Saturday , 22 September 2018
Breaking News
You are here: Home » EDITORIALS » ਬੇਅਦਬੀ ਦੇ ਮਾਮਲਿਆਂ ਦੀ ਜਾਂਚ

ਬੇਅਦਬੀ ਦੇ ਮਾਮਲਿਆਂ ਦੀ ਜਾਂਚ

ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਜਿਸ਼ ਤਹਿਤ ਸ਼ੁਰੂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਹਾਲੇ ਵੀ ਰੁਕਿਆ ਨਹੀਂ ਹੈ। ਇਨ੍ਹਾਂ ਘਟਨਾਵਾਂ ਦਾ ਸੱਚ ਵੀ ਹਾਲੇ ਤੱਕ ਸਾਹਮਣੇ ਨਹੀਂ ਆਇਆ। ਇਹ ਸਿਲਸਿਲਾ ਸੰਨ 2015 ਵਿੱਚ ਸ਼ੁਰੂ ਹੋਇਆ ਸੀ। ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ 150 ਤੋਂ ਉਪਰ ਮਾਮਲੇ ਸਾਹਮਣੇ ਆ ਚੁੱਕੇ ਹਨ। ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਇਨ੍ਹਾਂ ਘਟਨਾਵਾਂ ਦੀ ਅਸਲੀਅਤ ਨੂੰ ਸਾਹਮਣੇ ਲਿਆਉਣ ਲਈ 2 ਨਵੰਬਰ ਨੂੰ 2015 ਨੂੰ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ ਸੀ। ਸੀਬੀਆਈ ਵੱਲੋਂ ਤੁਰੰਤ ਜਾਂਚ ਸ਼ੁਰੂ ਕੀਤੀ ਗਈ। 24 ਮਈ 2016 ਨੂੰ ਸੀ ਬੀ ਆਈ ਨੇ ਮੁਜਰਮਾਂ ਬਾਰੇ ਇਤਲਾਹ ਦੇਣ ਵਾਲੇ ਮੁਖਬਰ ਲਈ 10 ਲਖ ਦਾ ਇਨਾਮ ਦੇਣ ਦਾ ਵੀ ਐਲਾਨ ਕਰ ਦਿਤਾ। ਫਰਵਰੀ 2017 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸਿਰਫ ਇਸ ਇਕ ਮਸਲੇ ਕਾਰਨ ਹੀ ਅਕਾਲੀ-ਭਾਜਪਾ ਸਰਕਾਰ ਚਲਦੀ ਬਣੀ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਇਕ ਵੱਖਰਾ ਕਮਿਸ਼ਨ ਬਿਠਾ ਦਿੱਤਾ ਗਿਆ। ਇਹ ਕਮਿਸ਼ਨ ਹਾਲੇ ਵੀ ਆਪਣਾ ਕੰਮ ਕਰ ਰਿਹਾ ਹੈ। ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਸੱਚ ਸਾਹਮਣੇ ਨਹੀਂ ਆਇਆ। ਸੀਬੀਆਈ ਨੇ ਵੀ ਚੁੱਪੀ ਧਾਰ ਲਈ ਹੈ। ਲਗਦਾ ਇਸ ਤਰ੍ਹਾਂ ਹੈ ਜਿਵੇਂ ਇਸ ਸਾਜਿਸ਼ ਪਿੱਛੇ ਛੁਪੀਆਂ ਕਾਲੀਆਂ ਤਾਕਤਾਂ ਨੂੰ ਬਚਾਉਣ ਲਈ ਸਾਜਿਸ਼ ਹੋ ਰਹੀ ਹੈ। ਇਹ ਵੀ ਦੁੱਖ ਦੀ ਗੱਲ ਹੈ ਕਿ ਇਸ ਮਾਮਲੇ ਉਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਸੰਤ ਸਮਾਜ, ਸਿੰਘ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ ਅਤੇ ਮਤਵਾਜੀ ਸਿੱਖ ਜਥੇਬੰਦੀਆਂ ਪੂਰੀ ਤਰ੍ਹਾਂ ਚੁਪੀ ਧਾਰੀ ਬੈਠੀਆਂ ਹਨ। ਉਨ੍ਹਾਂ ਲਈ ਸ਼ਾਇਦ ਇਹ ਕੋਈ ਵੱਡਾ ਮਸਲਾ ਨਹੀਂ ਹੈ। ਪ੍ਰੰਤੂ ਸਿੱਖ ਸ਼ਰਧਾਲੂਆਂ ਲਈ ਇਸ ਮਾਮਲੇ ਦਾ ਵੱਡਾ ਮਹੱਤਵ ਹੈ। ਹਰ ਸ਼ਰਧਾਵਾਨ ਸਿੱਖ ਇਹ ਚਾਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਦਾ ਸੱਚ ਸਾਹਮਣੇ ਆਵੇ। ਇਸ ਘੋਰ ਪਾਪ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਮਿਲੇ। ਇਸ ਮਾਮਲੇ ਵਿੱਚ ਹੋ ਰਹੀ ਦੇਰੀ ਨਾਲ ਸੰਗਤ ਅੰਦਰ ਰੋਹ ਵਧਦਾ ਜਾਂਦਾ ਹੈ। ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿੱਚ ਸਿੱਖ ਸੰਗਤਾਂ ਨੂੰ ਇਨਸਾਫ ਦੇਵੇ। ਸੀਬੀਆਈ ਨੂੰ ਆਪਣੀ ਜਾਂਚ ਤੇਜ ਕਰਨ ਲਈ ਆਖਿਆ ਜਾਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਖਿਲਾਫ ਤੁਰੰਤ ਕਰੜੀ ਤੋਂ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ।
25 ਮਈ 2018 – ਬਲਜੀਤ ਸਿੰਘ ਬਰਾੜ

 

Comments are closed.

COMING SOON .....
Scroll To Top
11