Tuesday , 16 July 2019
Breaking News
You are here: Home » EDITORIALS » ਬੰਦੀ ਸਿੱਖਾਂ ਦੀ ਪੱਕੀ ਰਿਹਾਈ ਦਾ ਮਾਮਲਾ

ਬੰਦੀ ਸਿੱਖਾਂ ਦੀ ਪੱਕੀ ਰਿਹਾਈ ਦਾ ਮਾਮਲਾ

ਪੰਜਾਬ, ਦਿੱਲੀ, ਹਰਿਆਣਾ ਅਤੇ ਜੰਮੂ ਦੀਆਂ ਜੇਲ੍ਹਾਂ ਵਿੱਚ ਨਿਰਧਾਰਤ ਸਜ਼ਾ ਭੁਗਤਣ ਦੇ ਬਾਵਜੂਦ ਬੰਦ 120 ਸਿੱਖਾਂ ਦੀ ਪੱਕੀ ਅਤੇ ਫੌਰੀ ਰਿਹਾਈ ਦਾ ਮਾਮਲਾ ਹਾਲੇ ਤੱਕ ਹੱਲ ਨਹੀਂ ਹੋ ਸਕਿਆ। ਸਿੱਖ ਆਗੂ ਭਾਈ ਗੁਰਬਖਸ਼ ਸਿੰਘ ਦੇ ਲੰਬੇ ਮਰਨ ਵਰਤ ਤੋਂ ਬਾਅਦ ਇਹ ਆਸ ਬੱਝੀ ਸੀ ਕਿ ਸਰਕਾਰ ਇਸ ਮਸਲੇ ਦਾ ਜਲਦੀ ਹੀ ਕੋਈ ਹੱਲ ਕੱਢੇਗੀ ਪ੍ਰੰਤੂ ਹੁਣ ਲੱਗ ਰਿਹਾ ਹੈ ਕਿ ਸਰਕਾਰ ਦੀ ਅਜਿਹੀ ਕੋਈ ਇੱਛਾ ਨਹੀਂ ਹੈ। ਜਿਨ੍ਹਾਂ ਚਾਰ ਸਿੰਘਾਂ ਨੂੰ ਭਾਈ ਗੁਰਬਖਸ਼ ਸਿੰਘ ਦਾ ਮਰਨ ਵਰਤ ਖੁਲਵਾਉਣ ਲਈ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ ਉਨ੍ਹਾਂ ਨੂੰ ਵੀ ਹੁਣ ਮੁੜ ਜੇਲ੍ਹ ਜਾਣਾ ਪੈ ਰਿਹਾ ਹੈ। ਇਹ ਬਹੁਤ ਦੁਖਦ ਸਥਿਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਦਿੱਤੇ ਭਰੋਸਿਆਂ ਦੇ ਬਾਵਜੂਦ ਇਨ੍ਹਾਂ ਸਿੰਘਾਂ ਨੂੰ ਪੱਕੀ ਰਿਹਾਈ ਨਹੀਂ ਦਿੱਤੀ ਗਈ। ਪੰਜਾਬ ਸਰਕਾਰ ਨੇ ਆਪਣੀ ਤਰਫ ਤੋਂ ਵੀ ਇਹ ਵਾਅਦ ਨਿਭਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਇਸੇ ਤਰ੍ਹਾਂ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਮਾਮਲਾ ਜਿਉਂ ਦਾ ਤਿਉਂ ਹੈ। ਇਸ ਅਨੁਮਾਨ ਮੁਤਾਬਿਕ ਵੱਖ ਵੱਖ ਰਾਜਾਂ ਦੀਆਂ ਜੇਲ੍ਹਾਂ ਵਿੱਚ ਇਸ ਸਮੇਂ 120 ਦੇ ਕਰੀਬ ਅਜਿਹੇ ਸਿੱਖ ਕੈਦੀ ਹਨ ਜਿਨ੍ਹਾਂ ਨੂੰ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਪੂਰੀ ਹੋ ਚੁੱਕੀ ਹੈ ਪਰੰਤੂ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਨਹੀਂ ਦਿੱਤੇ ਜਾ ਰਹੇ। ਇਨ੍ਹਾਂ ਵਿਚੋਂ ਲੱਗਭੱਗ 99 ਬੰਦੀ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ।ਇਨ੍ਹਾਂ 120 ਸਿੱਖ ਬੰਦੀਆਂ ਵਿੱਚੋਂ 16 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ ‘ਚੋਂ ਅੱਠ ਟਾਡਾ ਲਾਇਆ ਗਿਆ ਹੈ ਅਤੇ ਬਾਕੀ ਕਤਲ ਦੇ ਦੋਸ਼ੀ ਹਨ।ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੇਅੰਤ ਸਿੰਘ ਹੱਤਿਆ ਕਾਂਡ ਵਿੱਚ ਫ਼ਾਂਸੀ ਦੀ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਮੁਆਫੀ ਬਾਰੇ ਵੀ ਹਾਲੇ ਕੋਈ ਫੈਸਲਾ ਨਹੀਂ ਹੋਇਆ। ਹੋਰ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਵਿੱਚੋਂ ਸੱਤ ਸਿੱਖ ਹਰਿਆਣਾ ਦੀ ਕੇਂਦਰੀ ਜੇਲ੍ਹ ਸਿਰਸਾ ਵਿੱਚ ਬੰਦ ਹਨ। ਇਨ੍ਹਾਂ ਵਿੱਚ ਭਾਈ ਸ਼ਿਵਰਾਜ ਸਿੰਘ, ਭਾਈ ਬਲਕਰਨ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਗੁਰਪ੍ਰੀਤ ਸਿੰਘ,ਭਾਈ ਰਾਜੂ ਸਿੰਘ ਤੇ ਭਾਈ ਗੁਰਵਿੰਦਰ ਸਿੰਘ ਸੋਨੂੰ ਨੂੰ 7-7 ਸਾਲ ਦੀ ਕੈਦ ਹੋਈ ਹੈ। ਇਸੇ ਤਰ੍ਹਾਂ ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀ ਭਾਈ ਜਗਤਾਰ ਸਿੰਘ ਹਵਾਰਾ ਇਸ ਜੇਲ੍ਹ ਵਿੱਚ ਮੌਤ ਤੱਕ ਉਮਰ ਕੈਦ ਦੀ ਸਜ਼ਾ ਭੋਗ ਰਹੇ ਹਨ। ਤਿਹਾੜ ਜੇਲ੍ਹ ਵਿੱਚ ਹੀ ਬੇਅੰਤ ਸਿੰਘ ਹੱਤਿਆ ਕਾਂਡ (302) ਦੇ ਮਾਮਲੇ ਵਿੱਚ ਬੱਬਰ ਖ਼ਾਲਸਾ ਦਾ ਕਾਰਕੁੰਨ ਭਾਈ ਪਰਮਜੀਤ ਸਿੰਘ ਭਿਓਰਾ 1995 ਤੋਂ ਬੰਦ ਹੈ।1995 ਤੋਂ ਹੀ ਟਾਡਾ ਤਹਿਤ ਭਾਈ ਦਿਆ ਸਿੰਘ ਲਾਹੌਰੀਆ ਵੀ ਇਸੇ ਜੇਲ੍ਹ ਵਿੱਚ ਬੰਦ ਹਨ। 2005 ਤੋਂ ਹੋਰ ਮਾਮਲੇ ਵਿੱਚ ਭਾਈ ਬਲਜੀਤ ਸਿੰਘ ਭਾਊ ਵੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਜੰਮੂ ਦੀ ਅੰਫੂਲਾ ਜੇਲ੍ਹ ਵਿੱਚ ਆਰਮਜ਼ ਐਕਟ ਤਹਿਤ ਮਈ 2007 ਤੋਂ ਚਾਰ ਸਿੱਖ ਭਾਈ ਮਲਕੀਤ ਸਿੰਘ ਭੂਤਨਾ, ਭਾਈ ਜਗਜੀਤ ਸਿੰਘ, ਭਾਈ ਸੁਰਜੀਤ ਸਿੰਘ ਅਤੇ ਭਾਈ ਹਰਬੰਸ ਸਿੰਘ ਬੰਦ ਹਨ।ਟਾਡਾ ਤਹਿਤ ਕੇਂਦਰੀ ਜੇਲ੍ਹ ਪੀਲੀਭੀਤ ਉਤਰ ਪ੍ਰਦੇਸ਼ ਜੇਲ੍ਹ ‘ਚ ਟਾਡਾ ਤਹਿਤ 1991 ਤੋਂ  ਭਾਈ ਵਰਿਆਮ ਸਿੰਘ, ਕੇਂਦਰੀ ਜੇਲ੍ਹ ਗੁਲਬਰਗ (ਕਰਨਾਟਕਾ) ‘ਚ ਟਾਡਾ ਤਹਿਤ 1990 ਤੋਂ ਭਾਈ ਗੁਰਦੀਪ ਸਿੰਘ ਖੈਹਰਾ ਅਤੇ ਕੇਂਦਰੀ ਜੇਲ੍ਹ ਬੀਕਾਨੇਰ ਵਿੱਚ ਕਤਲ ਦੇ ਕੇਸ ‘ਚ 1995 ਤੋਂ ਭਾਈ ਗੁਰਮੀਤ ਸਿੰਘ ਫੌਜੀ ਬੰਦ ਹਨ। ਉਮਰ ਕੈਦ ਕੱਟ ਰਹੇ ਕੈਦੀਆਂ ਵਿੱਚੋਂ ਨਾਭਾ ਜੇਲ੍ਹ ਵਿੱਚ ਟਾਡਾ ਤਹਿਤ 1992 ਤੋਂ ਭਾਈ ਲਾਲ ਸਿੰਘ ਅਤੇ 1999 ਤੋਂ ਭਾਈ ਦਿਲਬਾਗ ਸਿੰਘ ਤੇ ਭਾਈ ਸਵਰਨ ਸਿੰਘ ਬੰਦ ਹਨ। ਬੇਅੰਤ ਸਿੰਘ ਹੱਤਿਆ ਕਾਂਡ ਮਾਮਲੇ ‘ਚ ਮਾਡਲ ਜੇਲ੍ਹ ਬੁੜੈਲ (ਚੰਡੀਗੜ੍ਹ) ਵਿੱਚ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ ਬੰਦ ਹਨ। ਕੇਂਦਰੀ ਜੇਲ੍ਹ ਲੁਧਿਆਣਾ ਵਿਚ ਭਾਈ ਸੁਬੇਗ ਸਿੰਘ ਤੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਭਾਈ ਨੰਦ ਸਿੰਘ ਅਤੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਭਾਈ ਬਾਜ ਸਿੰਘ ਤੇ ਭਾਈ ਹਰਦੀਪ ਸਿੰਘ ਵੀ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੇ ਬੰਦ ਸਿੰਘਾਂ ਦੀ ਪੱਕੀ ਅਤੇ ਤੁਰੰਤ ਰਿਹਾਈ ਲਈ ਯਤਨ ਸ਼ੁਰੂ ਕਰੇ ਤਾਂ ਜੋ ਸਿੱਖ ਭਾਈਚਾਰੇ ਅੰਦਰ ਪਾਇਆ ਜਾ ਰਿਹਾ ਗੁੱਸਾ ਅਤੇ ਬੇਚੈਨੀ ਨੂੰ ਸ਼ਾਂਤ ਕੀਤਾ ਜਾ ਸਕੇ। ਇਨਸਾਫ ਦੇ ਤਰਕ ਤੋਂ ਵੀ ਦਿੱਤੀ ਗਈ ਸਜ਼ਾ ਤੋਂ ਵੱਧ ਸਮੇਂ ਲਈ ਸਿੰਘਾਂ ਨੂੰ ਬੰਦ ਰੱਖਣਾ ਵੱਡੀ ਬੇਇਨਸਾਫੀ ਹੈ। ਇਸ ਬੇਇਨਸਾਫੀ ਨੂੰ ਜਿੰਨੀ ਛੇਤੀ ਹੋ ਸਕੇ ਦੂਰ ਕੀਤਾ ਜਾਣਾ ਚਾਹੀਦਾ ਹੈ।
ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11