Monday , 19 February 2018
Breaking News
You are here: Home » EDITORIALS » ਪੰਜਾਬ ਦੀ ਵਿਗੜੀ ਵਿੱਤੀ ਹਾਲਤ

ਪੰਜਾਬ ਦੀ ਵਿਗੜੀ ਵਿੱਤੀ ਹਾਲਤ

ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੂਬੇ ਦੀ ਵਿੱਤੀ ਹਾਲਤ ਹਾਲੇ ਵੀ ਡਾਂਵਾਡੋਲ ਹੈ। ਆਰਥਿਕ ਸੋਮਿਆਂ ਦੀ ਕਮੀ ਕਾਰਨ ਸਰਕਾਰ ਨਵੇਂ ਪ੍ਰੋਗਰਾਮਾਂ ਅਤੇ ਕੰਮਕਾਜ ਸ਼ੁਰੂ ਕਰਨ ਤੋਂ ਅਸਮਰਥ ਹੈ। ਅਗਲੇ ਮਹੀਨੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਬਜਟ ਸੈਸ਼ਨ ਤੋਂ ਪਹਿਲਾਂ ਲਗਪਗ ਸਾਰੇ ਵਿਭਾਗਾਂ ਦੇ ਕਰਮਚਾਰੀ ਤਨਖਾਹਾਂ ਲਈ ਸੜਕਾਂ ’ਤੇ ਨਿਕਲੇ ਹੋਏ ਹਨ। ਕਿਸਾਨਾਂ ਦੇ ਕਰਜ਼ਿਆਂ ਦੀ ਮੁਆਫੀ ਦਾ ਮੁੱਦਾ ਵੀ ਠੰਡਾ ਨਹੀਂ ਪੈ ਰਿਹਾ। ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਬੇਸ਼ਕ ਆਰਥਿਕ ਸਥਿਤੀ ਵਿੱਚ ਸੁਧਾਰ ਦੇ ਦਾਅਵੇ ਕਰ ਰਹੇ ਹਨ ਪ੍ਰੰਤੂ ਸਰਕਾਰ ਦੀ ਡਾਂਵਾਡੋਲ ਆਰਥਿਕ ਸਥਿਤੀ ਲੁਕਾਈ ਨਹੀਂ ਜਾ ਸਕਦੀ। ਸਰਕਾਰ ਦਾ ਹਨੀਮੂਨ ਸਮਾਂ ਖਤਮ ਹੋ ਚੁੱਕਾ ਹੈ। ਹੁਣ ਉਹ ਡਾਂਵਾਡੋਲ ਆਰਥਿਕ ਹਾਲਤ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਕੇ ਬਰੀ ਨਹੀਂ ਹੋ ਸਕਦੀ। ਲਾਜ਼ਮੀ ਤੌਰ ’ਤੇ ਆਰਥਿਕ ਸਥਿਤੀ ਵਿੱਚ ਮੁੱਢਲੇ ਸੁਧਾਰ ਲਈ ਲਗਪਗ ਇਕ ਸਾਲ ਦਾ ਸਮਾਂ ਕਾਫੀ ਸੀ ਪ੍ਰੰਤੂ ਸੂਬਾ ਸਰਕਾਰ ਇਸ ਦੌਰਾਨ ਆਰਥਿਕ ਹਾਲਾਤਾਂ ਨੂੰ ਬੇਹਤਰ ਬਣਾਉਣ ਲਈ ਕਾਮਯਾਬ ਨਹੀਂ ਹੋ ਸਕੀ। ਸੂਬਾ ਸਰਕਾਰ ਨੂੰ ਕੇਂਦਰ ਵੱਲੋਂ ਲਾਗੂ ਕੀਤੀ ਗਈ ਨਵੀਂ ਟੈਕਸ ਪ੍ਰਣਾਲੀ ਜੀਐਸਟੀ ਤੋਂ ਵੱਡੀਆਂ ਉਮੀਦਾਂ ਲੱਗੀਆਂ ਹੋਈਆਂ ਸਨ ਪ੍ਰੰਤੂ ਜੀਐਸਟੀ ਕਰਾਂ ਦਾ ਪੈਸਾ ਫੌਰੀ ਤੌਰ ’ਤੇ ਸੂਬਾ ਸਰਕਾਰ ਨੂੰ ਨਹੀਂ ਮਿਲ ਰਿਹਾ। ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਵੀ ਕੇਂਦਰ ਸਰਕਾਰ ਤੋਂ ਕੋਈ ਮੱਦਦ ਨਹੀਂ ਮਿਲੀ। ਇਸ ਲਈ ਸਰਕਾਰ ਨੂੰ ਆਪਣੇ ਤੌਰ ’ਤੇ ਹੀ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨੇ ਪਏ। ਇਸ ਕਾਰਨ ਹੀ ਇਸ ਸਮੇਂ ਪੰਜਾਬ ਡੂੰਘੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸੂਬਾ ਸਰਕਾਰ ਦੇ ਪਹਿਲੇ ਬਜਟ ਦੌਰਾਨ ਆਰਥਿਕ ਸਥਿਤੀ ਦੀ ਅਸਲ ਤਸਵੀਰ ਸਾਹਮਣੇ ਆਵੇਗੀ। ਜੇਕਰ ਸੂਬਾ ਸਰਕਾਰ ਵੱਲੋਂ ਅਹੁਦਾ ਸੰਭਾਲਦਿਆਂ ਹੀ ਖਜ਼ਾਨੇ ਨੂੰ ਭਰਨ ਲਈ ਵਿਆਪਕ ਪੈਮਾਨੇ ’ਤੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਾਂਦੀਆਂ ਤਾਂ ਹੁਣ ਹਾਲਾਤ ਹੋਰ ਹੋਣੇ ਸਨ। ਸਰਕਾਰ ਦੇ ਵਿੱਤ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਖਜ਼ਾਨੇ ਦੀ ਹਾਲਤ ਵਧੇਰੇ ਖਰਾਬ ਹੋਈ ਹੈ ਅਤੇ ਸਰਕਾਰ ਨੂੰ ਤਨਖਾਹਾਂ ਨਾ ਦੇ ਸਕਣ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਹ ਬਹੁਤ ਹੀ ਚਿੰਤਾ ਵਾਲੇ ਹਾਲਾਤ ਹਨ। ਸਰਕਾਰ ਨੂੰ ਪਹਿਲਾਂ ਤੋਂ ਚਲ ਰਹੇ ਪ੍ਰੋਜੈਕਟਾਂ, ਵਿਕਾਸ ਕਾਰਜਾਂ ਅਤੇ ਯੋਜਨਾਵਾਂ ਲਈ ਵੀ ਸਰਮਾਏ ਦੀ ਜ਼ਰੂਰਤ ਹੈ। ਅਜਿਹੇ ਹਾਲਾਤਾਂ ਵਿੱਚ ਇਹ ਉਮੀਦ ਕਰਨੀ ਮੁਸ਼ਕਿਲ ਬਣ ਗਈ ਹੈ ਕਿ ਸਰਕਾਰ ਨਵੇਂ ਵਿਕਾਸ ਪ੍ਰੋਗਰਾਮ ਸ਼ੁਰੂ ਕਰੇਗੀ। ਟੈਕਸਾਂ ਦੀ ਵਸੂਲੀ ਦੇ ਮਾਮਲੇ ਵਿੱਚ ਵੀ ਕਾਫੀ ਢਿੱਲ-ਮੱਠ ਵਰਤੀ ਜਾ ਰਹੀ ਹੈ। ਵੱਖ-ਵੱਖ ਵਰਗਾਂ ਨੂੰ ਸਬਸਿਡੀਆਂ ਅਦਾ ਕਰਨਾ ਵੀ ਸਰਕਾਰ ਲਈ ਔਖਾ ਹੋਇਆ ਪਿਆ ਹੈ। ਪਾਵਰਕੌਮ ਖਾਸ ਤੌਰ ’ਤੇ ਸੰਕਟ ਵਿੱਚ ਹੈ। ਬਿਜਲੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੀ ਅਦਾਇਗੀ ਲਈ ਨਿਗਮ ਨੂੰ ਕਰਜ਼ਾ ਚੁੱਕਣਾ ਪੈ ਰਿਹਾ ਹੈ। ਦੂਸਰੇ ਵਿਭਾਗਾਂ ਵਿੱਚ ਵੀ ਹਾਲਾਤ ਬੇਹਤਰ ਨਹੀਂ ਹਨ। ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੂਬੇ ਦੀ ਵਿੱਤੀ ਹਾਲਤ ਨੂੰ ਸੁਧਾਰਨ ਬਾਰੇ ਤਰਜੀਹੀ ਆਧਾਰ ’ਤੇ ਧਿਆਨ ਦੇਵੇ। ਸਾਰੇ ਵਿਭਾਗਾਂ ਨੂੰ ਬਚਤ ਕਰਨ ਦੇ ਨਾਲ-ਨਾਲ ਬਕਾਇਆਂ ਦੀ ਵਸੂਲੀ ਲਈ ਮੁਹਿੰਮ ਚਲਾਉਣੀ ਚਾਹੀਦੀ ਹੈ। ਕੇਂਦਰ ਸਰਕਾਰ ਤੋਂ ਆਰਥਿਕ ਮੱਦਦ ਲੈਣ ਲਈ ਵੀ ਨਵੇਂ ਸਿਰੇ ਤੋਂ ਯਤਨ ਆਰੰਭਣੇ ਚਾਹੀਦੇ ਹਨ ਤਾਂ ਜੋ ਸੂਬੇ ਨੂੰ ਕੁਝ ਰਾਹਤ ਮਿਲ ਸਕੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....
Scroll To Top
11