇ ਪਤਨੀ)ਨੂੰ ਜਿਸ ਕਦਰ ਜ਼ਿੱਲਤ ਸਹਿਣੀ ਪੈ ਰਹੀ ਹੈ ਤੇ ਇਸ ਮਰਦ ਪ੍ਰਧਾਨ ਸਮਾਜ ਚ’ ਆਂਨੀ-ਬਹਾਨੀ ਜਿਸ ਪ੍ਰਕਾਰ ਉਸ ਤੇ ਤਰ੍ਹਾਂ-2 ਦੇ ਜ਼ਬਰ-ਓ-ਜ਼ੁਲਮ ਢਾਹ ਤਸੀਹੇ ਦਿੱਤੇ ਜਾ ਰਹੇ ਨੇ ਉਸਦੀ ਉਦਾਹਰਨ ਸ਼ਾਇਦ ਉਸ ਦੌਰ ਚ’ਵੀ ਨਹੀਂ ਮਿਲਦੀ ਜਦੋਂ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ।ਤਦੇ ਤਾਂ ਸਾਹਿਰ ਨੇ ਕਿਹਾ ਸੀ ਕਿ:
ਕਿਤਨੀ ਸਦੀਓਂ ਸੇ ਕਾਇਮ ਹੈ
ਯੇ ਗੁਨਾਹੋਂ ਕਾ ਰਿਵਾਜ।
ਲੋਗ ਔਰਤ ਕੀ ਹਰ ਚੀਖ ਕੋ
ਨਗ਼ਮਾ (ਗੀਤ) ਸਮਝੇਂ ।
ਵੋਹ ਕਬੀਲ਼ੋਂ ਕਾ ਜ਼ਮਾਨਾ ਹੋ ਕਿ
ਸ਼ਹਿਰੋਂ ਕਾ ਰਿਵਾਜ।
ਭਾਵੇਂ ਅਸੀਂ ਅੱਜ ਤੱਰਕੀ ਦੇ ਵੱਡੇ-2 ਦਾਅਵੇ ਕਰਦੇ ਨਹੀਓ ਥੱਕਦੇ ਤੇ ਦੁਨੀਆ ਦੇ ਪਿਛਲੇ ਸੱਭ ਮਨੁੱਖਾਂ ਤੋਂ ਖੁਦ ਨੂੰ ਅੱਵਲ ਤੇ ਸਭਿੱਅਕ ਕਹਾਉਣ ਚ’ ਫਖਰ ਮਹਿਸੂਸ ਕਰਦੇ ਹਾਂ ਕਿਉਂਕਿ ਅਸੀਂ ਚੰਦ ਤੇ ਕਮੰਦ ਪਾਉਣ ਉਪਰੰਤ ਮੰਗਲ-ਗ੍ਰਹਿ ਤੇ ਜਿੱਤ ਦੀ ਪ੍ਰਾਪਤੀ ਦੇ ਸੁਪਨੇ ਵੇਖ ਰਹੇ ਹਾਂ । ਪਰ ਕਿਨ੍ਹੀ ਸ਼ਰਮ ਵਾਲੀ ਗਲ੍ਹ ਹੈ ਕਿ ਇਨੀ ਤਰੱਕੀ ਕਰ ਲੈਣ ਦੇ ਬਾਵਜੂਦ , ਸਾਡੇ ਸਮਾਜ ਵਿਚ ਅੱਜ ਇੱਕ ਔਰਤ ਦੀ ਇੱਜ਼ਤ ਤੱਕ ਮਹਿਫੂਜ਼ ਨਹੀਂ ਹੈ..!ਹਾਲਾਤ ਇਸ ਕਦਰ ਗੰਭੀਰ ਹਨ ਕਿ ਮੁਟਿਆਰਾਂ ਦੀ ਗੱਲ ਛੱਡੋ ਅੱਜ ਸਮਾਜ ਵਿਚ ਵਿਚਰਦੇ ਦਰਿੰਦਿਆਂ ਹੱਥੋਂ ਅੱਠ ਮਹੀਨਿਆਂ ਤੇ ਅੱਠ ਸਾਲਾਂ ਦੀਆਂ ਬੱਚੀਆਂ ਤੋਂ ਲੈ ਕੇ ਅੱਸੀਆਂ ਸਾਲਾਂ ਦੀ ਬੇਬੇ ਤੱਕ ਵੀ ਮਹਿਫੂਜ਼ ਨਹੀਂ।ਯਕੀਨਨ ਇਹ ਸਮਾਜ ਲਈ ਇੱਕ ਕਲੰਕਿਤ ਕਰਨ ਵਾਲੀ ਗਲ ਹੈ ਨਾਲ ਹੀ ਸਾਡੀ ਸਮੁੱਚੀ ਮਨੁੱਖ ਜ਼ਾਤੀ ਲਈ ਇੱਕ ਗੰਭੀਰ ਚੁਣੋਤੀ ਭਰਪੂਰ ਚਿੰਤਾ ਦਾ ਵਿਸ਼ਾ ਹੈ।ਇਸ ਸੰਦਰਭ ਚ’ ਸਾਹਿਰ ਲੁਧਿਆਣਵੀ ਕਹਿੰਦੇ ਹਨ :
ਔਰਤ ਨੇ ਜਨਮ ਦੀਯਾ ਮਰਦੋਂ ਕੋ ਮਰਦੋਂ ਨੇ ਉਸੇ ਬਾਜ਼ਾਰ ਦੀਯਾ।
ਜਬ ਜੀਅ ਚਾਹਾ ਮਸਲਾ,ਕੁਚਲਾ, ਜਬ ਜੀਅ ਚਾਹਾ ਧੁਤਕਾਰ ਦੀਯਾ।
ਪਿਛਲੇ ਦਿਨੀਂ ਇੱਕ ਆਲਮੀ ਮਾਹਿਰਾਂ ਦੇ ਪੈਨਲ ਵਲੋਂ ਕੀਤੇ ਸਰਵੇਖਣ ਉਪਰੰਤ ਜੋ ਤੱਥ ਉਭਰ ਕੇ ਸਾਹਮਣੇ ਆਏ ਹਨ ਜੇਕਰ ਉਹਨ੍ਹਾਂ ਨੂੰ ਸੱਚ ਮੰਨੀਏ ਤਾਂ ਸਮੁੱਚੀ ਦੁਨੀਆ ਦੇ ਨਾਲ-ਨਾਲ ਸਾਡੇ ਅਪਣੇ ਦੇਸ਼ ਵਾਸੀਆਂ ਨੂੰ ਪਾਣੀ-ਪਾਣੀ ਕਰ ਸ਼ਰਮਸ਼ਾਰ ਕਰਨ ਵਾਲੀ ਗੱਲ੍ਹ ਹੈ।
ਥਾਮਸ ਰਾਇਟਰਜ਼ ਫਾਊੇਂਡੇਸ਼ਨ ਦੇ ਉਕਤ ਸਰਵੇਖਣ ਅਨੁਸਾਰ ਭਾਰਤ ਦੁਨੀਆ ਭਰ ਦੇ ਦੇਸ਼ਾਂ ਵਿਚੋਂ ਔਰਤਾਂ ਲਈ ਸੱਭ ਤੋਂ ਵੱਧ ਖਤਰਨਾਕ ਤੇ ਅਸੁਰਖਿਅਤ ਮੁਲਕ ਹੈ ਤੇ ਅਪਣੇ ਇਸ ਸਰਵੇ ਵਿਚ ਔਰਤਾਂ ਲਈ ਗ਼ੈਰ-ਮਹਿਫੂਜ਼ ਮੁਲਕਾਂ ਦੀ ਸ਼੍ਰੇਣੀ ਵਿਚ ਭਾਰਤ ਨੂੰ ਅੱਵਲ ਨੰਬਰ ਤੇ ਰਖਿਆ ਹੈ। ਜਦ ਕਿ ਹੈਰਾਨ ਕਰਨ ਵਾਲੀ ਗਲ ਇਹ ਹੈ ਕਿ ਇਸ ਫਹਿਰਿਸਤ ਵਿਚ ਦਹਿਸ਼ਤ ਗਰਦੀ ਨਾਲ ਪ੍ਰਭਾਵਿਤ ਅਫਗਾਨਿਸਤਾਨ ਤੇ ਜੰਗ ਨਾਲ ਤਬਾਹ ਹੋਇਆ ਸ਼ਾਮ(ਸੀਰੀਆ) ਵਰਗੇ ਦੇਸ਼ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਤੇ ਹਨ।ਜਦੋਂ ਕਿ ਅਮਰੀਕਾ ਪਛੱਮੀ ਦੇਸ਼ਾ ਵਿਚ ਇੱਕ ਅਜਿਹਾ ਦੇਸ਼ ਹੈ ਜੋ ਟੋਪ ਦੇ 10 ਦੇਸ਼ਾ ਵਿਚ ਸ਼ਾਮਿਲ ਹੈ।
ਇਹ ਸਰਵੇ ਉਕਤ ਸੰਸਥਾ ਦੁਆਰਾ 26 ਮਾਰਚ ਤੋਂ 4 ਮਈ 2018 ਵਿਚਕਾਰ ਕਰਵਾਇਆ ਗਿਆ ਇਸ ਸਰਵੇ ਚ ਪੂਰੀ ਦੁਨੀਆਂ 548 ਅਜਿਹੇ ਮਾਹਿਰੀਨ ਨੁੰ ਸ਼ਾਮਿਲ ਕੀਤਾ ਗਿਆ ਜੋ ਔਰਤਾਂ ਨਾਲ ਸੰਬੰਧਤ ਸਮਸਿਆਵਾ ਤੋਂ ਪੂਰੀ ਤਰ੍ਹਾਂ ਐਨ-ਵਾਕਿਫ ਸਨ।ਇਹਨ੍ਹਾਂ ਵਿਦਿਅਕ ਵਿਭਾਗ ਨਾਲ ਸੰਬੰਧਿਤ ,ਸਿਹਤ ਤੇ ਐਨ.ਜੀ.ੳਜ਼ ਵਿਚ ਕੰਮ ਕਰਦੇ ਲੋਕੀ ਵੀ ਸ਼ਾਮਿਲ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ 2011 ਵਿਚ ਕਰਵਾਏ ਗਏ ਇੱਕ ਇਸੇ ਪ੍ਰਕਾਰ ਦੇ ਸਰਵੇ ਵਿਚ ਭਾਰਤ ਚੌਥੇ ਸਥਾਨ ਤੇ ਸੀ।
ਥਾਮਸਨ ਰਇਟਰਜ਼ ਫਾਊਂਡੇਸ਼ਨ ਦੇ ਉਕਤ ਸਰਵੇ ਵਿਚ ਸੰਸਾਰ ਦੇ ਕੁਲ 193 ਦੇਸ਼ਾਂ ਦੀ ਔਰਤਾਂ ਦੇ ਹਾਲਾਤ ਤੇ ਅਧਾਰਿਤ ਹੈ ਇਸ ਦੇ ਅਨੁਸਾਰ ਭਾਰਤ ਨੂੰ ਔਰਤਾਂ ਦੇ ਲਈ ਸੱਭ ਤੋਂ ਵੱਧ ਗ਼ੈਰ- ਮਹਿਫੂਜ਼ ਕਰਾਰ ਦਿੰਦਿਆਂ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ ਪਹਿਲੇ ਦਸ ਦੇਸ਼ਾ ਦੀ ਸੂਚੀ ਵਿਚ ਅਮਰੀਕਾ ਦਸਵੇਂ ਸਥਾਨ ਤੇ ਪਾਕਿਸਤਾਨ ਛੇਵੇਂ ਸਥਾਨ ਤੇ ਸੋਮਾਲੀਆਂ ਚੌਥੇ ਸਥਾਨ ਤੇ ਸਓਦੀ ਅਰਬ ਪੰਜਵੇਂ ਸਥਾਨ ਤੇ ਹਨ ਜੇਕਰ ਇਸ ਸਰਵੇਖਣ ਦੀ ਤੁਲਨਾ 2011 ਦੇ ਸਰਵੇਖਣ ਨਾਲ ਕਰੀਏ ਤਾਂ ਦੋਵਾਂ ਵਿਚਕਾਰ ਇੱਕ ਤਰ੍ਹਾਂ ਜ਼ਮੀਨ ਆਸਮਾਨ ਦਾ ਫਰਕ ਵਿਖਾਈ ਦਿੰਦਾ ਹੈ ਕਿਉਂ ਕਿ 2011 ਵਾਲੇ ਸਰਵੇਖਣ ਚ’ਕ੍ਰਮਵਾਰ ਅਫਗ਼ਾਨਿਸਤਾਨ ਪਹਿਲੇ,ਕਾਂਗੂ ਦੂਜੇ, ਪਾਕਿਸਤਾਨ ਤੀਜੇ,ਭਾਰਤ ਚੌਥੇ ਅਤੇ ਸੋਮਾਲੀਆ ਪੰਜਵੇਂ ਸਥਾਨ ਤੇ ਸਨ।
ਸਰਵੇਖਣ ਇੱਕਲਾ ਜਿਨਸੀ ਸੌਸ਼ਣ ਜਾਂ ਛੇੜ-ਛਾੜ ਹੀ ਮੁੱਦੇ ਨਹੀਂ ਹਨ ਸਗੋਂ ਇਸ ਦੇ ਨਾਲ-2 ਔਰਤਾਂ ਦੀ ਸਿਹਤ, ਸਭਿਆਚਾਰਕ ਰਵਾਇਤਾਂ, ਭੇਦ-ਭਾਵ, ਕੁੱਟ-ਮਾਰ ਅਤੇ ਮਨੁੱਖੀ ਜਿਸਮ ਦੀ ਸਮਗਲਿੰਗ ਦੇ ਮਾਮਲੇ ਵੀ ਸ਼ਾਮਿਲ ਕੀਤੇ ਗਏ ਹਨ।ਫਾਊਂਡੇਸ਼ਨ ਨੇ ਅਪਣੀ ਰਿਪੋਰਟ ਵਿਚ ਭਾਰਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਠਦੁਨੀਆਂ ਦੀ ਦੂਜੀ ਸੱਭ ਤੋਂ ਵੱਡੀ ਅਬਾਦੀ ਵਾਲੇ ਦੇਸ਼ ਜਿਥੇ 1.3 ਬਿਲੀਅਨ ਲੋਕੀ ਰਹਿੰਦੇ ਹਨ,ਉਹ ਤਿੰਨ ਮਾਮਲਿਆਂ ਦੁਨੀਆਂ ਦਾ ਸੱਭ ਤੋਂ ਖਤਰਨਾਕ ਦੇਸ਼ ਹੈ ਅਤੇ ਇਹ ਹਨ ਔਰਤਾਂ ਦੇ ਖਿਲਾਫ ਜਿਨਸੀ ਤਸ਼ੱਦਦ,ਸਭਿਆਚਾਰਕ ਤੇ ਰਵਾਇਤੀ ਮਾਮਲੇ ਅਤੇ ਇਨਸਾਨੀ ਸਮਗਲਿੰਗ ਜਿਹਨ੍ਹਾਂ ਵਿਚ ਜ਼ਬਰਨ ਮਜ਼ਦੂਰੀ ਕਰਾਉਣਾ,ਜਿਨਸੀ ਗ਼ੁਲਾਮੀ ਕਰਵਾਉਣਾ ਅਤੇ ਘਰੇਲੂ ਮਲਾਜ਼ਿਮ ਰੱਖਣਾ ਆਦਿ ਸ਼ਾਮਿਲ ਹਨ। ਇਸ ਸੰਬੰਧੀ ਮਹਿਲਾਵਾਂ ਬਾਰੇ ਕੌਮੀ ਕਮਿਸ਼ਨ (ਐਨ.ਸੀ.ਡਬਲਿਊ) ਨੇ ਉਕਤ ਸਰਵੇਖਣ ਦੀਆਂ ਲੱਭਤਾਂ ਨੂੰ ਖਾਰਜ ਕਰ ਦਿੱਤਾ। ਕਮਿਸ਼ਨ ਦਾ ਕਹਿਣਾ ਹੈ ਕਿ ਜਿਹਨ੍ਹਾਂ ਮੁਲਕਾਂ ਨੂੰ ਭਾਰਤ ਦੇ ਹੇਠਾਂ ਰਖਿਆ ਗਿਆ ਹੈ ਉਹਨ੍ਹਾਂ ਮੁਲਕਾਂ ਦੀਆਂ ਔਰਤਾਂ ਨੂੰ ਤਾਂ ਜਨਤਕ ਤੋਰ’ ਤੇ ਬੋਲਣ ਦੀ ਵੀ ਖੁੱਲ੍ਹ ਨਹੀਂ ਹੈ ਨਾਲ ਹੀ ਉਹਨ੍ਹਾਂ ਰਿਪੋਰਟ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਸਰਵੇ ਲਈ ਜਿਹੜਾ ਨਮੂਨਾ ਵਰਤਿਆ ਗਿਆ ਉਹ ਮਾਪ ਵਿਚ ਕਾਫੀ ਛੋਟਾ ਸੀ ਤੇ ਉਹ ਪੂਰੇ ਮੁਲਕ ਦੀ ਪ੍ਰਤੀ ਨਿਧਤਾ ਨਹੀਂ ਕਰ ਸਕਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਕਤ ਕਮਿਸ਼ਨ ਨੇ ਜੋ ਰਿਪੋਰਟ ਨੂੰ ਰੱਦ ਕਰਨ ਲਈ ਦਲੀਲਾਂ ਦਿੱਤੀਆਂ ਹਨ ਉਹ ਸੱਭ ਵਾਜਿਬ ਹਨ। ਪਰੰਤੂ ਜਦ ਅਸੀਂ ਅਪਣੀ ਹੀ ਧਿਆਨ ਦਿੰਦੇ ਹਾਂ ਤਾਂ ਗ਼ਾਲਿਬ ਦਾ ਇਹ ਸ਼ਿਅਰ ਬੇ-ਅਖਤਿਆਰ ਜ਼ਬਾਨ ਤੇ ਆ ਜਾਂਦਾ ਹੈ ਕਿ:
ਬੇ-ਖੁਦੀ ਬੇ-ਸਬਬ ਨਹੀਂ ਗ਼ਾਲਿਬ!
ਕੁੱਛ ਤੋ ਹੈ ਜਿਸਕੀ ਪਰਦਾ-ਦਾਰੀ ਹੈ।
ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ ਵੀ 2007 ਤੋਂ 2016 ਦੇ ਵਿਚਕਾਰ ਔਰਤਾਂ ਖਿਲਾਫ ਢਾਏ ਜਾਂਦੇ ਜੁਰਮਾਂ ਦੇ ਮਾਮਲਿਆਂ ਵਿਚ 83 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਹਰ ਘੰਟੇ ਚਾਰ ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਪੇਸ਼ ਆਉਂਦੇ ਹਨ । ਜਦੋਂ ਕਿ ਇਸ ਸੰਦਰਭ ਚ’ ਵਿਚ ਮਾਹਿਰੀਨ ਦਾ ਕਹਿਣਾ ਹੈ ਕਿ ਸਾਲ 2012 ਵਿਚ ਨਿਰਭਿਆ ਬਲਾਤਕਾਰ ਮਾਮਲੇ ਤੋਂ ਬਾਅਦ ਭਾਰਤ ਵਿਚ ਔਰਤਾਂ ਦੀ ਸੁਰਖਿਆਂ ਨੂੰ ਲੈ ਕੇ ਕੋਈ ਬਹੁਤੇ ਸਾਕਾਰਤਮਕ ਕਦਮ ਨਹੀਂ ਚੁੱਕੇ ਗਏ ।ਜੇਕਰ ਨਿਰਭਿਆ ਕੇਸ ਚ’ ਸ਼ਾਮਿਲ ਮਜਰਮਾਂ ਨੂੰ ਉਹਨ੍ਹਾਂ ਦੇ ਕੀਤੇ ਦੀ ਸਜ਼ਾ ਜਲਦ ਮਿਲੀ ਹੁੰਦੀ ਤਾਂ ਸ਼ਾਇਦ ਕਠੂਆ,ਉਨਾਓ ਤੇ ਮਸੰਦੋਰ ਜਿਹੀਆਂ ਘਟਨਾਵਾਂ ਨਾ ਵਾਪਰੀਆਂ ਹੁੰਦੀਆਂ ਅਤੇ ਨਾ ਹੀ ਦੇਸ਼ ਦੀ ਦੁਨੀਆ ਵਿਚ ਰੁਸਵਾਈ ਹੁੰਦੀ। ਹੁਣ ਦੇਸ਼ ਵਾਸੀਆਂ, ਸਰਕਾਰ ਤੇ ਸਮੁੱਚੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਔਰਤਾਂ ਵਿਰੁਧ ਜ਼ੁਲਮ ਕਰਨ ਵਾਲੇ ਦਾਨਵਾਂ ਨੂੰ ਕਿਸੇ ਕੀਮਤ ਤੇ ਨਾ ਬਖਸ਼ਿਆ ਜਾਵੇ, ਸਗੋਂ ਕਾਨੂੰਨ ਦੇ ਦਾਇਰੇ ਚ’ਲਿਆ ਕਿ ਅਜਿਹੇ ਕੇਸਾਂ ਵਿਚ ਸ਼ਾਂਮਿਲ ਮੁਜਰਮਾਂ ਨੂਮ ਜਲਦ ਤੋਂ ਜਲਦ ਫਾਸਟ ਟਰੈਕ ਅਦਾਲਤਾਂ ਰਾਹੀਂ ਬਣਦੀ ਸਜ਼ਾ ਦਿਵਾਉਣ ਉਪਰੰਤ ਕਿਸੇ ਚੁਰਾਹੇ ਤੇ ਖੜਾ ਕਰਕੇ ਅਜਿਹੇ ਮੁਜਰਮਾਂ ਨੂੰ ਸਰੇ-ਆਮ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਅਜਿਹੀ ਬੀਮਾਰ ਮਾਨਸਿਕਤਾ ਰੱਖਣ ਵਾਲੇ ਦੂਸਰੇ ਦਰਿੰਦਿਆਂ ਨੂੰ ਨਸੀਹਤ ਹੋ ਸਕੇ ।
ਜੇਕਰ ਦੇਸ਼ ’ਚ ਅਜਿਹੇ 10 ਕੁ ਮਜਰਮਾਂ ਨੂੰ ਵੀ ਸਜ਼ਾਵਾਂ ਮਿਲੀਆਂ ਹੁੰਦੀਆਂ ਤਾਂ ਅੱਜ ਸ਼ਾਇਦ ਦੇਸ਼ ਦਾ ਨਾਮ ਅਜਿਹੇ ਘਿਨਾਉਣੇ ਸ਼ਰਮਸਾਰ ਕਰਨ ਵਾਲੇ ਜੁਰਮਾਂ ਦੀ ਸ਼੍ਰੇਣੀ ਵਿਚ ਦੁਨੀਆਂ ਦੇ ਪਹਿਲੇ ਨੰਬਰ ਤੇ ਨਾ ਆਇਆ ਹੁੰਦਾ ।

Comments are closed.

COMING SOON .....


Scroll To Top
11