Saturday , 26 May 2018
Breaking News
You are here: Home » PUNJAB NEWS » ਬਰਤਾਨਵੀ ਸਫ਼ੀਰਾਂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

ਬਰਤਾਨਵੀ ਸਫ਼ੀਰਾਂ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ, 11 ਅਗਸਤ (ਬਲਜੀਤ ਸਿੰਘ ਬਰਾੜ)- ਬਰਤਾਨਵੀ ਹਾਈ ਕਮਿਸ਼ਨਰ ਅਤੇ ਡਿਪਟੀ ਹਾਈ ਕਮਿਸ਼ਨਰ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਖੇਤੀਬਾੜੀ ਅਤੇ ਹੋਰ ਸਹਾਇਕ ਕਿੱਤਿਆਂ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨਾਲ ਸਹਿਯੋਗ ਕਰਨ ’ਤੇ ਵਿਚਾਰ-ਚਰਚਾ ਕੀਤੀ। ਕੈਪਟਨ ਅਮਰਿੰਦਰ ਸਿੰਘ ਦੀ ਇੱਥੇ ਸਥਿਤ ਸਰਕਾਰੀ ਰਿਹਾਇਸ਼ ’ਤੇ ਹੋਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਾਈ ਕਮਿਸ਼ਨਰ ਸਰ ਡੋਮਿਨਿਕ ਐਸਕਿਊਥ ਅਤੇ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਇਰ ਨਾਲ ਉਨ੍ਹਾਂ ਦੀਆਂ ਪਤਨੀਆਂ ਕ੍ਰਮਵਾਰ ਲੂਈਜ਼ ਐਸਕਿਊਥ ਅਤੇ ਬੇਟਿਨਾ ਆਇਰ ਵੀ ਨਾਲ ਸਨ। ਦੋਵੇਂ ਜੋੜਿਆਂ ਨੇ ਮੁੱਖ ਮੰਤਰੀ ਨਾਲ ਆਪਸੀ ਦਿਲਚਸਪੀ ਵਾਲੇ ਵੱਖ-ਵੱਖ ਵਿਸ਼ਿਆਂ ’ਤੇ ਗੱਲਬਾਤ ਕੀਤੀ। ਇਨ੍ਹਾਂ ਸਫ਼ੀਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁਲਕ ਖੇਤੀਬਾੜੀ, ਹੁਨਰ ਵਿਕਾਸ, ਫੂਡ ਪ੍ਰੋਸੈਸਿੰਗ ਅਤੇ ਕੋਲਡ ਚੇਨ ਵਿਕਾਸ ਦੇ ਮੁੱਖ ਖੇਤਰਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨਾਲ ਮਿਲਵਰਤਣ ਦਾ ਇਛੁੱਕ ਹੈ। ਉਨ੍ਹਾਂ ਨੇ ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਲਈ ਵੀ ਦਿਲਚਸਪੀ ਜ਼ਾਹਰ ਕੀਤੀ ਜਿਸ ਦਾ ਮੁੱਖ ਮੰਤਰੀ ਨੇ ਸਵਾਗਤ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਤਾਨਵੀ ਸਰਕਾਰ ਦੇ ਆਪਣੇ ਹਮਰੁਤਬਾ ਵਾਲੇ ਅਧਿਕਾਰੀਆਂ ਨਾਲ ਮਿਲ ਕੇ ਪੰਜਾਬ ਅਤੇ ਇੰਗਲੈਂਡ ਦਰਮਿਆਨ ਆਪਸੀ ਸਹਿਮਤੀ ਵਾਲੇ ਵਿਸ਼ਿਆਂ ਵਿੱਚ ਵਪਾਰਕ ਸਹਿਯੋਗ ਬਾਰੇ ਹੋਈ ਚਰਚਾ ਨੂੰ ਅੱਗੇ ਵਧਾਇਆ ਜਾਵੇ। ਵਫ਼ਦ ਨੇ ਡੇਅਰੀ ਫਾਰਮਿੰਗ ਵਿੱਚ ਵੀ ਗਹਿਰੀ ਦਿਲਚਸਪੀ ਵਿਖਾਈ ਜਿਸ ਸਬੰਧੀ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਇਸ ਕਿੱਤੇ ਨੂੰ ਸੰਕਟ ਵਿੱਚ ਡੁੱਬੇ ਕਿਸਾਨਾਂ ਲਈ ਆਮਦਨ ਦੇ ਬਦਲਵੇਂ ਸਰੋਤ ਵਜੋਂ ਉਭਾਰਨ ਲਈ ਸਿਰ ਤੋੜ ਯਤਨ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨਵੀ ਦੂਤਾਂ ਪਾਸੋਂ ਸੂਬੇ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗਣ ਨੂੰ ਠੱਲ੍ਹ ਪਾਉਣ ਲਈ ਸੂਬਾ ਸਰਕਾਰ ਦੇ ਯਤਨਾਂ ਵਿੱਚ ਸਹਿਯੋਗ ਕਰਨ ਦੀ ਮੰਗ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਅਤੇ ਇਸ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕ ਰਹੀ ਹੈ ਅਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉਚਾ ਚੁੱਕਣ ਲਈ ਕਿਸੇ ਨਵੀਨ ਸੁਝਾਅ ਦਾ ਸਵਾਗਤ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਬਰਤਾਨੀਆ ਦੇ ਵਫ਼ਦ ਨੇ ਮੁੱਖ ਮੰਤਰੀ ਨੂੰ ਪਾਣੀ ਦੀ ਸੰਭਾਲ ਅਤੇ ਮੁੱਖ ਮੰਤਰੀ ਵੱਲੋਂ ਵਿਚਾਰੇ ਹੋਰ ਖੇਤਰਾਂ ਲਈ ਸੂਬਾ ਸਰਕਾਰ ਦੇ ਯਤਨਾਂ ਲਈ ਮਦਦ ਦੇਣ ਵਾਸਤੇ ਹਰ ਸੰਭਵ ਉਪਰਾਲੇ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਮੁੱਖ ਮੰਤਰੀ ਨੇ ਹਾਈ ਕਮਿਸ਼ਨਰ ਨੂੰ ਪਿਆਰ ਤੇ ਸਨੇਹ ਵਜੋਂ ਫੌਜ ਦੇ ਇਤਿਹਾਸ ਬਾਰੇ ਆਪਣੀਆਂ ਕਿਤਾਬਾਂ ਦੀਆਂ ਕਾਪੀਆਂ ਵੀ ਭੇਟ ਕੀਤੀਆਂ।

Comments are closed.

COMING SOON .....
Scroll To Top
11