Saturday , 20 April 2019
Breaking News
You are here: Home » Editororial Page » ਬੇਕਸੂਰ ਕਸ਼ਮੀਰੀ ਲੋਕਾਂ ਦੀ ਬਰਬਾਦੀ ਦੀ ਸ਼ਰਤ ’ਤੇ ਦਹਿਸ਼ਤੀ ਹਮਲਿਆਂ ਨੂੰ ਰੋਕਣ ਦੀ ਸੋਚ ਦੇਸ਼ ਦੀ ਅਖੰਡਤਾ ਲਈ ਨੁਕਸਾਨਦਾਇਕ

ਬੇਕਸੂਰ ਕਸ਼ਮੀਰੀ ਲੋਕਾਂ ਦੀ ਬਰਬਾਦੀ ਦੀ ਸ਼ਰਤ ’ਤੇ ਦਹਿਸ਼ਤੀ ਹਮਲਿਆਂ ਨੂੰ ਰੋਕਣ ਦੀ ਸੋਚ ਦੇਸ਼ ਦੀ ਅਖੰਡਤਾ ਲਈ ਨੁਕਸਾਨਦਾਇਕ

ਪਿਛਲੇ ਦਿਨੀ ਕਸ਼ਮੀਰ ਦੇ ਪੁਲਵਾਮਾ ਜਿਲੇ ਵਿਚ ਵਾਪਰੀ ਬੇਹਦ ਹੀ ਦਰਦਨਾਕ ਘਠਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘਟ ਹੋਵੇਗੀ, ਪਰੰਤੂ ਉਹਦੇ ਉਤੇ ਹੋ ਰਹੀ ਸਿਅਸਤ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਵੀ ਘਟ ਹੈ। ਬਿਨਾ ਸ਼ਕ ਕਟੜਵਾਦ ਨਾ ਕਿਸੇ ਮਸਲੇ ਦਾ ਹਲ ਹੈ,ਨਾ ਕਿਸੇ ਦੇਸ਼ ਵਾਸਤੇ ਫਾਇਦੇਮੰਦ ਹੈ ਅਤੇ ਨਾ ਕਿਸੇ ਕੌਮ ਵਾਸਤੇ ਲਾਹੇਮੰਦ ਹੋ ਸਕਦਾ ਹੈ।ਇਹ ਸਚ ਹੈ ਕਿ ਕਟੜਵਾਦ ਕਿਸੇ ਵੀ ਕੌਮ ਨੂੰ ਅਜਾਦੀ ਨਾਲ ਜਿਉਣ ਦੀ ਇਜਾਜ਼ਤ ਨਹੀ ਦਿੰਦਾ।ਇਹਦੇ ਵਿਚ ਕੋਈ ਸ਼ਕ ਜਾਂ ਝੂਠ ਨਹੀ ਕਿ ਜੇਕਰ ਕਟੜਵਾਦ ਪਾਕਿਸਤਾਨ, ਅਫਗਾਨਸਿਤਾਨ ਸਮੇਤ ਅਰਬ ਮੁਲਕਾਂ ਵਿਚ ਜੋਰਾਂ ਤੇ ਹੈ ਤਾਂ ਉਹ ਹੀ ਕਟੜਵਾਦ ਭਾਰਤ ਵਿਚ ਵੀ ਜੋਰਾਂ ਤੇ ਹੈ,ਉਹ ਵਖਰੀ ਗਲ ਹੈ ਕਿ ਓਥੇ ਇਸਲਾਮਿਕ ਕਟੜਵਾਦ ਦਾ ਬੋਲਬਾਲਾ ਹੈ ਤੇ ਇਥੇ ਭਗਵਾਸ਼ਾਹੀ ਕਟੜਵਾਦ ਦਾ ਕਹਿਰ ਹੈ।ਪਿਛਲੇ 71 ਸਾਲਾਂ ਤੋ ਲੈ ਕੇ ਚਲ ਰਹੀ ਕਸ਼ਮੀਰ ਦੇ ਮੁਦੇ ਤੇ ਸਿਆਸਤ ਨੂੰ ਸਮਝਣ ਦੀ ਲੋੜ ਹੈ। ਮੈ ਪੁਲਵਾਮਾ ਹਮਲੇ ਤੋ ਬਾਅਦ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੀ ਇਕ ਵੀਡੀਓ ਦੇਖੀ ਸੁਣੀ ਹੈ,ਜਿਸ ਵਿਚ ਉਹਨਾਂ ਨੇ ਬੜੀਆਂ ਵਧੀਆਂ ਗਲਾਂ ਕੀਤੀਆਂ ਹਨ।ਮੈ ਇਥੇ ਇਕ ਹੋਰ ਗਲ ਸਾਫ ਕਰ ਦੇਵਾਂ ਕਿ ਮੈ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੇ ਪਰਚਾਰ ਦੇ ਤੌਰ ਤਰੀਕਿਆਂ ਨਾਲ ਸਹਿਮਤ ਨਹੀ ਹਾਂ।ਮੈ ਉਹਦੇ ਵਲੋਂ ਕੀਤੀਆਂ ਜਾਂਦੀਆਂ ਵਿਵਾਦਿਤ ਗਲਾਂ ਦਾ ਵਿਰੋਧੀ ਵੀ ਹਾਂ,ਪਰ ਇਸ ਦੇ ਬਾਵਜੂਦ ਵੀ ਜੋ ਗਲ ਸਹੀ ਹੈ ਉਸ ਨੂੰ ਸਹੀ ਕਹਿਣਾ ਵੀ ਅਪਣਾ ਫਰਜ ਸਮਝਦਾ ਹਾਂ। ਉਹਨਾਂ ਨੇ ਵੀਡੀਓ ਵਿਚ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੇ ਸਾਰੇ ਹੀ ਰਾਜਨੀਤਕ ਲੋਕਾਂ ਤੇ ਇਹ ਸ਼ਰਤ ਲਾਗੂ ਹੋ ਜਾਵੇ ਕਿ ਹਰ ਰਾਜਨੀਤਕ ਵਿਅਕਤੀ ਨੂੰ ਆਪਣੇ ਪਰਿਵਾਰ ਚੋ ਘਟੋ ਘਟ ਇਕ ਵਿਅਕਤੀ ਫੌਜ ਵਿਚ ਭਰਤੀ ਕਰਵਾਉਣਾ ਜਰੂਰੀ ਹੈ,ਅਤੇ ਉਹ ਸਾਰੇ ਹੀ ਰਾਜਨੀਤਕ ਲੋਕਾਂ ਦੇ ਪਰਿਵਾਰਾਂ ਚੋ ਫੌਜੀ ਬਣੇ ਜਵਾਨ ਬਾਰਡਰਾਂ ਤੇ ਆਪੋ ਆਪਣੇ ਮੁਲਕ ਦੀ ਰਾਖੀ ਕਰਨਗੇ,ਤਾਂ ਕਦੇ ਵੀ ਅਜਿਹੀ ਅਣਹੋਣੀ ਘਟਨਾ ਨਹੀ ਵਾਪਰੇਗੀ।ਭਾਈ ਰਣਜੀਤ ਸਿੰਘ ਦੀਆਂ ਕਹੀਅਆ ਇਹ ਗਲਾਂ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਉਹਨਾਂ ਦੁਆਰਾ ਬੋਲੇ ਗਏ ਸਬਦਾਂ ਦੇ ਪਿਛੇ ਛੁਪੀ ਗਹਿਰਾਈ ਨੂੰ ਸਮਝਣ ਦੀ ਲੋੜ ਹੈ। ਬੁਧੀਜੀਵੀ ਲੋਕ ਇਹ ਹੀ ਗਲਾਂ ਬੜੇ ਲੰਮੇ ਸਮੇ ਤੋ ਕਹਿੰਦੇ ਆ ਰਹੇ ਹਨ।ਅਜਿਹੀ ਘਟਨਾ ਤੋ ਬਾਅਦ ਕਿਸੇ ਤੇ ਬਗੈਰ ਮਤਲਬ ਦੀ ਦੂਸ਼ਣਵਾਜੀ ਸਿਰਫ ਤੇ ਸਿਰਫ ਹੀ ਕਰ ਸਕਦੀ ਹੈ,ਜਦੋ ਕਿ ਹਮਦਰਦੀ ਤਾਂ ਆਮ ਲੋਕ ਹੀ ਕਰਦੇ ਹਨ,ਕਿਉਕਿ ਮਰਨ ਵਾਲੇ ਹਮੇਸਾਂ ਆਮ ਲੋਕਾਂ ਵਿਚੋਂ ਹੁੰਦੇ ਹਨ।ਕਦੇ ਵੀ ਕਿਸੇ ਸਿਆਸਤਦਾਨ ਦਾ ਪੁਤ ਸਰਹਦਾਂ ਦੀ ਰਾਖੀ ਕਰਦਿਆਂ ਨਹੀ ਮਰਿਆ ਹੈ ਅਤੇ ਨਾ ਹੀ ਮਰੇਗਾ,ਕਿਉਕਿ ਸਰਹਦਾਂ ਤੇ ਮਰਨ ਲਈ ਦੇਸ਼ ਦੇ ਮਜਬੂਰ,ਗਰੀਬ ਅਤੇ ਭੋਲੇ ਭਾਲੇ ਉਹਨਾਂ ਲੋਕਾਂ ਦੀ ਅਬਾਦੀ ਬਹੁਤ ਹੈ,ਜਿਹੜੇ ਪਰਿਵਾਰ ਦਾ ਤਿੰਨ ਵੇਲੇ ਢਿਡ ਭਰਨ ਲਈ ਆਪਣੇ ਜਿਗਰ ਦੇ ਟੁਕੜਿਆਂ ਨੂੰ ਫੌਜ ਵਿਚ ਭਰਤੀ ਕਰਵਾਉਣ ਲਈ ਵੀ ਪਤਾ ਨਹੀ ਕੀ ਕੀ ਪਾਪੜ ਵੇਲਦੇ ਹਨ। ਇਹ ਕਾਰਾ ਕੀਹਨੇ ਕੀਤਾ,ਇਹ ਤਾਂ ਪਤਾ ਨਹੀ,ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਜਿਸਤਰਾਂ ਇਹ ਸੰਵੇਦਨਸ਼ੀਲ ਮੁਦੇ ਤੇ ਸਿਆਸਤ ਹੋ ਰਹੀ ਹੈ,ਉਹ ਬੇਹਦ ਹੀ ਸ਼ਰਮਨਾਕ ਅਤੇ ਚਿੰਤਾਜਨਕ ਹੈ। ਦੇਸ਼ ਦੀ ਜਨਤਾ ਨੂੰ ਇਕ ਫਿਰਕੇ ਦੇ ਖਿਲਾਫ ਭੜਕਾਇਆ ਜਾ ਰਿਹਾ ਹੈ। ਅਗਾਂ ਲਗ ਰਹੀਆਂ ਹਨ,ਕਸ਼ਮੀਰੀ ਲੋਕਾਂ ਦਾ ਜੋ ਹਸ਼ਰ ਅਜਿਹੀ ਘਟਨਾ ਤੋਂ ਬਾਅਦ ਹੁੰਦਾ ਹੈ,ਉਹ ਦਾ ਰਬ ਹੀ ਰਾਖਾ। ਨਾਂ ਕਸ਼ਮੀਰੀ ਲੋਕਾਂ ਦਾ ਘਾਣ ਕਰਕੇ ਕਿਸੇ ਅਜਿਹੀ ਘਟਨਾ ਦਾ ਬਦਲਾ ਲਿਆ ਜਾ ਸਕਦਾ ਹੈ ਅਤੇ ਨਾ ਹੀ ਪਾਕਿਸਤਾਨ ਤੇ ਹਮਲਾ ਕਰਕੇ ਉਥੋਂ ਦੇ ਆਮ ਲੋਕਾਂ ਦਾ ਘਾਣ ਕਰਕੇ ਸਾਡੇ ਇਹ ਜੁਆਨ ਵਾਪਸ ਆ ਸਕਦੇ ਹਨ।ਅਜਿਹਾ। ਵਰਤਾਰਾ ਜਿਥੇ ਫਿਰਕੂ ਨਫਰਤ ਨੂੰ ਬਲ ਦਿੰਦਾ ਹੈ ਓਥੇ ਜਮੂ ਕਸ਼ਮੀਰ ਅਤੇ ਪੰਜਾਬ ਨੂੰ ਜੰਗ ਦਾ ਅਖਾੜਾ ਬਨਾਉਣ ਦੇ ਮਨਸੂਬਿਆਂ ਨੂੰ ਉਜਾਗਰ ਕਰਦਾ ਹੈ।ਇਹਦੇ ਵਿਚ ਕੋਈ ਸ਼ਕ ਨਹੀ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੀ ਲੜਾਈ ਲਗਦੀ ਹੈ ਤਾਂ ਸਭ ਤੋ ਵਧ ਨੁਕਸਾਨ ਪੰਜਾਬ ਦਾ ਹੀ ਹੋਣਾ ਹੈ ਅਤੇ ਸਰਹਦ ਤੇ ਲੜਨ ਵਾਲੇ ਵੀ ਸਿਖ ਨੋਜੁਆਨ ਹੀ ਹੋਣਗੇ,ਇਸ ਲਈ ਆਮ ਲੋਕਾਂ ਨੂੰ ਰਾਜਨੀਤਕਾਂ ਦੀਆਂ ਅਜਿਹੀਆਂ ਫਿਰਕੂ ਅਤੇ ਮਾਰੂ ਸਾਜਿਸ਼ਾਂ ਦਾ ਹਿਸਾ ਨਹੀ ਬਨਣਾ ਚਾਹੀਦਾ। ਇਸ ਦਹਿਸਤਗਰਦੀ ਹਮਲੇ ਤੋਂ ਬਾਅਦ ਕਲ ਮੋਦੀ ਵਲੋੰ ਇਕ ਸਿਖ ਜਰਨੈਲ ਰਣਵੀਰ ਸਿੰਘ ਨੂੰ ਦਿਤੇ ਗਏ ਥਾਪੜੇ ਤੋ ਬਾਅਦ ਜੋ ਬਿਆਨ ਆਇਆ ਹੈ,ਉਹਦੀ ਭਾਵਨਾ ਨੂੰ ਸਮਝਣ ਦੀ ਬੇਹਦ ਤੇ ਫੌਰੀ ਲੋੜ ਹੈ। ਮੋਦੀ ਸਰਕਾਰ ਭਾਰਤ ਪਿਕ ਜੰਗ ਕਰਵਾਕੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡਣਾ ਚਾਹੁੰਦੀ ਹੈ,ਇਕ ਤਾਂ ਇਹ ਕਿ ਉਹ ਆਪਣੀਆਂ ਖੁਫੀਆ ਏਜੰਸੀਆਂ ਦੀ ਨਲਾਇਕੀ ਨੂੰ ਛੁਪਾਉਣਾ ਚਾਹੁੰਦੇ ਹਨ,ਦੂਜਾ ਉਹ ਬਹੁਤ ਜਲਦੀ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਦੀ ਬਹੁ ਗਿਣਤੀ ਹਿੰਦੂ ਵੋਟ ਦਾ ਲਾਹਾ ਲੈਣ ਦੀ ਸਫਲ ਚਾਲ ਚਲਣੀ ਚਾਹੁੰਦੇ ਹਨ ਤਾਂ ਕਿ ਅਧਾਰ ਖੋ ਬੈਠੀ ਭਾਰਤੀ ਜਨਤਾ ਪਾਰਟੀ ਮੁੜ ਕੇਂਦਰ ਤੇ ਕਾਬਜ ਹੋ ਸਕੇ। ਇਹ ਸੂਝਵਾਨ ਲੋਕ ਅਤੇ ਸੁਹਿਰਦ ਬੁਧੀਜੀਵੀ ਪਹਿਲਾਂ ਤੋ ਹੀ ਸ਼ਕ ਜਾਹਰ ਕਰ ਰਹੇ ਸਨ ਕਿ ਭਾਜਪਾ ਵੋਟਾਂ ਖਾਤਰ ਕੋਈ ਵੀ ਖਤਰਨਾਕ ਪਤਾ ਖੇਡਣ ਤੋ ਗੁਰੇਜ ਨਹੀ ਕਰੇਗੀ,ਇਸ ਲਈ ਦੇਸ਼ ਦੀ ਜਨਤਾ ਨੂੰ ਚੌਕਸ ਰਹਿਣਾ ਚਾਹੀਦਾ ਹੈ,ਪਰੰਤੂ ਭਾਜਪਾ ਜਿਸ ਤਰਾਂ ਦੇ ਖਤਰਨਾਕ ਪਤੇ ਖੇਡਣ ਦੇ ਰੌਅ ਵਿਚ ਹੈ ਉਹਨਾਂ ਨੂੰ ਚਿਤ ਕਰਨ ਦੀ ਤਾਕਤ ਸਾਇਦ ਕਿਸੇ ਕੋਲ ਨਹੀ ਹੈ।ਅਗਲੀ ਗਲ ਇਹ ਹੈ ਕਿ ਜਿਥੇ ਸਿਆਸੀ ਲੋਕ ਇਸ ਬੇਹਦ ਹੀ ਅਸਹਿ ਘਟਨਾ ਤੇ ਸਿਆਸਤ ਕਰ ਰਹੇ ਹਨ,ਓਥੇ ਭਾਰਤੀ ਮੀਡੀਆ ਵੀ ਕਿਸੇ ਰਾਜਨੀਤਕ ਵਿਅਕਤੀ ਦੇ ਚੰਗੇ ਬਿਆਨ ਨੂੰ ਐਨਾ ਤੋੜ ਮਰੋੜ ਕੇ ਪੇਸ਼ ਕਰਦਾ ਹੈ ਕਿ ਚੰਗੀ ਭਾਵਨਾ ਨੂੰ ਵੀ ਖਲਨਾਇਕ ਬਣਾ ਦਿਤਾ ਜਾਂਦਾ ਹੈ।ਅਜਿਹਾ ਹੀ ਵਰਤਾਰਾ ਭਾਰਤੀ ਮੀਡੀਏ ਦਾ ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰ ਨਵਜੋਤ ਸਿੰਘ ਸਿਧੂ ਨਾਲ ਵੀ ਸਾਹਮਣੇ ਆਇਆ ਹੈ,ਜਿਸ ਦੇ ਸਹੀ ਅਤੇ ਢੁਕਵੇਂ ਬਿਆਨ ਨੂੰ ਵੀ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ,ਜਿਸ ਤੇ ਬਿਕਰਮਜੀਤ ਸਿੰਘ ਮਜੀਠੀਏ ਵਰਗਿਆਂ ਨੂੰ ਵੀ ਸਿਆਸਤ ਕਰਨ ਦਾ ਮੌਕਾ ਮਿਲ ਗਿਆ। ਉਹ ਬਗੈਰ ਮਤਲਬ ਤੋ ਸਿਰਫ ਤੇ ਸਿਰਫ ਭਾਜਪਾ ਨੂੰ ਖੁਸ਼ ਕਰਨ ਲਈ ਕਾਂਗਰਸ ਹਾਈਕਮਾਂਡ ਤੋ ਸਿਧੂ ਦੀ ਬਰਖਾਸਤਗੀ ਦੀ ਮੰਗ ਕਰੀ ਜਾ ਰਹੇ ਹਨ।ਅਜਿਹੇ ਮੌਕੇ ਅਜਿਹੀ ਬਿਆਨਵਾਜੀ ਜਿਥੇ ਉਹਨਾਂ ਮਾਰੇ ਗਏ ਜੁਆਨਾਂ ਦੇ ਪਰਿਵਾਰਾਂ ਨਾਲ ਕੋਝਾ ਮਜਾਕ ਹੈ,ਓਥੇ ਦੇਸ਼ ਨੂੰ ਫਿਰਕੂ ਭਾਂਬੜ ਵਿਚ ਸੁਟਣ ਦੀ ਮਹਾਂ ਗਲਤੀ ਵੀ ਹੋ ਸਕਦੀ ਹੈ।ਸੋ ਅਜਿਹੀਆਂ ਘਟਨਾਵਾਂ ਭਵਿਖ ਵਿਚ ਨਾ ਵਾਪਰਨ,ਇਹਦੇ ਲਈ ਯੋਗ ਕਦਮ ਪੁਟੇ ਜਾਣ ਦੀ ਲੋੜ ਹੈ,ਪਰੰਤੂ ਬੇਕਸੂਰ ਕਸ਼ਮੀਰੀ ਲੋਕਾਂ ਦੀ ਬਰਬਾਦੀ ਦੀ ਸ਼ਰਤ ਤੇ ਅਜਿਹੀਆਂ ਘਟਨਾਵਾਂ ਨੂੰ ਠਲ੍ਹ ਪਾਉਣ ਦੀ ਸੋਚ ਸਮੁਚੇ ਦੇਸ਼ ਦੀ ਅਖੰਡਤਾ ਲਈ ਖਤਰਨਾਕ ਸਾਬਤ ਹੋਵੇਗੀ।

Comments are closed.

COMING SOON .....


Scroll To Top
11