Monday , 19 August 2019
Breaking News
You are here: Home » PUNJAB NEWS » ਭਵਿੱਖ ਦੀ ਯੋਜਨਾਬੰਦੀ ਲਈ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨਾਲ ਕਰਾਂਗੇ ਮੀਟਿੰਗਾਂ : ਭੱਠਲ

ਭਵਿੱਖ ਦੀ ਯੋਜਨਾਬੰਦੀ ਲਈ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨਾਲ ਕਰਾਂਗੇ ਮੀਟਿੰਗਾਂ : ਭੱਠਲ

ਮੇਘਾਲਿਆ ਯੋਜਨਾ ਬੋਰਡ ਦੇ ਵਫਦ ਵੱਲੋਂ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਮੁਲਾਕਾਤ

ਚੰਡੀਗੜ੍ਹ, 6 ਸਤੰਬਰ- ਸੂਬੇ ਦੇ ਸਰਬ-ਪੱਖੀ ਵਿਕਾਸ ਨੂੰ ਯਕੀਨੀ ਬਨਾਉਣ ਦੇ ਉਦੇਸ਼ ਨਾਲ ਪੰਜਾਬ ਰਾਜ ਯੋਜਨਾ ਬੋਰਡ ਵੱਲੋਂ ਪੜਾਅ ਵਾਰ ਤਰੀਕੇ ਨਾਲ ਸੂਬੇ ਦੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਵਿਭਾਗਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਦੀ ਜ਼ਮੀਨੀ ਹਕੀਕਤ ਬਾਰੇ ਜਾਣਿਆ ਜਾ ਸਕੇ ਅਤੇ ਫੰਡਾਂ ਦੀ ਸਹੀ ਵਰਤੋਂ ਕਰਕੇ ਲੋੜ ਅਨੁਸਾਰ ਭਵਿੱਖ ਦੀ ਯੋਜਨਾਬੰਦੀ ਕੀਤੀ ਜਾ ਸਕੇ। ਇਹ ਜਾਣਕਾਰੀ ਪੰਜਾਬ ਰਾਜ ਯੋਜਨਾ ਬੋਰਡ (ਪੀਐਸਪੀਬੀ) ਦੀ ਉਪ ਚੇਅਰਪਰਸਨ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਨੇ ਮੇਘਾਲਿਆ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਲਾਂਬੋ ਮਾਲਨਿਅਨ ਦੀ ਅਗਵਾਈ ਵਿੱਚ ਆਏ ਵਫਦ ਨਾਲ ਹੋਈ ਮੁਲਾਕਾਤ ਦੌਰਾਨ ਦਿੱਤੀ। ਸ੍ਰੀਮਤੀ ਭੱਠਲ ਨੇ ਦੱਸਿਆ ਕਿ ਸਾਲ 2018-19 ਦੌਰਾਨ ਸੂਬੇ ਦੇ ਵਿਕਾਸ ਕਾਰਜਾਂ ਲਈ ਕੁੱਲ 20,661.20 ਕਰੋੜ ਰੁਪਏ ਦਾ ਬਜਟ ਰਖਿਆ ਗਿਆ ਹੈ, ਜਿਸ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕ੍ਰਮਵਾਰ 6090.40 ਕਰੋੜ ਰੁਪਏ ਅਤੇ 14,570.80 ਕਰੋੜ ਰੁਪਏ ਦੀ ਹਿੱਸੇਦਾਰੀ ਹੈ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਕੌਮਾਂਤਰੀ ਸਰਹੱਦ (ਪਾਕਿਸਤਾਨ) ਨਾਲ ਲੱਗਦੇ ਜ਼ਿਲ੍ਹੇ ਜਿਵੇਂ ਕਿ ਅੰਮ੍ਰਿਤਸਰ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ ਅਤੇ ਤਰਨ ਤਾਰਨ, ਜਿੱਥੇ ਕਿ ਵਿਸ਼ੇਸ ਕਿਸਮ ਦੀਆਂ ਮੁਸ਼ਕਿਲਾਂ ਹਨ, ਲਈ ਖਾਸ ਤੌਰ ‘ਤੇ 32.67 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਪੰਜਾਬ ਦਾ ਯੋਜਨਾ ਵਿਭਾਗ ਉਨ੍ਹਾਂ ਗ਼ੈਰ-ਸਰਕਾਰੀ ਸੰਸਥਾਵਾਂ (ਐਨਜੀਓਜ਼) ਨੂੰ ਵੀ ਫੰਡ ਮੁਹੱਈਆ ਕਰਵਾਏਗਾ ਜੋ ਸਿਖਿਆ ਦੇ ਖੇਤਰ, ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਕੁੜੀਆਂ ਤੇ ਔਰਤਾਂ ਨੂੰ ਕਿੱਤਾ ਮੁੱਖੀ ਸਿੱਖਿਆ, ਜਣੇਪਾ ਅਤੇ ਬਾਲ ਸਿਹਤ ਸੰਭਾਲ, ਪੇਂਡੂ ਖੇਤਰਾਂ ਵਿੱਚ ਇਸਤਰੀ ਤੇ ਬਾਲ ਵਿਕਾਸ ਦੇ ਕਾਰਜਾਂ, ਸ਼ਹਿਰਾਂ ਵਿੱਚ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਦੇ ਵਾਤਾਵਰਣ ਸੁਧਾਰ ਅਤੇ ਦਲਿਤਾਂ ਤੇ ਪਿਛੜੇ ਵਰਗਾਂ ਦੀ ਭਲਾਈ ਦੇ ਕਾਰਜ, ਨਸ਼ਾ ਮੁਕਤੀ, ਗਰਭਵਤੀ ਮਾਵਾਂ ਤੇ ਬੱਚਿਆਂ ਦੇ ਪੋਸ਼ਣ ਸਬੰਧੀ ਪ੍ਰੋਗਰਾਮਾਂ ਆਦਿ ਕਾਰਜਾਂ ਵਿਚ ਕੰਮ ਕਰ ਰਹੇ ਹਨ, ਲਈ ਕੁੱਲ 10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸ੍ਰੀਮਤੀ ਭੱਠਲ ਨੇ ਇਹ ਵੀ ਦੱਸਿਆ ਕਿ 15 ਕਰੋੜ ਰੁਪਏ ਜਨ ਹਿੱਤ ਵਿੱਚ ਚੱਲ ਰਹੇ ਅਧੂਰੇ ਪ੍ਰੋਜੈਕਟਾਂ ਦੀ ਪੂਰਤੀ ਲਈ ਦਿੱਤਾ ਗਿਆ ਹੈ। ਮੀਟਿੰਗ ਦੌਰਾਨ ਸ੍ਰੀ ਲਾਂਬੋ ਮਾਲਨਿਅਨ ਚੇਅਰਮੈਨ, ਮੇਘਾਲਿਆ ਯੋਜਨਾ ਬੋਰਡ ਨੇ ਪੰਜਾਬ ਸੂਬੇ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ੁਮਾਰ ਹੈ ਅਤੇ ਇੱਥੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਨੇੜਿਓ ਤੱਕ ਕੇ ਉਹ ਵੀ ਅਜਿਹੀਆਂ ਨੀਤੀਆਂ ਅਤੇ ਯੋਜਨਾਵਾਂ ਆਪਣੇ ਸੂਬੇ ਵਿਚ ਲਾਗੂ ਕਰਨਗੇ।
ਉਨ੍ਹਾਂ ਨੀਤੀ ਆਯੋਗ ਦੀ ਤਰਜ਼ ’ਤੇ ਸੂਬਿਆਂ ਦੇ ਯੋਜਨਾ ਬੋਰਡਾਂ ਨੂੰ ਮੁੜ ਸੰਗਠਿਤ ਕਰਨ ਬਾਰੇ ਵੀ ਵਿਚਾਰ ਸਾਂਝੇ ਕੀਤੇ। ਮੇਘਾਲਿਆ ਦੇ ਇਸ ਵਫਦ ਵਿੱਚ ਡਾ. ਕ੍ਰਿਸ਼ਨਾ ਚੌਹਾਨ ਮਾਹਰ ਮੈਂਬਰ, ਅੰਡਰ ਸੈਕਟਰੀ ਸ੍ਰੀ ਆਰ.ਡੀ.ਐਚ ਖਾਲੂਕੀ, ਮੈਂਬਰ ਸ੍ਰੀ ਮੋਨਭਾ ਰਵੀ ਅਤੇ ਮੈਂਬਰ ਸ੍ਰੀ ਐਨਰਿਕ ਜੀ. ਨੌਂਗਬਰ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੁਮਿਤ ਸ਼ਰਮਾਂ, ਡਾਇਰੈਕਟਰ ਯੋਜਨਾ ਅਤੇ ਆਰਥਿਕ ਸਲਾਹਕਾਰ ਸ੍ਰੀ ਐਮ.ਐਲ. ਸ਼ਰਮਾ ਵੀ ਮੌਜੂਦ ਸਨ।

Comments are closed.

COMING SOON .....


Scroll To Top
11