ਸ੍ਰੀ ਅਨੰਦਪੁਰ ਸਾਹਿਬ, 13 ਅਗਸਤ (ਦਵਿੰਦਰਪਾਲ ਸਿੰਘ)- ਅੱਜ ਜਦੋਂ ਸਿੱਖ ਪੰਥ ਅਤੇ ਸਾਰਾ ਵਿਸ਼ਵ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਪੱਧਰ ‘ਤੇ ਮਨਾ ਰਿਹਾ ਹੈ ਤਾਂ ਭਾਈ ਹਰਿਸਿਮਰਨ ਸਿੰਘ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਿੱਖ ਫਿਲਾਸਫੀ ਅਨੁਸਾਰ ਕੌਮੀ ਸਟੇਟ ਮਾਡਲ ਦਾ ਬਦਲਵਾਂ ਵਿਸ਼ਵ ਸੱਭਿਆਚਾਰਾਂ ਦੀ ਇਕਸੁਰਤਾ ਵਾਲਾ ਵਿਸ਼ਵ ਮਾਡਲ ਦੇ ਕੇ ਨਾ ਕੇਵਲ ਸਿੱਖ ਪੰਥ, ਸਗੋਂ ਮਾਨਵ ਜਾਤੀ ਨੂੰ ਦਿਸ਼ਾ ਦੇਣ ਵਾਲੀ ਪੁਸਤਕ ਰਚਨਾ ਕਰਕੇ ਵੱਡੀ ਸੇਵਾ ਕੀਤੀ ਹੈ, ਇਹ ਵਿਚਾਰ ਅੱਜ ਇਥੇ ਸਿੰਘ ਸਾਹਿਬ ਗਿ. ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਭਾਈ ਹਰਿਸਿਮਰਨ ਸਿੰਘ ਦੀ ਨਵੀਂ ਰਚਨਾ ”ਵਿਸਮਾਦੀ ਵਿਸ਼ਵ ਆਰਡਰ” ਨੂੰ ਪੰਥ/ਸਮਾਜ ਅਰਪਣ ਕਰਨ ਸਮੇਂ ਕਰਵਾਏ ਗਏ ਇਕ ਸੈਮੀਨਾਰ ਵਿਚ ਕਹੇ। ਇਸ ਤੋਂ ਪਹਿਲਾਂ ਭਾਈ ਹਰਿਸਿਮਰਨ ਸਿੰਘ ਨੇ ਆਪਣੀ ਪੁਸਤਕ ਨੂੰ ਕਰਤਾਰਪੁਰ ਸਾਹਿਬ ਲਾਂਘੇ ਵਜੋਂ ਸਿੱਖ ਫਿਲਾਸਫੀ ਨੂੰ ਭਾਰਤ ਅਤੇ ਵਿਸ਼ਵ ਨਾਲ ਜੋੜਨ ਵਾਲੀ ਦਸਤਾਵੇਜ਼ ਦੱਸਿਆ। ਸ. ਹਰਭਜਨ ਸਿੰਘ ਸਪਰਾ ਨੇ ਭਾਈ ਹਰਿਸਿਮਰਨ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਚਿੰਤਕ ਦੇ ਸਨਮਾਨ ਨਾਲ ਸਨਮਾਨਿਤ ਕਰਨ ਦੀ ਗੱਲ ਕਹੀ। ਪ੍ਰਿ. ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਪ੍ਰਚਾਰਕਾਂ ਨੂੰ ਇਸ ਪੁਸਤਕ ਤੋਂ ਪ੍ਰੇਰਨਾ ਲੈਣ ਸਬੰਧੀ ਵਿਚਾਰ ਦਿੱਤੇ, ਉਥੇ ਉਨ੍ਹਾਂ ਨੇ ਵਿਸ਼ਵ ਦੇ ਹੋਰ ਸੱਭਿਆਚਾਰਾਂ, ਵਿਦਵਾਨਾਂ ਨਾਲ ਸਿੱਖ ਪੰਥ ਦਾ ਸੰਵਾਦ ਚਲਾਉਣ ਦੀ ਗੱਲ ਕੀਤੀ। ਇਸ ਮੌਕੇ ਸ. ਦਵਿੰਦਰ ਸਿੰਘ ਸਾਬਕਾ ਚੀਫ਼ ਇੰਜ., ਬੀਬੀ ਕੁਲਵਿੰਦਰ ਕੌਰ, ਜਥੇਦਾਰ ਸੰਤੋਖ ਸਿੰਘ, ਹਰਦੇਵ ਸਿੰਘ ਦੇਬੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਨ੍ਹਾਂ ਤੋਂ ਇਲਾਵਾ ਇਸ ਸੈਮੀਨਾਰ ਵਿਚ ਸਰਬਜੀਤ ਸਿੰਘ ਰੇਨੂੰ, ਪਾਖਰ ਸਿੰਘ ਭੱਠਲ, ਪ੍ਰਿੰ. ਕੇਵਲ ਸਿੰਘ, ਸ. ਹਰਮਨਜੀਤ ਸਿੰਘ, ਮਾਤਾ ਗੁਰਚਰਨ ਕੌਰ, ਬੀਬੀ ਰਜਿੰਦਰ ਕੌਰ, ਬੀਬੀ ਕੁਲਵੰਤ ਕੌਰ, ਦਲਬੀਰ ਸਿੰਘ ਰਿੰਕੂ, ਮੋਹਨ ਸਿੰਘ ਢਾਹੇ, ਹਰਜੀਤ ਸਿੰਘ ਅਚਿਂੰਤ, ਸੂਚਨਾ ਅਫਸਰ ਹਰਦੇਵ ਸਿੰਘ, ਸੁਰਿੰਦਰ ਸਿੰਘ ਮਟੌਰ, ਸਵਰਨ ਸਿੰਘ ਸਾਬਕਾ ਡੀ.ਓ., ਮਨਜੀਤ ਕੌਰ ਬਾਸੋਵਾਲ ਸਮੇਤ ਇਲਾਕੇ ਦੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।