Sunday , 19 January 2020
Breaking News
You are here: Home » EDITORIALS » ਬੱਚਿਆਂ ਖ਼ਿਲਾਫ਼ ਵੱਧਦੇ ਅਪਰਾਧ

ਬੱਚਿਆਂ ਖ਼ਿਲਾਫ਼ ਵੱਧਦੇ ਅਪਰਾਧ

ਦੇਸ਼ ਵਿੱਚ ਬੱਚਿਆਂ ਖਿਲਾਫ ਵੱਧ ਰਹੇ ਅਪਰਾਧ ਚਿੰਤਾ ਦਾ ਵੱਡਾ ਵਿਸ਼ਾ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਬੱਚਿਆਂ ਖਿਲਾਫ ਹੋ ਰਹੇ ਅਪਰਾਧਾਂ ਨੂੰ ਠੱਲ੍ਹ ਪਾਉਣ ਵਿੱਚ ਅਸਫਲ ਹਨ। ਇਹੋ ਕਾਰਨ ਹੈ ਕਿ ਬੱਚਿਆਂ ਖਿਲਾਫ ਅਪਰਾਧਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ 2018 ਵਿਚ ਭਾਰਤ ‘ਚ ਹਰ ਦਿਨ 109 ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਇਹ ਪਿਛਲੇ ਵਰ੍ਹੇ ਨਾਲੋਂ 22 ਫ਼ੀਸਦੀ ਵੱਧ ਹੈ। ਤਾਜ਼ਾ ਰਿਲੀਜ਼ ਅੰਕੜਿਆਂ ਮੁਤਾਬਕ 2017 ਵਿਚ 32,608 ਕੇਸ ਰਿਪੋਰਟ ਹੋਏ ਸਨ ਜਦਕਿ ਪੋਕਸੋ ਐਕਟ ਤਹਿਤ 2018 ਵਿਚ 39,827 ਕੇਸ ਪ੍ਰਕਾਸ਼ ‘ਚ ਆਏ ਹਨ। 2018 ਵਿਚ ਬੱਚਿਆਂ ਨਾਲ ਜਬਰ-ਜਨਾਹ ਦੇ 21,605 ਕੇਸ ਦਰਜ ਹੋਏ ਹਨ। ਇਨ੍ਹਾਂ ਵਿਚ 21401 ਲੜਕੀਆਂ ਨਾਲ ਤੇ 204 ਲੜਕਿਆਂ ਨਾਲ ਸਬੰਧਤ ਹਨ। ਬੱਚਿਆਂ ਨਾਲ ਜਬਰ-ਜਨਾਹ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਦੇ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਆਉਂਦੇ ਹਨ। ਉੱਤਰ ਪ੍ਰਦੇਸ਼ ਵਿਚ ਬੱਚਿਆਂ ਖ਼ਿਲਾਫ਼ ਵੱਖ-ਵੱਖ ਅਪਰਾਧਾਂ ਦੇ ਸਭ ਤੋਂ ਵੱਧ- 19,936 ਮਾਮਲੇ ਸਾਹਮਣੇ ਆਏ ਹਨ ਜੋ ਕੁੱਲ ਅਪਰਾਧਾਂ ਦਾ 14 ਫ਼ੀਸਦੀ ਬਣਦੇ ਹਨ। ਇਹ ਬਹੁਤ ਚਿੰਤਾ ਵਾਲੇ ਹਾਲਾਤ ਹਨ ਕਿ 2008-2018 ਦੇ ਦਹਾਕੇ ਦੌਰਾਨ ਬੱਚਿਆਂ ਖਿਲਾਫ ਅਪਰਾਧਾਂ ‘ਚ ਛੇ ਗੁਣਾ ਵਾਧਾ ਹੋਇਆ ਹੈ। ਸਮਾਜ ਵਿੱਚ ਇਹ ਰੁਝਾਨ ਕਾਫੀ ਖਤਰਨਾਕ ਹੈ। ਅੰਕੜਿਆਂ ਦਾ ਇਕ ਪੱਖ ਇਹ ਵੀ ਹੈ ਕਿ ਕਈ ਕਾਰਨਾਂ ਕਰਕੇ ਬਹੁਤ ਸਾਰੇ ਅਪਰਾਧ ਪ੍ਰਕਾਸ਼ ਵਿੱਚ ਨਹੀਂ ਆਉਂਦੇ। ਸਮਾਜ ਦਾ ਇਕ ਵੱਡਾ ਹਿੱਸਾ ਬੱਚਿਆਂ ਖਿਲਾਫ ਹੋਣ ਵਾਲੇ ਅਪਰਾਧਾਂ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਉਣ ਤੋਂ ਗੁਰੇਜ ਕਰਦਾ ਹੈ। ਜੇਕਰ ਸਾਰੇ ਅਪਰਾਧ ਦਰਜ ਕੀਤੇ ਜਾਣ ਤਾਂ ਲਾਜ਼ਮੀ ਤੌਰ ‘ਤੇ ਇਹ ਅੰਕੜਾ ਹੋਰ ਵੱਡਾ ਹੋ ਜਾਵੇਗਾ। ਉਂਝ ਇਹ ਚੰਗੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਸ ਰੁਝਾਨ ਵਿੱਚ ਕੁਝ ਕਮੀ ਆਈ ਹੈ। ਲੋਕ ਹੁਣ ਅਜਿਹੇ ਸੰਗੀਨ ਅਪਰਾਧਾਂ ਸਬੰਧੀ ਪੁਲਿਸ ਨੂੰ ਜਾਣੂ ਕਰਵਾ ਰਹੇ ਹਨ। ਇਕ ਹੋਰ ਅੰਕੜੇ ਮੁਤਾਬਿਕ ਸਾਲ 2018 ਦੌਰਾਨ 67,134 ਬੱਚੇ ਜਿਨ੍ਹਾਂ ‘ਚੋਂ 19784 ਲੜਕੇ ਤੇ 47191 ਲੜਕੀਆਂ ਹਨ ਲਾਪਤਾ ਹੋਏ ਹਨ। ਪੁਲਿਸ ਦੀਆਂ ਕੋਸ਼ਿਸ਼ਾਂ ਨਾਲ ਇਸ ਸਮੇਂ ਦੌਰਾਨ 71,176 ਬੱਚੇ ਲੱਭੇ ਵੀ ਗਏ ਹਨ। ਬੱਚਿਆਂ ਨੂੰ ਪੋਰਨੋਗ੍ਰਾਫ਼ੀ ਲਈ ਵਰਤਣ ਦੇ ਵੀ 781 ਕੇਸ ਦਰਜ ਹੋਏ ਹਨ। ਬੱਚਿਆਂ ਖਿਲਾਫ ਅਪਰਾਧਾਂ ਨੂੰ ਰੋਕਣ ਲਈ ਵੱਡੇ ਯਤਨਾਂ ਅਤੇ ਜਾਗਰੂਕਤਾ ਦੀ ਜ਼ਰੂਰਤ ਹੈ। ਸਰਕਾਰ ਨੂੰ ਇਸ ਸਬੰਧੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11