Monday , 17 December 2018
Breaking News
You are here: Home » EDITORIALS » ਭਾਈ ਲੌਂਗੋਵਾਲ ਦੀ ਪ੍ਰਧਾਨ ਵਜੋਂ ਮੁੜ ਚੋਣ

ਭਾਈ ਲੌਂਗੋਵਾਲ ਦੀ ਪ੍ਰਧਾਨ ਵਜੋਂ ਮੁੜ ਚੋਣ

ਸਿੱਖ ਭਾਈਚਾਰੇ ਦੀ ਪ੍ਰਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੁੜ ਪ੍ਰਧਾਨ ਚੁਣ ਲਏ ਗਏ ਹਨ। ਉਨ੍ਹਾਂ ਦੀ ਚੋਣ ਬਿਨਾ ਮੁਕਾਬਲਾ ਹੋਈ ਹੈ। ਕਮੇਟੀ ਦੀ ਦੂਸਰੀ ਟੀਮ ਵਿੱਚ ਵੀ ਕੋਈ ਵੱਡੀ ਫੇਰਬਦਲ ਨਹੀਂ ਹੋਈ। ਬੇਸ਼ਕ ਚੋਣ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸੰਕਟ ਦੇ ਸਮੇਂ ਵਿੱਚੋਂ ਨਿਕਲਣ ਲਈ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਬਦਲ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਵਿੱਚ ਕਾਫੀ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਕਮੇਟੀ ਦੇ ਅਹੁਦੇਦਾਰਾਂ ’ਚ ਕੋਈ ਵੱਡਾ ਫੇਰਬਦਲ ਨਹੀਂ ਕੀਤਾ। ਉਨ੍ਹਾਂ ਨੇ ਇਸ ਸਬੰਧੀ ਰਣਨੀਤੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨਾਲ ਇਕ ਦਿਨ ਪਹਿਲਾਂ ਲੰਬੀ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਮਿਲੀ ਫੀਡ ਬੈਕ ਦੇ ਆਧਾਰ ਉਪਰ ਹੀ ਉਨ੍ਹਾਂ ਨੇ ਭਾਈ ਲੌਂਗੋਵਾਲ ਨੂੰ ਮੁੜ ਪ੍ਰਧਾਨ ਬਣਾਉਣ ਦਾ ਫੈਸਲਾ ਲਿਆ ਹੈ। ਕਈ ਪੱਖਾਂ ਤੋਂ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਲਈ ਵੱਡੀ ਅਹਿਮੀਅਤ ਰੱਖਦਾ ਹੈ। ਇਸ ਸਮੇਂ ਸ਼੍ਰੋਮਣੀ ਕਮੇਟੀ ਦੀ ਅਗਵਾਈ ਬਦਲਣਾ ਕਾਫੀ ਜ਼ੋਖਮ ਵਾਲਾ ਕਾਰਜ ਸੀ। ਇਕੱਲੇ ਭਾਈ ਲੌਂਗੋਵਾਲ ਹੀ ਸਨ ਜਿਸ ਬਾਰੇ ਪਾਰਟੀ ਅੰਦਰਲੇ ਸਾਰੇ ਖੇਮੇ ਆਮ ਸਹਿਮਤੀ ਰੱਖਦੇ ਸਨ। ਇਹੋ ਕਾਰਨ ਹੈ ਕਿ ਚੋਣ ਦੌਰਾਨ ਕੋਈ ਵੀ ਆਗੂ ਉਨ੍ਹਾਂ ਦੇ ਮੁਕਾਬਲੇ ’ਤੇ ਨਹੀਂ ਨਿਤਰਿਆ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਉਨ੍ਹਾਂ ਦਾ ਨਾਮ ਪੇਸ਼ ਕਰਨਾ ਅਤੇ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਜਥੇਦਾਰ ਅਵਤਾਰ ਸਿੰਘ ਵੱਲੋਂ ਇਸ ਦੀ ਤਾਇਦ ਕਰਨਾ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਪਾਰਟੀ ਦੇ ਸਾਰੇ ਵੱਡੇ ਨੇਤਾ ਭਾਈ ਲੌਂਗੋਵਾਲ ਦੇ ਨਾਮ ਉਪਰ ਹੀ ਸਹਿਮਤੀ ਰੱਖਦੇ ਸਨ। ਪਿਛਲੇ ਮੌਕਿਆਂ ਉਪਰ ਸ਼੍ਰੋਮਣੀ ਕਮੇਟੀ ਦੀ ਚੋਣ ਸਮੇਂ ਪ੍ਰਧਾਨ ਅਤੇ ਅਹੁਦੇਦਾਰਾਂ ਦੇ ਨਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਭੇਜੇ ਗਏ ਲਿਫਾਫੇ ਵਿੱਚੋਂ ਕੱਢੇ ਜਾਂਦੇ ਸਨ। ਅਕਾਲੀ ਦਲ ਨੇ ਇਸ ਵਾਰ ਇਸ ਪਿਰਤ ਨੂੰ ਕੁਝ ਹੱਦ ਤੱਕ ਤਬਦੀਲ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦੂਸਰੇ ਅਹੁਦੇਦਾਰਾਂ ਦੀ ਚੋਣ ਮੈਂਬਰਾਂ ਦੇ ਸਾਹਮਣੇ ਕਰਨਾ ਇਕ ਚੰਗਾ ਰੁਝਾਨ ਹੈ। ਭਾਈ ਲੌਂਗੋਵਾਲ ਦਾ ਸਿਆਸੀ ਖੇਤਰ ਵਿੱਚ ਲੰਬਾ ਤਜ਼ਰਬਾ ਹੈ। ਉਹ ਪੰਜਾਬ ਵਿਧਾਨ ਸਭਾ ਦੇ ਚਾਰ ਵਾਰ ਮੈਂਬਰ ਰਹੇ ਹਨ। ਪੰਜਾਬ ਵਿੱਚ ਮੰਤਰੀ ਵਜੋਂ ਵੀ ਉਨ੍ਹਾਂ ਨੇ ਜ਼ਿਕਰਯੋਗ ਪਾਰੀ ਖੇਡੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਇਕ ਸਾਲ ਦੇ ਸਮੇਂ ਵਿੱਚ ਉਨ੍ਹਾਂ ਨੇ ਆਪਣੀ ਯੋਗਤਾ ਤੇ ਪ੍ਰਤਿਭਾ ਦਾ ਬੇਹਤਰੀਨ ਵਿਖਾਵਾ ਕੀਤਾ ਹੈ। ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਵੱਲੋਂ ਛੱਡੀ ਗਈ ਛਾਪ ਕਾਰਨ ਹੀ ਉਹ ਮੁੜ ਪ੍ਰਧਾਨ ਬਣਨ ਵਿੱਚ ਸਫਲ ਹੋਏ ਹਨ। ਉਨ੍ਹਾਂ ਨੇ ਆਪਣੇ ਫਰਜ਼ਾਂ ਨੂੰ ਬਹੁਤ ਤਨਦੇਹੀ ਅਤੇ ਦਿਆਨਤਦਾਰੀ ਨਾ ਨਿਭਾਇਆ ਹੈ। ਸ਼੍ਰੋਮਣੀ ਕਮੇਟੀ ਨੂੰ ਧਰਮ ਪ੍ਰਚਾਰ ਦੇ ਖੇਤਰ ਵਿੱਚ ਮੁੜ ਸਰਗਰਮ ਕਰਨਾ ਉਨ੍ਹਾਂ ਦੀ ਵੱਡੀ ਪ੍ਰਾਪਤੀ ਰਹੀ ਹੈ। ਉਹ ਉਮੀਦ ਕਰਨੀ ਚਾਹੀਦੀ ਹੈ ਕਿ ਭਾਈ ਲੌਂਗੋਵਾਲ ਅਤੇ ਉਨ੍ਹਾਂ ਦੇ ਸਾਥੀ ਅਹੁਦੇਦਾਰ ਆਪਣੀ ਨਵੀਂ ਪਾਰੀ ਦੌਰਾਨ ਹੋਰ ਬੇਹਤਰ ਕੰਮ ਕਰਕੇ ਦਿਖਾਉਣਗੇ। ਸ਼੍ਰੋਮਣੀ ਕਮੇਟੀ ਤੋਂ ਸਿੱਖ ਪੰਥ ਨੂੰ ਹਮੇਸ਼ਾਂ ਵੱਡੀਆਂ ਉਮੀਦਾਂ ਹੁੰਦੀਆਂ ਹਨ। ਕਾਮਨਾ ਕਰਦੇ ਹਾਂ ਕਿ ਉਹ ਸਿੱਖ ਪੰਥ ਦੀਆਂ ਉਮੀਦਾਂ ਉਪਰ ਖਰੇ ਉਤਰਨਗੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11