Monday , 23 September 2019
Breaking News
You are here: Home » Editororial Page » ਬਾਬੇ ਨਾਨਕ ਨੂੰ ਸਿੱਖ ਲੀਡਰਾਂ ਨੇ ਪਹਿਲਾਂ ਹੀ ਵੰਡ ਧਰਿਆ

ਬਾਬੇ ਨਾਨਕ ਨੂੰ ਸਿੱਖ ਲੀਡਰਾਂ ਨੇ ਪਹਿਲਾਂ ਹੀ ਵੰਡ ਧਰਿਆ

ਹੁਣ ਜਦਕਿ ਹੋਰ ਤਿੰਨ ਚਹੁੰ ਮਹੀਨਿਆਂ ਨੂੰ ਜਗਤ ਗੁਰੂ ਬਾਬਾ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿਚ ਵਿਸ਼ਾਲ ਪੱਧਰ ‘ਤੇ ਮਨਾਇਆ ਜਾ ਰਿਹਾ ਹੈ ਤਾਂ ਇਸ ਲਈ ਚਲ ਰਹੀਆਂ ਤਿਆਰੀਆਂ ਦੇ ਮੱਦੇ ਨਜ਼ਰ ਜੋ ਕੋਈ ਭੂਮਿਕਾ ਸਾਡੀ ਸਿੱਖ ਲੀਡਰਸ਼ਿਪ ਨਿਭਾ ਰਹੀ ਹੈ ਉਸ ਨੂੰ ਵੇਖਦਿਆਂ ਇਹ ਟਿੱਪਣੀ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਜਿਸ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਨੇ ਚਹੁੰ ਕੂਟਾਂ ਵਿਚ ਘੁੰਮ ਫਿਰ ਕੇ ਵਿਸ਼ਵ ਏਕਤਾ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਸੰਦੇਸ਼ ਦਿਤਾ ਸੀ ਅੱਜ ਅਸੀਂ ਉਸ ‘ਤੇ ਪਹਿਰਾ ਦੇਣ ਦੀ ਥਾਂ ਇਹ ਵਡਮੁੱਲਾ ਸੰਦੇਸ਼ ਦੇਣ ਵਾਲੇ ਬਾਬੇ ਨਾਨਕ ਨੂੰ ਆਪੋ ਵਿਚ ਵੰਡਣਾ ਸ਼ੁਰੂ ਕਰ ਦਿਤਾ ਹੈ। ਦੂਜੇ ਸ਼ਬਦਾਂ ਵਿਚ ਗੱਲ ਤਾ ਬੜੀ ਸਿੱਧੀ ਹੈ ਕਿ ਪੂਰੀ ਸਿੱਖ ਕੌਮ ਇਸ ਪ੍ਰਕਾਸ਼ ਉਤਸ਼ਵ ਨੂੰ ਸਭ ਜਾਤੀ ਮਤਭੇਦਾਂ ਤੋਂ ਉਪਰ ਉੱਠ ਕੇ ਇਕ ਮੱਤ ਇਕਮੁੱਠ ਹੋ ਕੇ ਮਨਾਉਂਦੀ। ਵੱਡਾ ਅਫ਼ਸੋਸ ਅਜਿਹਾ ਹੋ ਨਹੀਂ ਰਿਹਾ। ਹਰ ਕੋਈ ਆਪਣੀ ਵੱਖਰੀ ਡੱਫਲੀ ਅਤੇ ਵੱਖਰਾ ਰਾਗ ਅਲਾਪ ਰਿਹਾ ਹੈ। ਇਹ ਸਿੱਖ ਕੌਮ ਦੀ ਲੀਡਰਸ਼ਿਪ ਦੀ ਅੱਜ ਤੋਂ ਨਹੀਂ, ਸਗੋਂ ਸ਼ੁਰੂ ਤੋਂ ਹੀ ਤਰਾਸਦੀ ਰਹੀ ਹੈ ਕਿ ਕੌਮ ਵਿਚ ਤਾਂ ਕਹਿਰਾਂ ਦਾ ਕੁਰਬਾਨੀ ਕਰਨ ਦਾ ਜਜ਼ਬਾ ਅਤੇ ਜਨੂੰਨ ਹੈ। ਵਿਸ਼ਵ ਜੰਗਾਂ ਅਤੇ ਮੁਗ਼ਲਾਂ ਤੇ ਅੰਗਰੇਜ਼ਾਂ ਨਾਲ ਸਮੇਂ-ਸਮੇਂ ਹੋਈਆਂ ਲੜਾਈਆਂ ਵਿਚ ਸਿੱਖਾਂ ਦੀ ਸ਼ਾਨਦਾਰ ਭੂਮਿਕਾ ਇਤਿਹਾਸ ਦੇ ਪੰਨਿਆਂ ਵਿਚ ਸਮੋਈ ਹੋਈ ਪਈ ਹੈ। ਹਾਂ, ਜਿਥੇ ਇਸ ਨੇ ਹਮੇਸ਼ਾ ਮਾਰ ਖਾਧੀ ਉਹ ਇਸ ਦੀ ਮੌਕਾਪ੍ਰਸਤ, ਖ਼ੁਦਗਰਜ਼ ਅਤੇ ਵਿਕਾਊ ਲੀਡਰਸ਼ਿਪ ਹੈ, ਜਿਹੜੀ ਮਾਮੂਲੀ ਲਾਲਚਾਂ ਖ਼ਾਤਰ ਵਿਕ ਜਾਂਦੀ ਰਹੀ ਹੈ। ਇਸ ਲੀਡਰਸ਼ਿਪ ਨੂੰ ਸ਼ੁਹਰਤ ਅਤੇ ਗੱਦੀ ਚਾਹੀਦੀ ਹੈ। ਸਿੱਖ ਕੌਮ ਭਲੇ ਹੀ ਜਾਵੇ ਢੱਠੇ ਖੂਹ ਵਿਚ।
ਐਨ ਕੁਝ ਇਸੇ ਤਰ੍ਹਾਂ ਦੀ ਹਾਲਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੀ ਸਿੱਖ ਲੀਡਰਸ਼ਿਪ ਦੇ ਇਸ ਨੂੰ ਮਨਾਉਣ ਲਈ ਵੰਡੀਆਂ ਪਾਏ ਜਾਣ ਤੋਂ ਸਪੱਸ਼ਟ ਨਜ਼ਰ ਆਉਣ ਲੱਗੀ ਹੈ। ਪਹਿਲੀ ਗੱਲ ਤਾਂ ਇਹ ਕਿ ਮੋਟੇ ਤੌਰ ‘ਤੇ ਇਸ ਨੂੰ ਪੰਜਾਬ ਸਰਕਾਰ ਅਤੇ ਸਿੱਖਾਂ ਦੀ ਚੁਣੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਲ ਕੇ ਮਨਾਉਣਾ ਚਾਹੀਦਾ ਸੀ। ਮੁੱਢਲਾ ਦੁਖਾਂਤ ਤਾਂ ਇਥੇ ਹੀ ਸ਼ੁਰੂ ਹੋ ਗਿਆ। ਪੰਜਾਬ ਵਿਚ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਹੈ ਅਤੇ ਇਸ ਦਾ ਪਹਿਲੇ ਦਿਨੋਂ ਹੀ ਸ਼੍ਰੋਮਣੀ ਕਮੇਟੀ ਨੂੰ ਚਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਕਰੂਰਾ ਨਾਲ ਮਿਲਿਆ। ਹਾਲਾਂਕਿ ਮੁੱਖ ਮੰਤਰੀ ਨੇ ਸ਼ਾਇਦ ਦੁਨੀਆਂਦਾਰੀ ਨੂੰ ਲੈ ਕੇ ਇਹ ਪ੍ਰਕਾਸ਼ ਉਤਸਵ ਸਾਂਝੇ ਤੌਰ ‘ਤੇ ਮਨਾਉਣ ਲਈ ਥੋੜ੍ਹੀ ਜਿਹੀ ਕੋਸ਼ਿਸ਼ ਵੀ ਕੀਤੀ ਅੱਗੋਂ ਕਮੇਟੀ ਨੇ ਸਿਰ ਫੇਰ ਦਿਤਾ ਸੀ। ਸਪੱਸ਼ਟ ਹੈ ਇਹ ਸਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ‘ਤੇ ਫੇਰਿਆ। ਦੂਜੇ ਪਾਸੇ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫ਼ਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਬੰਧੀ ਬਾਬੇ ਨਾਨਕ ਦੀ ਵਣਜ ਵਪਾਰ ਵਾਲੀ ਧਰਤੀ ਸੁਲਤਾਨਪੁਰ ਲੋਧੀ ਵਿਚ ਮਨਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿਚ ਹਾਜ਼ਰੀ ਭਰਨ ਲਈ ਸੱਦਾ ਪੱਤਰ ਵੀ ਦਿਤਾ ਜੋ ਉਨ੍ਹਾਂ ਨੇ ਪ੍ਰਵਾਨ ਵੀ ਕਰ ਲਿਆ ਹੈ। ਸਪੱਸ਼ਟ ਹੈ ਦੋਵੇਂ ਧਿਰਾਂ ਅਲੱਗ-ਅਲੱਗ ਚਲ ਰਹੀਆਂ ਹਨ। ਉਧਰੋਂ ਰਹਿੰਦੀ –ਖੂੰਹਦੀ ਕਸਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦਿੱਲੀ ਦੇ ਸਰਨਾ ਭਰਾਵਾਂ ਨੇ ਪੂਰੀ ਕਰ ਦਿਤੀ ਹੈ। ਇਹ ਦੋਵੇਂ ਧਿਰਾਂ ਨਵੀਂ ਦਿੱਲੀ ਤੋਂ ਬਾਬੇ ਨਾਨਕ ਦੀ ਜਨਮ ਭੂਮੀ ਨਨਕਾਣਾ ਸਾਹਿਬ ਤਕ ਆਪਣਾ ਵੱਖਰਾ-ਵੱਖਰਾ ਨਗਰ ਕੀਰਤਨ ਲੈ ਕੇ ਜਾ ਰਹੀਆਂ ਹਨ। ਜੇ ਇਹ ਦੋਵੇਂ ਧਿਰਾਂ ਇਕੱਠੀਆਂ ਨਹੀਂ ਹੋ ਰਹੀਆਂ ਤਾਂ ਇਥੇ ਵੀ ਕਾਰਨ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਾਲਾ ਹਾਲ ਹੈ। ਦਿੱਲੀ ਕਮੇਟੀ ‘ਤੇ ਵੀ ਸ਼੍ਰੋਮਣੀ ਕਮੇਟੀ ਵਾਂਗ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ ਅਤੇ ਇਸ ਦਾ ਨਵਾਂ ਬਣਿਆ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਉਹੋ ਕੁਝ ਕਰੇਗਾ, ਜਿਸ ਦਾ ਇਸ਼ਾਰਾ ਸੁਖਬੀਰ ਬਾਦਲ ਕਰੇਗਾ। ਨਾਲੇ ਉਂਜ ਵੀ ਉਹ ਸੁਖਬੀਰ ਬਾਦਲ ਦਾ ਚਹੇਤਾ ਹੈ ਅਤੇ ਇਸੇ ਕਰਕੇ ਪਹਿਲੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਕੁਝ ਦੋਸ਼ਾਂ ਵਿਚ ਫਸਵਾ ਕੇ ਅਤੇ ਫਿਰ ਪ੍ਰਧਾਨਗੀ ਤੋਂ ਉਤਰਵਾ ਕੇ ਖ਼ੁਦ ਪ੍ਰਧਾਨ ਬਣ ਸਕਿਆ ਹੈ। ਉਧਰ ਅਕਾਲੀ ਦਲ ਦਿੱਲੀ ਵਾਲੇ ਸਰਨਾ ਭਰਾਵਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਇੱਟ-ਕੁੱਤੇ ਦਾ ਵੈਰ ਹੈ ਅਤੇ ਉਹ ਖ਼ੁਦ ਵੀ ਲੰਬਾ ਅਰਸਾ ਦਿੱਲੀ ਕਮੇਟੀ ‘ਤੇ ਕਾਬਜ਼ ਰਹੇ ਹਨ। ਇਸ ਲਈ ਉਨ੍ਹਾਂ ਦਾ ਦਿੱਲੀ ਕਮੇਟੀ ਨਾਲ ਚਲ ਸਕਣਾ ਬਹੁਤਾ ਸੰਭਵ ਨਹੀਂ ਸੀ ਹਾਲਾਂਕਿ ਇਕ ਪੜਾਅ ‘ਤੇ ਉਨ੍ਹਾਂ ਨੇ ਦਿੱਲੀ ਕਮੇਟੀ ਨੂੰ ਨਨਕਾਣਾ ਸਾਹਿਬ ਤਕ ਸਾਂਝਾ ਜਲੂਸ ਲਿਜਾਣ ਲਈ ਕਿਹਾ ਵੀ ਸੀ। ਦੱਸ ਦੇਈਏ ਕਿ ਸਰਨਾ ਭਰਾਵਾਂ ਦੀ ਪਾਕਿਸਤਾਨ ਦੀ ਸਰਕਾਰ ਅਤੇ ਸਿੱਖ ਸਿਆਸਤ ਵਿਚ ਕਾਫੀ ਪੁੱਛਗਿੱਛ ਹੈ ਅਤੇ ਉਹ ਸਾਲ ਵਿਚ ਸਿੱਖਾਂ ਦੇ ਜਿੰਨੇ ਵੀ ਜਥੇ ਵੱਖੋ-ਵੱਖ ਸਮਾਗਮਾਂ ਵੇਲੇ ਉਥੇ ਜਾਂਦੇ ਹਨ, ਹਰ ਮੌਕੇ ਆਪਣਾ ਜਥਾ ਲਿਜਾਂਦੇ ਹਨ। ਪੰਜਾਬ ਦੀ ਸਿੱਖ ਸਿਆਸਤ ਵਿਚ ਵੀ ਉਨ੍ਹਾਂ ਦਾ ਕਾਫ਼ੀ ਦਬਦਬਾ ਹੈ। ਅਫ਼ਸੋਸ ਕਿ ਸਿੱਖ ਲੀਡਰਸ਼ਿਪ ਏਨੀ ਬੇਲਗ਼ਾਮ ਹੋ ਗਈ ਹੈ ਕਿ ਪ੍ਰਕਾਸ਼ ਪੁਰਬ ਨੂੰ ਰਲ ਮਿਲ ਕੇ ਆਉਣ ਲਈ ਕਿਸੇ ਵੀ ਸਿੱਖ ਆਗੂ ਦਾ ਕਿਹਾ ਨਹੀਂ ਮੰਨ ਰਹੀ। ਬਲਕਿ ਕੋਈ ਕਹਿ ਹੀ ਨਹੀਂ ਰਿਹਾ। ਇਥੋਂ ਤਕ ਕਿ ਅਕਾਲ ਤਖ਼ਤ ਦਾ ਜਥੇਦਾਰ ਵੀ ਚੁੱਪ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਅਵਤਾਰ ਧਾਰਿਆ, ਗ੍ਰਹਿਸਥ ਜੀਵਨ ਅਪਨਾਇਆ, ਵਣਜ ਵਪਾਰ ਕੀਤਾ। ਦੇਸ਼ਾਂ ਦੇਸਾਤਰਾਂ ਦੀਆਂ ਚਾਰ ਉਦਾਸੀਆਂ ਕਰਕੇ ਲੋਕਾਂ ਨੂੰ ਆਪਸੀ ਸਾਂਝ, ਏਕਤਾ ਅਤੇ ਪ੍ਰਭੂ ਨਾਲ ਜੁੜਨ ਦਾ ਸੁਨੇਹਾ ਦਿਤਾ। ਆਖ਼ਰੀ ਉਮਰੇ ਪਾਕਿਸਤਾਨ ਦੇ ਉਤਰ ਪੂਰਬ ਵਾਲੇ ਪਾਸੇ ਦਰਿਆ ਰਾਵੀ ਦੇ ਕੰਢੇ ‘ਤੇ ਕਰਤਾਰਪੁਰ ਵਿਖੇ ਵਾਹੀ ਖੇਤੀ ਕਰਕੇ ਹੱਥੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਹੋਕਾ ਦਿਤਾ। ਉਥੇ ਹੀ ਉਨ੍ਹਾਂ ਨੇ ਗੁਰਦੁਆਰਾ ਦਰਬਾਰ ਸਾਹਿਬ ਸਥਾਪਤ ਕੀਤਾ। ਉਨ੍ਹਾਂ ਦੇ ਜੀਵਨ ਅਤੇ ਸਿਖਿਆਵਾਂ ਤੋਂ ਅਸੀਂ ਭਲੇ ਹੀ ਪਿਛਲੇ 550 ਸਾਲ ਤੋਂ ਸੇਧ ਲੈ ਰਹੇ ਹਾਂ ਪਰ ਮੁਲਕ ਦੀ ਵੰਡ ਪਿੱਛੋਂ ਇਹ ਇਲਾਕੇ ਚੂੰਕਿ ਪਾਕਿਸਤਾਨ ਵਿਚ ਰਹਿ ਗਏ, ਇਸ ਲਈ ਉਦੋਂ ਤੋਂ ਲੈ ਕੇ ਅੱਜ ਤਕ ਨਾਨਕ ਨਾਮ ਲੇਵਾ ਸਿੱਖਾਂ ਵਲੋਂ ਦੋਵੇਂ ਵੇਲੇ ਅਰਦਾਸ ਸਮੇਂ ਹੱਥ ਜੋੜ ਕੇ ਇਹ ਬੰਦਨਾ ਕੀਤੀ ਜਾਂਦੀ ਹੈ ਕਿ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਵਾਏ ਜਾਣ। ਪਾਕਿਸਤਾਨ ਵਿਚ ਪਿਛਲੇ ਸੱਤਰਾਂ ਸਾਲਾਂ ਵਿਚ ਕਈ ਸਰਕਾਰਾਂ ਆਈਆਂ ਹਨ ਅਤੇ ਕਈ ਗਈਆਂ ਹਨ। ਹੁਣ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਅਰਦਾਸ ਨੂੰ ਪਹਿਲੀ ਵਾਰ ਅਮਲੀ ਰੂਪ ਦੇਣ ਦਾ ਯਤਨ ਕੀਤਾ ਹੈ ਅਤੇ ਉਹ ਵੀ ਆਪਣੇ ਕ੍ਰਿਕਟ ਵੇਲੇ ਦੇ ਦੋਸਤ ਪੰਜਾਬ ਦੇ ਤਤਕਾਲੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ। ਸਿੱਧੂ ਉਸ ਵੇਲੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਹਾਜ਼ਰ ਸਨ ਅਤੇ ਪਾਕਿਸਤਾਨ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਇਹ ਖੁਸ਼ਖਬਰੀ ਉਸ ਨਾਲ ਬਗਲਮੀਰ ਹੁੰਦਿਆਂ ਦਿਤੀ ਸੀ। ਯਕੀਨਨ ਵਿਸ਼ਵ ਦੇ ਕੋਨੇ-ਕੋਨੇ ਵਿਚ ਵਸਦੇ ਸਿੱਖ ਇਸ ਐਲਾਨ ਤੋਂ ਬੜੇ ਖੁਸ਼ ਹੋਏ ਸਨ। ਇਸ ਮੌਕੇ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਵੀ ਐਲਾਨ ਕਰ ਦਿਤਾ ਸੀ ਅਤੇ ਦਸਿਆ ਸੀ ਕਿ ਪਾਕਿਸਤਾਨ ਸਰਕਾਰ ਬਾਬੇ ਨਾਨਕ ਦਾ ਇਹ ਪ੍ਰਕਾਸ਼ ਪੁਰਬ ਉਚੇਚੇ ਤੌਰ ‘ਤੇ ਮਨਾਏਗੀ। ਮਜ਼ੇਦਾਰ ਗੱਲ ਤਾਂ ਇਹ ਹੈ ਕਿ ਇਸ ਗੁਰਪੁਰਬ ਨੂੰ ਸਾਹਮਣੇ ਰੱਖਦਿਆਂ ਪਾਕਿਸਤਾਨ ਸਰਕਾਰ ਨੇ ਆਪਣੇ ਪਾਸਿਉਂ ਲਾਂਘੇ ਦੀ ਉਸਾਰੀ ਦਾ 80 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ। ਉਸ ਵਲੋਂ ਨਵੰਬਰ ਦੇ ਪਹਿਲੇ ਹਫ਼ਤੇ ਇਹ ਲਾਂਘਾ ਖੋਲ੍ਹ ਦਿਤੇ ਜਾਣ ਦੀ ਉਮੀਦ ਹੈ ਜਦਕਿ ਭਾਰਤ ਵਾਲੇ ਪਾਸੇ ਵੀ ਜ਼ੋਰ-ਸ਼ੋਰ ਨਾਲ ਤਿਆਰੀਆਂ ਜਾਰੀ ਹਨ। ਬਿਨਾਂ ਸ਼ੱਕ ਇਹ ਵਿਸ਼ਵ ਭਰ ਵਿਚ ਸਿੱਖਾਂ ਲਈ ਸੁਨਹਿਰੀ ਸਮਾਂ ਹੈ ਪਰ ਜੋ ਕੜ੍ਹੀ ਵੱਖ-ਵੱਖ ਤੁਰ ਕੇ ਸਿੱਖ ਲੀਡਰਸ਼ਿਪ ਘੋਲ ਰਹੀ ਹੈ ਇਹ ਬਾਬੇ ਨਾਨਕ ਦੀਆਂ ਸਿਖਿਆਵਾਂ ਤੇ ਮੂੰਹ ਮੋੜਨ ਵਾਲੀ ਗੱਲ ਤਾਂ ਹੈ ਹੀ ਸਗੋਂ ਨਾਲ ਹੀ ਆਪਣਾ ਮਜ਼ਾਕ ਉਡਾਉਣ ਵਾਲੀ ਵੀ। ਜਿਸ ਬਾਬੇ ਨਾਨਕ ਨੇ ਜਾਤ ਪਾਤ ਦੀਆਂ ਵੰਡੀਆਂ ਅਤੇ ਊਚ ਨੀਚ ਦੇ ਨਾਲ-ਨਾਲ ਮਾਣ ਹੰਕਾਰ ਤੋਂ ਦੂਰ ਰਹਿਣ ਦੀ ਸਿਖਿਆ ਦਿਤੀ ਸੀ। ਕੀ ਅਸੀਂ ਏਨੇ ਸਾਲ ਬਾਅਦ ਵੀ ਉਨ੍ਹਾਂ ਦੀਆਂ ਸਿਖਿਆਵਾਂ ਤੇ ਅਮਲ ਕਰ ਰਹੇ ਹਾਂ? ਜੇ ਨਹੀਂ ਤਾਂ ਫਿਰ ਇਹੋ-ਜਿਹੇ ਪ੍ਰਕਾਸ਼ ਪੁਰਬ ਮਨਾਉਣ ਦਾ ਇਹ ਢਕਵੰਜ ਕਿਉਂ?

Comments are closed.

COMING SOON .....


Scroll To Top
11