Friday , 23 August 2019
Breaking News
You are here: Home » INTERNATIONAL NEWS » ਭਾਈ ਲੌਂਗੋਵਾਲ ਦਾ ਵਾਹਗਾ ਸਰਹੱਦ ਵਿਖੇ ਸ. ਬਿਸ਼ਨ ਸਿੰਘ ਅਤੇ ਹੋਰਾਂ ਨੇ ਕੀਤਾ ਭਰਵਾਂ ਸਵਾਗਤ

ਭਾਈ ਲੌਂਗੋਵਾਲ ਦਾ ਵਾਹਗਾ ਸਰਹੱਦ ਵਿਖੇ ਸ. ਬਿਸ਼ਨ ਸਿੰਘ ਅਤੇ ਹੋਰਾਂ ਨੇ ਕੀਤਾ ਭਰਵਾਂ ਸਵਾਗਤ

ਲਾਹੌਰ/ਅੰਮ੍ਰਿਤਸਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਸਥਿਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਵਲੋਂ ਕਰਵਾਏ ਜਾ ਰਹੇ ਨੀਂਹ ਪਥਰ ਸਮਾਗਮ ’ਚ ਸ਼ਾਮਿਲ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪਾਕਿਸਤਾਨ ਲਈ ਰਵਾਨਾ ਹੋ ਗਏ। ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਉਦੇ ਸਿੰਘ ਲੌਂਗੋਵਾਲ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ ਵੀ ਪਾਕਿਸਤਾਨ ਗਏ ਹਨ।ਅਟਾਰੀ ਸਰਹਦ ਤੋਂ ਵਾਹਗਾ ਪਹੁੰਚਣ ’ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਬਿਸ਼ਨ ਸਿੰਘ, ਸਿਖ ਆਗੂ ਸ. ਸਰਬਤ ਸਿੰਘ, ਸ. ਜਸਵਿੰਦਰ ਸਿੰਘ, ਸ. ਗੁਰਵਿੰਦਰ ਸਿੰਘ ਤੋਂ ਇਲਾਵਾ ਸ੍ਰੀ ਨਨਕਾਣਾ ਸਾਹਿਬ ਤੋਂ ਪਹੁੰਚੇ ਰਾਇ ਬੁਲਾਰ ਜੀ ਦੇ ਪਰਿਵਾਰਕ ਮੈਂਬਰ ਰਾਇ ਭਟੀ ਨੇ ਜੋਸ਼ੋ-ਖਰੋਸ਼ ਨਾਲ ਭਾਈ ਲੌਂਗੋਵਾਲ ਦਾ ਸਵਾਗਤ ਕੀਤਾ ਅਤੇ ਫੁਲਾਂ ਦੇ ਗੁਲਦਸਤੇ ਭੇਟ ਕੀਤੇ। ਪਾਕਿਸਤਾਨ ਜਾਣ ਤੋਂ ਪਹਿਲਾਂ ਕੌਮਾਂਤਰੀ ਸਰਹਦ ‘ਤੇ ਭਾਈ ਲੌਂਗੋਵਾਲ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਸਰਕਾਰਾਂ ਦੀ ਪਹੁੰਚ ਦਾ ਸਵਾਗਤ ਕੀਤਾ ਅਤੇ ਲਾਂਘਾ ਖੁਲ੍ਹਣ ਨੂੰ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿਖ ਜਗਤ ਲਈ ਵਡਾ ਤੋਹਫ਼ਾ ਕਰਾਰ ਦਿਤਾ।
ਉਨ੍ਹਾਂ ਆਖਿਆ ਕਿ ਉਹ ਪਾਕਿਸਤਾਨ ਵਿਖੇ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਸਮਾਗਮ ਕਰਵਾਉਣ ਬਾਰੇ ਪਾਕਿਸਤਾਨ ਗੁਰਦੁਆਰਾ ਕਮੇਟੀ, ਪਾਕਿਸਤਾਨ ਓਕਾਫ਼ ਬੋਰਡ ਅਤੇ ਉਥੋਂ ਦੀਆਂ ਸਰਕਾਰਾਂ ਦੇ ਆਗੂਆਂ ਅਤੇ ਨੁਮਾਇੰਦਿਆਂ ਨਾਲ ਗਲਬਾਤ ਵੀ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੌਕਾ ਸਾਡੇ ਲਈ ਬੇਹਦ ਖ਼ਾਸ ਹੈ ਅਤੇ ਇਸ ਨੂੰ ਗੁਰੂ ਸਾਹਿਬ ਦੀਆਂ ਸਿਖਿਆਵਾਂ ਨੂੰ ਵਿਸ਼ਵ ਵਿਚ ਫੈਲਾਉਣ ਲਈ ਵਿਸ਼ੇਸ਼ ਤੌਰ ‘ਤੇ ਵਰਤਿਆ ਜਾਵੇਗਾ।ਇਸੇ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਅਟਾਰੀ ਸਰਹਦ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਭਾਈ ਲੌਂਗੋਵਾਲ ਇਕ ਵਿਸ਼ੇਸ਼ ਅਤੇ ਮੁਬਾਰਕ ਮੌਕੇ ਪਾਕਿਸਤਾਨ ਗਏ ਹਨ ਅਤੇ ਉਹ ਸ੍ਰੀ ਕਰਤਾਰਪੁਰ ਸਾਹਿਬ ਲਈ ਮਨੁਖਤਾ ਦੇ ਪਾਵਨ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਤੋਂ ਪਵਿਤਰ ਜਲ ਵੀ ਲੈ ਕੇ ਗਏ ਹਨ। ਉਨ੍ਹਾਂ ਦਸਿਆ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਲਈ ਚੰਦੋਆ ਸਾਹਿਬ ਦਾ ਸੈਟ, ਚੌਰ ਸਾਹਿਬ ਅਤੇ ਰੁਮਾਲੇ ਵੀ ਭੇਜੇ ਗਏ ਹਨ।
ਸ. ਬੇਦੀ ਅਨੁਸਾਰ ਭਾਈ ਲੌਂਗੋਵਾਲ ਰਾਤ ਲਾਹੌਰ ਵਿਖੇ ਠਹਿਰਣਗੇ ਅਤੇ 28 ਨਵੰਬਰ ਦੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋ ਰਹੇ ਸਮਾਗਮ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਨਿਜੀ ਸਕਤਰ ਸ. ਸੁਖਮਿੰਦਰ ਸਿੰਘ ਐਕਸੀਅਨ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਜਗਜੀਤ ਸਿੰਘ ਜਗੀ, ਸ. ਜਸਬੀਰ ਸਿੰਘ ਜਸੀ, ਸ. ਤਰਸੇਮ ਸਿੰਘ ਗੁਜਰਾਂ ਅਤੇ ਹੋਰ ਮੌਜੂਦ ਸਨ।

Comments are closed.

COMING SOON .....


Scroll To Top
11