Wednesday , 20 March 2019
Breaking News
You are here: Home » EDITORIALS » ਫੌਜ ਦੇ ਕਾਰਜ ਦੀ ਸਮੀਖਿਆ ਹੋਵੇ

ਫੌਜ ਦੇ ਕਾਰਜ ਦੀ ਸਮੀਖਿਆ ਹੋਵੇ

ਦੇਸ਼ ਦੀਆਂ ਸਾਰੀਆਂ ਸਰਹੱਦ ’ਤੇ ਇਸ ਸਮੇਂ ਹਾਲਾਤ ਕੁਝ ਸਾਜ਼ਗਾਰ ਨਹੀਂ ਹਨ। ਸਾਰੀਆਂ ਸਰਹੱਦਾਂ ਉਪਰ ਵੱਡੇ ਖਤਰੇ ਬਣੇ ਹੋਏ ਹਨ। ਇਸ ਲਈ ਸਰਹੱਦਾਂ ’ਤੇ ਚੌਕਸੀ ਵਧਾਈ ਜਾਣੀ ਚਾਹੀਦੀ ਹੈ। ਸੁਰੱਖਿਆ ਦਸਤਿਆਂ ਨੂੰ ਹੋਰ ਵਧੇਰੇ ਚੁਸਤ ਅਤੇ ਦਰੁਸਤ ਕੀਤਾ ਜਾਵੇ। ਸੁਰੱਖਿਆ ਦਸਤਿਆਂ ਨਾਲ ਜੁੜੇ ਪ੍ਰਬੰਧਾਂ ਵਿੱਚ ਕਮੀਆਂ ਨੂੰ ਵੀ ਤੁਰੰਤ ਦੂਰ ਕੀਤਾ ਜਾਵੇ। ਇਸ ਦੇ ਨਾਲ ਹੀ ਫੌਜ ਨੂੰ ਵਧੇਰੇ ਸਮਰੱਥਾ ਅਤੇ ਮੁਹਾਰਤ ਪ੍ਰਾਪਤ ਬਣਾਉਣ ਲਈ ਵੀ ਯਤਨ ਹੋਣੇ ਚਾਹੀਦੇ ਹਨ। ਫੌਜ ਦੇ ਉਪਰ ਹੋ ਰਹੇ ਬੇਲੋੜੇ ਖਰਚੇ ਵੀ ਰੋਕੇ ਜਾਣੇ ਚਾਹੀਦੇ ਹਨ। ਇਹ ਪੈਸਾ ਬਚਾਅ ਕੇ ਫੌਜ ਦੀ ਬੇਹਤਰੀ ਅਤੇ ਸਿਵਲ ਕਾਰਜਾਂ ਲਈ ਲਾਇਆ ਜਾਣਾ ਚਾਹੀਦਾ ਹੈ। ਗੁਆਂਢੀ ਦੇਸ਼ ਚੀਨ ਵੀ ਇਸ ਸਿਲਸਿਲੇ ਵਿੱਚ ਵੱਡੇ ਕਦਮ ਚੁੱਕ ਰਿਹਾ ਹੈ। ਭਾਰਤ ਦੇ ਕੇਂਦਰੀ ਰਖਿਆ ਮੰਤਰਾਲੇ ਦੀ ਇਕ ਕਮੇਟੀ ਨੇ ਕੁਝ ਸਮਾਂ ਪਹਿਲਾਂ ਭਾਰਤੀ ਥਲ ਸੈਨਾ ਦੇ ਅਮਲੇ ਵਿੱਚ ਭਾਰੀ ਕਟੌਤੀ ਦੀ ਸਿਫਾਰਸ਼ ਕੀਤੀ ਸੀ। ਇਸ ਕਮੇਟੀ ਦੀ ਰਿਪੋਰਟ ਵਿੱਚ ਖਰਚਿਆਂ ਨੂੰ ਘੱਟ ਕਰਨ ਲਈ ਕੁੱਝ ਫੌਜੀ ਸੰਸਥਾਵਾਂ ਨੂੰ ਬੰਦ ਕਰਨ ਅਤੇ ਕੁਝ ਹੋਰ ਦਾ ਆਕਾਰ ਛੋਟਾ ਕਰਨ ਦੀ ਸਲਾਹ ਵੀ ਦਿੱਤੀ ਗਈ ਸੀ। ਕੇਂਦਰੀ ਰੱਖਿਆ ਮੰਤਰਾਲੇ ਨੇ ਫੌਜ ਨੂੰ ਚੁਸਤ-ਦਰੁਸਤ ਅਤੇ ਵਧੇਰੇ ਹੁਨਰਮੰਦ ਬਣਾਉਣ ਲਈ ਲੈਫਟੀਨੇਂਟ ਜਨਰਲ ਡੀਵੀ ਸ਼ੇਕਤਕਰ ਦੀ ਪ੍ਰਧਾਨਗੀ ਹੇਠ ਇਸ ਸਬੰਧੀ ਇਕ ਕਮੇਟੀ ਗਠਿਤ ਕੀਤੀ ਸੀ। ਇਸ ਕਮੇਟੀ ਨੂੰ ਹਥਿਆਰਬੰਦ ਫੌਜਾਂ ਦੇ ਵੱਖ-ਵੱਖ ਅੰਗਾਂ ਵਿੱਚ ਕੰਮਕਾਜ ਦੀ ਵਿਸਥਾਰ ਨਾਲ ਸਮੀਖਿਆ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਕਮੇਟੀ ਨੂੰ ਫੌਜ ਦੀ ਯੁੱਧ ਸਮਰੱਥਾ ਅਤੇ ਮੁਹਾਰਤ ਵਧਾਉਣ ਲਈ ਉਪਾਅ ਸੁਝਾਉਣ ਲਈ ਵੀ ਕਿਹਾ ਗਿਆ ਸੀ। ਇਸ ਅਹਿਮ ਕਮੇਟੀ ਨੇ ਆਪਣੀ ਰਿਪੋਰਟ ਪਿਛਲੇ ਸਾਲ ਰਖਿਆ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਇਸ ਰਿਪੋਰਟ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਬਹੁਤ ਹੀ ਅਹਿਮ ਅਤੇ ਲਾਗੂ ਕਰਨ ਯੋਗ ਹਨ। ਪਰ ਦੁੱਖ ਦੀ ਗੱਲ ਹੈ ਕਿ ਹਾਲੇ ਤੱਕ ਇਨ੍ਹਾਂ ਰਿਪੋਰਟਾਂ ਦੀਆਂ ਸਿਫਾਰਸ਼ਾਂ ਉਪਰ ਕੋਈ ਅਮਲ ਨਹੀਂ ਹੋਇਆ। ਜੇਕਰ ਸਰਕਾਰ ਸ਼ੇਕਤਕਰ ਕਮੇਟੀ ਦੀ ਰਿਪੋਰਟ ਉਪਰ ਅਮਲ ਕਰੇ ਤਾਂ ਅਗਲੇ ਪੰਜ ਸਾਲਾ ਵਿੱਚ ਫੌਜੀ ਖਰਚਿਆਂ ’ਚੋਂ 25 ਤੋਂ 30 ਹਜ਼ਾਰ ਕਰੋੜ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਬਜਟ ’ਚ ਕਟੌਤੀ ਦੇ ਕਾਰਨ ਹੋਣ ਵਾਲੀ ਬਚਤ ਦਾ ਪ੍ਰਯੋਗ ਬੇਸ਼ਕ ਫੌਜ ਦੀ ਸਮਰੱਥਾ ਵਧਾਉਣ ਲਈ ਹੀ ਕਰ ਲਿਆ ਜਾਵੇ। ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਦੇ ਤਹਿਤ ਕੰਮ ਕਰਨ ਵਾਲੀਆਂ ਗੈਰ ਲੜਾਕੂ ਸੰਸਥਾਵਾਂ ਜਿਸ ਤਰ੍ਹਾਂ ਰੱਖਿਆ ਸੰਪਦਾ, ਰੱਖਿਆ ਲੇਖਾ ਵਿਭਾਗ, ਡੀ.ਜੀ ਕਿਊ., ਆਰਡੀਨੈਸ ਫੈਕਟਰੀ ਬੋਰਡ, ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ, ਨੈਸ਼ਨਲ ਕੈਡਿਟ ਕੌਰ ਦੇ ਕੰਮਕਾਜ ਦੀ ਸਮੀਖਿਆ ਹੋਣੀ ਚਾਹੀਦੀ ਹੈ। ਰਖਿਆ ਮੰਤਰਾਲੇ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਫੌਜ ਅਤੇ ਫੌਜ ਨਾਲ ਜੁੜੀਆਂ ਹੋਰ ਸੰਸਥਾਵਾਂ ਦੇ ਕੰਮਕਾਜ ਨੂੰ ਚੁਸਤ ਦਰੁਸਤ ਬਣਾਉਣ ਲਈ ਤੁਰੰਤ ਯਤਨ ਸ਼ੁਰੂ ਕਰੇ ਤਾਂ ਜੋ ਬੇਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਇਕ ਫਰਵਰੀ ਨੂੰ ਭਾਰਤ ਦਾ ਕੌਮੀ ਬਜਟ ਪੇਸ਼ ਕੀਤਾ ਜਾਣਾ ਹੈ। ਇਸ ਬਜਟ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਸਤਾਵ ਲਿਆਂਦੇ ਜਾਣ। ਫੌਜੀ ਖਰਚਿਆਂ ਵਿੱਚ ਕਟੌਤੀ ਕਰਨਾ ਇਕ ਹੋਰ ਵੱਡਾ ਮਸਲਾ ਹੈ। ਇਨ੍ਹਾਂ ਦੋਵਾਂ ਮੁੱਦਿਆਂ ਉਪਰ ਤੁਰੰਤ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11