ਜੱਥੇਦਾਰ ਵੱਲੋਂ ਬਰਗਾੜੀ ਵਿਖੇ ਮੋਰਚਾ ਸਥਾਨ ’ਤੇ ਪਹੁੰਚੇ ‘ਪੰਜਾਬ ਟਾਇਮਜ਼’ ਦੇ ਸੰਪਾਦਕ ਦਾ ਵਿਸ਼ੇਸ਼ ਸਨਮਾਨ
ਬਰਗਾੜੀ (ਫਰੀਦਕੋਟ), 30 ਨਵੰਬਰ- ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਆਖਿਆ ਹੈ ਕਿ ਬਰਗਾੜੀ ਦਾ ਇਨਸਾਫ ਮੋਰਚਾ ਫਤਹਿ ਹਾਸਿਲ ਤੱਕ ਜਾਰੀ ਰਹੇਗਾ। ਉਨ੍ਹਾਂ ਦ੍ਰਿੜਤਾ ਨਾਲ ਇਹ ਦੁਹਰਾਇਆ ਕਿ ਇਹ ਮੋਰਚਾ ਕਿਸੇ ਵੀ ਸੂਰਤ ਵਿੱਚ ਅੱਧ ਵਿਚਕਾਰ ਨਹੀਂ ਛੱਡਿਆ ਜਾਵੇਗਾ।
ਭਾਈ ਧਿਆਨ ਸਿੰਘ ਮੰਡ ਇੱਥੇ ‘ਪੰਜਾਬ ਟਾਇਮਜ਼’ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਨਾਲ ਮੁਲਾਕਾਤ ਸਮੇਂ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਇਸ ਮੌਕੇ ’ਤੇ ਭਾਈ ਮੰਡ ਵੱਲੋਂ ਮੋਰਚਾ ਸਥਾਨ ’ਤੇ ਸ. ਬਲਜੀਤ ਸਿੰਘ ਬਰਾੜ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਮੋਰਚੇ ਦੀ ਵਿਸ਼ੇਸ਼ ਕਵਰੇਜ ਲਈ ਪੰਜਾਬ ਟਾਇਮਜ਼ ਦੇ ਉਚੇਚੇ ਤੌਰ ’ਤੇ ਧੰਨਵਾਦ ਵੀ ਕੀਤਾ। ਸ. ਮੰਡ ਨੇ ਕਿਹਾ ਕਿ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਕੋਟਕਪੁਰਾ ਅਤੇ ਬਰਗਾੜੀ ਗੋਲੀ ਕਾਂਡ ਅਤੇ ਸਿੱਖ ਨਜ਼ਰਬੰਦਾਂ ਦੀ ਰਿਹਾਈ ਦੇ ਸਬੰਧ ਵਿੱਚ ਕੌਮ ਨੂੰ ਇਨਸਾਫ ਨਹੀਂ ਮਿਲਦਾ ਤਦ ਤੱਕ ਬਰਗਾੜੀ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖ ਸੰਗਤਾਂ ਵੱਲੋਂ ਮੋਰਚੇ ਨੂੰ ਪੂਰਨ ਸਮਰਥਨ ਦਿੱਤਾ ਜਾ ਰਿਹਾ ਹੈ। ਬਰਗਾੜੀ ਮੋਰਚੇ ਦੀ ਤਰਫੋਂ ਤਿੰਨ ਵੱਡੇ ਇਕੱਠ ਇਸ ਗੱਲ ਦਾ ਸਬੂਤ ਹਨ ਕਿ ਸਿੱਖ ਕੌਮ ਹੁਣ ਆਰ-ਪਾਰ ਦੀ ਇਸ ਲੜਾਈ ਲਈ ਇੱਕਮੁਠ ਅਤੇ ਦ੍ਰਿੜ ਹੈ। ਉਨ੍ਹਾਂ ਨੇ ਪੰਥ ਵਿਰੋਧੀ ਤਾਕਤਾਂ ਵੱਲੋਂ ਮੋਰਚੇ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਮੋਰਚੇ ਦੇ ਸਾਰੇ ਆਗੂ ਇਸ ਗੱਲ ਲਈ ਪੂਰੀ ਤਰ੍ਹਾਂ ਦ੍ਰਿੜ ਅਤੇ ਇੱਕਮੁਠ ਹਨ ਕਿ ਜਦ ਤੱਕ ਤਿੰਨੇ ਪ੍ਰਮੁੱਖ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਦੋਸ਼ੀਆਂ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ ਤਦ ਤੱਕ ਬਰਗਾੜੀ ਦਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਭਾਈ ਮੰਡ ਨੇ ਕਿਹਾ ਕਿ ਨਿੱਜੀ ਤੌਰ ’ਤੇ ਵੀ ਉਹ ਇਸ ਖਿਆਲ ਦੇ ਹਨ ਕਿ ਕੋਈ ਵੀ ਮੁਹਿੰਮ ਛੇੜੀ ਜਾਵੇ ਤਾਂ ਉਸ ਨੂੰ ਸਿਰੇ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਆਪਣਾ ਸਾਰਾ ਧਿਆਨ ਮੋਰਚੇ ਉਪਰ ਕੇਂਦਰਿਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਸਿਰਫ ਇੱਕੋ ਖਿਆਲ ਹੈ ਕਿ ਕੌਮ ਨੂੰ ਇਨਸਾਫ ਲੈ ਕੇ ਦੇਣਾ ਹੈ। ਉਹ ਇਸ ਮੋਰਚੇ ਦੀ ਸਫਲਤਾ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਮੋਰਚੇ ਦੇ ਕਿਸੇ ਵੀ ਆਗੂ ਦਾ ਕੋਈ ਨਿੱਜੀ ਹਿੱਤ ਇਸ ਨਾਲ ਨਹੀਂ ਜੁੜਿਆ ਹੋਇਆ। ਸਾਰੀ ਲੜਾਈ ਕੌਮੀ ਹਿੱਤਾਂ ਲਈ ਲੜੀ ਜਾ ਰਹੀ ਹੈ। ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਘੱਟੋ-ਘੱਟ ਇੱਕ ਵਾਰ ਬਰਗਾੜੀ ਮੋਰਚੇ ਵਿੱਚ ਜ਼ਰੂਰ ਸ਼ਮੂਲੀਅਤ ਕਰਨ ਤਾਂ ਜੋ ਉਹ ਪੰਥ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਸਕਣ। ਇੱਥੇ ਜ਼ਿਕਰਯੋਗ ਹੈ ਕਿ ਭਾਈ ਧਿਆਨ ਸਿੰਘ ਮੰਡ ਦੇ ਪਰਿਵਾਰ ਨੇ ਸਿੱਖ ਧਰਮ ਯੁੱਧ ਮੋਰਚੇ ਵਿੱਚ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਇਨ੍ਹਾਂ ਕੁਰਬਾਨੀਆਂ ਕਾਰਨ ਹੀ ਭਾਈ ਧਿਆਨ ਸਿੰਘ ਮੰਡ ਫਿਰੋਜ਼ਪੁਰ ਤੋਂ ਭਾਰੀ ਵੋਟਾਂ ਦੇ ਫਰਕ ਨਾਲ ਮੈਂਬਰ ਪਾਰਲੀਮੈਂਟ ਬਣੇ ਸਨ।
ਭਾਈ ਮੰਡ ਨੇ ਦੀ ਅਗਵਾਈ ਹੇਠ ਬਰਗਾੜੀ ਇਨਸਾਫ ਮੋਰਚਾ ਹੋਲੀ-ਹੋਲੀ ਫਤਹਿ ਵੱਲ ਵਧ ਰਿਹਾ ਹੈ। ਇਸ ਮੋਰਚੇ ਕਾਰਨ ਪੰਥ ਵਿਰੋਧੀ ਤਾਕਤਾਂ ਖਾਸ ਤੌਰ ’ਤੇ ਬਾਦਲ ਪਰਿਵਾਰ ਨੂੰ ਲਾਹਨਤਾਂ ਪੈ ਰਹੀਆਂ ਹਨ। ਉਨ੍ਹਾਂ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਸਿੱਖ ਪੰਥ ਹੁਣ ਜਾਗ ਪਿਆ ਹੈ ਅਤੇ ਪੰਥ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਇਸ ਮੌਕੇ ’ਤੇ ਸਾਬਕਾ ਮੈਂਬਰ ਪਾਰਲੀਮੈਂਟ ਸ. ਰਾਜਦੇਵ ਸਿੰਘ ਬਰਨਾਲਾ, ਸ. ਏਕਮਜੀਤ ਸਿੰਘ ਬਰਾੜ ਵੀ ਹਾਜ਼ਰ ਸਨ।
ਇੱਥੇ ਜ਼ਿਕਰਯੋਗ ਹੈ ਕਿ ਬਰਗਾੜੀ ਮੋਰਚੇ ਕਾਰਨ ਭਾਈ ਮੰਡ ਪ੍ਰਮੁੱਖ ਸਿੱਖ ਰਹਿਨੁਮਾ ਵਜੋਂ ਉਭਰ ਆਏ ਹਨ। ਕੌਮ ਦੀਆਂ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ।