Thursday , 25 April 2019
Breaking News
You are here: Home » Editororial Page » ਬੋਰਵੈਲਾਂ ਨੂੰ ਲੈ ਕੇ ਕੌਂਸਲ ਅਧਿਕਾਰੀ ਕੁੜੱਕੀ ਵਿੱਚ ਫਸੇ

ਬੋਰਵੈਲਾਂ ਨੂੰ ਲੈ ਕੇ ਕੌਂਸਲ ਅਧਿਕਾਰੀ ਕੁੜੱਕੀ ਵਿੱਚ ਫਸੇ

ਮਾਲੇਰਕੋਟਲਾ- ਮਾਲੇਰਕੋਟਲਾ ਦੀ ਧਰਤੀ ਹੇਠਲੇ ਪਾਣੀ ਵਿੱਚ ਬੋਰਵੈਲਾਂ ਰਾਹੀਂ ਸੀਵਰੇਜ ਅਤੇ ਸੜਕਾਂ ਦਾ ਗੰਦਾ ਪਾਣੀ ਮਿਲਾਉਣ ਦੇ ਮਾਮਲੇ ਵਿੱਚ ਨਗਰ ਕੌਂਸਲ ਮਾਲੇਰਕੋਟਲਾ ਦੇ ਅਧਿਕਾਰੀ ਕੁੜੱਕੀ ਵਿੱਚ ਫਸੇ ਨਜ਼ਰ ਆ ਰਹੇ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਮੁਤਾਬਿਕ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਜਾਣਕਾਰੀ ਮਿਲਣ ਤੋਂ ਬਾਅਦ ਨਗਰ ਕੌਂਸਲ ਦੇ ਅਧਿਕਾਰੀਆਂ ਵਿੱਚ ਭਾਜੜਾਂ ਪੈ ਗਈਆਂ ਹਨ। ਜ਼ਿਕਰਯੋਗ ਹੈ ਕਿ ਮਾਲੇਰਕੋਟਲਾ ਵਾਸੀ ਕਾਸਿਫ ਫਾਰੂਕੀ ਨੇ ਧਰਤੀ ਹੇਠਲੇ ਗੰਦੇ ਹੋ ਰਹੇ ਪਾਣੀ ਕਾਰਨ ਫੈਲ ਰਹੀਆਂ ਬੀਮਾਰੀਆਂ ਤੋਂ ਦੁਖੀ ਹੋ ਕੇ ਸ਼ਹਿਰ ਦੇ ਵੱਖ ਵੱਖ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਲੀਡਰਾਂ ਕੋਲ ਇਹ ਦੁਖੜਾ ਰੋਣ ਤੋਂ ਬਾਅਦ ਹਾਰ ਕੇ ਮਾਮਲੇ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਵਿੱਚ ਪੁਕਾਰ ਕੀਤੀ ਸੀ।ਮੁੱਖ ਮੰਤਰੀ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਬਰਸਾਤਾਂ ਦੇ ਦਿਨਾਂ ਵਿੱਚ ਜੋ ਪਾਣੀ ਮਾਲੇਰਕੋਟਲਾ ਨਗਰ ਕੌਂਸਲ ਦੀ ਗਲਤੀ ਕਾਰਨ ਸੜਕਾਂ ਅਤੇ ਮੁਹੱਲਿਆਂ ਵਿੱਚ ਸੀਵਰੇਜ ਦੇ ਪਾਣੀ ਨਾਲ ਮਿਲ ਕੇ ਬਦਬੂ ਮਾਰਨ ਲੱਗ ਪੈਂਦਾ ਸੀ ਉਸਦਾ ਸੌਖਾ ਹੱਲ ਲੱਭਦਿਆਂ ਕੌਂਸਲ ਅਧਿਕਾਰੀਆਂ ਨੇ ਇਸ ਪਾਣੀ ਨੂੰ ਬੋਰ ਕਰਕੇ ਧਰਤੀ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਕਾਲਜ ਰੋਡ ਵਾਲੇ ਇਕ ਬੋਰ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਅਮਰਵੇਲ ਵਾਂਗ ਵਧਦਾ ਹੋਇਆ ਡਾਕਟਰ ਨਿਜ਼ਾਮ ਹਸਪਤਾਲ ਜਰਗ ਰੋਡ, ਸਰਹੰਦੀ ਗੇਟ ਦੇ ਅੰਦਰਲੇ ਪਾਸੇ, ਹਨੂੰਮਾਨ ਮੰਦਿਰ ਦੇ ਮੇਨ ਗੇਟ ਤੱਕ ਪਹੁੰਚ ਚੁੱਕਾ ਹੈ ਤੇ ਕੌਂਸਲ ਅਧਿਕਾਰੀਆਂ ਨੇ ਢਾਬੀ ਗੇਟ ਅਤੇ ਦਿੱਲੀ ਗੇਟ ਦੇ ਇਲਾਕਿਆਂ ਵਿੱਚ ਵੀ ਇਹ ਗੰਦਾ ਪਾਣੀ ਬੋਰਵੈਲਾਂ ਨਾਲ ਧਰਤੀ ਵਿੱਚ ਗਰਕ ਕਰਨ ਦੀ ਯੋਜਨਾ ਤਿਆਰ ਕਰ ਲਈ ਸੀ ।
ਤਰਾਸਦੀ ਇਹ ਹੈ :- ਕਿ ਬੋਰਵੈਲਾਂ ਰਾਹੀਂ ਧਰਤੀ ਹੇਠ ਪੀਣ ਵਾਲੇ ਪਾਣੀ ਦੇ ਗੰਦਲੇ ਹੋ ਜਾਣ ਕਾਰਣ ਸ਼ਹਿਰ ਵਾਸੀ ਪੀਲੀਆ, ਕਾਲਾ ਪੀਲੀਆ, ਕੈਂਸਰ, ਚਮੜੀ ਰੋਗ, ਐਲਰਜ਼ੀ, ਹੈਜ਼ਾ, ਟਾਈਫੈਡ ਆਦਿ ਬੀਮਾਰੀਆਂ ਨਾਲ ਜਕੜੇ ਜਾ ਸਕਦੇ ਸਨ ਪਰ ਮਨੁੱਖਤਾ ਲਈ ਗੰਭੀਰ ਹੋ ਰਹੀ ਇਸ ਸਮੱਸਿਆ ਦੇ ਖਿਲਾਫ ਆਵਾਜ਼ ਉਠਾਉਣ ਨੂੰ ਕੋਈ ਵੀ ਤਿਆਰ ਨਹੀਂ ਹੋਇਆ।ਸ਼ਹਿਰ ਵਾਸੀਆਂ ਨੂੰ ਕੌਂਸਲ ਦੀ ਇਸ ਕਾਰਵਾਈ ਦੇ ਸਿੱਟਿਆਂ ਦਾ ਸੱਚ ਭਾਵੇਂ ਪਤਾ ਹੋਵੇ ਪਰ ਉਨ੍ਹਾਂ ਵੀ ਅੱਜ ਕਿਸੇ ਮਜਬੂਰੀ ਕਾਰਨ ਆਪਣੇ ਮੂੰਹ ਬੰਦ ਕੀਤੇ ਹੋਏ ਹਨ।ਉਧਰ ਕੁੱਝ ਅਣਜਾਨ ਲੋਕ ਇਹ ਸੋਚ ਕੇ ਖੁਸ਼ ਹਨ ਕਿ ਕੌਂਸਲ ਅਧਿਕਾਰੀਆਂ ਨੇ ਬਰਸਾਤ ਦੇ ਦਿਨਾਂ ਵਿੱਚ ਘਰਾਂ ਅਤੇ ਬਾਜ਼ਾਰਾਂ ਅਤੇ ਰਸਤਿਆਂ ਵਿੱਚ ਇਕੱਠੇ ਹੋਣ ਵਾਲੇ ਗੰਦੇ ਪਾਣੀ ਤੋਂ ਨਿਜਾਤ ਦਿਲਵਾ ਦਿੱਤੀ ਹੈ। ਕਾਸਿਫ ਫਾਰੂਕੀ ਦੀ ਸ਼ਿਕਾਇਤ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰਤਾ ਨਾਲ ਲੈਂਦਿਆਂ ਇਸ ‘ਤੇ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ। ਪ੍ਰਦੂਸ਼ਨ ਬੋਰਡ ਅਧਿਕਾਰੀਆਂ ਖੁਦ ਮੌਕੇ ‘ਤੇ ਜਾਕੇ ਦੇਖਿਆ ਕਿ ਚਾਰ ਵੱਖ ਵੱਖ ਥਾਵਾਂ ‘ਤੇ ਬੋਰ ਕਰਕੇ ਗੰਦਾ ਪਾਣੀ ਧਰਤੀ ਵਿੱਚ ਗਰਕ ਕੀਤਾ ਜਾ ਰਿਹਾ ਹੈ।ਇਸ ਸਬੰਧ ਵਿੱਚ ਪ੍ਰਦੂਸ਼ਨ ਕੰਟਰੋਲ ਵਿਭਾਗ ਮਲੇਰਕੋਟਲਾ ਦੇ ਵਾਤਾਵਰਣ ਇੰਜੀਨੀਅਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੌਕਾ ਵੇਖ ਲਿਆ ਹੈ ਇਸ ਸਬੰਧ ਵਿੱਚ ਉਨ੍ਹਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਨ੍ਹਾਂ ਬੋਰਵੈਲਾਂ ਨੂੰ ਤੁਰੰਤ ਬੰਦ ਕੀਤਾ ਜਾਵੇ।ਹਰਵਿੰਦਰ ਸਿੰਘ ਮੁਤਾਬਿਕ ਵਿਸਥਾਰ ਪੂਰਵਕ ਰਿਪੋਰਟ ਬੋਰਡ ਦੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ,ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਇੰਜਨੀਅਰ ਵੇਦ ਰਾਜ ਗੋਇਲ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਕਾਰਵਾਈ ਲਈ ਫਾਇਲ ਉਪਰ ਭੇਜ ਦਿੱਤੀ ਹੈ।ਉਨਾਂ ਦੱਸਿਆ ਕਿ ਸਾਬਤ ਹੋਣ ‘ਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਉਪਰ ਬੋਰਡ ਦੇ ਕਾਨੂੰਨ ਅਨੁਸਾਰ ਕਾਰਵਾਈ ਹੋ ਸਕਦੀ ਹੈ। ਸ਼ਿਕਾਇਤ ਕਰਤਾ ਅਨੁਸਾਰ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਰਿਪੋਰਟ ਵਿੱਚ ਵੀ ਕਿਹਾ ਹੈ, ਕਿ ਇਹ ਸਰਕਾਰੀ ਅਧਿਕਾਰੀ ਪਤਾ ਨਹੀਂ ਕਿਉਂ ਧਰਤੀ ਅੰਦਰ ਸੀਵਰੇਜ਼ ਦਾ ਗੰਦਾ ਪਾਣੀ ਸੁੱਟ ਕੇ ਇਸਨੂੰ ਦੂਸ਼ਿਤ ਕਰ ਦੇਣਾ ਚਾਹੁੰਦੇ ਹਨ। ਹੁਣ ਵੇਖਣਾ ਹੋਵੇਗਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਲਿਖਤੀ ਤੌਰ ‘ਤੇ ਜੁੰਮੇਵਾਰ ਠਹਿਰਾਏ ਜਾਣ ਵਾਲੇ ਪ੍ਰਸਾਸ਼ਨਿਕ ਅਧਿਕਾਰੀਆਂ ਖਿਲਾਫ ਕੀ ਕਾਰਵਾਈ ਹੁੰਦੀ ਹੈ ।
ਨਗਰ ਕੌਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੌਜੀ ਨੇ ਸਪਸ਼ਟ ਕੀਤਾ ਕਿ ਕੌਂਸਲ ਨੇ ਕੋਈ ਗਲਤ ਨਹੀਂ ਕੀਤਾ ਜੇਕਰ ਪ੍ਰਦੂਸ਼ਣ ਬੋਰਡ ਵੱਲੋਂ ਬਰਸਾਤੀ ਬੋਰ ਕਰਨ ਸਬੰਧੀ ਕੋਈ ਨੋਟਿਸ ਆਊਂਦਾ ਹੈ ਤਾਂ ਉਸ ਸਬੰਧੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਕੌਂਸਲ ਜੇਕਰ ਲੋਕਾਂ ਨੂੰ ਬਰਸਾਤ ਮੌਕੇ ਸੜਕਾਂ ‘ਤੇ ਖੜੇ ਪਾਣੀ ਤੋਂ ਨਿਜ਼ਾਤ ਪਾਉਣ ਦੇ ਉਪਰਾਲੇ ਕਰਦੀ ਹੈ ਤਾਂ ਅਜਿਹੀਆਂ ਸਮੱਸਿਆਵਾਂ ਦਾ ਆਉਣਾ ਵੀ ਸੁਭਾਵਿਕ ਗੱਲ ਹੈ।
– ਅਸ਼ੋਕ ਜੋਸ਼ੀ
ਪੱਤਰਕਾਰ ‘ਪੰਜਾਬ ਟਾਇਮਜ਼’ ਮਲੇਰਕੋਟਲਾ
ਸੰਪਰਕ :98151-57557

Comments are closed.

COMING SOON .....


Scroll To Top
11