Wednesday , 16 January 2019
Breaking News
You are here: Home » PUNJAB NEWS » ਪੰਜਾਬ ਮੰਤਰੀ ਮੰਡਲ ਵੱਲੋਂ ਨਵੀਂਆਂ ਭਰਤੀਆਂ ਲਈ ਹਰੀ ਝੰਡੀ

ਪੰਜਾਬ ਮੰਤਰੀ ਮੰਡਲ ਵੱਲੋਂ ਨਵੀਂਆਂ ਭਰਤੀਆਂ ਲਈ ਹਰੀ ਝੰਡੀ

ਕੈਪਟਨ ਵੱਲੋਂ ਮੀਟਿੰਗ ’ਚ ਨਵੇਂ ਮੰਤਰੀਆਂ ਦਾ ਸਵਾਗਤ

ਚੰਡੀਗੜ੍ਹ, 8 ਮਈ- ਪੰਜਾਬ ਮੰਤਰੀ ਮੰਡਲ ਦੇ ਸਮੂਹ ਮੈਂਬਰਾਂ ਦੀ ਅਜ ਇੱਥੇ ਹੋਈ ਪਲੇਠੀ ਮੀਟਿੰਗ ਦੌਰਾਨ ਕਈ ਮਹਤਵਪੂਰਨ ਫੈਸਲੇ ਲਏ ਗਏ ਜਿਨ੍ਹਾਂ ਵਿਚ ਸਟਾਫ ਨਰਸਾਂ ਦੀਆਂ ਖਾਲੀ 282 ਅਸਾਮੀਆਂ ਭਰਨ ਲਈ ਨਿਯਮਾਂ ਵਿੱਚ ਯਕਮੁਸ਼ਤ ਢਿੱਲ, ਅਗਲੇ ਹੋਰ 7 ਸਾਲਾਂ ਲਈ ਮੈਸਰਜ਼ ਕੁਆਰਕ ਸਿਟੀ ਇੰਡੀਅਨ ਪ੍ਰਾਈਵੇਟ ਲਿਮਟਡ ਨਾਲ ਸੋਧੇ ਸਮਝੌਤੇ ਦੀ ਮਿਆਦ ਵਧਾਉਣਾ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਅਕਤੂਬਰ ਤਕ ਵਧਾਉਣ ਦੀ ਪ੍ਰਵਾਨਗੀ ਸ਼ਾਮਲ ਹਨ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਦਿਤੀ। ਬੁਲਾਰੇ ਅਨੁਸਾਰ ਮੁਖ ਮੰਤਰੀ ਨੇ ਨਵੇਂ ਨਿਯੁਕਤ ਮੰਤਰੀਆਂ ਦਾ ਸਵਾਗਤ ਕਰਦੇ ਹੋਏ ਮੰਤਰੀ ਮੰਡਲ ਦੀ ਮੀਟਿੰਗ ਸ਼ੁਰੂ ਕੀਤੀ। ਬੁਲਾਰੇ ਅਨੁਸਾਰ ਸ਼ਹਿਰ ਤੋਂ ਬਾਹਰ ਹੋਣ ਅਰੁਣਾ ਚੌਧਰੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ।
ਸਟਾਫ ਨਰਸਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਪ੍ਰਵਾਨਗੀ-
ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦਸਿਆ ਕਿ ਸੂਬੇ ਭਰ ਦੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਸਟਾਫ ਨਰਸਾਂ ਦੀ ਭਾਰੀ ਕਮੀ ਦੇ ਕਾਰਨ ਮੰਤਰੀ ਮੰਡਲ ਨੇ 24 ਅਪ੍ਰੈਲ, 2017 ਨੂੰ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਹਦਾਇਤਾਂ ਵਿੱਚ ਢਿਲ ਦੇ ਕੇ ਮੈਡੀਕਲ ਸਿਖਿਆ ਤੇ ਖੋਜ ਵਿਭਾਗ ਵਿੱਚ ਠੇਕੇ ਦੇ ਆਧਾਰ ’ਤੇ ਸਟਾਫ ਨਰਸਾਂ ਦੀਆਂ ਅਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਨਿਰਦੇਸ਼ਾਂ ਦੇ ਹੇਠ ਨਿਯਮਤ ਅਸਾਮੀਆਂ ਦੇ ਵਿਰੁਧ ਭਵਿਖ ਵਿੱਚ ਠੇਕਾ ਅਧਾਰਿਤ ਨਿਯੁਕਤੀਆਂ ’ਤੇ ਮੁਕੰਮਲ ਪਾਬੰਦੀ ਲਾਈ ਗਈ ਸੀ। ਬੁਲਾਰੇ ਅਨੁਸਾਰ ਇਸ ਫੈਸਲੇ ਦਾ ਉਦੇਸ਼ ਆਮ ਲੋਕਾਂ ਲਈ ਸਿਹਤ ਸਹੂਲਤਾਂ ਦੇ ਪਧਰ ਨੂੰ ਉਚਾ ਚੁਕਣ ਤੋਂ ਇਲਾਵਾ ਸਟਾਫ ਦੀ ਕਮੀ ਦੇ ਕਾਰਨ ਭਾਰਤੀ ਮੈਡੀਕਲ ਕੌਂਸਲ ਵੱਲੋਂ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਦੀ ਮਾਨਤਾ ਖਤਮ ਕਰਨ ਦੀ ਪੈਦਾ ਹੋਈ ਚੁਣੌਤੀ ਤੋਂ ਬਚਣਾ ਵੀ ਹੈ। ਮੰਤਰੀ ਮੰਡਲ ਨੇ ਵਿਚਾਰ ਕੀਤੀ ਕਿ 462 ਪ੍ਰਵਾਨਿਤ ਅਸਾਮੀਆਂ ਦੇ ਵਿਰੁਧ 282 ਅਸਾਮੀਆਂ ਦੀ ਚੋਣ ਪਿਛਲੀ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਚੋਣ ਜ਼ਾਬਤਾ ਲੱਗ ਜਾਣ ਕਾਰਨ ਇਹ ਪ੍ਰਕਿਰਿਆ ਸਿਰੇ ਨਹੀਂ ਚੜ੍ਹੀ ਸੀ। ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਅਕਤੂਬਰ ਤੱਕ ਵਧਾਉਣ ਦੀ ਕਾਰਜ ਬਾਅਦ ਪ੍ਰਵਾਨਗੀ- ਇਕ ਹੋਰ ਫੈਸਲੇ ਵਿੱਚ ਮੰਤਰੀ ਮੰਡਲ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ ਵਿੱਚ 31 ਅਕਤੂਬਰ, 2018 ਤੱਕ ਵਾਧਾ ਕਰਨ ਦੀ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਰਿਫਾਇਨਰੀ ਪ੍ਰਾਜੈਕਟ ਦਾ ਕਰਜ਼ਾ- ਮੰਤਰੀ ਮੰਡਲ ਨੇ ਮੈਸ. ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਡ ਵੱਲੋਂ ਸਥਾਪਤ ਕੀਤੇ ਮੈਸ. ਗੁਰੂ ਗੋਬਿੰਦ ਸਿੰਘ ਰਿਫਾਇਨਰੀ ਪ੍ਰਾਜੈਕਟ, ਬਠਿੰਡਾ ਨੂੰ ਅਦਾ ਕੀਤੇ ਜਾਣ ਵਾਲੇ ਵਿਆਜ ਮੁਕਤ ਕਰਜ਼ੇ ਦੇ 1240 ਕਰੋੜ ਰੁਪਏ ਦਾ ਇਕਮੁਸ਼ਤ ਨਿਪਟਾਰਾ ਇਕਾਈ ਵੱਲੋਂ ਕੇਂਦਰੀ ਵਿਕਰੀ ਕਰ ਦੀ ਇਕੱਤਰ ਕੀਤੀ ਰਾਸ਼ੀ ਦੇ ਇਵਜ਼ ਵਿੱਚ ਕਰਨ ਦੀ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਇਸ ਸਬੰਧੀ ਅਗਲੇਰੇ ਢੰਗ-ਤਰੀਕਿਆਂ ਅਤੇ ਵਿੱਤੀ ਉਲਝਣਾਂ ਬਾਰੇ ਸਨਅਤ ਤੇ ਵਿੱਤ ਵਿਭਾਗਾਂ ਵੱਲੋਂ ਕੰਮ ਕੀਤਾ ਜਾਵੇਗਾ ਜਿਸ ਵੱਲੋਂ 15 ਮਈ ਨੂੰ ਹੋਣ ਵਾਲੀ ਅਗਲੀ ਕੈਬਨਿਟ ਮੀਟਿੰਗ ਵਿੱਚ ਆਪਣੀਆਂ ਸਿਫਾਰਸ਼ਾਂ ਰੱਖੀਆਂ ਜਾਣਗੀਆਂ। ਮੈਡੀਕਲ ਅਫਸਰਾਂ (ਸਪੈਸ਼ਲਿਸਟ) ਲਈ ਭਰਤੀ ਪ੍ਰਕ੍ਰਿਆ ਨੂੰ ਪ੍ਰਵਾਨਗੀ- ਮੰਤਰੀ ਮੰਡਲ ਨੇ ਸਿਹਤ ਵਿਭਾਗ ਵਿੱਚ ਚੋਣ ਕਮੇਟੀ ਵੱਲੋਂ ਢੁਕਵੀਂਆਂ ਸੋਧਾਂ ਨਾਲ ਵਾਕ-ਇਨ-ਇੰਟਰਵਿਊ ਰਾਹੀਂ ਮੈਡੀਕਲ ਅਫਸਰਾਂ (ਸਪੈਸ਼ਲਿਸਟ) ਦੀ ਭਰਤੀ ਪ੍ਰਕ੍ਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ।ਨਵੀਆਂ ਸਬ-ਤਹਿਸੀਲਾਂ- ਚਨਾਰਥਲ ਕਲਾਂ ਦੇ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸਨਮੁਖ ਮੰਤਰੀ ਮੰਡਲ ਨੇ ਚਨਾਰਥਲ ਕਲਾਂ ਵਿਖੇ ਨਵੀਂ ਸਬ-ਤਹਿਸੀਲ ਬਣਾਉਣ ਦਾ ਫੈਸਲਾ ਲਿਆ ਹੈ ਜਿਸ ਵਿੱਚ 55 ਮਾਲੀਆ ਪਿੰਡ ਸ਼ਾਮਲ ਹੋਣਗੇ। ਇਸ ਵੇਲੇ ਚਨਾਰਥਲ ਕਲਾਂ ਫਤਹਿਗੜ੍ਹ ਸਾਹਿਬ ਦਾ ਹਿੱਸਾ ਹੈ। ਸਾਲ 2011 ਦੀ ਜਨਗਣਨਾ ਮੁਤਾਬਕ ਚਨਾਰਥਲ ਕਲਾਂ ਦੀ ਆਬਾਦੀ 3784 ਹੈ ਜੋ ਸੂਬੇ ਦੇ ਵੱਡੇ ਪਿੰਡਾਂ ਵਿੱਚੋਂ ਇਕ ਹੈ ਜਿਸ ਕਰਕੇ ਇਸ ਨੂੰ ਵੱਖਰੀ ਸਬ-ਤਹਿਸੀਲ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਇਸੇ ਦੌਰਾਨ ਮੰਤਰੀ ਮੰਡਲ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੀ ਦੀਨਾਨਗਰ ਸਬ-ਤਹਿਸੀਲ ਨੂੰ ਅਪਗ੍ਰੇਡ ਕਰਕੇ ਸਬ-ਡਵੀਜ਼ਨ/ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ 240 ਮਾਲੀਆ ਪਿੰਡ ਸ਼ਾਮਲ ਹੋਣਗੇ। ਮੰਤਰੀ ਮੰਡਲ ਨੇ ਪਟਿਆਲਾ ਜ਼ਿਲ੍ਹੇ ਵਿੱਚ ਘਨੌਰ ਬਲਾਕ ਦੀਆਂ 32 ਪੰਚਾਇਤਾਂ ਅਤੇ ਰਾਜਪੁਰਾ ਬਲਾਕ ਦੀਆਂ 56 ਪੰਚਾਇਤਾਂ ਨੂੰ ਤਬਦੀਲ ਕਰਕੇ ਸ਼ੰਭੂ ਕਲਾਂ ਨੂੰ ਨਵਾਂ ਬਲਾਕ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਖਿੱਤੇ ਵਿੱਚ ਵਿਕਾਸਮੁਖੀ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ।

Comments are closed.

COMING SOON .....


Scroll To Top
11