Tuesday , 20 August 2019
Breaking News
You are here: Home » EDITORIALS » ਬੇਅਦਬੀ ਤੇ ਗੋਲੀਕਾਂਡ ’ਚ ਉਲਝਿਆ ਅਕਾਲੀ ਦਲ

ਬੇਅਦਬੀ ਤੇ ਗੋਲੀਕਾਂਡ ’ਚ ਉਲਝਿਆ ਅਕਾਲੀ ਦਲ

ਪੰਜਾਬ ਵਿੱਚ 10 ਸਾਲ ਲਗਾਤਾਰ ਰਾਜ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਵਾਰ ਲੋਕ ਸਭਾ ਦੀਆਂ ਚੋਣਾਂ ’ਚ ਵੱਡੀ ਪ੍ਰੀਖਿਆ ਦਾ ਸਾਹਮਣਾ ਕਰ ਰਿਹਾ ਹੈ। ਬੇਸ਼ਕ ਅਕਾਲੀ ਦਲ ਕੋਲ ਹੁਕਮਰਾਨ ਕਾਂਗਰਸ ਖਿਲਾਫ ਕਈ ਵੱਡੇ ਸਿਆਸੀ ਮੁੱਦੇ ਹਨ, ਪ੍ਰੰਤੂ ਅਕਾਲੀ ਦਲ ਖੁਦ ਦੇ ਜਾਲ ਵਿੱਚ ਉਲਝਿਆ ਹੋਣ ਕਾਰਨ ਇਨ੍ਹਾਂ ਮੁੱਦਿਆਂ ’ਤੇ ਲਾਮਬੰਦੀ ਕਰਨ ਵਿੱਚ ਹਾਲੇ ਤੱਕ ਸਫਲ ਨਹੀਂ ਹੋ ਸਕਿਆ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦੌਰਾਨ ਮਿਲੀਭੁਗਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਅਕਾਲੀ ਦਲ ਲਈ ਗਲੇ ਦੀ ਹੱਡੀ ਬਣ ਗਏ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਇਸ ਕਾਰਨ ਹੀ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀ। ਇਸ ਕਾਰਨ ਹੀ ਗੁਰਦਾਸਪੁਰ ਅਤੇ ਸ਼ਾਹਕੋਟ ਦੀ ਜ਼ਿਮਨੀ ਚੋਣ ’ਚ ਉਸ ਦੇ ਪੈਰ ਨਹੀਂ ਲੱਗੇ। ਇਹ ਮੁੱਦਾ ਹਾਲੇ ਵੀ ਠੰਡਾ ਨਹੀਂ ਪਿਆ। ਲੋਕ ਸਭਾ ਦੀ ਤਾਜ਼ਾ ਚੋਣ ਵਿੱਚ ਵੀ ਅਕਾਲੀ ਦਲ ਖਿਲਾਫ਼ ਇਹ ਮੁੱਦਾ ਪ੍ਰਭਾਵੀ ਅਤੇ ਹਾਵੀ ਰਹਿਣ ਦੀ ਸੰਭਾਵਨਾ ਹੈ। ਅਕਾਲੀ ਲੀਡਰਸ਼ਿਪ ਨੇ ਬੇਅਦਬੀਆਂ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਪੁਲਿਸ ਟੀਮ ਦੇ ਇਕ ਅਹਿਮ ਮੈਂਬਰ ਸੀਨੀਅਰ ਪੁਲਿਸ ਅਧਿਕਾਰੀ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਚੋਣ ਕਮਿਸ਼ਨ ਰਾਹੀਂ ਤਬਾਦਲਾ ਕਰਵਾਕੇ ਇਸ ਮੁੱਦੇ ਨੂੰ ਭੜਕਾਅ ਦਿੱਤਾ ਹੈ। ਸਿੱਖ ਭਾਈਚਾਰੇ ਵਿੱਚ ਇਸ ਕਾਰਨ ਭਾਰੀ ਰੋਸ ਹੈ। ਲਾਜਮੀ ਤੌਰ ’ਤੇ ਇਹ ਗੱਲ ਬਾਦਲ ਦਲ ਦੀਆਂ ਚੋਣ ਸੰਭਾਵਨਾਵਾਂ ਉਪਰ ਭਾਰੀ ਪਵੇਗੀ। ਬੇਅਦਬੀਆਂ ਅਤੇ ਗੋਲੀਕਾਂਡ ਤੋਂ ਬਾਅਦ ਹੁਣ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਇਕ ਵੱਡਾ ਪੰਥਕ ਮੁੱਦਾ ਬਣ ਗਿਆ ਹੈ। ਲਗਭਗ ਸਾਰੀਆਂ ਪੰਥਕ ਧਿਰਾਂ ਇਸ ਮੁੱਦੇ ’ਤੇ ਜ਼ੋਰਦਾਰ ਸਰਗਰਮੀ ਕਰ ਰਹੀਆਂ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਮੁੱਦੇ ਉਪਰ ਜ਼ੋਰ ਦਿੱਤਾ ਜਾ ਰਿਹਾ ਹੈ। ਲੋਕ ਸਭਾ ਦੇ ਚੋਣ ਅਖਾੜੇ ਵਿੱਚ ਇਹੋ ਮੁੱਦਾ ਅਕਾਲੀ ਦਲ ਲਈ ਵੱਡੀ ਸਿਰਦਰਦੀ ਬਣੇਗਾ। ਆਮ ਲੋਕਾਂ ਵਿੱਚ ਇਹ ਪ੍ਰਭਾਵ ਗਿਆ ਹੈ ਕਿ ਅਕਾਲੀ ਆਗੂ ਖਾਸ ਕਰਕੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਖੁਦ ਨੂੰ ਬਚਾਉਣ ਲਈ ਹੀ ਪੁਲਿਸ ਅਧਿਕਾਰੀ ਦਾ ਤਬਾਦਲਾ ਕਰਵਾਇਆ ਹੈ। ਇਸ ਮੁੱਦੇ ਉਪਰ ਬਚਾਅ ਕਰਨ ਲਈ ਅਕਾਲੀ ਦਲ ਕੋਲ ਕੋਈ ਰਣਨੀਤੀ ਨਹੀਂ ਹੈ। 2014 ਦੀਆਂ ਲੋਕ ਸਭਾ ਚੋਣ ਵਿੱਚ ਅਕਾਲੀ ਦਲ ਨੂੰ 13 ਵਿੱਚੋਂ ਸਿਰਫ 4 ਸੀਟਾਂ ਹੀ ਮਿਲੀਆਂ ਸਨ। ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ। ਉਸ ਤੋਂ ਬਾਅਦ ਕਾਫੀ ਕੁਝ ਬਦਲ ਚੁੱਕਾ ਹੈ। ਮੌਜੂਦਾ ਹਾਲਾਤਾਂ ਵਿੱਚ ਅਕਾਲੀ ਦਲ ਲਈ 4 ਦਾ ਅੰਕੜਾ ਕਾਇਮ ਰੱਖਣਾ ਕਾਫੀ ਮੁਸ਼ਕਿਲ ਹੋਵੇਗਾ। ਜੇਕਰ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਚੰਗੀ ਕਾਰਗੁਜਾਰੀ ਨਾ ਦਿਖਾ ਸਕਿਆ ਤਦ ਅਕਾਲੀ ਦਲ ਦੇ ਪ੍ਰਧਾਨ ਅਤੇ ਪਾਰਟੀ ਲਈ ਵੱਡੀਆਂ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ।
-ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11