Friday , 19 April 2019
Breaking News
You are here: Home » PUNJAB NEWS » ਬੁੱਢੇ ਨਾਲੇ ਦਾ ਪੁਰਾਣਾ ਪੁਲ ਠੇਕੇਦਾਰ ਵੱਲੋਂ ਤੋੜਨ ਕਾਰਨ ਪਿੰਡਾਂ ਦਾ ਆਪਸੀ ਸੰਪਰਕ ਟੁੱਟਿਆ

ਬੁੱਢੇ ਨਾਲੇ ਦਾ ਪੁਰਾਣਾ ਪੁਲ ਠੇਕੇਦਾਰ ਵੱਲੋਂ ਤੋੜਨ ਕਾਰਨ ਪਿੰਡਾਂ ਦਾ ਆਪਸੀ ਸੰਪਰਕ ਟੁੱਟਿਆ

ਮਾਛੀਵਾੜਾ ਸਾਹਿਬ, 12 ਜੁਲਾਈ (ਕਰਮਜੀਤ ਸਿੰਘ ਆਜ਼ਾਦ)-ਇੱਥੋਂ 7 ਕਿਲੋਮੀਟਰ ਦੂਰ ਪਿੰਡ ਸਹਿਜੋ ਮਾਜਰਾ ਨੇੜੇ ਵਗਦੇ ਬੁੱਢੇ ਦਰਿਆ ਦਾ ਪੁਰਾਣਾ ਪੁਲ ਠੇਕੇਦਾਰ ਵੱਲੋਂ ਤੋੜ ਦੇਣ ਕਾਰਨ ਪਿਛਲੇ 20 ਦਿਨਾਂ ਤੋਂ ਬੇਟ ਅਤੇ ਢਾਹਾ ਖੇਤਰ ਨੂੰ ਜੋੜਦੇ ਦਰਜ਼ਨਾਂ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਜਿਸ ਕਾਰਨ ਜਿਥੇ ਕਿਸਾਨ ਪ੍ਰੇਸ਼ਾਨ ਹਨ ਉਥੇ ਪਿੰਡ ਸਹਿਜੋ ਮਾਜਰਾ ਦੇ ਪ੍ਰਾਇਮਰੀ ਅਤੇ ਮਿਡਲ ਸਕੂਲ ਵਿਚ ਪੜ੍ਹਨ ਆਉਂਦੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।
over-bridge
ਅੱਜ ਪਿੰਡ ਸਹਿਜੋ ਮਾਜਰਾ ਵਿਖੇ ਜਦੋਂ ਪੱਤਰਕਾਰਾਂ ਵੱਲੋਂ ਬੁੱਢੇ ਦਰਿਆ ਤੇ ਤੋੜੇ ਗਏ ਪੁਰਾਣੇ ਪੁਲ ਨੂੰ ਲੋਕਾਂ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਪੁਰਾਣੇ ਪੁਲ ਦੀ ਬਜਾਏ ਨਵੇਂ ਪੁਲ ਦੇ ਨਿਰਮਾਣ ਲਈ ਠੇਕੇਦਾਰ ਨੂੰ ਟੈਂਡਰ ਅਲਾਟ ਕੀਤਾ ਹੋਇਆ ਹੈ ਪਰ ਉਕਤ ਠੇਕੇਦਾਰ ਨੇ ਪਾਣੀ ਉਪਰੋਂ ਆਰਜੀ ਤੌਰ ਤੇ ਲਾਂਘੇ ਦਾ ਪ੍ਰਬੰਧ ਕਰਨ ਤੋਂ ਪਹਿਲਾਂ ਹੀ ਇਹ ਪੁਲ ਤੋੜ ਦਿੱਤਾ ਜਿਸ ਕਾਰਨ ਦਰਜਨਾਂ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ। ਪਿੰਡ ਨਿਵਾਸੀਆਂ ਨੇ ਦੱਸਿਆ ਕਿ ਅੱਜ 20 ਦਿਨ ਹੋ ਗਏ, ਠੇਕੇਦਾਰ ਨੇ ਪਿੰਡ ਨਿਵਾਸੀਆਂ ਤੇ ਪੰਚਾਇਤ ਨੂੰ ਪੁੱਛੇ ਬਿਨਾਂ ਇਹ ਪੁਰਾਣਾ ਪੁਲ ਤੋੜ ਕੇ ਤੁਰਦਾ ਬਣਿਆ ਤੇ ਪ੍ਰੇਸ਼ਾਨੀ ਹੁਣ ਹਜਾਰਾਂ ਲੋਕਾਂ ਨੂੰ ਝੱਲਣੀ ਪੈ ਰਹੀ ਹੈ। ਪਿੰਡ ਦੇ ਪੰਚਾਇਤ ਮੈਂਬਰ ਦਿਲਬਾਗ ਸਿੰਘ, ਰਣਵੀਰ ਸਿੰਘ, ਸ਼ੰਮੀ ਗਰੇਵਾਲ, ਸਵਰਨ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ, ਅਮਰਿੰਦਰ ਸਿੰਘ ਤੇ ਵਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਰਾਣਾ ਪੁਲ ਤੋੜਨ ਕਾਰਨ ਜਿਨਾਂ ਕਿਸਾਨਾਂ ਦੀ ਜਮੀਨ ਬੁੱਢੇ ਦਰਿਆ ਤੋਂ ਪਾਰ ਹੈ ਉਨਾਂ ਨੂੰ ਰੋਜ਼ਾਨਾ ਹੀ ਪਸ਼ੂਆਂ ਦਾ ਚਾਰਾ ਲੈਣ ਲਈ, ਝੋਨੇ ਦੀ ਬਿਜਾਈ ਕਰਨ ਲਈ ਬੁੱਢੇ ਦਰਿਆ ਦੇ ਗਲ ਗਲ ਪਾਣੀ ਵਿਚੋਂ ਮਜਬੂਰਨ ਲੰਘਣਾ ਪੈ ਰਿਹਾ ਹੈ ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਹੋਰ ਤਾਂ ਹੋਰ ਕਿਸਾਨਾਂ ਨੂੰ ਆਪਣੀ ਖੇਤੀ ਮਸ਼ੀਨਰੀ ਵੀ ਇਹ ਪੁਲ ਤੋੜਨ ਕਾਰਨ ਕਰੀਬ 25 ਕਿਲੋਮੀਟਰ ਦਾ ਲਾਂਘਾ ਤੈਅ ਕਰ ਜਾਣਾ ਪੈਂਦਾ ਹੈ ਤੇ ਜੇਕਰ ਇਹ ਪੁਲ ਠੇਕੇਦਾਰ ਨਾ ਤੋੜਦਾ ਤਾਂ ਉਨਾਂ ਦਾ ਲਾਂਘਾ ਕੇਵਲ 2 ਕਿਲੋਮੀਟਰ ਸੀ। ਇਸ ਤੋਂ ਇਲਾਵਾ ਰੋਜ਼ਾਨਾ ਹੀ ਬੇਟ ਖੇਤਰ ਦੇ ਪਿੰਡਾਂ ਦੇ ਸੈਂਕੜੇ ਲੋਕ ਜੋ ਪਿੰਡ ਸਹਿਜੋ ਮਾਜਰਾ ਜਾਂ ਸਰਹੰਦ ਨਹਿਰ ਵਸਦੇ ਪਿੰਡਾਂ ਵਿਚ ਜਾਂਦੇ ਸਨ ਉਹ ਵੀ ਹੁਣ ਇਹ ਪੁਲ ਟੁੱਟਣ ਕਾਰਨ ਕਈ ਕਿਲੋਮੀਟਰ ਲੰਮਾ ਪੈਂਡਾ ਤੈਅ ਕਰ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ। ਪਿੰਡ ਨਿਵਾਸੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ ਕਿਉਕਿ ਬੁੱਢੇ ਦਰਿਆ ਦੇ ਪਾਰਲੇ ਪਿੰਡਾਂ ਦੇ ਵਿਦਿਆਰਥੀ ਜੋ ਪਿੰਡ ਸਹਿਜੋ ਮਾਜਰਾ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਆਉਂਦੇ ਸਨ ਉਹ ਪੁਲ ਟੁੱਟਣ ਕਾਰਨ ਹੁਣ ਘਰ ਬੈਠਣ ਲਈ ਮਜ਼ਬੂਰ ਹੋ ਗਏ ਹਨ ਤੇ ਇਨਾਂ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਪਿੰਡ ਨਿਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ ਅਜਿਹੀ ਕੁਤਾਹੀ ਕਰਨ ਵਾਲੇ ਠੇਕੇਦਾਰ ਖਿਲਾਫ਼ ਕਾਰਵਾਈ ਕਰੇ ਤੇ ਬੁੱਢੇ ਦਰਿਆ ‘ਤੇ ਆਰਜੀ ਰਸਤਾ ਣਾ ਕੇ ਰੋਜ਼ਾਨਾਂ ਉਨਾਂ ਤੇ ਸਕੂਲੀ ਬੱਚਿਆਂ ਨੂੰ ਜੋ ਮੁਸ਼ਕਿਲ ਆ ਰਹੀ ਹੈ ਉਸਨੂੰ ਜਲਦ ਦੂਰ ਕਰੇ।ਕੀ ਕਹਿੰਦੇ ਨੇ ਲੋਕ ਨਿਰਮਾਣ ਮੰਤਰੀਪਿੰਡ ਸਹਿਜੋ ਮਾਜਰਾ ਨੇੜੇ ਵਗਦੇ ਬੁੱਢੇ ਦਰਿਆ ਦੇ ਪੁਰਾਣੇ ਪੁਲ ਨੂੰ ਠੇਕੇਦਾਰ ਵੱਲੋਂ ਤੋੜਨ ਕਾਰਨ ਕਿਸਾਨਾਂ ਤੇ ਵਿਦਿਆਰਥੀਆਂ ਨੂੰ ਆ ਰਹੀ ਸਮੱਸਿਆ ਬਾਰੇ ਜਦੋ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਤੁਰੰਤ ਵਿਭਾਗ ਦੇ ਅਧਿਕਾਰੀਆਂ ਤੋਂ ਜਾਣਕਾਰੀ ਲੈਣਗੇ ਤੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਉਹ ਜਲਦ ਤੋਂ ਜਲਦ ਬੁੱਢੇ ਦਰਿਆ ‘ਤੇ ਆਰਜੀ ਰਸਤਾ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਠੇਕੇਦਾਰ ਨੇ ਨਿਯਮਾਂ ਅਨੁਸਾਰ ਪੁਲ ਤੋੜਨ ਤੋਂ ਬਾਅਦ ਆਰਜੀ ਰਸਤਾ ਨਹੀਂ ਬਣਾਇਆ ਤਾਂ ਉਹ ਇਸ ਮਾਮਲੇ ਦੀ ਵੀ ਜਾਂਚ ਕਰਵਾਉਣਗੇ।

Comments are closed.

COMING SOON .....


Scroll To Top
11