Sunday , 5 April 2020
Breaking News
You are here: Home » Religion » ਪੰਜਾਬ ਸਰਕਾਰ ਨੇ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੀਤਾ ਸਰਕਾਰੀ ਮੈਗਜ਼ੀਨਾਂ ਦਾ ਨਵੰਬਰ ਅੰਕ

ਪੰਜਾਬ ਸਰਕਾਰ ਨੇ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੀਤਾ ਸਰਕਾਰੀ ਮੈਗਜ਼ੀਨਾਂ ਦਾ ਨਵੰਬਰ ਅੰਕ

500ਵੇਂ ਪ੍ਰਕਾਸ਼ ਪੁਰਬ ਮੌਕੇ ਤਤਕਾਲੀ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਵਲੋਂ ਦਿੱਤਾ ਭਾਸ਼ਣ ਵੀ ਕੀਤਾ ਸ਼ਾਮਿਲ

ਚੰਡੀਗੜ੍ਹ/ਸੁਲਤਾਨਪੁਰ ਲੋਧੀ, 9 ਨਵੰਬਰ – ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਸਰਕਾਰੀ ਮੈਗਜ਼ੀਨਾਂ ਦਾ ਨਵੰਬਰ ਦਾ ਅੰਕ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਵਿਚ ਪਹਿਲੀ ਪਾਤਸ਼ਾਹੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਤਤਕਾਲੀ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਵਲੋਂ ਦਿੱਤਾ ਗਿਆ ਭਾਸ਼ਣ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਅਤੇ ਹੋਰਨਾਂ ਵਿਦਵਾਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਬਾਰੇ ਸਮੇਂ-ਸਮੇਂ ‘ਤੇ ਲਿਖੇ ਵਿਚਾਰਾਂ ਦਾ ਤਰਜਮਾ ਕਰਕੇ ਛਾਪਿਆ ਗਿਆ ਹੈ।ਗੁਰੂ ਨਾਨਕ ਦੇਵ ਜੀ ਬਾਰੇ ਛਾਪੇ ਗਏ ਵਿਸ਼ੇਸ਼ ਅੰਕ ਵਿਚ ਸਿੱਖ ਇਤਿਹਾਸ ਵਿਚ ਰਾਗ ਆਧਾਰਤ ਗੁਰਬਾਣੀ ਗਾਇਨ ਦੇ ਆਧਾਰ ‘ਰਬਾਬ’ ਬਾਰੇ ਉੱਘੇ ਲੇਖਕ ਰਵੀ ਪੰਧੇਰ ਵੱਲੋਂ ਲਿਖਿਆ ਖੋਜ ਭਰਪੂਰ ਲੇਖ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਰਬਾਬ ਦੀ ਇਤਿਹਾਸਕ ਮਹੱਤਤਾ ਅਤੇ ਉਸਦੀਆਂ ਦੋ ਵੱਖ-ਵੱਖ ਸ਼੍ਰੇਣੀਆਂ ‘ਕਸ਼ਮੀਰੀ ਅਤੇ ਹਿੰੰਦੋਸਤਾਨੀ’ ਰਬਾਬ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਡਾ. ਉੱਜਲ ਸਿੰਘ ਤੇ ਪ੍ਰਸਿੱਧ ਲੇਖਕ ਡਾ. ਮਹੀਪ ਸਿੰਘ ਸਮੇਤ ਵੱਖ-ਵੱਖ ਯੂਨੀਵਰਸਿਟੀਆਂ ਤੇ ਖੋਜਸੰਸਥਾਵਾਂ ਦੇ ਇਤਿਹਾਸਕਾਰਾਂ ਵੱਲੋਂ ਵੀ ਲੇਖ ਲਿਖੇ ਗਏ ਹਨ।ਪੰਜਾਬ ਸਰਕਾਰ ਵਲੋਂ ਇੱਕ ਹੋਰ ਵੱਡਾ ਉਪਰਾਲਾ ਕਰਦਿਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ‘ਚ ਪ੍ਰਕਾਸ਼ਤ ਕੀਤੇ ਗਏ ਇਨ੍ਹਾਂ ਰਸਾਲਿਆਂ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਗਤ ਵਿਚ ਮੁਫ਼ਤ ਵੰਡਿਆ ਜਾ ਰਿਹਾ ਹੈ। ਇਸ ਵਿਚ 60 ਹਜ਼ਾਰ ਵਿਕਾਸ ਜਾਗ੍ਰਿਤੀ ਮੈਗ਼ਜ਼ੀਨ (ਪੰਜਾਬੀ), 15 ਹਜ਼ਾਰ ਵਿਕਾਸ ਜਾਗ੍ਰਿਤੀ ਮੈਗ਼ਜ਼ੀਨ (ਹਿੰਦੀ) ਅਤੇ 25 ਹਜ਼ਾਰ ਅਡਵਾਂਸ ਮੈਗ਼ਜ਼ੀਨ (ਅੰਗਰੇਜ਼ੀ), 40 ਹਜ਼ਾਰ ਬਰੋਸ਼ਰ (ਪੰਜਾਬੀ), 35 ਹਜ਼ਾਰ ਬਰੋਸ਼ਰ (ਅੰਗਰੇਜ਼ੀ), ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ 5-5 ਹਜ਼ਾਰ ਫਲੇਅਰ ਅਤੇ 15 ਹਜ਼ਾਰ ਵੈਲਕਮ ਫੋਲਡਰ ਸ਼ਾਮਿਲ ਹਨ। ਪ੍ਰਕਾਸ਼ਨਾ ਨੂੰ ਮੁਫ਼ਤ ਵੰਡਣ ਦਾ ਮੁੱਖ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ, ਜੀਵਨ, ਉਦਾਸੀਆਂ ਅਤੇ ਉਨ੍ਹਾਂ ਨਾਲ ਜੁੜੇ ਹੋਰਨਾਂ ਪੱਖਾਂ ਤੋਂ ਜਾਣੂੰ ਕਰਵਾਉਣਾ ਹੈ।ਮੁਫ਼ਤ ਵੰਡੇ ਜਾ ਰਹੇ ਸਾਹਿਤ ਨੂੰ ਲੈ ਕੇ ਸੰਗਤਾਂ ‘ਚ ਵੀ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ ਸਰਧਾਲੂ ਪੂਰੇ ਸਤਿਕਾਰ ਸਹਿਤ ਇਨ੍ਹਾਂ ਰਸਾਲਿਆਂ ਨੂੰ ਸਵੀਕਾਰ ਕਰ ਰਹੇ ਹਨ। ਇਸ ਮੌਕੇ ਪਿੰਡ ਵਾਟਾਂਵਾਲੀ ਕਲਾਂ ਦੇ ਪੈਰਿਸ (ਫਰਾਂਸ) ਰਹਿਣ ਵਾਲੇ ਸੁਖਦੇਵ ਸਿੰਘ ਤੇ ਉਨ੍ਹਾਂ ਦੀ ਪਤਨੀ ਜੋ ਕਿ ਵਿਸ਼ੇਸ਼ ਤੌਰ ‘ਤੇ ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਦਰਸ਼ਨ ਕਰਨ ਆਏ ਸਨ, ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਆਪਣੇ ਨਾਲ ਵਿਦੇਸ਼ ਲਿਜਾ ਕੇ ਸੰਗਤ ‘ਚ ਵੰਡਣ ਲਈ 100 ਤੋਂ ਵੱਧ ਰਸਾਲੇ ਲੈ ਕੇ ਗਏ।

Comments are closed.

COMING SOON .....


Scroll To Top
11