Tuesday , 23 October 2018
Breaking News
You are here: Home » Editororial Page » ਪੰਜਾਬ ਦੇ ਆਗੂ ਇਮਾਨਦਾਰ ਨਹੀਂ ਸੀ – ਜਸਵੰਤ ਸਿੰਘ ਕੰਵਲ

ਪੰਜਾਬ ਦੇ ਆਗੂ ਇਮਾਨਦਾਰ ਨਹੀਂ ਸੀ – ਜਸਵੰਤ ਸਿੰਘ ਕੰਵਲ

ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੀ ਪਹਿਲਕਦਮੀ ’ਤੇ 5 ਨਵੰਬਰ 2017 ਨੂੰ ਫਰੀਦਕੋਟ ਦੇ ‘ਅਸ਼ੀਰਵਾਦ ਪੈਲੇਸ’ ਵਿੱਚ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਵਿੱਚ ਇਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਭ ਤੋਂ ਵਡੇਰੀ ਉਮਰ ਦੇ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ, ਰੋਜ਼ਾਨਾ ‘ਅਜੀਤ’ ਤੋਂ ਸਤਨਾਮ ਸਿੰਘ ਮਾਣਕ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਹਰਪਾਲ ਸਿੰਘ ਪੰਨੂੰ, ਡਾ. ਭੀਮਇੰਦਰ ਸਿੰਘ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਬੁਲਾਰਿਆਂ ਵਜੋਂ ਸ਼ਾਮਲ ਹੋਏ। ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਵੱਲੋਂ ਸ. ਗੁਰਪ੍ਰੀਤ ਸਿੰਘ ਚੰਦਬਾਜਾ, ਸ. ਸ਼ਿਵਜੀਤ ਸਿੰਘ ਅਤੇ ਸ. ਮੱਘਰ ਸਿੰਘ ਵੱਲੋਂ ਪੰਜਾਬੀ ਦੀ ਪ੍ਰਫੁਲਤਾ ਨੂੰ ਮੁੱਖ ਰੱਖਦੇ ਹੋਏ ਕੁਝ ਮੱਤੇ ਪੇਸ਼ ਕੀਤੇ ਗਏ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ, ਕੋਟਕਪੂਰਾ ਤੋਂ ‘ਆਪ’ ਵਿਧਾਇਕ ਸ. ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਸ. ਮਨਜੀਤ ਸਿੰਘ ਬਿਲਾਸਪੁਰੀ ਨੇ ਵੀ ਭਰਪੂਰ ਹਾਜ਼ਰੀ ਲਵਾਈ। ਅਖਬਾਰਾਂ ਅਤੇ ਬਿਜਲਈ ਮਾਧਿਅਮਾਂ ਵਿੱਚ ਇਸ ਸਮਾਗਮ ਦੀ ਖੂਬ ਚਰਚਾ ਹੋਈ। ਪ੍ਰਾਇਮ ਏਸ਼ੀਆ ਟੀਵੀ ਨਾਲ ਸਬੰਧਤ ਜਸਵਿੰਦਰ ਸਿੰਘ ਨੇ ਇਸ ਸਮਾਗਮ ਦੀ ਰਿਕਾਰਡਿੰਗ ਮੈਨੂੰ ਭੇਜੀ ਅਤੇ ਮੈਂ ਸਾਰੇ ਬੁਲਾਰਿਆਂ ਨੂੰ ਸਮੇਤ ਆਪਣੇ ਭਾਸ਼ਣ ਦੇ ਚੰਗੀ ਤਰ੍ਹਾਂ ਸੁਣਿਆ। ਇਸ ਸਮਾਰੋਹ ਵਿੱਚ ਬੋਲਦੇ ਹੋਏ ਮੇਰੇ ਵੱਲੋਂ ਜੋ ਨੁਕਤੇ ਉਠਾਏ ਗਏ, ਉਨ੍ਹਾਂ ਦੀ ਗੱਲ ਮੈਂ ਫਿਰ ਕਿਸੇ ਦਿਨ ਕਰਾਂਗਾ। ਅੱਜ ਮੈਂ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਹੋਰਾਂ ਵੱਲੋਂ ਦਿੱਤੇ ਗਏ ਭਾਸ਼ਣ ਦੇ ਕੁੱਝ ਅੰਸ਼ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਇਹ ਭਾਸ਼ਣ ਇਸ ਲਈ ਵੀ ਮਹੱਤਵਪੂਰਨ ਸੀ, ਕਿਉਂਕਿ ਇਹ ਪੰਜਾਬੀ ਦੇ ਸਭ ਤੋਂ ਉਮਰ-ਦਰਾਜ਼ 98 ਵਰ੍ਹਿਆਂ ਦੇ ਸਾਹਿਤਕਾਰ ਵੱਲੋਂ ਦਿੱਤਾ ਗਿਆ ਸੀ। ਆਓ, ਵੇਖੀਏ ਪੰਜਾਬੀ ਮਾਂ ਬੋਲੀ ਦੇ ਹਵਾਲੇ ਨਾਲ ਕੰਵਲ ਸਾਹਿਬ ਨੇ ਕੀ ਕਿਹਾ :
‘‘ਪੰਜਾਬੀ ਨਾਲ ਧੱਕੇ ਹੁੰਦੇ ਰਹੇ ਹਨ। ਲਗਾਤਾਰ ਧੱਕਿਆਂ ਦਾ ਸ਼ਿਕਾਰ ਹੋ ਰਹੀ ਹੈ ਪੰਜਾਬੀ। ਜਿੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਹਨ ਕਿਸੇ ਹੋਰ ਨੇ ਨਹੀਂ ਕੀਤੀਆਂ। 70 ਵਰ੍ਹੇ ਹੋ ਗਏ ਦੇਸ਼ ਨੂੰ ਅਜ਼ਾਦ ਹੋਇਆਂ ਪਰ ਇਸ ਦੇ ਬਾਵਜੂਦ ਪੰਜਾਬੀ ਚੌਥੇ ਦਰਜੇ ਦੀ ਭਾਸ਼ਾ ਹੈ। ਪੰਜਾਬੀ ਨੂੰ ਸਭ ਤੋਂ ਥੱਲੇ ਰੱਖਿਆ ਗਿਆ ਹੈ। ਸਾਡੇ ਆਗੂਆਂ ਨੇ ਜੋ ਗਲਤੀਆਂ ਕੀਤੀਆਂ ਹਨ, ਜੋ ਗਦਾਰੀਆਂ ਕੀਤੀਆਂ ਹਨ ਉਸ ਦਾ ਖਮਿਆਜਾ ਤੁਸੀਂ ਭੁਗਤ ਰਹੇ ਹੋ ਅਤੇ ਅੱਗੇ ਤੋਂ ਵੀ ਭੁਗਤਦੇ ਰਹੋਗੇ। ਤੁਸੀਂ ਆਪ ਹੀ ਸੋਚ ਲਵੋ ਹੁਣ ਤੱਕ ਪੰਜਾਬੀ ਨੂੰ ਪਹਿਲੀ ਭਾਸ਼ਾ ਨਹੀਂ ਬਣਾ ਸਕੇ। ਅਸੀਂ ਕਾਹਦੇ ਅਜ਼ਾਦ ਹਾਂ, ਅਸੀਂ ਤਾਂ ਗੁਲਾਮਾਂ ਤੋਂ ਵੀ ਗੁਲਾਮ ਹਾਂ। ਅੱਜ ਵੀ ਹਾਲਾਤ ਇਹ ਹੈ ਕਿ ਪੰਜਾਬ ਦੀ ਅਗਵਾਈ ਕਰਨ ਵਾਲਾ ਕੋਈ ਇਮਾਨਦਾਰ ਲੀਡਰ ਨਹੀਂ ਹੈ। ਕਾਂਗਰਸੀਆਂ ਨੇ ਆਪਣੇ ਬਾਜੇ ਬਜਾ ਲਏ, ਅਕਾਲੀਆਂ ਨੇ ਆਪਣੇ ਬਾਜੇ ਬਜਾ ਲਏ। ਅੱਜ ਪੰਜਾਬ ਕਿੱਥੇ ਖੜ੍ਹਾ ਹੈ? ਅੱਜ ਜਿਹੜੀ ਰਾਜਧਾਨੀ ਬਣਾਈ ਹੈ ਉਹ ਵੀ ਤੋੜੀ ਜਾ ਰਹੀ ਹੈ। ਇਹ ਇਸੇ ਕਰਕੇ ਹੋ ਰਿਹਾ ਕਿ ਪੰਜਾਬ ਦੇ ਆਗੂ ਇਮਾਨਦਾਰ ਨਹੀਂ ਸੀ, ਵਫ਼ਾਦਾਰ ਨਹੀਂ ਸੀ। ਉਹ ਜੋ ਵਾਅਦੇ ਕਰਦੇ ਰਹੇ ਹਨ ਉਨ੍ਹਾਂ ਵਾਅਦਿਆਂ ਖਿਲਾਫ ਜਾ ਕੇ ਪੰਜਾਬ ਨੂੰ ਹੀਣਾ ਕਰਕੇ ਰੱਖ ਦਿੱਤਾ। ਗੁਰੂ ਸਾਹਿਬਾਨ ਨੇ ਜੋ ਰਾਹ ਦਿੱਤਾ ਸੀ ਸਾਨੂੰ, ਉਸ ਦਾ ਅਹਿਸਾਸ ਕਰੋ। ਸਿੱਖ ਕੌਮ ਖੁਰਦੀ-ਖੁਰਦੀ ਇਕ ਕਿਨਾਰੇ ’ਤੇ ਆ ਖੜ੍ਹੀ ਹੈ। ਤੁਸੀਂ ਅਹਿਸਾਸ ਕਰੋਗੇ ਤਾਂ ਸ਼ਾਇਦ ਕੁੱਝ ਬਚ ਜਾਵੇ ਵਰਨਾ ਬਚਣ ਦੀ ਆਸ ਕੋਈ ਨਹੀਂ। ਸਾਡੇ ਆਗੂ ਤਾਂ ਹੁਣ ਤੱਕ ਗਦਾਰੀਆਂ ਕਰਦੇ ਰਹੇ ਹਨ, ਖਾਂਦੇ ਰਹੇ ਐ ਪੰਜਾਬ ਨੂੰ। ਕਹਿੰਦੇ ਕੁਝ ਹੋਰ ਨੇ, ਕਰਦੇ ਕੁੱਝ ਹੋਰ ਨੇ। ਮੈਂ ਦੋਸਤੋ 70 ਕਿਤਾਬਾਂ ਪੰਜਾਬੀ ਸਾਹਿਤ ਨੂੰ ਦੇ ਸਕਿਆ। ਮੈਨੂੰ ਇਹ ਗੱਲ ਚੰਗੀ ਲਗੀ ਕਿ ਮੈਂ ਸਿਆਸਤ ਵਿੱਚ ਜਾ ਕੇ ਮਰਿਆ ਨਹੀਂ। ਮੇਰੀਆਂ ਕੁੱਝ ਕਿਤਾਬਾਂ ਅਣਖ ਵਾਲੀਆਂ ਹਨ ਜੇ ਕਿਸੇ ਨੇ ਪੜ੍ਹੀਆਂ, ਓਹ ਅਹਿਸਾਸ ਕਰੇਗਾ। 70 ਸਾਲ ਦੀ ਅਜ਼ਾਦੀ ਤੋਂ ਬਾਅਦ 70 ਫੀਸਦੀ ਕੁਰਬਾਨੀਆਂ ਕਰਨ ਵਾਲੀ ਕੌਮ ਅੱਜ ਵੀ ਗੁਲਾਮ ਹੈ। ਤੁਸੀਂ ਮੰਨੋ ਭਾਵੇਂ ਨਾ ਮੰਨੋ। ਜੋ ਸਹੂਲਤਾਂ ਹੋਰ ਰਾਜਾਂ ਨੂੰ ਨੇ, ਉਹ ਪੰਜਾਬ ਨੂੰ ਨਹੀਂ। ਇਹ ਬੇਇਨਸਾਫੀਆਂ ਕਿਉਂ ਹੋ ਰਹੀਆਂ ਕਿਉਂਕਿ ਅਕਾਲੀਆਂ ਜਾਂ ਕਾਂਗਰਸੀਆਂ ਵਿੱਚੋਂ ਕੋਈ ਵੀ ਆਗੂ ਸਾਡੇ ਹੱਕ ਵਿੱਚ ਬੋਲਣ ਦੀ ਹਿੰਮਤ ਨਹੀਂ ਕਰ ਸਕਿਆ।
ਤੁਸੀਂ ਪੰਜਾਬੀ ਦੇ ਡੁੱਬਣ ਦੀ ਪਹਿਲੀ ਕਾਨਫਰੰਸ ਕੀਤੀ ਹੈ। ਇਹ ਅਹਿਸਾਸ ਕਰਾਉਣ ਲਈ ਕਿ 70 ਫੀਸਦੀ ਕੁਰਬਾਨੀ ਕਰਨ ਵਾਲਿਆਂ ਦਾ ਪੰਜਾਬ ਦੀ ਰਾਜਧਾਨੀ ਵਿੱਚ ਕੀ ਹਿੱਸਾ ਹੈ। ਅਹਿਸਾਸ ਕਰਾਉਣ ਲਈ ਕਿ ਪੰਜਾਬੀ ਦੀ ਕੀ ਹੈਸੀਅਤ ਹੈ। ਸਾਡੇ ਆਗੂਆਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਬਲਕਿ ਆਪਣੇ ਘਰ ਭਰੇ ਆ। ਹੁਣ ਇਹ ਸਾਡੀ ਜ਼ੁਬਾਨ ਵੀ ਖੋਹ ਰਹੇ ਹਨ ਤਾਂ ਕਿ ਅਸੀਂ ਸੱਚ ਨਾ ਕਹਿ ਸਕੀਏ। ਦੋਵੇਂ ਤਿੰਨੇ ਕਮਿਊਨਿਸਟ ਪਾਰਟੀਆਂ ਨੇ ਕਦੇ ਵੀ ਇਹ ਮਸਲਾ ਨਹੀਂ ਉਠਾਇਆ। ਚੁੱਪ ਬੈਠੀਆਂ ਹਨ। ਜਿਸ ਪਰਿੰਦੇ ਦੇ ਦੋਵੇਂ ਪਰ ਕੱਟੇ ਜਾਣ ਉਹ ਉਡਣ ਦੀ ਆਸ ਲਾਹ ਦਿੰਦਾ ਹੈ। ਤੁਹਾਡੀ ਅਣਖ ਨੂੰ ਗਵਾਇਆ ਜਾ ਰਿਹਾ ਹੈ, ਵਿਉਂਤ ਨਾਲ ਮਾਰਿਆ ਜਾ ਰਿਹਾ ਹੈ। ਕੱਲੀ ਪੰਜਾਬੀ ਨਹੀਂ ਸਾਡਾ ਸਭਿਆਚਾਰ ਵੀ ਮਾਰਿਆ ਜਾ ਰਿਹਾ ਹੈ। ਇਸ ਗੱਲ ਨੂੰ ਜੇ ਪੂਰੀ ਜਦੋ-ਜਹਿਦ ਨਾਲ ਨਾ ਉਠਾਇਆ ਗਿਆ ਤਾਂ ਸਰਕਾਰਾਂ ਨੇ ਕੁੱਝ ਨਹੀਂ ਕਰਨਾ। ਸਰਕਾਰਾਂ ਨੇ ਅਜੇ ਤੱਕ ਕੁੱਝ ਨਹੀਂ ਕੀਤਾ। ਅੱਜ ਪੰਜਾਬ ਕਰਜ਼ਈ ਹੈ। ਪੰਜਾਬੀ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ। ਜਿਨ੍ਹਾਂ ਨੇ ਇਹ ਜੋੜ ਜੋੜਿਆ ਉਨ੍ਹਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ। ਇਹ ਜੋੜ ਇਥੇ ਹੀ ਖੜ੍ਹਾ ਨਹੀਂ ਰਹਿਣਾ ਚਾਹੀਦਾ। ਇਸ ਨਾਲ ਪੰਜਾਬ ਹਿੱਲਣਾ ਚਾਹੀਦਾ। ਜੇ ਪੰਜਾਬ ਹਿਲੇਗਾ ਤਾਂ ਸਾਡੇ ਗੁਰੂਆਂ ਦੀ ਕੁਰਬਾਨੀਆਂ ਭਰੀ ਤਵਾਰੀਖ ਜਿਉਂਦੀ ਰਹੇਗੀ, ਵਰਨਾ ਖਤਮ ਕਰ ਦਿੱਤੀ ਜਾਵੇਗੀ। ਤੁਸੀਂ ਪਹਿਲ ਕਰਕੇ ਝੰਡਾ ਗੱਡਿਆ ਹੈ ਤਾਂ ਕਿ ਆਪਣੇ ਫੈਸਲੇ ਆਪ ਕਰ ਸਕੀਏ। ਸਾਡੇ ਫੈਸਲੇ ਦਿੱਲੀ ਨਾ ਕਰੇ। ਸਾਡਾ ਕਸੂਰ ਇਹ ਹੈ ਕਿ ਅਸੀਂ ਸਾਡੇ ਹੱਕਾਂ ਲਈ ਲੜਨ ਵਾਲੇ ਨੁਮਾਇੰਦੇ ਨਹੀਂ ਭੇਜੇ। ਸਿੱਟਾ ਇਹ ਹੈ ਕਿ ਹੁਣ ਨਤੀਜੇ ਭੁਗਤ ਰਹੇ ਹਾਂ।
ਜੇ ਇਹ ਗੱਲ ਉਠਾਈ ਹੈ ਤਾਂ ਰਾਜਸੀ ਪੱਖ ਵੀ ਭਾਵੇਂ ਬਹੁਤਾ ਨਾ ਸਹੀ ਪਰ ਥੋੜ੍ਹਾ ਉਠਾਓ। ਰਾਜਸੀ ਪੱਖ ਦਾ ਅਹਿਸਾਸ ਮਰਨ ਤੋਂ ਬਚਾਉ। ਜੇ ਅਜਿਹਾ ਕਰ ਜਾਉਗੇ ਤਾਂ ਕੌਮ ਬਚ ਜਾਵੇਗੀ, ਨਹੀਂ ਤਾਂ ਇਹ ਕੌਮ ਜਿਉਂਦੀ ਨਹੀਂ ਰਹੇਗੀ। ਕੌਮ ਨੂੰ ਮਰਨੋ ਬਚਾਓ, ਮੇਰਾ ਇਹੀ ਸੁਨੇਹਾ ਹੈ।
ਮੈਂ 98 ਸਾਲ ਪੂਰੇ ਕਰ ਚੁੱਕਿਆ ਹਾਂ। ਜਿਥੇ ਮਰਵਾਉਣਾ ਚਾਹੋ ਮੈਂ ਮਰਨ ਨੂੰ ਤਿਆਰ ਹਾਂ’’ ਸ. ਜਸਵੰਤ ਸਿੰਘ ਕੰਵਲ ਦੇ ਇਸ ਸੁਨੇਹੇ ਦਾ ਮਾਂ ਬੋਲੀ ਸਤਿਕਾਰ ਸਮਾਗਮ ਵਿੱਚ ਭਰਪੂਰ ਹੁੰਗਾਰਾ ਮਿਲਿਆ।

Comments are closed.

COMING SOON .....


Scroll To Top
11