Friday , 6 December 2019
Breaking News
You are here: Home » PUNJAB NEWS » ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲੇਗੀ : ਸੁਨੀਲ ਜਾਖੜ

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲੇਗੀ : ਸੁਨੀਲ ਜਾਖੜ

ਸ੍ਰੀ ਜਾਖੜ, ਸ. ਨਵਜੋਤ ਸਿੰਘ ਸਿੱਧੂ ਅਤੇ ਦੂਸਰੇ ਆਗੂ ਤਸ਼ਦੱਦ ਦਾ ਸ਼ਿਕਾਰ ਲੋਕਾਂ ਨੂੰ ਮਿਲੇ

ਫਰੀਦਕੋਟ, 5 ਸਤੰਬਰ- ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਰਗਾੜੀ, ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਮਿਸ਼ਨ ਕਾਇਮ ਕਰਨ ਦੇ ਫਰਜ਼ ਨੂੰ ਨਿਭਾਉਂਦਿਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਅਤੇ ਬੇਅਦਬੀ ਕਾਂਡ ਅਤੇ ਗੋਲੀ ਕਾਂਡ ਵਿਚ ਕਸੂਰਵਾਰ ਲੋਕਾਂ ਨੂੰ ਜਲਦੀ ਹੀ ਕਮਿਸ਼ਨ ਦੀ ਰਿਪੋਰਟ ਤੇ ਸਜ਼ਾ ਦਿਵਾਈ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਫਰੀਦਕੋਟ ਵਿਖੇ ਪਤਰਕਾਰਾਂ ਨਾਲ ਵਿਸ਼ੇਸ਼ ਗਲਬਾਤ ਦੌਰਾਨ ਕੀਤਾ। ਇਸ ਤੋਂ ਪਹਿਲਾਂ ਸ੍ਰੀ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿਧੂ, ਸ੍ਰੀ ਬਲਬੀਰ ਸਿੰਘ ਸਿਧੂ, ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ ਆਦਿ ਮੰਤਰੀਆਂ ਅਤੇ ਵੱਡੀ ਗਿਣਤੀ ਵਿਚ ਵਿਧਾਇਕਾਂ ਨਾਲ ਬੇਅਦਬੀ ਕਾਂਡ ਨਾਲ ਸਬੰਧਤ ਉਨ੍ਹਾਂ ਪਿੰਡਾਂ ਦਾ ਵੀ ਦੌਰਾ ਕੀਤਾ ਜਿਥੇ ਉਸ ਸਮੇਂ ਪੁਲਿਸ ਵਲੋਂ ਹਾਕਮ ਧਿਰ ਦੀ ਸ਼ਹਿ ਤੇ ਬੇਕਸੂਰ ਲੋਕਾਂ ਤੇ ਅਣ-ਮਨੁਖੀ ਤਸਦਦ ਕੀਤਾ ਸੀ। ਉਨ੍ਹਾਂ ਵਲੋਂ ਪੰਜਗਰਾਈਂ ਖੁਰਦ, ਬੁਰਜ ਜਵਾਹਰ ਸਿੰਘ ਵਾਲਾ ਅਤੇ ਬਹਿਬਲ ਕਲਾਂ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਵਡੇ ਜਨਤਕ ਇਕਠ ਨੂੰ ਸੰਬੋਧਨ ਕੀਤਾ।ਇਸ ਮੌਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਿੰਡ ਦੀਆਂ ਔੌਰਤਾਂ ਨੇ ਸ੍ਰੀ ਸੁਨੀਲ ਜਾਖੜ ਅਗੇ ਮੰਗ ਰਖੀ ਕਿ ਜਿਨ੍ਹਾ ਨੇ ਵੀ ਗੁਰੂ ਪਾਵਨ ਸਰੂਪ ਦੀ ਬੇਦਅਬੀ ਕੀਤੀ ਹੈ ਉਨ੍ਹਾਂ ਖਿਲਾਫ ਸਰਕਾਰ ਸਖਤ ਕਾਰਵਾਈ ਕਰੇ। ਪਤਰਕਾਰਾਂ ਨਾਲ ਗਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸਾਲ 2015 ਵਿਚ ਵਾਪਰੇ ਦੁਖਦਾਈ ਬੇਅਦਬੀ ਕਾਂਡ ਉਸ ਸਮੇਂ ਦੀ ਬਾਦਲ ਸਰਕਾਰ ਨੇ ਪੂਰੀ ਨਾ ਸਮਝੀ ਦਾ ਪ੍ਰਗਟਾਵਾ ਕੀਤਾ ਅਤੇ ਦੋਸ਼ੀਆਂ ਦਾ ਪਤਾ ਲਗ ਜਾਣ ਦੇ ਬਾਵਜੂਦ ਵੀ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਅਕਤੂਬਰ 2015 ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਲੋਕਾਂ ਤੇ ਪੁਲਿਸ ਨੇ ਅੰਨ੍ਹੇਵਾਹ ਤਸਦਦ ਕੀਤਾ ਅਤੇ ਉਨ੍ਹਾਂ ਤੇ ਗੋਲੀਆਂ ਚਲਾਈਆਂ ਜਿਨ੍ਹਾਂ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ । ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਕਾਇਮ ਕੀਤੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਸਾਫ ਲਿਖਿਆ ਹੈ ਕਿ ਉਸ ਸਮੇਂ ਦੇ ਮੁਖ ਮੰਤਰੀ, ਉਪ ਮੁਖ ਮੰਤਰੀ, ਡੀ.ਜੀ.ਪੀ. ਸਮੇਤ ਉਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਬਾਰੇ ਪੂਰੀ ਜਾਣਕਾਰੀ ਸੀ ਅਤੇ ਪੁਲਿਸ ਨੇ ਹਾਕਮ ਧਿਰ ਦੇ ਕਹਿਣ ਤੇ ਹੀ ਨਿਹਥੇ ਲੋਕਾਂ ਤੇ ਗੋਲੀਆਂ ਚਲਾਈਆਂ ।
ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਧਾਰਮਿਕ ਸੰਸਥਾਵਾ ਨੂੰ ਆਪਣੇ ਨਿਜੀ ਹਿਤਾਂ ਲਈ ਵਰਤਿਆਂ । ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਦੇ ਕਹਿਣ ਤੇ ਹੀ ਅਕਾਲ ਤਖਤ ਦੇ ਜਥੇਦਾਰਾਂ ਅਤੇ ਸ੍ਰੋਮਣੀ ਕਮੇਟੀ ਵਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵਡਾ ਧੋਖਾ ਕੀਤਾ ਹੈ । ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਤਸਦਦ ਲਈ ਉਨ੍ਹਾਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ । ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਕਾਲੀ ਦਲ ਦੇ ਨੌਜਵਾਨਾਂ ਨੂੰ ਦੇਸ਼ ਅਤੇ ਵਿਦੇਸ਼ ਵਿਚ ਵਡੀ ਗਿਣਤੀ ਵਿਚ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਪਿੰਡ ਬਹਿਬਲ ਕਲਾਂ ਵਿਖੇ ਵਿਸ਼ਾਲ ਇਕਠ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿਧੂ, ਸ੍ਰੀ ਬਲਬੀਰ ਸਿੰਘ ਸਿਧੂ, ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿਲੋ ਸਮੇਤ ਵਡੀ ਗਿਣਤੀ ਵਿਚ ਬੁਲਾਰਿਆਂ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਵਾਪਰੇ ਬੇਅਦਬੀ ਕਾਂਡ ਦੀ ਘੋਰ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਇਸ ਘਟਨਾ ਲਈ ਕਦੇ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੋਣ ਜ਼ਾਬਤਾ ਖਤਮ ਹੋਣ ਮਗਰੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗ੍ਰੰਥੀ ਨੂੰ 5 ਲਖ ਰੁਪਏ ਅਤੇ ਪਿੰਡ ਪੰਜਗਰਾਈਂ ਖੁਰਦ ਨਾਲ ਸਬੰਧਤ ਤਸਦਦ ਦਾ ਸ਼ਿਕਾਰ 2 ਨੌਜਵਾਨਾਂ ਨੂੰ 15 ਲਖ ਰੁਪਏ ਅਤੇ ਰੁਜ਼ਗਾਰ ਮੁਹਈਆ ਕਰਵਾਇਆ ਜਾਵੇਗਾ। ਬੁਲਾਰਿਆ ਨੇ ਲੋਕਾਂ ਨੂੰ ਸਦਾ ਦਿਤਾ ਕਿ ਪਿੰਡਾਂ ਵਿਚ ਆਉਣ ਵਾਲੇ ਅਕਾਲੀ ਦਲ ਦੇ ਆਗੂਆਂ ਨੂੰ ਉਹ ਇਹ ਸਵਾਲ ਜ਼ਰੂਰ ਪੁਛਣ ਕਿ ਬੇਦਅਬੀ ਕਾਂਡ ਕਿਉਂ ਹੋਇਆ , ਪੁਲਿਸ ਨੇ ਬੇਕਸੂਰ ਲੋਕਾਂ ਦਾ ਕਤਲ ਕਿਉਂ ਕੀਤਾ ਅਤੇ ਦੋਸ਼ੀਆਂ ਨੂੰ ਅਕਾਲੀ ਸਰਕਾਰ ਵਲੋਂ ਸਜ਼ਾ ਕਿਉਂ ਨਹੀਂ ਦਿਵਾਈ ਗਈ । ਉਨ੍ਹਾਂ ਕਿਹਾ ਕਿ ਅਕਾਲੀ ਦਲ ਹੁਣ ਹਰੇਕ ਥਾਂ ਤੇ ਮੂੰਹ ਛੁਪਾ ਕੇ ਭਜ ਰਿਹਾ ਅਤੇ ਡਰਦਾ ਲੋਕਾਂ ਦੀ ਕਚਹਿਰੀ ਵਿਚ ਵੀ ਨਹੀਂ ਜਾ ਰਿਹਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਦੇ ਮੂੰਹ ਨਹੀਂ ਲਾਉਣਗੇ ਕਿਉਂਕਿ ਆਕਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਹਿਤ ਦੀ ਥਾਂ ਤੇ ਆਪਣੇ ਨਿਜੀ ਹਿਤਾਂ ਨੂੰ ਤਰਜੀਹ ਦਿਤੀ ਅਤੇ ਪੰਜਾਬ ਨੂੰ ਪੂਰੀ ਤਰ੍ਹਾ ਉਲਟਾ ਦਿਤਾ । ਇਸ ਮੌਕੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿਲੋਂ ਨੇ ਸਮੂਹ ਮੰਤਰੀ ਸਹਿਬਾਨਾਂ, ਵਿਧਾਇਕਾਂ, ਪਾਰਟੀ ਆਗੂਆਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ । ਇਸ ਮੋਕੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ, ਸਾਬਕਾ ਵਿਧਾਇਕ ਜਨਾਬ ਮੁਹੰਮਦ ਸਦੀਕ, ਵਿਧਾਇਕ ਡਾ. ਹਰਕੰਵਲਜੋਤ ਮੋਗਾ, ਵਿਧਾਇਕ ਸ: ਦਰਸ਼ਨ ਸਿੰਘ ਬਰਾੜ, ਵਿਧਾਇਕ ਸ: ਗੁਰਦੀਪ ਸਿੰਘ ਵੈਦ ਤੋਂ ਇਲਾਵਾ ਭਾਈ ਰਾਹੁਲ ਸਿੰਘ ਸਮੇਤ ਵਡੀ ਗਿਣਤੀ ਵਿਚ ਆਗੂ ਹਾਜ਼ਰ ਸਨ ।

Comments are closed.

COMING SOON .....


Scroll To Top
11