Tuesday , 18 June 2019
Breaking News
You are here: Home » EDITORIALS » ਪੰਜਾਬ ਦੇ ਚੰਗੇ ਦਿਨ ਕਦੋਂ ਆਉਣਗੇ

ਪੰਜਾਬ ਦੇ ਚੰਗੇ ਦਿਨ ਕਦੋਂ ਆਉਣਗੇ

ਪੰਜਾਬ ਚੰਗੇ ਦਿਨਾਂ ਨੂੰ ਉਡੀਕ ਰਿਹਾ ਹੈ। ਅਕਾਲੀ-ਭਾਜਪਾ ਗੱਠਜੋੜ ਦੀ ਦੱਸ ਸਾਲ ਹਕੂਮਤ ਤੋਂ ਬਾਅਦ ਆਈ ਕਾਂਗਰਸ ਦੀ ਸਰਕਾਰ ਦੇ 2 ਸਾਲ ਬੀਤ ਚੁੱਕੇ ਹਨ। ਸਮਾਂ ਤੇਜ਼ੀ ਨਾਲ ਬੀਤ ਰਿਹਾ ਹੈ ਪ੍ਰੰਤੂ ਪੰਜਾਬ ਨੂੰ ਦਰਪੇਸ਼ ਪ੍ਰਮੁੱਖ ਸਮਸਿਆਵਾਂ ਦੇ ਹੱਲ ਲਈ ਕੋਈ ਪੁਖਤਾ ਯੋਜਨਾਬੰਦੀ ਸਾਹਮਣੇ ਨਹੀਂ ਆ ਰਹੀ। ਸਿਆਸੀ ਨੇਤਾਵਾਂ ਦੀ ਪ੍ਰਮੁੱਖ ਸਮੱਸਿਆਵਾਂ ਪ੍ਰਤੀ ਚਲੰਤ ਪਹੁੰਚ ਰਾਜਸੀ ਹਿੱਤਾਂ ਨਾਲ ਜੁੜੀ ਹੋਈ ਹੈ। ਨੇਤਾਵਾਂ ਦੀ ਸੋਚ ’ਚੋਂ ਪੰਜਾਬ ਪ੍ਰਤੀ ਪਿਆਰ ਦਾ ਪ੍ਰਗਟਾਵਾ ਨਹੀਂ ਹੋ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਸਨ ਅਤੇ ਹਾਲੇ ਵੀ ਇਹ ਉਮੀਦਾਂ ਟੁੱਟੀਆਂ ਨਹੀਂ। ਇਹ ਗੱਲ ਵੱਖਰੀ ਹੈ ਕਿ ਉਹਨਾਂ ਦੇ ਕੰਮ-ਢੰਗ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਉਹ ਹਕੀਕੀ ਮੁੱਦਿਆਂ ’ਤੇ ਜਲਦ ਅਤੇ ਤੁਰਤ-ਪੁਰਤ ਕਾਰਵਾਈ ਲਈ ਲੋੜੀਂਦਾ ਉਤਸ਼ਾਹ ਨਹੀਂ ਦਰਸਾ ਰਹੇ। ਉਹਨਾਂ ਦੇ ਠੰਢੇ ਰਵੱਈਏ ਨੇ ਹੀ ਪ੍ਰਸ਼ਾਸਨ ਨੂੰ ਸੁਸਤ ਅਤੇ ਅਸੰਵੇਦਨਸ਼ੀਲ ਕਰ ਦਿੱਤਾ ਹੈ। ਪ੍ਰਸ਼ਾਸਨ ਦੀ ਅਣਗਿਹਲੀ ਕਾਰਨ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਹੀਂ ਰੁੱਕ ਰਹੀਆਂ। ਜੇਕਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਕਿਸਾਨ ਪਰਿਵਾਰਾਂ ਦੀਆਂ ਸਮੱਸਿਆਵਾਂ ਪ੍ਰਤੀ ਹਮਦਰਦੀ ਦਿਖਾਉਣ ਅਤੇ ਕਰਜ਼ੇ ਕਾਰਨ ਜ਼ਿਆਦਾ ਪੀੜਤ ਕਿਸਾਨਾਂ ਵੱਲ ਲੋੜੀਂਦਾ ਧਿਆਨ ਦੇਣ ਤੱਦ ਖੁਦਕੁਸ਼ੀਆਂ ਦਾ ਇਹ ਸਿਲਸਿਲਾ ਕੁਝ ਹੱਦ ਤੱਕ ਰੁੱਕ ਸਕਦਾ ਹੈ। ਪ੍ਰਦੂਸ਼ਨ ਦੀ ਸਮੱਸਿਆ ਵੀ ਕਾਫ਼ੀ ਗੰਭੀਰ ਹੈ। ਪੰਜਾਬ ’ਚ ਪਾਣੀ ਦੇ ਸਾਰੇ ਕੁਦਰਤੀ ਸੋਮੇ ਜ਼ਹਿਰੀਲੇ ਛਪੜਾਂ ਵਿੱਚ ਬਦਲ ਗਏ ਹਨ। ਦਰਿਆਵਾਂ ਵਿੱਚ ਸੀਵਰੇਜ਼ ਅਤੇ ਫੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਸੁੱਟਿਆ ਜਾ ਰਿਹਾ ਹੈ। ਇਹ ਸਭ ਕੁਝ ਭ੍ਰਿਸ਼ਟ ਅਫ਼ਸਰਾਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ। ਦੂਸ਼ਿਤ ਪਾਣੀ ਕਾਰਨ ਪਸ਼ੂਆਂ ਅਤੇ ਮਨੁੱਖਾਂ ਦੀ ਸਿਹਤ ਉਤੇ ਮਾੜਾ ਅਸਰ ਪੈ ਰਿਹਾ ਹੈ। ਇਸ ਕਾਰਨ ਪੰਜਾਬ ਵਿੱਚ ਗੰਭੀਰ ਰੋਗਾਂ ਤੋਂ ਪੀੜਿਤ ਰੋਗੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਸਪਤਾਲਾਂ ਵਿੱਚ ਮੇਲੇ ਲੱਗੇ ਪਏ ਹਨ। ਸਰਕਾਰ ਸੁੱਤੀ ਪਈ ਹੈ। ਅਜਿਹੇ ਮੌਕੇ ’ਤੇ ਤੰਦਰੁਸਤ ਪੰਜਾਬ ਦੀ ਮੁਹਿੰਮ ਉਨ੍ਹਾਂ ਦਾ ਮੂੰਹ ਚਿੜਾ ਰਹੀ ਹੈ। ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਨੇ ਲੋਕਾਂ ਦਾ ਜੀਣਾ ਦੁੱਬਰ ਕਰ ਦਿੱਤਾ ਹੈ। ਸਰਕਾਰੀ ਅਧਿਕਾਰੀ ਮਹੀਨੇ ਵਿੱਚ ਇੱਕ ਅੱਧ ਵਾਰ ਨਕਲੀ ਪਨੀਰ, ਮਿਲਾਵਟੀ ਦੁੱਧ, ਮਸਾਲੇ ਆਦਿ ਫੜ ਕੇ ਆਪਣੀ ਪਿੱਠ ਆਪ ਹੀ ਥਪਥਪਾਉਣ ਲੱਗ ਜਾਂਦੇ ਹਨ। ਇਸ ਸਭ ਕੁਝ ਦੇ ਬਾਵਜੂਦ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਰੁੱਕ ਨਹੀਂ ਰਹੀ। ਸੜਕਾਂ ਉਪਰ ਹੋ ਰਹੇ ਭਿਆਨਕ ਹਾਦਸੇ ਇੱਕ ਹੋਰ ਵੱਡੀ ਸਮੱਸਿਆ ਹੈ। ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਸੜਕ ਹਾਦਸਿਆਂ ਵਿੱਚ ਮਾਰੇ ਜਾ ਰਹੇ ਹਨ। ਸਰਕਾਰ ਅਤੇ ਪ੍ਰਸ਼ਾਸਨ ਲਈ ਇਹ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ। ਟਰੈਫਿਕ ਪੁਲਿਸ ਨਾਜਾਇਜ਼ ਵਸੂਲੀਆਂ ਤੱਕ ਹੀ ਸੀਮਿਤ ਹੈ। ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਅਤੇ ਸ਼ਹਿਰ ਗੰਭੀਰ ਟਰੈਫ਼ਿਕ ਸਮੱਸਿਆ ਨਾਲ ਜੂਝ ਰਹੇ ਹਨ। ਨਸ਼ਾਖੋਰੀ ਵਿੱਚ ਬੇਸ਼ੱਕ ਕੁਝ ਕਮੀ ਆਈ ਹੈ ਪ੍ਰੰਤੂ ਨਸ਼ਿਆਂ ਦਾ ਕਾਲਾ ਕਾਰੋਬਾਰ ਹਾਲੇ ਵੀ ਜੜ੍ਹਾਂ ਫੜੀ ਬੈਠਾ ਹੈ। ਸਰਕਾਰੀ ਅਧਿਕਾਰੀ ਅਤੇ ਨੇਤਾ ਇਸ ਕਾਰੋਬਾਰ ਵਿੱਚੋਂ ਕਾਲੀ ਕਮਾਈ ਕਰ ਰਹੇ ਹਨ। ਸਰਕਾਰ ਵਾਅਦੇ ਦੇ ਬਾਵਜੂਦ ਇਸ ਕਾਲੇ ਕਾਰੋਬਾਰ ਦੀਆਂ ਜੜ੍ਹਾਂ ਪੁਟੱਣ ਵਿੱਚ ਅਸਫ਼ਲ ਰਹੀ ਹੈ। ਨੌਜਵਾਨਾਂ ਲਈ ਰੁਜ਼ਗਾਰ ਦੇ ਢੁੱਕਵੇਂ ਮੌਕੇ ਮੁਹੱਈਆ ਕਰਵਾਉਣ ਲਈ ਹਾਲੇ ਯੋਗ ਅਤੇ ਵੱਡੇ ਯਤਨ ਨਹੀਂ ਹੋ ਰਹੇ। ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜ਼ਗਾਰ ਮੇਲੇ ਸਿਰਫ਼ ਅੱਖਾਂ ਪੂੰਝਣ ਦੀ ਕਾਰਵਾਈ ਮਾਤਰ ਹਨ। ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਵੱਡੀਆਂ ਕੋਸ਼ਿਸ਼ਾਂ ਦੀ ਲੋੜ ਹੈ। ਬੇਰੋਜ਼ਗਾਰੀ ਅਤੇ ਲਾ-ਕਾਨੂੰਨੀ ਕਾਰਨ ਹੀ ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਮਜ਼ਬੂਰ ਹਨ। ਪੰਜਾਬ ਹੋਲੀ-ਹੋਲੀ ਉਜੜ ਰਿਹਾ ਹੈ। ਇਸ ਦਾ ਕਿਸੇ ਨੂੰ ਫ਼ਿਕਰ ਨਹੀਂ ਹੈ। ਕੁਰਸੀਆਂ ਦੀ ਦੌੜ ਵਿੱਚ ਲੱਗੇ ਨੇਤਾ ਸਿਰਫ ਆਪਣੇ ਘਰਾਂ ਅਤੇ ਬੱਚਿਆਂ ਲਈ ਚਿੰਤਤ ਹਨ। ਇਸ ਕਾਰਨ ਹੀ ਪੰਜਾਬ ਦੇ ਚੰਗੇ ਦਿਨ ਨੇੜੇ ਨਹੀਂ ਦਿੱਸ ਰਹੇ। ਪੰਜਾਬ ਦੇ ਲੋਕਾਂ ਨੂੰ ਚੰਗੇ ਦਿਨਾਂ ਲਈ ਖੁਦ ਜਾਗਣਾ ਹੋਵੇਗਾ। ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਰੇ ਪੰਜਾਬੀ ਸਿਆਸੀ ਨੇਤਾਵਾਂ ਤੋਂ ਝਾਕ ਛੱਡ ਕੇ ਖੁਦ ਅੱਗੇ ਆਉਣ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11