Thursday , 20 September 2018
Breaking News
You are here: Home » EDITORIALS » ਪੰਜਾਬ ’ਚ ਕੈਂਸਰ ਦਾ ਵਧਦਾ ਖਤਰਾ

ਪੰਜਾਬ ’ਚ ਕੈਂਸਰ ਦਾ ਵਧਦਾ ਖਤਰਾ

ਪੰਜਾਬ ਵਿੱਚ ਕੈਂਸਰ ਦੀ ਨਾਮੁਰਾਦ ਬਿਮਾਰੀ ਲਗਾਤਾਰ ਵੱਧ ਰਹੀ ਹੈ। ਪੀ.ਜੀ.ਆਈ. ਵਿੱਚ ਕੈਂਸਰ ਦੇ ਇਲਾਜ ਲਈ ਆ ਰਹੇ ਮਰੀਜ਼ਾਂ ਦੀ ਗਿਣਤੀ ਪੰਜ ਸਾਲਾਂ ਵਿੱਚ ਦੁੱਗਣੀ ਹੋ ਗਈ ਹੈ। ਔਰਤਾਂ ਵਿੱਚ ਬੱਚੇਦਾਨੀ ਦੇ ਕੈਂਸਰ ਦਾ ਕਹਿਰ ਘਟਣ ਲੱਗਿਆ ਹੈ ਅਤੇ ਛਾਤੀ ਦੇ ਕੈਂਸਰ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਪੁਰਸ਼ਾਂ ਵਿੱਚ ਬਲੱਡ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਹੇਠਾਂ ਆਉਣ ਲੱਗੀ ਹੈ ਅਤੇ ਮੂੰਹ ਦਾ ਕੈਂਸਰ ਤੇਜ਼ੀ ਨਾਲ ਪੈਰ ਪਸਾਰਨ ਲੱਗਿਆ ਹੈ। ਇਹ ਅੰਕੜੇ ਪੰਜਾਬ ਤੋਂ ਪੀਜੀਆਈ ਵਿੱਚ ਇਲਾਜ ਲਈ ਆ ਰਹੇ ਮਰੀਜ਼ਾਂ ਦੇ ਰੱਖੇ ਜਾ ਰਹੇ ਰਿਕਾਰਡ ਤੋਂ ਸਾਹਮਣੇ ਆਏ ਹਨ। ਨੈਸ਼ਨਲ ਕੈਂਸਰ ਰਜਿਸਟਰ ਪ੍ਰੋਗਰਾਮ ਆਫ ਇੰਡੀਆ ਕੌਂਸਰ ਆਫ ਰਿਸਰਚ ਦੇ ਅੰਕੜੇ ਵੀ ਇਸ ਦੀ ਪੁਸ਼ਟੀ ਕਰਦੇ ਹਨ। ਹਸਪਤਾਲ ਵਿੱਚ ਮੌਜੂਦ ਰਿਕਾਰਡ ਮੁਤਾਬਿਕ ਪੀਜੀਆਈ ਵਿੱਚ ਸਾਲ 2011 ਤੋਂ 2013 ਤੱਕ 12,709 ਮਰੀਜ਼ ਇਲਾਜ ਲਈ ਆਏ ਸਨ ਜਦੋਂਕਿ 2014 ਵਿੱਚ ਇੱਕ ਸਾਲ ’ਚ ਹੀ ਕੈਂਸਰ ਦੇ 7,101 ਮਰੀਜ਼ ਇਲਾਜ ਲਈ ਆ ਗਏ ਸਨ। ਅਗਲੇ ਸਾਲ ਇਹ ਗਿਣਤੀ ਵੱਧ ਕੇ 7,217 ’ਤੇ ਜਾ ਪੁੱਜੀ। ਪ੍ਰਾਪਤ ਅੰਕੜਿਆਂ ਤੋਂ ਬਿਮਾਰੀ ਵਿੱਚ ਬਦਲਾਅ ਦਾ ਵੀ ਅਹਿਮ ਖੁਲਾਸਾ ਹੋਇਆ ਹੈ। ਪਹਿਲਾਂ ਦੇ ਮੁਕਾਬਲੇ ਔਰਤਾਂ ਵਿੱਚ ਬੱਚੇਦਾਨੀ ਦੇ ਕੈਂਸਰ ਦਾ ਕਹਿਰ ਘਟ ਰਿਹਾ ਹੈ ਜਦੋਂ ਕਿ ਛਾਤੀ ਦਾ ਕੈਂਸਰ ਤੇਜ਼ੀ ਨਾਲ ਘੇਰਨ ਲੱਗ ਪਿਆ ਹੈ। ਸਾਲ 2011 ਤੋਂ 2013 ਤੱਕ ਕੈਂਸਰ ਦੇ ਕੁੱਲ ਮਰੀਜ਼ਾਂ ਵਿੱਚੋਂ ਛਾਤੀ ਦੇ ਕੈਂਸਰ ਤੋਂ ਪੀੜਤ 20.3 ਪ੍ਰਤੀਸ਼ਤ ਔਰਤਾਂ ਸਨ। ਸਾਲ 2014 ਵਿੱਚ ਇਹ ਪ੍ਰਤੀਸ਼ਤਤਾ ਵਧ ਕੇ 21.9 ਹੋ ਗਈ ਸੀ ਜਦੋਂ ਕਿ ਬੀਤੇ ਸਾਲ ਤੱਕ ਇਹ ਵਾਧਾ 23.6 ਫੀਸਦ ਤੱਕ ਹੋ ਗਿਆ ਸੀ। ਕੈਂਸਰ ਦੇ ਕੁਲ ਮਰੀਜ਼ਾਂ ਵਿੱਚੋਂ 2011 ਤੋਂ 2013 ਤੱਕ ਬੱਚੇਦਾਨੀ ਦੇ ਕੈਂਸਰ ਦੇ 17 ਫੀਸਦ ਮਰੀਜ਼ ਸਨ। ਸਾਲ 2014 ’ਚ ਇਹ ਪ੍ਰਤੀਸ਼ਤਤਾ ਘੱਟ ਕੇ 15.4 ਅਤੇ 14.3 ਰਹਿ ਗਈ ਹੈ। ਓਵਰੀ ਕੈਂਸਰ ਦੇ ਕੇਸਾਂ ਦੀ ਪ੍ਰਤੀਸ਼ਤਤਾ ਪਿਛਲੇ ਪੰਜ ਸਾਲਾਂ ਵਿੱਚ 7 ਪ੍ਰਤੀਸ਼ਤ ਤੋਂ ਹੇਠਾਂ 5.6 ਫੀਸਦੀ ਤੱਕ ਆ ਗਈ ਹੈ। ਪੀਜੀਆਈ ਦੀ ਰਿਪੋਰਟ ਵਿੱਚ ਬੱਚੇਦਾਨੀ ਦੇ ਕੈਂਸਰ ਦੇ ਘਟਣ ਅਤੇ ਛਾਤੀ ਦੇ ਕੈਂਸਰ ’ਚ ਹੋ ਰਹੇ ਵਾਧੇ ਬਾਰੇ ਵੀ ਦੱਸਿਆ ਗਿਆ ਹੈ। ਰਿਪੋਰਟ ਅਨੁਸਾਰ ਕੁਝ ਸਾਲ ਪਹਿਲਾਂ ਤੱਕ ਔਰਤਾਂ ਵਧੇਰੇ ਬੱਚਿਆਂ ਨੂੰ ਜਨਮ ਦੇਣ ਲਈ ਮਜਬੂਰ ਹੁੰਦੀਆਂ ਸਨ, ਜੋ ਕਿ ਇਨਫੈਕਸ਼ਨ ਦਾ ਕਾਰਨ ਬਣਦਾ ਸੀ। ਵਾਰ-ਵਾਰ ਲਾਗ ਦੀ ਬਿਮਾਰੀ ਬਾਅਦ ਵਿੱਚ ਕੈਂਸਰ ਦਾ ਰੂਪ ਧਾਰਨ ਕਰ ਜਾਂਦੀ ਰਹੀ ਹੈ। ਇਸ ਦੇ ਉਲਟ ਲੇਟ ਉਮਰ ਵਿੱਚ ਵਿਆਹ ਕਰਾਉਣ ਅਤੇ ਤੀਹ ਸਾਲ ਦੀ ਉਮਰ ਤੋਂ ਬਾਅਦ ਬੱਚੇ ਨੂੰ ਜਨਮ ਦੇਣਾ ਛਾਤੀ ਦੇ ਕੈਂਸਰ ਨੂੰ ਜਨਮ ਦੇਣ ਲੱਗਿਆ ਹੈ। ਨਵ- ਜਨਮੇ ਬੱਚਿਆਂ ਨੂੰ ਘੱਟ ਦੁੱਧ ਚੁੰਘਾਉਣ ਨਾਲ ਵੀ ਛਾਤੀ ਦਾ ਕੈਂਸਰ ਹੁੰਦਾ ਹੈ। ਰਿਪੋਰਟ ਅਨੁਸਾਰ ਵੱਡੀ ਉਮਰ ਵਿੱਚ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਛਾਤੀ ਦਾ ਕੈਂਸਰ ਹੋਣ ਦੇ ਪੰਜ ਗੁਣਾਂ ਵਧੇਰੇ ਆਸਾਰ ਬਣ ਜਾਂਦੇ ਹਨ। ਪੁਰਸ਼ਾਂ ਵਿੱਚ ਬਲੱਡ ਕੈਂਸਰ ਨਾਲੋਂ ਫੇਫੜਿਆਂ ਅਤੇ ਮੂੰਹ ਦਾ ਕੈਂਸਰ ਵਧੇਰੇ ਵਧ ਰਿਹਾ ਹੈ। ਮੂੰਹ ਅਤੇ ਫੇਫੜਿਆਂ ਲਈ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਹਾਨੀਕਾਰਕ ਸਿੱਧ ਹੋ ਰਹੀ ਹੈ। ਪਿਛਲੇ ਪੰਜ ਸਾਲਾਂ ਵਿੱਚ ਦੋਹਾਂ ਤਰ੍ਹਾਂ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ 10.9 ਦੀ ਥਾਂ 14.5 ਫੀਸਦੀ ਦਾ ਵਾਧਾ ਹੋਇਆ ਹੈ। ਬਲੱਡ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਘਟਣ ਦੀ ਪ੍ਰਤੀਸ਼ਤਤਾ 9.3 ਦੀ ਥਾਂ 8.2 ਫੀਸਦੀ ਹੋ ਗਈ ਹੈ। ਇਹ ਬਹੁਤ ਹੀ ਗੰਭੀਰ ਸਥਿਤੀ ਹੈ। ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੈਂਸਰ ਦੀ ਰੋਕਥਾਮ ਲਈ ਤੁਰੰਤ ਯਤਨ ਸ਼ੁਰੂ ਕਰੇ। ਕੈਂਸਰ ਦੇ ਪੀੜਤਾਂ ਨੂੰ ਹਰ ਤਰ੍ਹਾਂ ਦੀਆਂ ਇਲਾਜ਼ ਸਹੂਲਤਾਂ ਦਿੱਤੀਆਂ ਜਾਣ।
– ਬਲਜੀਤ ਸਿੰਘ ਬਰਾੜ

Comments are closed.

COMING SOON .....
Scroll To Top
11