Wednesday , 3 June 2020
Breaking News
You are here: Home » EDITORIALS » ਪੰਜਾਬ ‘ਚ ਨਸ਼ਿਆਂ ਦਾ ਨਾਜਾਇਜ਼ ਵਪਾਰ

ਪੰਜਾਬ ‘ਚ ਨਸ਼ਿਆਂ ਦਾ ਨਾਜਾਇਜ਼ ਵਪਾਰ

ਪੰਜਾਬ ਵਿੱਚ ਨਸ਼ਿਆਂ ਦਾ ਨਾਜਾਇਜ਼ ਕਾਰੋਬਾਰ ਖਤਰਨਾਕ ਦਿਸ਼ਾ ਲੈਂਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਇਕ ਘਰ ‘ਚ ਚੱਲ ਰਹੀ ਨਸ਼ਿਆਂ ਦੀ ਫੈਕਟਰੀ ਫੜੇ ਜਾਣ ਤੋਂ ਬਾਅਦ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਰਾਜਸੀ ਨੇਤਾ ਵੀ ਸ਼ਾਮਿਲ ਹਨ। ਇਹ ਬੇਹੱਦ ਹੈਰਾਨੀ ਵਾਲੀ ਗੱਲ ਹੈ ਕਿ ਅੰਮਿÎ੍ਰਤਸਰ ਸ਼ਹਿਰ ‘ਚ ਨਸ਼ਿਆਂ ਦੀ ਇਕ ਵੱਡੀ ਫੈਕਟਰੀ ਚਲਾਈ ਜਾ ਰਹੀ ਸੀ। ਇਸ ਫੈਕਟਰੀ ਵਿੱਚ ਵਰਤੇ ਜਾ ਰਹੇ ਰਸਾਇਣ ਅਤੇ ਮਾਰੂ ਨਸ਼ੇ ਗੁਆਂਢੀ ਦੇਸ਼ਾਂ ਤੋਂ ਤਸਕਰੀ ਰਾਹੀਂ ਹੀ ਅੰਮ੍ਰਿਤਸਰ ਵਿਖੇ ਲਿਆਂਦੇ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਨਸ਼ੇ ਦੇ ਇਸ ਕਾਰੋਬਾਰ ਨੂੰ ਭ੍ਰਿਸ਼ਟ ਅਫਸਰਾਂ ਤੋਂ ਵੀ ਸਰਪ੍ਰਸਤੀ ਮਿਲ ਰਹੀ ਹੈ। ਇਸ ਤੋਂ ਬਿਨਾਂ ਨਸ਼ਿਆਂ ਦੀ ਇਕ ਵੱਡੀ ਖੇਪ ਨੂੰ ਚੌਕਸੀ ਦੇ ਬਾਵਜੂਦ ਸਰਹੱਦ ਪਾਰੋਂ ਲਿਆਉਣਾ ਸੌਖਾ ਨਹੀਂ ਹੈ। ਹਜ਼ਾਰ ਕਰੋੜ ਰੁਪਏ ਤੋਂ ਵੱਧ ਮੁੱਲ ਦੇ ਮਾਰੂ ਨਸ਼ੇ ਫੜੇ ਜਾਣਾ ਪੰਜਾਬ ਪੁਲਿਸ ਦੀ ਇਕ ਵੱਡੀ ਪ੍ਰਾਪਤੀ ਹੈ। ਫਿਰ ਵੀ ਨਸ਼ਿਆਂ ਦੀਆਂ ਅਜਿਹੀਆਂ ਹੋਰ ਫੈਕਟਰੀਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਸ਼ਿਆਂ ਦੇ ਨਾਜਾਇਜ਼ ਕਾਰੋਬਾਰ ਵਿੱਚ ਹੋਰ ਨੇਤਾ ਅਤੇ ਅਫਸਰ ਵੀ ਸ਼ਾਮਿਲ ਹਨ। ਇਸ ਦੀਆਂ ਸਾਰੀਆਂ ਤੰਦਾਂ ਬੇਪਰਦ ਹੋਣੀਆਂ ਚਾਹੀਦੀਆਂ ਹਨ। ਇਹ ਸ਼ਰਮਨਾਕ ਗੱਲ ਹੈ ਕਿ ਸੂਬੇ ਦੀ ਕਥਿਤ ਅਗਵਾਈ ਕਰਨ ਦਾ ਦਾਅਵਾ ਕਰਨ ਵਾਲੇ ਸਿਆਸਤਦਾਨ ਵੀ ਨਸ਼ਿਆਂ ਦੇ ਕਾਲੇ ਕਾਰੋਬਾਰ ਲੱਗੇ ਹੋਏ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ। ਅਜਿਹੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਰੋਕਣ ਲਈ ਹੋਰ ਵਧੇਰੇ ਸਖਤੀ ਤੋਂ ਕੰਮ ਲਵੇ। ਸਾਰੇ ਅਜਿਹੇ ਸ਼ੱਕੀ ਟਿਕਾਣਿਆਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਜਿਥੇ ਨਸ਼ਿਆਂ ਨੂੰ ਭੰਡਾਰ ਕਰਕੇ ਰੱਖਿਆ ਹੋਇਆ ਹੈ। ਨਸ਼ਿਆਂ ਦੇ ਇਸ ਕਾਰੋਬਾਰ ਨੂੰ ਸਰਪ੍ਰਸਤੀ ਦੇਣ ਵਾਲੇ ਭ੍ਰਿਸ਼ਟ ਅਧਿਕਾਰੀਆਂ ਦੀ ਵੀ ਸ਼ਨਾਖਤ ਕੀਤੀ ਜਾਵੇ। ਨਸ਼ੇ ਦੇ ਇਸ ਕਾਲੇ ਕਾਰੋਬਾਰ ਨਾਲ ਜੁੜੇ ਸਾਰੇ ਅਨਸਰਾਂ ਦੀਆਂ ਜਾਇਦਾਦਾਂ ਕੁਰਕ ਹੋਣੀਆਂ ਚਾਹੀਦੀਆਂ ਹਨ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਅਤੇ ਪੁਲਿਸ ਨੂੰ ਹਾਲੇ ਹੋਰ ਵੱਡੀ ਕਾਰਵਾਈ ਕਰਨੀ ਹੋਵੇਗੀ। ਜਦੋਂ ਤੱਕ ਵੱਡੇ ਨਸ਼ਾ ਤਸਕਰ ਫੜੇ ਨਹੀਂ ਜਾਂਦੇ ਤਦ ਤੱਕ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਣਾ ਸੰਭਵ ਨਹੀਂ ਹੈ। ਇਹ ਬੇਹੱਦ ਚਿੰਤਾ ਵਾਲੀ ਗੱਲ ਹੈ ਕਿ ਮਾਰੂ ਨਸ਼ੇ ਪੰਜਾਬ ਵਿੱਚ ਹੀ ਤਿਆਰ ਕਰਕੇ ਵੇਚੇ ਜਾ ਰਹੇ ਹਨ। ਜਿਥੇ ਨਸ਼ਿਆਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਦੀ ਲੋੜ ਹੈ ਉੱਥੇ ਨਸ਼ਿਆਂ ਨੂੰ ਤਿਆਰ ਕਰਨ ਵਾਲੇ ਨਾਜਾਇਜ਼ ਕਾਰਖਾਨਿਆਂ ਦੀ ਵੀ ਘੇਰਾਬੰਦੀ ਕੀਤੀ ਜਾਣੀ ਚਾਹੀਦੀ ਹੈ। ਜਦੋਂ ਤੱਕ ਨਸ਼ਿਆਂ ਦੀ ਸਪਲਾਈ ਨੂੰ ਰੋਕਿਆ ਨਹੀਂ ਜਾਂਦਾ ਤੱਦ ਤੱਕ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੋੜਨਾ ਮੁਸ਼ਕਿਲ ਹੈ। ਜੇਕਰ ਪੰਜਾਬ ਨੂੰ ਬਚਾਉਣਾ ਹੈ ਤਦ ਨਸ਼ਿਆਂ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਈ ਜਾਵੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11