Tuesday , 17 July 2018
Breaking News
You are here: Home » Editororial Page » ਭਾਰਤ ’ਚ ਵਧ ਰਹੇ ਸਾੜਕ ਹਾਦਸਿਆਂ ਨੂੰ ਠੱਲ ਪਾਉਣ ਦੀ ਸਖਤ ਲੋੜ

ਭਾਰਤ ’ਚ ਵਧ ਰਹੇ ਸਾੜਕ ਹਾਦਸਿਆਂ ਨੂੰ ਠੱਲ ਪਾਉਣ ਦੀ ਸਖਤ ਲੋੜ

ਪੂਰੀ ਦੁਨੀਆਂ ਵਿੱਚ ਲੱਗਭਗ 12.5 ਲੱਖ ਦੇ ਕਰੀਬ ਲੋਕ ਹਰ ਸਾਲ ਸੜਕ ਦੁਰਘਟਨਾਵਾਂ ਵਿੱਚ ਆਪਣੀਆਂ ਜਾਨਾਂ ਗਵਾ ਲੈਂਦੇ ਹਨ। ਜੇਕਰ ਗੱਲ ਭਾਰਤ ਦੀ ਕਰੀਏ ਤਾਂ ਦੁਨੀਆਂ ਦੀਆਂ ਸਭ ਤੋਂ ਵੱਧ ਸੜਕ ਦੁਰਘਟਨਾਵਾਂ ਭਾਰਤ ਵਿੱਚ ਹੁੰਦੀਆਂ ਹਨ। ਭਾਰਤ ਵਿੱਚ ਹਰ ਸਾਲ ਲਗਭਗ 5 ਲੱਖ ਦੇ ਕਰੀਬ ਸੜਕ ਦੁਰਘਟਨਾਵਾਂ ਹੁੰਦੀਆਂ ਹਨ ਜਿੰਨ੍ਹਾਂ ਵਿੱਚ 2 ਲੱਖ ਲੋਕ ਹਰ ਸਾਲ ਸੜਕਾਂ ਉੱਤੇ ਮਰਦੇ, 4.5 ਲੱਖ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਲੰਮਾ ਸਮਾਂ ਅਪਾਹਜਾਂ ਵਰਗੀ ਜਿੰਦਗੀ ਬਤੀਤ ਕਰਦੇ ਅਤੇ ਕਰੀਬ 3 ਲੱਖ ਵਹੀਕਲ ਚਾਲਕਾਂ ਨੂੰ ਜੇਲ ਅਤੇ 10 ਲੱਖ ਚਾਲਕਾਂ ਨੂੰ ਜੁਰਮਾਨਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਲਗਭਗ ਹਰ 3.5 ਤੋਂ 4 ਮਿੰਟ ਦੀ ਦਰ ਨਾਲ ਇੱਕ ਵਿਅਕਤੀ ਸੜਕ ਉਪਰ ਆਪਣੀ ਜਾਨ ਗੁਵਾ ਲੈਂਦਾ ਹੈ। ਸਾਲ 2015 ਵਿੱਚ ਸੜਕ ਦੁਰਘਟਨਾਵਾਂ ਦੀ ਕੁੱਲ ਗਿਣਤੀ 501423 ਸੀ ਜਿੰਨਾਂ ਵਿੱਚੋਂ ਮਰਨ ਵਾਲਿਆਂ ਦੀ ਸੰਖਿਆ ਸੜਕੀ ਰਾਜ ਮੰਤਰਾਲੇ ਨਵੀਂ ਦਿੱਲੀ ਦੁਆਰਾ 146135 ਦੇ ਕਰੀਬ ਸੀ ਜਿਸ ਦਾ ਸਿੱਧਾ ਮਤਲਬ 400 ਵਿਅਕਤੀ ਪ੍ਰਤੀ ਦਿਨ ਦੀ ਮੌਤ ਅਤੇ 1400 ਹਾਦਸੇ ਪ੍ਰਤੀ ਦਿਨ ਹੋਏ। ਇਸਤੋਂ ਇਲਾਵਾ 17666 ਉੱਤਰ ਪ੍ਰਦੇਸ਼, 15642 ਤਾਮਿਲਨਾਡੂ, 13212 ਮਹਾਂਰਾਸ਼ਟਰਾ, 10856 ਕਰਨਾਟਕਾ, 10510 ਰਾਜਸਥਾਨ, 9314 ਮੱਧ ਪ੍ਰਦੇਸ਼, 8297 ਆਂਧਰਾ ਪ੍ਰਦੇਸ਼, 8119 ਗੁਜਰਾਤ, 7110 ਤੇਲੰਗਾਨਾ, 6234 ਪੱਛਮੀ ਬੰਗਾਲ, 5421 ਬਿਹਾਰ, 4893 ਪੰਜਾਬ, 4879 ਹਰਿਆਣਾ ਆਦਿ ਦੇ ਕਰੀਬ ਸੜਕ ਦੁਰਘਟਨਾ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਹੈ।
ਦੁਰਘਟਨਾਵਾਂ ਲਈ ਕੁਝ ਹੱਦ ਤੱਕ ਵਿਦਿਆਰਥੀਆਂ ਦੇ ਮਾਪੇ ਵੀ ਜਿੰਮੇਵਾਰ ਹਨ ਜੋ ਕਿ ਆਪਣੇ 18 ਸਾਲ ਤੋਂ ਛੋਟੀ ਉਮਰ ਦੇ ਅਤੇ ਅਣਸਿੱਖਿਅਕ ਬੱਚਿਆਂ ਨੂੰ ਵਹੀਕਲ ਖਰੀਦ ਕੇ ਦਿੰਦੇ ਹਨ ਤੇ ਚਲਾਉਣ ਦੀ ਆਗਿਆ ਦਿੰਦੇ ਹਨ ਜੋ ਬੜੀ ਲਾਪਰਵਾਹੀ ਨਾਲ ਵਹੀਕਲ ਚਲਾਉਂਦੇ ਹਨ ਤੇ ਦੁਰਘਟਨਾਵਾਂ ਦਾ ਸ਼ਿਕਾਰ ਬਣਦੇ ਹਨ। ਦੇਸ਼ ਅੰਦਰ ਵਧ ਰਹੇ ਹਾਦਸਿਆਂ ਦਾ ਮੁੱਖ ਕਾਰਨ ਹੈ ਕਿ 18 ਸਾਲ ਤੋਂ ਘਟ ਉਮਰ ਦੇ ਨਬਾਲਗ ਵਹੀਕਲ ਚਾਲਕ, ਆਮ ਲੋਕਾਂ, ਪੈਦਲ ਚਲਦੇ ਲੋਕਾਂ, ਰਿਕਸ਼ਾ, ਰੇਹੜੀ, ਟਰੈਕਟਰ ਟਰਾਲੀ, ਆਟੋਜ, ਮੋਟਰ ਸਾਈਕਲਾਂ, ਲੇਡੀਜ਼ ਸਕੂਟਰੀਆਂ ਆਦਿ ਦੇ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਹੀ ਨਹੀਂ ਹੁੰਦੀ। ਵੱਡੀਆਂ ਗੱਡੀਆਂ ਦੇ ਚਾਲਕ, ਅਨੇਕਾਂ ਸਰਕਾਰੀ ’ਤੇ ਨੇਤਾਵਾਂ ਦੀਆਂ ਗੱਡੀਆਂ ਵਾਲੇ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ। ਇਸ ਤੋਂ ਇਲਾਵਾ ਸੜਕ ਦੁਰਘਟਨਾਵਾਂ ਦੇ ਹੋਰ ਮੁੱਖ ਕਾਰਨ ਹੇਠ ਲਿਖੇ ਹਨ: ਗੱਡੀ ਕਰਕੇ ਹੋਣ ਵਾਲੀਆਂ ਦੁਰਘਟਨਾਵਾਂ: ਗੱਡੀ ਦੇ ਡਿਜ਼ਾਇਨ ਵਿੱਚ ਕਮੀਆਂ, ਬ੍ਰੇਕ ਫੇਲ ਹੋਣਾ, ਸਟੇਰਿੰਗ ਫੇਲ ਹੋਣਾ, ਟਾਇਰ ਫਟ ਜਾਣਾ, ਰੇਸ ਪੈਡਲ ਦਾ ਜਾਮ ਹੋ ਜਾਣਾ, ਗੱਡੀ ਸਲਿੱਪ ਹੋ ਜਾਣਾ, ਵੀਲ ਅਲਾਈਨ ਮੈਂਟ ਦਾ ਸਹੀ ਨਾ ਹੋਣਾ, ਸੜਕ ਟੁੱਟੀ ਹੋਣਾ, ਅਵਾਰਾ ਜਾਨਵਰ ਦਾ ਸੜਕ ਉਪਰ ਆ ਜਾਣਾ, ਬਿਨਾਂ ਸੂਚਨਾ ’ਤੇ ਚਿੰਨਾਂ ਦੇ ਸੜਕਾਂ, ਤੰਗ ਸੜਕਾਂ, ਲਾਲ ਬੱਤੀ ਦੀ ਉਲੰਘਣਾ ਕਰਨਾ ਆਦਿ।
ਡਰਾਇਵਰਾਂ ਪ੍ਰਤੀ: ਜਾਣਕਾਰੀ ਜਾਂ ਟ੍ਰੇਨਿੰਗ ਦੀ ਘਾਟ, ਨਸ਼ਾ ਕਰਕੇ ਗੱਡੀ ਚਲਾਉਣਾ, ਓਵਰ ਸਪੀਡ, ਧਿਆਨ ਭੜਕਣਾ, ਗਲਤ ਦਿਸ਼ਾ ਵਿੱਚ ਗੱਡੀ ਚਲਾਉਣਾ, ਮਾਨਸਿਕ ਜਾਂ ਸਰੀਰਕ ਥਕਾਵਟ, ਮੋਬਾਇਲ ਫੋਨ ਦੀ ਵਰਤੋਂ, ਓਵਰਲੋਡ, ਗਲਤ ਥਾਂ ਤੇ ਪਾਰਕ ਕਰਨਾ, ਪ੍ਰੈਸਰ ਹਾਰਨ ਦੀ ਵਰਤੋਂ ਹਾਈ ਬੀਮ ਆਦਿ। ਇਨ੍ਹਾਂ ਅਣਗਹਿਲੀਆਂ ਤੋਂ ਬਚਣਾ ਬਹੁਤ ਜਰੂਰੀ ਹੈ।
ਖਰਾਬ ਮੌਸਮ: ਧੁੰਦ, ਮੀਂਹ, ਬਰਫ, ਹਨੇਰੀ, ਪਰਾਲੀ ਦਾ ਧੂੰਆਂ ਆਦਿ ਵੀ ਦੁਰਘਟਨਾ ਦੇ ਮੁੱਖ ਕਾਰਨ ਹਨ।
ਸੀਟ ਬੈਲਟ ਜਾਂ ਹੈਲਮੈਂਟ ਦੀ ਵਰਤੋਂ ਨਾ ਕਰਨਾ: ਆਮ ਤੌਰ ਤੇ ਚਾਰ ਪਈਏ ਵਾਹਨ ਵਿੱਚ ਸੀਟ ਬੈਲਟ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਸ ਕਾਰਨ ਚਾਲਕ ਦੇ ਜਖਮੀ ਹੋਣ ਜਾਂ ਮਰਨ ਦੀ ਸੰਭਾਵਨਾ ਵੱਧ ਜਾਂਦੀ ਹੈ ਇਸ ਕਰਕੇ ਸਾਨੂੰ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਦੋਪਹੀਏ ਵਾਹਣ ਚਲਾਉਂਦੇ ਸਮੇਂ ਹੈਲਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਰਤ ਵਿੱਚ ਹਰ ਸਾਲ ਸੜਕ ਦੁਰਘਟਨਾ ਵਿੱਚ ਹੋਈਆਂ ਕੁੱਲ ਮੌਤਾਂ ਦਾ ਲਗਭਗ 26% ਹਿੱਸਾ ਦੋਪਹੀਆ ਵਾਹਣ ਚਾਲਕਾਂ ਦਾ ਹੁੰਦਾ ਹੈ । ਜਿਨ੍ਹਾਂ ਵਿਚੋਂ 70% ਮੌਤ ਦਾ ਕਾਰਨ ਹੈਲਮੇਟ ਨਾਂ ਪਾਉਣਾ ਹੈ। ਇਸ ਸਾਨੂੰ ਹੈਲਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਅਕਤੂਬਰ 2017 ਤੋਂ ਬਾਅਦ ਸਰਕਾਰ ਦੁਆਰਾ ਦੋ ਪਹੀਆ ਵਾਹਨ ਦੀ ਇੰਜਣ ਕਪੈਸਟੀ 125ਸੀਸੀ ਜਾਂ ਉਸਤੋਂ ਵੱਧ ਹੈ ਉਨ੍ਹਾਂ ਵਿੱਚ ਏਬੀਐਸ ਬਰੇਕ ਪ੍ਰਣਾਲੀ ਲਗਾਉਣ ਦਾ ਸੁਝਾਅ ਵੀ ਹੈ। ਦੋ ਪਹੀਆ ਚਲਾਉਂਦੇ ਸਮੇਂ ਪ੍ਰੋਪਰ ਫੁੱਟ ਰੈਸਟ ਲੱਗੇ ਹੋਣੇ ਚਾਹੀਦੇ ਹਨ। ਦੋਵੇਂ ਸਾਈਡਾਂ ਦੇ ਸੀਸ਼ੇ ਤੇ ਰਿਫਲੈਕਟਰ ਵੀ ਲੱਗਿਆ ਹੋਣਾ ਚਾਹੀਦਾ ਹੈ।
ਭਾਰਤੀ ਸੜਕਾਂ ਉੱਪਰ ਮਨੁੱਖ ਦੀ ਕੀ ਦੁਰਦਸ਼ਾ ਹੈ ਇਸ ਦਾ ਅੰਦਾਜਾ ਰੋਜ਼ਮਰਾ ਦੀਆਂ ਅਖਬਾਰਾਂ ਵਿੱਚ ਛਪੀਆਂ ਖਬਰਾਂ ਤੋਂ ਲਗਾਇਆ ਜਾ ਸਕਦਾ ਹੈ। ਪਿਛਲੇ ਦਿਨੀਂ ਧੁੰਂਦ ਕਾਰਣ ਭੁੱਚੋ (ਬਠਿੰਡਾ) ਪੁਲ ਤੇ ਹੋਏ ਦਰਦਨਾਕ ਹਾਦਸੇ ‘ਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਪਿਛਲੇ ਸਾਲ ਫਾਜਿਲਕਾ ਨੇੜੇ ਹੋਏ ਸੜਕੇ ਹਾਦਸੇ ਵਿੱਚ ਮਰੇ ਅਧਿਆਪਕਾਂ ਨੇ ਪੂਰੇ ਪੰਜਾਬ ਨੂੰ ਹੀ ਨਹੀਂ ਸਗੋਂ ਦੁਨੀਆਂ ਨੂੰ ਸੋਗ ‘ਚ ਡੁਬੋ ਦਿੱਤਾ ਸੀ। ਕੀ ਕਸੂਰ ਸੀ ਉਨ੍ਹਾਂ ਵਿਚਾਰਿਆਂ ਦਾ ਜੋ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਅਸੀਂ ਆਪਣੇ ਬਹੁਤ ਪਿਆਰੇ ਪਰਿਵਾਰਕ ਮੈਂਬਰ, ਨੇਤਾ, ਅਭਿਨੇਤਾ, ਗਾਇਕ, ਖਿਡਾਰੀ, ਅਧਿਕਾਰੀ ਆਦਿ ਨੂੰ ਸੜਕਾਂ ਉੱਪਰ ਦੁਰਘਟਨਾਵਾਂ ਵਿੱਚ ਗੁਵਾ ਚੁੱਕੇ ਹਾਂ।
ਭਾਰਤ ਵਿੱਚ ਰਾਸ਼ਟਰੀ ਮਾਰਗ ਕੁੱਲ ਮਾਰਗ ਦਾ 2% ਹੀ ਹਨ ਪਰ 40% ਆਵਾਜਾਈ ਇੰਨ੍ਹਾਂ ਰਾਸ਼ਟਰੀ ਮਾਰਗਾਂ ਉੱਪਰ ਹੀ ਦੌੜਦੀ ਹੈ। ਦੇਸ਼ ਵਿੱਚ ਵਾਪਰੇ ਕੁਲ ਹਾਦਸਿਆਂ ਵਿੱਚ 19.2% ਟਰੱਕ ਅਤੇ ਲਾਰੀਆਂ, 9.4% ਬੱਸਾਂ, 5.7% ਟੈਂਪੂ ’ਤੇ ਛੋਟੀਆਂ ਗੱਡੀਆਂ, 6.7% ਜੀਪਾਂ, 10.1% ਕਾਰਾਂ, 4.8% ਤਿੰਨ ਪਹੀਆ ਵਾਹਨ, 2.2% ਸਾਈਕਲ, 10.3% ਹੋਰ ਵਾਹਨ ਅਤੇ 23.2% ਦੋਪਹੀਆ ਵਾਹਨ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਸੜਕ ਹਾਦਸਿਆਂ ਦਾ ਖਤਰਾ ਦੇਰ ਰਾਤ ਜਾਂ ਸਵੇਰੇ ਸਭ ਤੋਂ ਜ਼ਿਆਦਾ ਹੁੰਦਾ ਹੈ। ਪਰ ਇਸ ਧਾਰਨਾ ਦੇ ਉਲਟ ਸਰਕਾਰੀ ਅੰਕੜੇ ਦੱਸਦੇ ਹਨ ਕਿ ਸਾਲ 2015 ’ਚ ਦੇਸ਼ ਵਿੱਚ ਬਾਅਦ ਦੁਪਿਹਰ 3 ਵਜੇ ਤੋਂ 6 ਵਜ੍ਹੇ ਦਰਮਿਆਨ ਸਭ ਤੋਂ ਜ਼ਿਆਦਾ ਸੜਕ ਹਾਦਸੇ ਹੁੰਦੇ ਹਨ। ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਦੀ ਰਿਪੋਰਟ ਅਨੁਸਾਰ ਸਾਲ 2015 ਵਿੱਚ ਜੋ 501423 ਸੜਕ ਹਾਦਸੇ ਹੋਏ ਜਿਨ੍ਹਾਂ ਵਿੱਚ 146135 ਵਿਅਕਤੀਆਂ ਦੀ ਜਾਨ ਗਈ। ਇੰਨ੍ਹਾਂ ਵਿੱਚ ਸਭ ਤੋਂ ਜ਼ਿਆਦਾ 87819 ਸੜਕ ਹਾਦਸੇ ਦੁਪਿਹਰ 3 ਵਜ੍ਹੇ ਤੋਂ ਸ਼ਾਮ 6 ਵਜ੍ਹੇ ਦਰਮਿਆਨ ਹੋਏ।
ਸੜਕ ਸੁਰੱਖਿਆ ਬਿੱਲ 2016: ਭਾਰਤ ਸਰਕਾਰ ਨੇ ਮਾਰਚ 2016 ਵਿੱਚ ਲੋਕ ਸਭਾ ਵਿੱਚ ਰੋਡ ਸੈਫਟੀ ਬਿੱਲ 2016 ਪਾਸ ਕੀਤਾ ਗਿਆ ਅਤੇ ਅਪ੍ਰੈਲ 2016 ਵਿੱਚ ਇਸ ਬਿਲ ਵਿੱਚ ਮੋਟਰ ਵਹੀਕਲ ਐਕਟ ਦੇ ਕਈ ਕਾਨੂੰਨਾ ਵਿੱਚ ਸੋਧ ਕੀਤੀ ਗਈ ’ਤੇ ਕਈਆਂ ਨੂੰ ਸੁਖਾਲਾ ਕੀਤਾ ਗਿਆ। ਨਵੇਂ ਬਿਲ ਵਿੱਚ ਪੁਰਾਣੇ ਜੁਰਮਾਨਿਆਂ ਨੂੰ 20 ਗੁਣਾਂ ਵਧਾਇਆ ਗਿਆ ਹੈ। ਉਦਾਹਰਣ ਦੇ ਤੌਰ ਤੇ ਜੇਕਰ ਤੁਸੀਂ ਅਜਿਹਾ ਵਹੀਕਲ ਚਲਾ ਰਹੇ ਹੋ ਜੋ ਤੁਹਾਡੇ ਨਾਮ ਹੇਠ ਦਰਜ ਨਹੀਂ ਹੈ ’ਤੇ ਤੁਹਾਡੇ ਹੱਥੋਂ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਤੁਸੀਂ ਤਿੰਨ ਸਾਲਾਂ ਲਈ ਜੇਲ ਜਾ ਸਕਦੇ ਹੋ। ਇਨ੍ਹਾਂ ਦਰਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੂੰ ਸਖਤ ਕਦਮ ਉਠਾਉਣੇ ਚਾਹੀਦੇ ਹਨ ਅਤੇ ਵਧੀਆ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਡਰਾਇਵਰਾਂ ਨੂੰ ਟਰੈਫਿਕ ਚਿੰਨਾਂ ਜੋ ਕਿ ਚਾਰ ਤਰਾਂ ਦੇ ਹਨ ਆਦੇਸ਼ਾਤਮਕ ਚਿੰਨ੍ਹ, ਚੇਤਾਵਨੀ ਚਿੰਨ੍ਹ, ਸੂਚਨਾਤਮਕ ਚਿੰਨ੍ਹ, ਜਰੂਰੀ ਚਿੰਨ੍ਹ ਇਨ੍ਹਾਂ ਦੀ ਚੰਗੀ ਤਰਾਂ ਜਾਣਕਰੀ ਹੋਣੀ ਚਾਹੀਦੀ ਹੈ। ਇਸ ਸਮੇਂ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਕੇਵਲ ਮਾਹੂਆਣਾ (ਸ਼੍ਰੀ ਮੁਕਤਸਰ) ਸਾਹਿਬ ਵਿਖੇ ਹੀ ਪੂਰੇ ਪੰਜਾਬ ਦਾ ਸਰਕਾਰੀ ਡਰਾਇਵਿੰਗ ਸਕੂਲ (ਸਟੇਟ ਇੰਸਟੀਚਿਊਟ ਆਫ ਆਟੋਮੇਟਿਵ ਐਂਡ ਡਰਾਇੰਵਿੰਗ ਸਕਿੱਲਜ) ਚੱਲ ਰਿਹਾ ਹੈ ਜਿੱਥੇ ਐਲ.ਟੀ.ਵੀ ਅਤੇ ਐਚ.ਟੀ.ਵੀ ਡਰਾਇਵਿੰਗ ਲਾਇੰਸੈਂਸ ਬਣਾਉਣ ਲਈ ਦੋ ਦਿਨਾਂ ਦੀ ਟ੍ਰੇਨਿੰਗ ਲਗਾਈ ਜਾਂਦੀ ਹੈ ਜੋ ਕਿ ਪੰਜਾਬ ਦੇ ਹਰੇਕ ਐਲ.ਟੀ.ਵੀ ਅਤੇ ਐਚ.ਟੀ.ਵੀ ਡਰਾਈਵਿੰਗ ਲਾਇੰਸੈਂਸ ਲਈ ਜਰੂਰੀ ਹੈ ਪੂਰੇ ਪੰਜਾਬ ਦੇ ਡਰਾਇਵਰ ਉੱਥੇ ਪੁੱਜਦੇ ਹਨ। ਮੈਂ ਵੀ ਪਿਛਲੇ ਮਹੀਨੇ ਉਥੇ ਦੋ ਦਿਨਾਂ ਦੀ ਟ੍ਰੇਨਿੰਗ ਲੈ ਕੇ ਆਇਆਂ ਜਿੱਥੋਂ ਮੈਂ ਕਾਫੀ ਕੁਝ ਸਿੱਖਿਆ। ਜੋ ਕਿ ਇੱਕ ਚੰਗਾ ਉਪਰਾਲਾ ਹੈ ਪਰ ਲੋੜ ਨੂੰ ਮੁੱਖ ਰੱਖਦੇ ਹੋਏ ਡਰਾਇਵਿੰਗ ਨਿਯਮਾਂ ਲਈ ਹਰ ਜ਼ਿਲੇ ਵਿੱਚ ਵੱਧ ਤੋਂ ਵੱਧ ਟ੍ਰੇਨਿੰਗ ਸਕੂਲ, ਕਾਲਜ,ਸੰਸਥਾਵਾਂ ਆਦਿ ਖੋਲਣੇ ਚਾਹੀਦੇ ਹਨ ਤਾਂ ਜੋ ਦੂਰ ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਨੇੜੇ ਸਹੂਲਤ ਮਿਲ ਸਕੇ। ਨਿਯਮਿਤ ਤੌਰ ਤੇ ਸਕੂਲਾਂ, ਕਾਲਜਾਂ, ਟੈਕਸੀ ਸਟੈਂਡਾ, ਪਿੰਡ ਦੀਆਂ ਸ਼ੱਥਾਂ ਆਦਿ ਵਿੱਚ ਟਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ
ਸਕੂਲਾਂ ’ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਪਾਠਕ੍ਰਮ ਵਿੱਚ ਡਰਾਇੰਵਿੰਗ ਵਿਸ਼ਾ ਜਰੂਰ ਹੋਣਾ ਚਾਹੀਦਾ ਹੈ। ਇਨ੍ਹਾਂ ਦੇ ਨਾਲ ਸਭ ਦੀਆਂ ਪ੍ਰੈਕਟੀਕਲ ਕਲਾਸਾਂ ਵੀ ਜਰੂਰ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਡਰਾਇਵਿੰਗ ਲਾਇੰਸੈਂਸ ਪ੍ਰਾਪਤ ਕਰਨ ਤੋਂ ਪਹਿਲਾਂ ਡਰਾਇਵਰ ਪੂਰੀ ਤਰਾਂ ਨਿਯਮਾਂ ਨੂੰ ਸਿੱਖ ਸਕਣ। ਜਿਵੇਂ ਕਿ ਬਾਹਰਲੇ ਮੁਲਕਾਂ ਵਿੱਚ ਟਰੈਫਿਕ ਦੇ ਸਖਤ ਨਿਯਮਾਂ ਕਾਰਨ ਦੁਰਘਟਨਾਵਾਂ ਘੱਟ ਹੁੰਦੀਆਂ ਹਨ ਅਤੇ ਲਾਇਸੈਂਸ ਪ੍ਰਾਪਤ ਕਰਨ ਲਈ ਡਰਾਇਵਿੰਗ ਦੀ ਪੂਰੀ ਜਾਣਕਾਰੀ ਹੋਣੀ ਜਰੂਰੀ ਹੈ।

Comments are closed.

COMING SOON .....
Scroll To Top
11