Sunday , 26 May 2019
Breaking News
You are here: Home » PUNJAB NEWS » ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਵਿਖੇ ਬਾਦਲਾਂ ਨਾਲ ਮੁਲਾਕਾਤ

ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਵਿਖੇ ਬਾਦਲਾਂ ਨਾਲ ਮੁਲਾਕਾਤ

ਸੁਖਬੀਰ ਨੇ ਮੁਲਾਕਾਤ ਨੂੰ ਸਾਰਥਕ ਅਤੇ ਸਿਟਾ-ਭਰਪੂਰ ਦਸਿਆ

ਚੰਡੀਗੜ੍ਹ, 7 ਜੂਨ- ਭਾਰਤੀਆ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਅਜ ਦੁਪਹਿਰੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨਾਲ ਸਰਦਾਰ ਬਾਦਲ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ ਅਤੇ ਸਾਂਝੇ ਹਿਤਾਂ ਦੇ ਮੁਦਿਆਂ ਉਤੇ ਵਿਚਾਰ-ਚਰਚਾ ਕੀਤੀ।
ਬਾਅਦ ਵਿਚ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਮੀਟਿੰਗ ਨੂੰ ਬਹੁਤ ਹੀ ਸਾਰਥਕ, ਨਤੀਜੇ-ਭਰਪੂਰ ਅਤੇ ਫਲਦਾਇਕ ਕਰਾਰ ਦਿਤਾ। ਉਹਨਾਂ ਕਿਹਾ ਕਿ ਦੋਵੇਂ ਧਿਰਾਂ ਨੇ ਇਸ ਮੀਟਿੰਗ ਦੌਰਾਨ ਇਕ ਸੁਹਿਰਦਤਾਪੂਰਨ, ਭਰੋਸੇਯੋਗ ਅਤੇ ਆਪਸੀ ਸਤਿਕਾਰ ਵਾਲੇ ਮਾਹੌਲ ਵਿਚ ਬਹੁਤ ਸਾਰੇ ਮਸਲਿਆਂ ਉਤੇ ਵਿਚਾਰ ਚਰਚਾ ਕੀਤੀ। ਅਕਾਲੀ ਭਾਜਪਾ ਗਠਜੋੜ ਨੂੰ ਦੇਸ਼ ਦਾ ਸਭ ਤੋਂ ਪੁਰਾਣਾ ਅਤੇ ਟਿਕਾਊ ਗਠਜੋੜ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਪਾਰਟੀਆਂ ਦਾ ਇਕਠੇ ਹੋਣਾ ਪੰਜਾਬ ਵਿਚ ਸਮਾਜਿਕ ਸਹਿਮਤੀ ਦੀ ਪ੍ਰਤੀਨਿਧਤਾ ਕਰਦਾ ਹੈ। ਇਹ ਇਕ ਸਿਆਸੀ ਗਠਜੋੜ ਤੋਂ ਕਿਤੇ ਵਡੀ ਭਾਈਵਾਲੀ ਹੈ, ਜਿਹੜੀ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੀ ਪ੍ਰਤੀਕ ਹੈ।ਇਸੇ ਦੌਰਾਨ ਅਕਾਲੀ ਦਲ ਅਤੇ ਭਾਜਪਾ ਨੇ ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਲੈ ਕੇ ਇਕ ਉਚ ਪਧਰੀ ਸਹਿਯੋਗ ਕਮੇਟੀ ਬਣਾਏ ਉਤੇ ਸਹਿਮਤੀ ਪ੍ਰਗਟਾਈ ਤਾਂ ਕਿ ਦੋਵੇਂ ਪਾਰਟੀਆਂ ਹਰ ਪਧਰ ਉਤੇ ਮਿਲ ਕੇ ਕੰਮ ਕਰ ਸਕਣ।
ਅਕਾਲੀ ਆਗੂਆਂ ਨੇ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਗੁਰੂ ਕੇ ਲੰਗਰ ਲਈ ਖਰੀਦੀ ਜਾਂਦੀ ਰਸਦ ਨੂੰ ਜੀਐਸਟੀ ਤੋਂ ਛੋਟ ਦੇਣ ਵਾਲੇ ਵਡੇ ਫੈਸਲੇ ਲਈ ਧੰਨਵਾਦ ਕੀਤਾ। ਉਹਨਾਂ ਨੇ ਸਮੁਚੇ ਦੇਸ਼ ਦੇ ਗੰਨਾ ਉਤਪਾਦਕਾਂ ਲਈ ਜਾਰੀ ਕੀਤੇ 8000 ਕਰੋੜ ਰੁਪਏ ਵਿਚੋਂ 800 ਕਰੋੜ ਰੁਪਏ ਪੰਜਾਬ ਦੇ ਗੰਨਾ ਉਤਪਾਦਕਾਂ ਲਈ ਜਾਰੀ ਕਰਨ ਵਾਸਤੇ ਵੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਸਰਦਾਰ ਬਾਦਲ ਨੇ ਜਾਰੀ ਕੀਤੇ ਬਿਆਨ ਵਿਚ ਦਸਿਆ ਕਿ ਪੰਜਾਬ ਦੇ ਗੰਨਾ ਉਤਪਾਦਕਾਂ ਲਈ ਇਹ ਬਹੁਤ ਵਡੀ ਰਾਹਤ ਹੋਵੇਗੀ।
ਇਸ ਮੀਟਿੰਗ ਦੌਰਾਨ ਵਪਾਰੀਆਂ ਅਤੇ ਦਲਿਤਾਂ ਦੀ ਭਲਾਈ ਨਾਲ ਜੁੜੇ ਮੁਦਿਆਂ ਬਾਰੇ ਵੀ ਵਿਸਥਾਰ ਵਿਚ ਚਰਚਾ ਕੀਤੀ ਗਈ।ਦੋਵੇਂ ਧਿਰਾਂ ਨੇ ਇਸ ਗਲ ਉਤੇ ਵੀ ਸਹਿਮਤੀ ਜਤਾਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਇਕ ਰਾਸ਼ਟਰੀ ਅਤੇ ਗਲੋਬਲ ਸਮਾਰੋਹ ਵਜੋਂ ਮਨਾਇਆ ਜਾਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਦਸਿਆ ਕਿ ਦੋਵੇਂ ਧਿਰਾਂ ਨੇ ਕਿਸਾਨਾਂ ਦੀਆਂ ਸਮਸਿਆਵਾਂ ਸਮੇਤ ਹੋਰ ਵੀ ਬਹੁਤ ਸਾਰੇ ਸਿਆਸੀ, ਆਰਥਿਕ ਅਤੇ ਧਾਰਮਿਕ ਮੁਦਿਆਂ ਉਤੇ ਚਰਚਾ ਕੀਤੀ।
ਦੋਵੇਂ ਪਾਰਟੀਆਂ ਨੇ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਏ ਰਖਣ ਵਾਸਤੇ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਉਹਨਾਂ ਦਾ ਆਰਥਿਕ ਪਧਰ ਉਚਾ ਚੁਕਣ ਵਾਸਤੇ ਰਲ ਕੇ ਕੰਮ ਕਰਨ ਦਾ ਅਹਿਦ ਕੀਤਾ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਸਰਦਾਰ ਸੁਖਦੇਵ ਸਿੰਘ ਢੀਂਡਸਾ, ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ, ਸਰਦਾਰ ਸਿਕੰਦਰ ਸਿੰਘ ਮਲੂਕਾ, ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸ਼ਵੇਤ ਮਲਿਕ, ਸ੍ਰੀ ਵਿਜੈ ਸਾਂਪਲਾ, ਸ੍ਰੀ ਤਰੁਣ ਚੁਘ, ਸ੍ਰੀ ਕਮਲ ਸ਼ਰਮਾ ਅਤੇ ਸ਼੍ਰੀ ਅਸ਼ਵਨੀ ਸ਼ਰਮਾ ਵੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ।

 

Comments are closed.

COMING SOON .....


Scroll To Top
11