Tuesday , 31 March 2020
Breaking News
You are here: Home » Editororial Page » ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ

ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ

ਸਾਹਿਬ -ਏ-ਕਮਾਲ, ਬਾਦਸ਼ਾਹ ਦਰਵੇਸ਼, ਸਰਬੰਸਦਾਨੀ ਦਸਵੇਂ ਪਾਤਸ਼ਾਹ ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ,ਅਗੰਮੀ, ਅਨੂਠੀ, ਬੇਨਜ਼ੀਰ ਸ਼ਖ਼ਸੀਅਤ ਨੂੰ ਦੁਨੀਆਂ ਦੇ ਇਤਿਹਾਸ ਵਿਚ ਬੇਹੱਦ ਸਨਮਾਨਯੋਗ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ।ਆਪ ਦੇ ਸਬਰ, ਸੰਤੋਖ, ਸਿਦਕ, ਦ੍ਰਿੜਤਾ,ਸਾਹਸ ਅਤੇ ਚੜ੍ਹਦੀ ਕਲਾ ਦੀ ਪੂਰੀ ਖ਼ਲਕਤ ਕਾਇਲ ਹੈ।ਜੇ ਇਤਿਹਾਸ ਨੂੰ ਗਹੁ ਨਾਲ ਵਾਚੀਏ ਤਾਂ ਪਤਾ ਲਗਦਾ ਹੈ ਕਿ ਗੁਰੁ ਗੋਬਿੰਦ ਸਿੰਘ ਤੋਂ ਬਿਨਾਂ ਕੋਈ ਵੀ ਅਜਿਹਾ ਮਹਾਂਪੁਰਸ਼ ਨਹੀਂ ਹੋਇਆ ਜਿਸਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾ ਦਿੱਤਾ ਹੋਵੇ।ਆਪ ਦਾ ਜਨਮ ਪਿਤਾ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜ਼ਰੀ ਜੀ ਦੀ ਕੁੱਖੋਂ ਪੋਹ ਸੁਦੀ ਸੰਮਤ 1723 (1666ਈ) ਨੂੰ ਸ਼੍ਰੀ ਪਟਨਾ ਸਾਹਿਬ, ਬਿਹਾਰ ਵਿਖੇ ਹੋਇਆ। ਆਪ ਸਸਤਰ ਅਤੇ ਸ਼ਾਸ਼ਤਰ ਦੋਵੇਂ ਤਰ੍ਹਾਂ ਦੀ ਵਿੱਦਿਆ ਵਿੱਚ ਨਿਪੁੰਨ ਸਨ। ਆਪ ਦਾ ਜੀਵਨ ਕਾਲ ਬਹੁਤਾ ਲੰਬਾ ਨਹੀਂ ਸੀ, ਪਰੰਤੂ ਉਹ ਘਟਨਾਵਾਂ ਨਾਲ ਇਨ੍ਹਾਂ ਭਰਪੂਰ ਸੀ ਕਿ ਆਪ ਨੂੰ ਸ਼ਾਇਦ ਹੀ ਕਿਤੇ ਆਰਾਮ ਮਿਲਿਆ ਹੋਵੇ। ਨੇਕੀ ਨੂੰ ਬਚਾਉਣ ਅਤੇ ਬਦੀ ਨੂੰ ਨਸ਼ਟ ਕਰਨਾ ਆਪ ਦੇ ਜੀਵਨ ਦਾ ਮੁੱਖ ਮਨੋਰਥ ਸੀ ਜਿਸਦੇ ਸਿੱਟੇ ਵਜੋਂ ਆਪ ਨੂੰ ਬਹੁਤ ਸਾਰੀਆਂ ਲੜਾਈਆਂ ਦਾ ਸਾਹਮਣਾ ਕਰਨਾ ਪਿਆ।ਇਸ ਲਈ ਪਹਿਲੀ ਲੋੜ ਫੌਜ ਸੀ। ਸੋ ਆਪ ਨੇ ਆਪਣੇ ਸ਼ਰਧਾਲੂਆਂ ਨੂੰ ਸੈਨਿਕ, ਇਖ਼ਲਾਕੀ ਅਤੇ ਜਜ਼ਬਾਤੀ ਤੌਰ ‘ਤੇ ਤਿਆਰ ਕਰਕੇ ਦੁਸ਼ਮਣ ਦਾ ਮੁਕਾਬਲਾ ਕੀਤਾ।
ਆਪ ਦੇ ਜੀਵਨ ਕਾਲ ਦਾ ਸਭ ਤੋਂ ਲਾਸਾਨੀ ਕਾਰਜ 1699 ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਵਾਪਰਿਆ ਇਸ ਦਿਨ ਆਪ ਨੇ ਅੰਮ੍ਰਿਤ ਸੰਚਾਰ ਕੀਤਾ।ਪਹਿਲਾਂ ਆਪ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਅਤੇ ਫਿਰ ਇਹਨਾਂ ਤੋਂ ਅੰਮ੍ਰਿਤ ਦੀ ਦਾਤ ਮੰਗੀ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ।ਪੰਜ ਪਿਆਰਿਆਂ ਦੇ ਨਾਮ ਪਿੱਛੇ ਵੀ ‘ਸਿੰਘ’ ਸ਼ਬਦ ਲਗਾਇਆ ਗਿਆ।ਇਸ ਪ੍ਰਕਾਰ ਖ਼ਾਲਸੇ ਦਾ ਜਨਮ ਹੋਇਆ।ਆਪ ਦਾ ਸਾਰਾ ਸੰਸਾਰਿਕ ਜੀਵਨ ਹਰ ਪੱਖੋਂ ਆਚੰਭਿਤ ਕਰਨ ਵਾਲਾ ਹੈ।ਜਿੱਥੇ ਇਕ ਪਾਸੇ ਆਪ ਨੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਲਈ ਭੇਜਿਆ, ਉਥੇ ‘ਖ਼ਾਲਸੇ’ ਨੂੰ ਤਿਆਰ ਕਰਕੇ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਸਮੁੱਚੀ ਕੌਮ ਵਿਚ ਇੱਕ ਨਵੀਂ ਰੂਹ ਫੂਕੀ। ਇਸ ਪ੍ਰਕਾਰ ਮਾਧੋਦਾਸ ਬੈਰਾਗੀ ਨੂੰ ਆਪਣੇ ਕਰ ਕਮਲਾਂ ਰਾਹੀਂ ਬੰਦਾ ਸਿੰਘ ਬਹਾਦਰ ਬਣਾਕੇ ਹੱਕ ਸੱਚ ਦੀ ਲੜਾਈ ਲਈ ਪੰਜਾਬ ਭੇਜਿਆ ਪੰਜਾਬ ਦੇ ਹਾਲਾਤਾਂ ਅਤੇ ਮੁਗਲ ਹਾਕਮਾਂ ਦੀ ਕਰਤੂਤਾਂ ਸੁਣਕੇ ਬੰਦਾ ਸਿੰਘ ਬਹਾਦਰ ਨੇ ਗੁਰੁ ਜੀ ਤੋਂ ਪੰਜਾਬ ਜਾ ਕੇ ਦੁਸ਼ਮਣਾਂ ਨੂੰ ਸੋਧਣ ਦੀ ਆਗਿਆ ਮੰਗੀ।ਇਸ ਤਰ੍ਹਾਂ ਸਿਰਫ 42 ਸਾਲ ਦੀ ਉਮਰ ਤੱਕ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਰੰਭ ਕੀਤੇ ਸਿੱਖ ਧਰਮ ਦੇ ਕ੍ਰਾਂਤੀਕਾਰੀ ਦਾਰਸ਼ਨਿਕ ਸਿਧਾਂਤਾਂ ਨੂੰ ਤੀਬਰਤਾ ਤੇ ਦੈਵੀ ਕੁਸ਼ਲਤਾ ਨਾਲ ਸਿਖ਼ਰ ‘ਤੇ ਪਹੁੰਚਾਇਆ।
ਗੁਰੂ ਜੀ ਨੇ ਦੁਨੀਆਂ ਦੇ ਤਮਾਮ ਲੋਕਾਂ ਅੰਦਰ ਬਰਾਬਰਤਾ, ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦੀ ਭਾਵਨਾ ਪੈਦਾ ਕਰਕੇ ਕੱਟੜਤਾ ਦੀ ਸੌੜੀ ਸੋਚ ਨੂੰ ਮਨੁੱਖੀ ਮਨਾਂ ਅੰਦਰੋਂ ਖ਼ਤਮ ਕਰਕੇ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨੀ ਸਿਖਾਈ, ਜਿਹੜੇ ਸਦੀਆਂ ਤੋਂ ਚੱਲੀ ਆ ਰਹੀ ਭਾਰਤੀ ਜਨਤਾ ਦੇ ਮਨਾਂ ਵਿਚ ਕਾਇਰਤਾ ਵਾਲੀ ਭਾਵਨਾ ਦੇ ਪਨਪਣ ਕਰਕੇ ਕਿਧਰੇ ਗੁਆਚ ਚੁੱਕੇ ਸਨ।
ਗੁਰੁ ਜੀ ਇਕ ਮਹਾਨ ਜਰਨੈਲ, ਉਚ ਕੋਟੀ ਦੇ ਵਿਦਵਾਨ, ਅਜ਼ੀਮ ਸਾਹਿਤਕਾਰ, ਗੁਰਬਾਣੀ ਸੰਗੀਤ ਦੇ ਰਸੀਏ, ਅੰਮ੍ਰਿਤ ਦੇ ਦਾਤੇ , ਸ਼ਕਤੀ ਦੇ ਮੁਜੱਸਮੇ ਅਤੇ ਮਰਦ-ਏ-ਮੈਦਾਨ ਸਨ। ਆਪ ਦੇ ਦਰਬਾਰ ਵਿਚ 52 ਕਵੀ ਸਨ ਜੋ ਆਪਣੇ ਸਮੇਂ ਦੇ ਮਹਾਨ ਵਿਦਵਾਨ ਸਨ। ਆਪ ਨੇ ਜਾਪੁ ਸਾਹਿਬ, ਅਕਾਲ ਉਸਤਿਤ, ਖ਼ਾਲਸਾ ਮਹਿਮਾ, ਗਿਆਨ ਪ੍ਰਬੋਧ,ਚੰਡੀ ਚਰਿੱਤ੍ਰ( ਵੱਡਾ),ਚੰਡੀ ਦੀ ਵਾਰ,ਬਚਿਤ੍ਰ ਨਾਟਕ,ਜ਼ਫਰਨਾਮਾ, ਸ਼ਬਦ ਹਜ਼ਾਰੇ ਆਦਿ ਪਵਿੱਤਰ ਬਾਣੀਆਂ ਦੀ ਰਚਨਾ ਕੀਤੀ। ਆਪ ਨੇ ਤਲਵੰਡੀ ਸਾਬੋਂ ਵਿਖੇ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ਵਿਚ ਦਰਜ ਕਰਵਾਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ।ਕੱਤਕ ਸੁਦੀ ਦੂਜ ਸੰਮਤ 1765 ਈ: ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਦੱਖਣ ਵਿਚ ਨਾਂਦੇੜ ਸਾਹਿਬ, ਜਿੱਥੇ ਅੱਜ ਕੱਲ੍ਹ ਤਖਤ ਸ਼੍ਰੀ ਹਜੂਰ ਸਾਹਿਬ ਸੁਸ਼ੋਭਿਤ ਹੈ, ਵਿਖੇ ਗੁਰੂ ਦੀ ਪਦਵੀ ਦਿੱਤੀ।
ਹੱਕ ਸੱਚ ਦੀ ਬਹਾਲੀ ਹਿੱਤ ਗੁਰੂ ਸਾਹਿਬ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਹੱਕ ਸੱਚ ‘ਤੇ ਪਹਿਰਾ ਦੇਣ, ਮਜ਼ਲੂਮਾਂ ਦੀ ਰੱਖਿਆ ਅਤੇ ਧਰਮ ਵਿਚ ਪਰਿਪੱਕ ਰਹਿਣ ਲਈ ਪ੍ਰੇਰਨਾ ਸ੍ਰੋਤ ਹੈ । ਮਿਰਜ਼ਾ ਹਕੀਮ ਅੱਲ੍ਹਾ ਯਾਰ ਖਾਂ ਯੋਗੀ ਸਾਹਿਬ ਲਿਖਦੇ ਹਨ ਕਿ ਠਯਾਕੂਬ ਨੂੰ ਆਪਣੇ ਪੁੱਤਰ ਯੂਸਫ ਦੀ ਜੁਦਾਈ ਵਿੱਚ ਉਮਰ ਭਰ ਰੋਣਾ ਪਿਆ, ਪਰ ਗੁਰੂ ਜੀ ਵਰਗਾ ਸਬਰ, ਸਿਦਕ, ਸਹਿਜ ਆਡੋਲ ਅਤੇ ਸਬੂਰੀ ਵਾਲਾ ਕੋਈ ਨਹੀਂ ਹੋਇਆ, ਜਿਸਨੇ ਚਾਰ ਪੁੱਤਰ ਸ਼ਹੀਦ ਕਰਵਾਕੇ ਇੱਕ ਵੀ ਹੰਝੂ ਨਹੀਂ ਕੇਰਿਆੂ।
ਗੋਕਲ ਚੰਦ ਨਾਰੰਗ ਕਹਿੰਦਾ ਹੈ ਕਿ, ਠ ਗੁਰੂ ਜੀ ਨੇ ਚਿੜੀਆਂ ਨੂੰ ਸ਼ਾਹੀ ਬਾਜਾਂ ਦਾ ਸ਼ਿਕਾਰ ਕਰਨ ਦੀ ਜਾਂਚ ਸਿਖਾਈੂ। ਮੈਕਾਲਿਫ ਅਨੁਸਾਰ , ਠ ਆਪ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾੂ। ਲਤੀਫ ਅਨੁਸਾਰ, ਠ ਜਿਸ ਕਾਰਜ ਨੂੰ ਉਹਨਾਂ ਹੱਥ ਪਾਇਆ ਉਹ ਮਹਾਨ ਸੀੂ। ਆਓ! ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੰਭਲਾ ਮਾਰੀਏ ਅਤੇ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਖ਼ਾਲਸਾ ਪੰਥ ਵੱਲੋਂ ਅਣਗਿਣਤ ਕੁਰਬਾਨੀਆਂ ਘਟਨਾਵਾਂ ਅਤੇ ਸ਼ਹੀਦੀਆਂ ਨਾਲ ਸਿਰਜੇ ‘ਮੁਕੰਮਲ ਇਨਕਲਾਬ’ ਨੂੰ ਪੁਨਰ ਸੁਰਜੀਤ ਕਰੀਏ।

Comments are closed.

COMING SOON .....


Scroll To Top
11