Thursday , 27 June 2019
Breaking News
You are here: Home » BUSINESS NEWS » ਪੰਜਾਬ ਵਿਚ 1350 ਕਰੋੜ ਦੀ ਲਾਗਤ ਨਾਲ ਉਸਾਰੇ ਜਾਣਗੇ 32 ਨਵੇਂ ਰੇਲਵੇ ਓਵਰ ਬ੍ਰਿਜ਼ : ਸਿੰਗਲਾ

ਪੰਜਾਬ ਵਿਚ 1350 ਕਰੋੜ ਦੀ ਲਾਗਤ ਨਾਲ ਉਸਾਰੇ ਜਾਣਗੇ 32 ਨਵੇਂ ਰੇਲਵੇ ਓਵਰ ਬ੍ਰਿਜ਼ : ਸਿੰਗਲਾ

ਮਾਝਾ ਖੇਤਰ ਵਿਚ ਬਣਨਗੇ 7 ਨਵੇਂ ਰੇਲਵੇ ਓਵਰ ਬ੍ਰਿਜ

ਅੰਮ੍ਰਿਤਸਰ/ਚੰਡੀਗੜ੍ਹ, 16 ਜੁਲਾਈ- ਪੰਜਾਬ ਸਰਕਾਰ ਜਿੱਥੇ ਆਉਂਦੇ ਕੁੱਝ ਮਹੀਨਿਆਂ ਦੌਰਾਨ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਅਤੇ ਨਵ ਉਸਾਰੀ ਵੱਖ-ਵੱਖ ਸਕੀਮਾਂ ਅਧੀਨ ਕਰਵਾਈ ਜਾਵੇਗੀ, ਉਥੇ ਵੱਡੀਆਂ ਸੜਕਾਂ ’ਤੇ ਪੈਂਦੇ ਰੇਲਵੇ ਫਾਟਕਾਂ ’ਤੇ ਲੱਗਦੇ ਜਾਮ ਨੂੰ ਖਤਮ ਕਰਨ ਲਈ 32 ਨਵੇਂ ਰੇਲਵੇ ਓਵਰ ਬ੍ਰਿਜ ਉਸਾਰੇ ਜਾਣਗੇ, ਜਿੰਨਾ ’ਤੇ 1350 ਕਰੋੜ ਰੁਪਏ ਦੀ ਲਾਗਤ ਆਵੇਗੀ। ਉਕਤ ਸਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਬਚਤ ਭਵਨ ਵਿਖੇ ਪ੍ਰੈਸ ਮਿਲਣੀ ਦੌਰਾਨ ਕੀਤਾ। ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿੱਧੂ, ਸਿੱਖਿਆ ਤੇ ਵਾਤਾਵਰਣ ਮੰਤਰੀ ਸ੍ਰੀ ਓ. ਪੀ. ਸੋਨੀ ਅਤੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਦੀ ਹਾਜ਼ਰੀ ਵਿਚ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸ੍ਰੀ ਸਿੰਗਲਾ ਨੇ ਕਿਹਾ ਕਿ ਵਧੀਆ ਸੜਕਾਂ ਦੇਣਾ ਸਾਡੀ ਜਿੰਮੇਵਾਰੀ ਹੈ ਅਤੇ ਉਹ ਸੜਕਾਂ ਜਿੰਨਾ ਉਤੇ 6 ਜਾਂ ਇਸ ਤੋਂ ਵੱਧ ਸਮੇਂ ਤੋਂ ਮੁਰੰਮਤ ਨਹੀਂ ਹੋਈ, ਨੂੰ ਪਹਿਲ ਦੇ ਅਧਾਰ ’ਤੇ ਮੁਰੰਮਤ ਕੀਤਾ ਜਾਵੇਗਾ। ਨਵੇਂ ਰੇਲਵੇ ਪੁੱਲਾਂ ਦੀ ਗੱਲ ਕਰਦੇ ਉਨਾਂ ਦੱਸਿਆ ਕਿ ਇਕੱਲੇ ਮਾਝੇ ਵਿਚ 7 ਨਵੇਂ ਰੇਲਵੇ ਓਵਰ ਬ੍ਰਿਜ ਅਗਲੇ ਡੇਢ ਸਾਲ ਵਿਚ ਬਣਾ ਦਿੱਤੇ ਜਾਣਗੇ, ਜਿੰਨਾ ’ਤੇ 355 ਕਰੋੜ ਰੁਪਏ ਖਰਚ ਆਉਣਗੇ। ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਪ੍ਰਧਾਨ ਮੰਤਰੀ ਸੜਕ ਯੋਜਨਾ ਵਿਚੋਂ ਇਸ ਵਾਰ ਪੰਜਾਬ ਨੂੰ ਸੜਕਾਂ ਦੀ ਲੰਬਾਈ ਦੇ ਅਧਾਰ ’ਤੇ ਸਭ ਤੋਂ ਵੱਧ ਹਿੱਸਾ ਕੇਂਦਰ ਤੋਂ ਮਿਲੇਗਾ ਅਤੇ ਇਸ ਕਰੀਬ 2000 ਕਰੋੜ ਰੁਪਏ ਦੀ ਰਾਸ਼ੀ ਵਿਚ 40 ਫੀਸਦੀ ਪੰਜਾਬ ਸਰਕਾਰ ਪਾ ਕੇ ਹਰੇਕ ਸੰਪਰਕ ਸੜਕ ਦੀ ਮੁੜ ਉਸਾਰੀ ਕਰਵਾ ਦੇਵੇਗੀ। ਉਨਾਂ ਦੱਸਿਆ ਕਿ ਸਾਡੀ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਟੋਲ ਪਲਾਜ਼ਾ ਕੰਪਨੀਆਂ ’ਤੇ ਸ਼ਿਕੰਜਾ ਕੱਸਿਆ ਹੈ, ਜਿਸ ਨਾਲ ਜਿੱਥੇ ਸੜਕਾਂ ’ਤੇ ਸਾਰੀਆਂ ਸਹੂਲਤਾਂ ਪੂਰੀਆਂ ਹੋਣ ਲੱਗੀਆਂ ਹਨ, ਉਥੇ ਟੋਲ ਪਲਾਜੇ ’ਤੇ ਲੱਗਦੇ ਜਾਮ ਵੀ ਘੱਟ ਹੋਏ ਹਨ। ਉਨਾਂ ਦੱਸਿਆ ਕਿ ਛੇਤੀ ਹੀ ਅਸੀਂ ਟੋਲ ਪਲਾਜ਼ੇ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਹੈਲਪ ਲਾਈਨ ਬਨਾਉਣ ਜਾ ਰਹੇ ਹਾਂ, ਤਾਂ ਕਿ ਟੋਲ ਪਲਾਜ਼ੇ ਵਾਲੇ ਕਿਸੇ ਨੂੰ ਨਾਜਾਇਜ਼ ਤੰਗ-ਪਰੇਸ਼ਾਨ ਨਾ ਕਰਨ। ਇਸ ਮੌਕੇ ਸ. ਨਵਜੋਤ ਸਿੰਘ ਸਿੱਧੂ ਨੇ ਸ੍ਰੀ ਸਿੰਗਲਾ ਦੀ ਸਿਫਤ ਕਰਦੇ ਕਿਹਾ ਕਿ ਪੰਜਾਬ ਦੇ ਚੰਗੇ ਭਾਗ ਹਨ ਕਿ ਸਾਨੂੰ ਪੜਿਆ-ਲਿਖਿਆ, ਇਮਾਨਦਾਰ, ਚੰਗੀ ਸੋਚ ਤੇ ਉਸਾਰੂ ਪਹਿਲ ਵਾਲਾ ਲੋਕ ਨਿਰਮਾਣ ਮੰਤਰੀ ਮਿਲਿਆ ਹੈ। ਉਨਾਂ ਦੱਸਿਆ ਕਿ ਅੱਜ ਅਸੀਂ ਅੰਮ੍ਰਿਤਸਰ ਲਈ ਰਿੰਗ ਰੋਡ ਦਾ ਮੁੱਦਾ ਇੰਨਾ ਕੋਲ ਉਠਾਇਆ ਹੈ, ਜਿਸ ਨੂੰ ਇੰਨਾ ਛੇਤੀ ਪੂਰਾ ਕਰਨ ਦੀ ਹਾਮੀ ਭਰੀ ਹੈ। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਇਸ ਮੌਕੇ ਸਰਹੱਦੀ ਪੱਟੀ ਦੀਆਂ ਕੁੱਝ ਸੜਕਾਂ ਦੀ ਮੁੜ ਉਸਾਰੀ ਦਾ ਮੁੱਦਾ ਉਠਾਇਆ ਤਾਂ ਸ੍ਰੀ ਸਿੰਗਲਾ ਨੇ ਕਿਹਾ ਕਿ ਲੋਕ ਸਭਾ ਮੈਂਬਰ ਅਤੇ ਸਬੰਧਤ ਹਲਕਿਆਂ ਦੇ ਵਿਧਾਇਕ ਸਾਹਿਬਾਨ ਵੱਲੋਂ ਕੀਤੀ ਗਈ ਮੰਗ ਦੇ ਅਧਾਰ ’ਤੇ ਸਰਕਾਰ ਨੇ ਅੰਮ੍ਰਿਤਸਰ-ਅਜਨਾਲਾ, ਅਜਨਾਲਾ-ਚੌਗਾਵਾਂ, ਅੰਮ੍ਰਿਤਸਰ ਤੋਂ ਰਾਮਦਾਸ ਤੇ ਰਾਮਤੀਰਥ ਬਾਈਪਾਸ ’ਤੇ ਪੁੱਲ ਬਨਾਉਣ ਦੀ ਗੱਲ ਪ੍ਰਵਾਨ ਕਰ ਲਈ ਹੈ ਅਤੇ ਇਸ ਲਈ 20 ਕਰੋੜ ਰੁਪਏ ਦੀ ਰਾਸ਼ੀ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਤੇ ਹੋਰ ਆਗੂ ਵੀ ਉਨ੍ਹਾਂ ਨਾਲ ਸਨ।

Comments are closed.

COMING SOON .....


Scroll To Top
11