Friday , 24 May 2019
Breaking News
You are here: Home » Editororial Page » ਬੌਧਿਕ ਪੱਖ ਤੋਂ ਹੀਣੇ ਹੋ ਰਹੇ ਪੰਜਾਬੀ ਨੌਜਵਾਨ

ਬੌਧਿਕ ਪੱਖ ਤੋਂ ਹੀਣੇ ਹੋ ਰਹੇ ਪੰਜਾਬੀ ਨੌਜਵਾਨ

ਅੱਜ ਦੇਸ਼ ਦੇ ਵਿਦਿਆਰਥੀਆਂ ਲਈ ਮਾਹੌਲ ਚਣੌਤੀਪੂਰਨ ਬਣਿਆ ਹੋਇਆ ਹੈ। ਜੇਕਰ ਆਪਾਂ ਗੱਲ ਕਰੀਏ ਪੰਜਾਬੀ ਨੌਜਵਾਨ ਵਿਦਿਆਰਥੀਆਂ ਦੀ ਤਾਂ ਅੱਜ ਪੰਜਾਬ ਦੀ ਨੌਜਵਾਨੀ ਦੀ ਹਾਲਤ ਬਹੁਤ ਹੀ ਤਰਸਯੋਗ ਤੇ ਹਾਸੋਹੀਣੀ ਬਣ ਗਈ ਹੈ। ਪੰਜਾਬੀ ਵਿਦਿਆਰਥੀਆਂ ਨੂੰ ਹਰ ਰੋਜ਼ ਨਵੀਂ ਤੋਂ ਨਵੀਂ ਚਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤਾਂ ਹਾਲਾਤ ਇਹ ਹਨ ਕਿ ਪੰਜਾਬ ਦੇ ਨੌਜਵਾਨਾਂ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਵੀ ਘਟਦੀ ਜਾ ਰਹੀ ਹੈ। ਇਸ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾਂ ਤੇ ਵੱਡਾ ਕਾਰਨ ਹੈ ਪੰਜਾਬੀ ਨੌਜਵਾਨਾਂ ਤੇ ਬੌਧਿਕ ਪੱਖ ਤੋਂ ਹਮਲਾ।
ਬੌਧਿਕ ਪੱਖ ਤੋਂ ਭਾਵ ਹੁੰਦਾ ਹੈ ਕਿ ਬੁੱਧੀ ਦੇ ਤੌਰ ਤੇ। ਪੰਜਾਬੀ ਨੌਜਵਾਨ ਦੇ ਬੌਧਿਕ ਪੱਖ ਤੇ ਚੁਤਰਫ਼ਾ ਹਮਲੇ ਹੋ ਰਹੇ ਹਨ। ਪੰਜਾਬੀ ਗਾਇਕੀ ਨੇ ਸਭ ਤੋਂ ਜ਼ਿਆਦਾ ਘਾਣ ਕੀਤਾ ਹੈ ਨੌਜਵਾਨੀ ਦਾ। ਗਾਇਕਾਂ ਅਤੇ ਗਾਇਕਾਵਾਂ ਵੱਲੋਂ ਲਗਾਤਾਰ ਭੜਕਾਊ, ਅਸ਼ਲੀਲਤਾ, ਹਥਿਆਰਾਂ, ਕਤਲੋਗਾਰਤ, ਮਾੜੇ ਰੀਤੀ ਰਿਵਾਜ਼ਾਂ ਦੀ ਪਿਰਤਾਂ ਆਦਿ ਗੀਤਾਂ ਰਾਹੀਂ ਪੰਜਾਬੀ ਨੌਜਵਾਨ ਅੱਗੇ ਪਰੋਸਿਆ ਜਾ ਰਿਹਾ ਹੈ। ਜਿਸ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਕੁਰਾਹੇ ਪੈ ਰਿਹਾ ਹੈ। ਉਲਟੇ ਸਿੱਧੇ ਕੰਮ ਕਰਕੇ ਜੇਲ੍ਹਾਂ ਦੀ ਸਜ਼ਾ ਭੁਗਤ ਰਿਹਾ ਹੈ। ਪੁਰਾਤਨ ਸਮਿਆਂ ਵਿਚ ਹਰ ਗੀਤ ਵਿਚੋਂ ਪੰਜਾਬ ਦੇ ਸਭਿਆਚਾਰ, ਰੀਤੀ ਰਿਵਾਜ ਦੀ ਝਲਕ ਪੈਂਦੀ ਸੀ। ਪੁਰਾਣੇ ਗੀਤਾਂ ਵਿਚ ਫ਼ਸਲਾਂ ਰਾਹੀਂ ਵੀ ਪਿਆਰ ਦੇ ਇਜ਼ਹਾਰ ਨੂੰ ਦਰਸਾਇਆ ਜਾਂਦਾ ਸੀ। ਪਰ ਅੱਜ ਪੈਸੇ ਦੀ ਹੋੜ ਕਾਰਨ ਗੀਤਕਾਰਾਂ ਵੱਲੋਂ ਬਿਨਾਂ ਕਿਸੇ ਦੀ ਧੀ ਭੈਣ ਦੀ ਸ਼ਰਮ ਕੀਤਿਆਂ ਗੰਦ ਪਰੋਸਿਆ ਜਾ ਰਿਹਾ ਹੈ। ਸੂਬੇ ਦੀਆਂ ਸਰਕਾਰਾਂ ਵੀ ਇਸ ਵਿਚ ਵੱਡਾ ਰੋਲ ਅਦਾ ਕਰ ਰਹੀਆਂ ਹਨ। ਪੰਜਾਬ ਦੀ ਮੌਜੂਦਾ ਸਰਕਾਰ ਨੇ ਪਿੱਛੇ ਜਿਹੇ ਪੰਜਾਬੀ ਗਾਇਕਾਂ ਦੀ ਇੱਕ ਮੀਟਿੰਗ ਕਰਕੇ ਉਨ੍ਹਾਂ ਨੂੰ ਮਿਆਰੀ ਗਾਇਕੀ ਗਾਉਣ ਲਈ ਕਿਹਾ ਗਿਆ ਸੀ। ਪਰ ਕਿਸੇ ਵੀ ਗਾਇਕ ਦੇ ਕੰਨ ਤੇ ਜੂੰ ਤੱਕ ਨੀਂ ਸਰਕੀ। ਲਗਾਤਾਰ ਭੜਕਾਊ ਗੀਤ ਆ ਰਹੇ ਹਨ। ਜਿਨ੍ਹਾਂ ਤੋਂ ਪ੍ਰੇਰਿਤ ਹੋ ਨੌਜਵਾਨ ਗੈਂਗਸਟਰ ਬਣ ਰਹੇ ਹਨ। ਜੇਕਰ ਸਭ ਤੋਂ ਪਹਿਲਾਂ ਪੰਜਾਬ ਦੀ ਮਾੜੀ ਗਾਇਕੀ ਨੂੰ ਨੱਥ ਪੈ ਜਾਵੇ ਤਾਂ ਇੱਕ ਹੱਦ ਤੱਕ ਪੰਜਾਬੀ ਨੌਜਵਾਨੀ ਨੂੰ ਬੌਧਿਕ ਪੱਖ ਤੋਂ ਮਜ਼ਬੂਤ ਕੀਤਾ ਜਾ ਸਕਦਾ ਹੈ।
ਪੰਜਾਬ ਦੀ ਨੌਜਵਾਨੀ ਨੂੰ ਚਿੱਟੇ ਅਤੇ ਮੈਡੀਕਲ ਨਸ਼ਿਆਂ ਨੇ ਵੀ ਖੋਰਾ ਲਾਇਆ ਹੈ। ਜਿੱਥੇ ਅਜੋਕੀ ਗਾਇਕੀ ਨੇ ਨੌਜਵਾਨਾਂ ਨੂੰ ਬੌਧਿਕ ਪੱਖ ਤੋਂ ਕਮਜ਼ੋਰ ਕੀਤਾ ਹੈ, ਉੱਥੇ ਹੀ ਨਸ਼ਿਆਂ ਨੇ ਸਰੀਰਕ ਤੌਰ ਤੇ ਨੌਜਵਾਨਾਂ ਨੂੰ ਖੋਖਲਾ ਕਰ ਦਿੱਤਾ ਹੈ। ਕਿਸੇ ਸਮਿਆਂ ਵਿਚ ਸਰੀਰ ਚੰਗੇ ਭਰਵੇਂ ਜੁੱਸਿਆਂ ਵਾਲੇ ਹੁੰਦੇ ਸਨ। ਅੱਜ ਜ਼ਿਆਦਾਤਰ ਨੌਜਵਾਨ ਸੁੱਕੇ ਕਾਨਿਆਂ ਵਰਗੇ ਹਨ।
ਮਿਲਾਵਟ ਖੋਰੀ ਦਾ ਧੰਦਾ ਵੀ ਪੰਜਾਬੀ ਨੌਜਵਾਨੀ ਦੇ ਘਾਣ ਲਈ ਉਨ੍ਹਾਂ ਹੀ ਜ਼ਿੰਮੇਵਾਰ ਹੈ ਜਿਨ੍ਹਾਂ ਕਿ ਨਸ਼ੇ ਤੇ ਅਜੋਕੀ ਗਾਇਕੀ। ਤਾਜ਼ੇ ਅੰਕੜਿਆਂ ਅਨੁਸਾਰ ਪੰਜਾਬ ਦੇ 67 ਫ਼ੀਸਦੀ ਦੇ ਕਰੀਬ ਲੋਕ ਪੈਕਟਾਂ ਵਾਲਾਂ ਨਕਲੀ ਦੁੱਧ ਦਾ ਸੇਵਨ ਕਰਦੇ ਹਨ। ਜ਼ਿਨ੍ਹਾਂ ਨਾਲ ਛੋਟੀ ਉਮਰ ਵਿਚ ਹੀ ਕੈਂਸਰ ਤੇ ਮਰਦਾਨਾ ਕਮਜ਼ੋਰੀ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਅੱਜ ਹਰ ਚੀਜ਼ ਵਿਚ ਮਿਲਾਵਟ ਆਉਂਦੀ ਹੈ।ਹਵਾ ਪਾਣੀ ਸਭ ਕੁੱਝ ਗੰਧਲਾ ਹੋ ਚੁੱਕਾ ਹੈ। ਇੰਡਸਟਰੀਆਂ ਵੱਲੋਂ ਪ੍ਰਦੂਸ਼ਣ ਕੰਟਰੋਲ ਨਿਯਮਾਂ ਦੀ ਲਗਾਤਾਰ ਅਣਦੇਖੀ ਕਰ ਕੇ ਨਵੀਂ ਪੀੜ੍ਹੀ ਲਈ ਸਮੱਸਿਆਵਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਇਹ ਸਭ ਇੰਡਸਟਰੀ ਮਾਲਕਾਂ ਦੀ ਰਾਜਸੀ ਪਹੁੰਚ ਕਰ ਕੇ ਹੀ ਹੁੰਦਾ ਹੈ।
ਨੌਕਰੀਆਂ ਦੀ ਦਰ ਦਾ ਘਟਣਾ ਵੀ ਚਿੰਤਾ ਦਾ ਵਿਸ਼ਾ ਹੈ। ਸੂਬੇ ਅੰਦਰ ਲਗਾਤਾਰ ਘੱਟ ਰਹੀ ਸਰਕਾਰੀ ਨੌਕਰੀਆਂ ਦੀ ਦਰ ਨੇ ਵੀ ਵਿਦਿਆਰਥੀਆਂ ਦੇ ਬੌਧਿਕ ਪੱਖ ਤੇ ਮਾਰੂ ਹਮਲਾ ਕੀਤਾ ਹੈ। ਵੱਡੀਆਂ ਵੱਡੀਆਂ ਡਿਗਰੀਆਂ ਕਰ ਕੇ ਨੌਜਵਾਨ ਸੜਕਾਂ ਤੇ ਧੱਕੇ ਖਾ ਰਿਹਾ ਹੈ। ਉਨ੍ਹਾਂ ਨੂੰ ਕੋਈ ਚਪੜਾਸੀ ਰੱਖਣ ਨੂੰ ਤਿਆਰ ਨਹੀਂ ਹੈ। ਜੇ ਨੌਜਵਾਨ ਵਿਦਿਆਰਥੀ ਕੋਈ ਪ੍ਰਾਈਵੇਟ ਸੈਕਟਰ ਦੀ ਨੌਕਰੀ ਕਰਦਾ ਹੈ ਤਾਂ ਉਸ ਨੂੰ ਮਾਮੂਲੀ ਤਨਖ਼ਾਹ ਦੇ ਕੇ ਉਸ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਹ ਸਭ ਵਰਤਾਰਾ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਦੀਆਂ ਘਨੌਣੀਆਂ ਚਾਲਾਂ ਕਰ ਕੇ ਹੋ ਰਿਹਾ ਹੈ। ਨੌਕਰੀਆਂ ਦੀ ਘਾਟ ਕਰਕੇ ਅਤੇ ਵਿਦੇਸ਼ ਵੱਸਣ ਦੀ ਚਾਹ ਕਰਕੇ ਨੌਜਵਾਨ ਅੱਜ ਪੰਜਾਬ ਵਿਚ ਕਰਿਆਨੇ ਦੀਆਂ ਦੁਕਾਨਾਂ ਵਾਂਗ ਖੁੱਲ੍ਹੇ ਆਈਲੈੱਟਸ ਸਟੱਡੀ ਸੈਂਟਰਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ।
ਜੇਕਰ ਸਾਹਿੱਤਿਕ ਪੱਖ ਦੀ ਗੱਲ ਕਰੀਏ ਤਾਂ ਪੰਜਾਬੀ ਨੌਜਵਾਨਾਂ ਦਾ ਵੱਡਾ ਹਿੱਸਾ ਇਸ ਤੋਂ ਦੂਰ ਹੈ। ਜੋ ਨੌਜਵਾਨ ਸਾਹਿੱਤ ਪੜ੍ਹਦੇ ਹਨ ਉਨ੍ਹਾਂ ਨੂੰ ਮਿਆਰੀ ਸਾਹਿੱਤ ਨਹੀਂ ਪੜ੍ਹਨ ਨੂੰ ਨਹੀਂ ਮਿਲਦਾ। ਜਿਸ ਕਰ ਕੇ ਹੋ ਪੰਜਾਬੀ ਮੁਹਾਂਦਰੇ ਤੋਂ ਦੂਰ ਜਾ ਰਹੇ ਹਨ। ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀ ਸਿਰਫ਼ ਸਕੂਲੀ ਸਿਲੇਬਸ ਤੱਕ ਹੀ ਸੀਮਿਤ ਰਹਿ ਗਏ ਹਨ। ਉਕਤ ਕਾਰਨਾਂ ਕਰ ਕੇ ਅੱਜ ਦਾ ਸਮਾਂ ਵਿਦਿਆਰਥੀਆਂ ਲਈ ਅਤਿ ਚਣੌਤੀਪੂਰਨ ਹੋ ਗਿਆ ਹੈ। ਵਿਦਿਆਰਥੀਆਂ ਤੇ ਹੋ ਰਹੇ ਚੁਤਰਫ਼ਾ ਹਮਲਿਆਂ ਨੂੰ ਠੱਲ੍ਹਣ ਦੀ ਬਹੁਤ ਲੋੜ ਹੈ ਕਿਉਂ ਵਿਦਿਆਰਥੀ ਸਾਡੇ ਸਮਾਜ ਦਾ ਭਵਿੱਖ ਹਨ। ਜੇ ਭਵਿੱਖ ਹੀ ਬੌਧਿਕ ਪੱਖ ਤੋਂ ਹੀਣਾ ਹੋ ਗਿਆ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਘਾਤਕ ਹੋਵੇਗਾ। ਬੁੱਧੀਜੀਵੀ ਵਰਗ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀ ਤੇ ਹੋ ਰਹੇ ਹਮਲਿਆਂ ਬਾਰੇ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋ ਸਮੇਂ ਸਿਰ ਉਹ ਆ ਰਹੀਆਂ ਚੁਨੌਤੀਆਂ ਨਾਲ ਨਜਿੱਠ ਸਕਣ।

Comments are closed.

COMING SOON .....


Scroll To Top
11