Sunday , 15 December 2019
Breaking News
You are here: Home » NATIONAL NEWS » ਬਾਦਲ ਨੂੰ ਸਜ਼ਾ ਦਿਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਕੈਪਟਨ

ਬਾਦਲ ਨੂੰ ਸਜ਼ਾ ਦਿਵਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਕੈਪਟਨ

ਪੰਜਾਬ ਵਿਚ ਕੋਈ ਗਰਮਖਿਆਲੀ ਨਹੀਂ

ਨਵੀਂ ਦਿੱਲੀ, 4 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਦੀ ਗੋਲੀਬਾਰੀ ਘਟਨਾ ਲਈ ਪੂਰੀ ਤਰ੍ਹਾਂ ਜ਼ਿੰਮੇਵਾਰੀ ਠਹਿਰਾਉਂਦਿਆਂ ਅਤੇ ਅਕਾਲੀ ਆਗੂ ਵੱਲੋਂ ਪੰਜਾਬ ਨੂੰ ਬੁਰੀ ਤਰ੍ਹਾਂ ਤਬਾਹ ਕਰਨ ਦੀ ਗੱਲ ਆਖਦੇ ਹੋਏ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਸਜ਼ਾ ਦਿਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਉਨ੍ਹਾਂ ਨੂੰ ਹਰ ਹਾਲਤ ਵਿਚ ਕਾਨੂੰਨ ਦੇ ਕਟਿਹਰੇ ਵਿਚ ਖੜ੍ਹਾ ਕੀਤਾ ਜਾਵੇਗਾ। ਸਾਬਕਾ ਮੁੱਖ ਮੰਤਰੀ ਨਾਲ ਰੱਤੀ ਭਰ ਵਿਚ ਨਰਮੀ ਨਾ ਵਰਤਣ ਦੀ ਆਪਣੀ ਗੱਲ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਿਲਕੁਲ ਹੀ ਸੰਭਵ ਨਹੀਂ ਹੈ ਕਿ ਬਾਦਲ ਪੁਲਿਸ ਗੋਲੀਬਾਰੀ ਦੇ ਬਾਰੇ ਜਾਣੂ ਹੀ ਨਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਸ਼ੇ ਜਾਂਚ ਟੀਮ (ਐਸ.ਆਈ.ਟੀ) ਦੀ ਰਿਪੋਰਟ ਅਦਾਲਤ ਵਿਚ ਜਾਵੇਗੀ ਅਤੇ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਸੀ.ਬੀ.ਆਈ ਤੋਂ ਜਾਂਚ ਵਾਪਸ ਲੈਣ ਅਤੇ ਇਹ ਪੰਜਾਬ ਪੁਲਿਸ ਦੀ ਐਸ.ਆਈ.ਟੀ ਦੇ ਹਵਾਲੇ ਕਰਨ ਦਾ ਫੈਸਲਾ ਸੂਬਾ ਵਿਧਾਨ ਸਭਾ ਨੇ ਲਿਆ ਹੈ ਜਿਸ ਨੇ ਮਹਿਸੂਸ ਕੀਤਾ ਹੈ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੈ ਅਤੇ ਇਸ ਦੇ ਰਾਹੀਂ ਕੇਂਦਰੀ ਏਜੰਸੀ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਕਿਉਂਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਬੇਅਦਬੀ ਦੇ ਕੇਸਾਂ ਦੀ ਜਾਂਚ ਵਾਸਤੇ ਰਣਜੀਤ ਸਿੰਘ ਕਮਿਸ਼ਨ ਸਥਾਪਤ ਕੀਤਾ ਗਿਆ ਸੀ ਜਿਸ ਨੇ ਅੱਗੇ ਹੋਰ ਪੜਤਾਲ ਦਾ ਸੁਝਾਅ ਦਿੱਤਾ ਹੈ ਜਿਸ ਦੇ ਵਾਸਤੇ ਐਸ.ਆਈ.ਟੀ ਸਥਾਪਤ ਕੀਤੀ ਜਾ ਰਹੀ ਹੈ। ਬਾਦਲ ਵੱਲੋਂ ਗੋਲੀਬਾਰੀ ਬਾਰੇ ਕੁਝ ਵੀ ਪਤਾ ਨਾ ਹੋਣ ਅਤੇ ਉਸ ਵੱਲੋਂ ਇਸ ਸਬੰਧ ਵਿਚ ਸਹੁੰ ਖਾਣ ਨੂੰ ਤਿਆਰ ਹੋਣ ਦੀ ਗੱਲ ਆਖੇ ਜਾਣ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਉਸ ਦੀ ਘਟਨਾਵਾਂ ’ਚ ਭੂਮਿਕਾ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦਾ ਢੱਕਵੰਜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਅਕਾਲ ਤਖਤ ਉਤੇ ਅਨੇਕਾਂ ਵਾਰ ਝੂਠੀ ਸਹੁੰ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਕਿ ਇੱਕ ਮੁੱਖ ਮੰਤਰੀ ਨੂੰ ਗੋਲੀਬਾਰੀ ਬਾਰੇ ਕੁਝ ਪਤਾ ਵੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਨੇ ਰਣਜੀਤ ਸਿੰਘ ਕਮਿਸ਼ਨ ਦੇ ਅੱਗੇ ਸਪਸ਼ਟ ਰੂਪ ਵਿਚ ਕਿਹਾ ਹੈ ਕਿ ਬਾਦਲ ਨੇ ਉਸ ਨੂੰ ਸ਼ਕਤੀ ਨਾਲ ਭੀੜ ਨੂੰ ਖਦੇੜਣ ਵਾਸਤੇ ਆਖਿਆ ਸੀ। ਉਨ੍ਹਾਂ ਕਿਹਾ ਕਿ ਇੱਕ ਮੁੱਖ ਮੰਤਰੀ ਦੇ ਹੁੰਦੇ ਹੋਏ ਜੇ ਮੇਰੇ ਸੂਬੇ ਵਿਚ ਕੁਝ ਵਾਪਰਦਾ ਹੈ ਤਾਂ ਮੈਂ ਇਸ ਤਰ੍ਹਾਂ ਦਾ ਝੂਠ ਬੋਲ ਕੇ ਉਸ ਤੋਂ ਪਾਸਾ ਨਹੀਂ ਵੱਟ ਸਕਦਾ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗੋਲੀਬਾਰੀ ਤੋਂ ਪਹਿਲਾਂ ਬਾਦਲ ਨੂੰ 22 ਕਾਲਾਂ ਕੀਤੀਆਂ ਗਈਆਂ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਝੂਠ ਬੋਲਣ ਦਾ ਮਾਹਿਰ ਹੈ। ਉਸ ਨੇ ਮੁੱਖ ਮੰਤਰੀ ਬਨਣ ਲਈ ਹਰ ਵਾਰ ਝੂਠ ਦਾ ਸਹਾਰਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਉਸ ਅਕਾਲੀ ਆਗੂ ਨੂੰ ਨਿੱਜੀ ਤੌਰ ’ਤੇ ਬਹੁਤ ਨੇੜਿਓਂ ਜਾਣਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਜ਼ਿਆਦਾ ਬੁਜਦਿੱਲ ਹੈ। ਜਦੋਂ ਉਸ ਨੂੰ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਖਿਸਕ ਜਾਂਦਾ ਹੈ। ਸੂਬੇ ਵਿਚ ਫਿਰਕੂ ਤਣਾਅ ਪੈਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁਧ ਸਖਤ ਕਾਰਵਾਈ ਕਰਨ ਦੀ ਗਲ ਆਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਹਾਲਤ ਵਿਚ ਸੂਬੇ ’ਚ ਸ਼ਾਤੀ ਬਣਾਈ ਰਖਣ ਦੇ ਉਦੇਸ਼ ਨਾਲ ਬੇਅਦਬੀ ਵਿਰੋਧੀ ਕਾਨੂੰਨ ਨੂੰ ਸਖਤ ਬਣਾ ਰਹੀ ਹੈ। ਮੁਖ ਮੰਤਰੀ ਨੇ ਬਠਿੰਡਾ ਵਿਖੇ ਏਮਜ਼ ਦੇ ਪ੍ਰਾਜੈਕਟ ਸਬੰਧੀ ਲੋਕਾਂ ਨੂੰ ਨੰਗੇ-ਚਿੱਟੇ ਝੂਠ ਨਾਲ ਗੁੰਮਰਾਹ ਕਰਨ ਵਾਸਤੇ ਹਰਸਿਮਰਤ ਬਾਦਲ ਦੀ ਆਲੋਚਨਾ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਸ.ਆਈ.ਟੀ ਨੂੰ ਘਟਨਾਵਾਂ ਦੀ ਤਹਿ ਤਕ ਜਾਣ ਲਈ ਸਮਾਂ ਦਿਤੇ ਜਾਣ ਦੀ ਜ਼ਰੂਰਤ ਹੈ। ਸਰਕਾਰ ਇਸ ਮਾਮਲੇ ਨੂੰ ਪੂਰੇ ਤਰਦਦ ਨਾਲ ਅਗੇ ਖੜ੍ਹ ਰਹੀ ਹੈ ਪਰ ਇਕ ਦਮ ਸਭ ਕੁਝ ਕੀਤੇ ਜਾਣ ਲਈ ਕੋਈ ਜਾਦੂ ਦੀ ਛੜੀ ਨਹੀਂ ਹੈ। ਉਨ੍ਹਾਂ ਨੇ ਬਅਦਬੀ ਦੇ ਇਨ੍ਹਾਂ ਨਾਜ਼ੁਕ ਮੁਦਿਆਂ ਦਾ ਸਿਆਸੀਕਰਨ ਕਰਨ ਵਿਰੁਧ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੇਤਾਵਨੀ ਦਿਤੀ। ਚੋਣਾਂ ਤੋਂ ਪਹਿਲਾਂ ਫਿਰਕੂ ਝਗੜੇ ਕਰਵਾਉਣ ਲਈ ਬਾਦਲਾਂ ਦੀ ਰਣਨੀਤੀ ਬਾਰੇ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਜਾਗਰੂਕ ਹੋਣ ਦੇ ਸਬੰਧ ਵਿਚ ਮੁਖ ਮੰਤਰੀ ਨੇ ਕਿਹਾ ਕਿ ਅਕਾਲੀ ਪਾਕਿਸਤਾਨ ਦੀ ਆਈ.ਐਸ.ਆਈ ਦੇ ਹੱਥਾਂ ਵਿਚ ਖੇਡ ਰਹੇ ਹਨ ਜੋ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਵੀ ਗਰਮਖਿਆਲੀ ਨਹੀਂ ਹੈ ਅਤੇ ਪੰਜਾਬ ਦੇ ਲੋਕ ਸ਼ਾਂਤੀ ਅਤੇ ਵਿਕਾਸ ਚਾਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਗੜਬੜ ਪੈਦਾ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੋਂ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਅਜਿਹੇ ਘਿਨਾਉਣੇ ਇਰਾਦਿਆਂ ਨੂੰ ਕਿਸੇ ਵੀ ਸੂਰਤ ਵਿਚ ਬੂਰ ਨਹੀਂ ਪੈਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ ਉੱਤੇ ਸਿੱਧੂ ਨੇ ਪਾਕਿਸਤਾਨ ਫੌਜ ਦੇ ਮੁਖੀ ਬਾਜਵਾ ਨਾਲ ਗੱਲਬਾਤ ਕਰਕੇ ਚੰਗਾ ਕੀਤਾ ਪਰ ਇਹ ਮੰਦਭਾਗੀ ਗੱਲ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਪ੍ਰਗਤੀ ਸਬੰਧੀ ਇਸਲਾਮਾਬਾਦ ਨੇ ਰਿਪੋਰਟਾਂ ਨੂੰ ਰੱਦ ਕਰ ਦਿੱਤਾ। ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਉਨ੍ਹਾਂ ਸ਼ੰਕਾ ਪ੍ਰਗਟ ਕੀਤੀ ਕਿ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਫੌਜ ਦੇ ਪਰਛਾਵੇਂ ਤੋਂ ਬਾਹਰ ਆ ਸਕੇਗਾ। ਮੁੱਖ ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਕਿ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪੰਜਾਬ ਦੀਆਂ ਸਾਰੀਆਂ ਦੀਆਂ ਸਾਰੀਆਂ 13 ਸੀਟਾਂ ਉੱਤੇ ਹੁੰਝਾ ਫੇਰੇਗੀ ਅਤੇ ਰਾਹੁਲ ਗਾਂਧੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਉਭਰਣਗੇ।

Comments are closed.

COMING SOON .....


Scroll To Top
11