Tuesday , 20 August 2019
Breaking News
You are here: Home » Editororial Page » ਪੰਜਾਬੀ ਸੂਬਾ ਮੋਰਚੇ ਦੇ ਮੋਢੀ ਸਿਰਮੌਰ ਅਕਾਲੀ : ਜਥੇਦਾਰ ਸੰਪੂਰਨ ਸਿੰਘ ਰਾਮਾ

ਪੰਜਾਬੀ ਸੂਬਾ ਮੋਰਚੇ ਦੇ ਮੋਢੀ ਸਿਰਮੌਰ ਅਕਾਲੀ : ਜਥੇਦਾਰ ਸੰਪੂਰਨ ਸਿੰਘ ਰਾਮਾ

ਪੰਜਾਬੀ ਸੂਬਾ ਮੋਰਚੇ ਦੇ ਮੋਢੀ ਸੰਪੂਰਨ ਸਿੰਘ ਰਾਮਾ ਦਾ ਜਨਮ ਪਟਿਆਲਾ ਰਿਆਸਤ ਦੇ ਪਿੰਡ ਮੌੜ ਢਿਲਵਾਂ ਵਿਚ ਪਿਤਾ ਹਰੀ ਸਿੰਘ ਮਾਨ ਅਤੇ ਮਾਤਾ ਭਾਗ ਕੌਰ ਦੇ ਘਰ 1895 ਵਿਚ ਹੋਇਆ ਪ੍ਰੰਤੂ ਉਨ੍ਹਾਂ ਦੀ ਜਨਮ ਤਾਰੀਕ ਦੇ ਵੇਰਵੇ ਨਹੀਂ ਮਿਲਦੇ। ਇਹ ਪਿੰਡ ਇਸ ਸਮੇਂ ਬਠਿੰਡਾ ਜਿਲ੍ਹੇ ਵਿਚ ਹੈ। ਆਪਨੇ ਆਪਣੀ ਮੁੱਢਲੀ ਪੜ੍ਹਾਈ ਮੌੜ ਢਿਲਵਾਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਹੀ ਪ੍ਰਾਪਤ ਕੀਤੀ। ਫਿਰ ਆਪ ਦੇ ਪਿਤਾ ਰਾਮਾ ਪਿੰਡ ਵਿਚ ਜਾ ਕੇ ਵਸ ਗਏ ਕਿਉਂਕਿ ਆਪਦੀ ਦਾਦੀ ਨੂੰ ਆਪਣੇ ਪਿਤਾ ਦੀ ਇਕਲੌਤੀ ਸੰਤਾਨ ਹੋਣ ਕਰਕੇ ਇਸ ਪਿੰਡ ਵਿਚ ਜ਼ਮੀਨ ਮਿਲ ਗਈ ਸੀ। ਅਰਥਾਤ ਰਾਮਾ ਆਪਦੇ ਪਿਤਾ ਦਾ ਨਾਨਕਾ ਪਿੰਡ ਹੈ। ਉਸ ਸਮੇਂ ਇਹ ਦੋਵੇਂ ਪਿੰਡ ਪਟਿਆਲਾ ਰਿਆਸਤ ਵਿਚ ਹੁੰਦੇ ਸਨ। ਬਚਪਨ ਵਿਚ ਹੀ ਆਪ ਨੂੰ ਧਾਰਮਿਕ ਰੁਚੀ ਪੈਦਾ ਹੋ ਗਈ ਸੀ। ਜਵਾਨ ਹੁੰਦਿਆਂ ਹੀ ਆਪ ਨੇ ਧਾਰਮਿਕ ਕਵਿਤਾਵਾਂ ਅਤੇ ਲੋਕ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਆਪ ਨੇ ਅਕਾਲੀ ਕਾਨਫ਼ਰੰਸਾਂ, ਗੁਰਦੁਅਰਿਆਂ ਅਤੇ ਮੇਲਿਆਂ ਵਿਚ ਕਵੀਸ਼ਰੀ ਵੀ ਕਰਨੀ ਸ਼ੁਰੂ ਕਰ ਦਿੱਤੀ। ਇਸ ਲਈ ਧਾਰਮਿਕ ਮਾਹੌਲ ਵਿਚ ਵਿਚਰਨ ਕਰਕੇ ਆਪ ਵਿਚ ਧਾਰਮਿਕ ਪ੍ਰਵਿਰਤੀ ਜ਼ਿਆਦਾ ਪੈਦਾ ਹੋ ਗਈ ਅਤੇ ਆਪ ਧਾਰਮਿਕ ਰੰਗ ਵਿਚ ਪੂਰੀ ਤਰ੍ਹਾਂ ਰੰਗੇ ਗਏ। ਫਿਰ 1941 ਵਿਚ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣ ਗਏ। ਉਸ ਦਿਨ ਤੋਂ ਬਾਅਦ ਆਪਨੇ ਕਵੀਸ਼ਰੀ ਅਤੇ ਗੀਤ ਗਾਉਣ ਨੂੰ ਤਿਲਾਂਜਲੀ ਦੇ ਕੇ ਅਕਾਲੀ ਦਲ ਦੇ ਪੂਰੇ ਸਮੇਂ ਲਈ ਪੱਕੇ ਸਰਗਰਮ ਵਰਕਰ ਬਣ ਗਏ। ਇਸ ਤੋਂ ਬਾਅਦ ਆਪਨੇ ਮੁੜ ਕੇ ਪਿੱਛੇ ਨਹੀਂ ਵੇਖਿਆ। ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕੀਤੀ, ਜਿਸ ਕਰਕੇ ਆਪ ਨੂੰ ਬਠਿੰਡਾ ਅਕਾਲੀ ਜਥੇ ਦਾ ਜਥੇਦਾਰ ਬਣਾ ਦਿੱਤਾ ਗਿਆ। ਜਿਲ੍ਹੇ ਦਾ ਜਥੇਦਾਰ ਬਣਨ ਤੋਂ ਬਾਅਦ ਆਪਦੇ ਨਾਮ ਨਾਲ ਜਥੇਦਾਰ ਪੱਕੇ ਤੌਰ ਤੇ ਜੁੜ ਗਿਆ। ਅਕਾਲੀ ਨੇਤਾ ਆਪਣੇ ਨਾਮ ਨਾਲ ਜ਼ਾਤ, ਗੋਤ ਅਤੇ ਸਰ ਨੇਮ ਨਹੀਂ ਲਗਾਉਂਦੇ, ਉਹ ਆਪਣੇ ਪਿੰਡ ਦਾ ਨਾਮ ਆਪਣੇ ਨਾਮ ਦੇ ਪਿੱਛੇ ਲਗਾਉਂਦੇ ਹਨ। ਉਸੇ ਤਰ੍ਹਾਂ ਜਥੇਦਾਰ ਸੰਪੂਰਨ ਸਿੰਘ ਨੇ ਵੀ ਆਪਣੇ ਨਾਮ ਨਾਲ ਰਾਮਾ ਸ਼ਬਦ ਜੋੜ ਲਿਆ। ਆਪ ਨਿਸ਼ਠਾਵਾਨ ਸਿਆਤਦਾਨ ਸਨ, ਇਸ ਲਈ ਪਾਰਟੀ ਦੇ ਹਰ ਸਮਾਗਮ ਵਿਚ ਵੱਧ ਚੜ੍ਹਕੇ ਦਿਲਚਸਪੀ ਲੈਂਦੇ ਸਨ। ਆਪਦੀ ਹਰਮਨ ਪਿਆਰਤਾ ਕਰਕੇ ਆਪਨੂੰ ਸਟੇਟ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ। ਉਸ ਸਮੇਂ ਪ੍ਰੀਤਮ ਸਿੰਘ ਗੁਜਰਾਂ ਪੰਜਾਬ ਦੇ ਰਿਆਸਤੀ ਅਕਾਲੀ ਦਲ ਦੇ ਪ੍ਰਧਾਨ ਸਨ। ਇਨ੍ਹਾਂ ਦੋਹਾਂ ਨੇਤਾਵਾਂ ਨੇ ਪਟਿਆਲਾ ਸਟੇਟ ਪਰਜਾ ਮੰਡਲ ਦੇ ਪ੍ਰਧਾਨ ਸੁੰਦਰ ਲਾਲ ਨਾਲ ਰਲਕੇ ਰਾਜ ਵਿਚ ਪਰਜਾਤੰਤਰਿਕ ਸੁਧਾਰਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪ ਜਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਨਾਲ ਰਲਕੇ ਸਿਆਸਤ ਅਤੇ ਅਜ਼ਾਦੀ ਦੀ ਜਦੋਜਹਿਦ ਵਿਚ ਹਿੱਸਾ ਲੈਂਦੇ ਰਹੇ ਪ੍ਰੰਤੂ ਦੇਸ ਦੀ ਅਜ਼ਾਦੀ ਤੋਂ ਬਾਅਦ 1952 ਦੀਆਂ ਚੋਣਾਂ ਸਮੇਂ ਸਟੇਟ ਅਕਾਲੀ ਦਲ ਵਿਚ ਫੁੱਟ ਪੈ ਗਈ, ਜਿਸ ਕਰਕੇ ਅਕਾਲੀ ਦਲ ਦੋਫਾੜ ਹੋ ਗਿਆ। ਆਪ ਦੇ ਜਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਨਾਲ ਮਤਭੇਦ ਹੋ ਗਏ। ਅਕਾਲੀ ਦਲ ਦੀ ਸਿਆਸਤ ਆਪ ਨੇ ਇੱਕ ਵਰਕਰ ਤੋਂ ਸ਼ੁਰੂ ਕਰਕੇ ਸਿਰਮੌਰ ਨੇਤਾ ਬਣ ਗਏ। ਜਥੇਦਾਰ ਸੰਪੂਰਨ ਸਿੰਘ ਰਾਮਾ ਨੇ ਆਪਣੀ ਵੱਖਰੀ ਪਾਰਟੀ ‘‘ ਮਾਲਵਾ ਰਿਆਸਤੀ ਅਕਾਲੀ ਦਲ’’ ਬਣਾ ਲਿਆ ਅਤੇ ਆਪ ਉਸਦੇ ਪ੍ਰਧਾਨ ਬਣ ਗਏ। ਆਪ ਧੜੇਬੰਦੀ ਵਿਚ ਵਿਸ਼ਵਾਸ਼ ਰੱਖਦੇ ਸਨ। ਜਥੇਦਾਰ ਸੰਪੂਰਨ ਸਿੰਘ ਰਾਮਾਂ ਖ਼ੁਦਦਾਰ ਨੇਤਾ ਸਨ, ਕਿਸੇ ਅਕਾਲੀ ਨੇਤਾ ਦੀ ਈਨ ਨਹੀਂ ਮੰਨਦੇ ਸਨ, ਜਿਸ ਕਰਕੇ ਅਕਾਲੀ ਨੇਤਾਵਾਂ ਗਿਆਨ ਸਿੰਘ ਰਾੜੇਵਾਲਾ ਅਤੇ ਮਾਸਟਰ ਤਾਰਾ ਸਿੰਘ ਨਾਲ ਆਪ ਦੀ ਰਾਲ ਨਾ ਰਲੀ। ਗਿਆਨ ਸਿੰਘ ਰਾੜੇਵਾਲਾ ਦੀ ਵਜ਼ਾਰਤ ਵਿਚ ਆਪ ਨੇ ਆਪਣਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਵਿਧਾਨਕਾਰ ਐਡਵੋਕੇਟ ਦਾਰਾ ਸਿੰਘ ਨੂੰ ਮੰਤਰੀ ਬਣਵਾਇਆ ਸੀ। 13 ਅਪ੍ਰੈਲ 1952 ਨੂੰ ਆਪਦੀ ਦੇਸ਼ ਭਗਤੀ ਦੀ ਇਕ ਬਗਾਬਤੀ ਕਵਿਤਾ ਪੰਜਾਬੀ ਦੇ ਸਪਤਾਹਿਕ ਅਖ਼ਬਾਰ ਬੱਬਰ ਵਿਚ ਪ੍ਰਕਾਸ਼ਤ ਹੋਈ ਜਿਸਨੇ ਸਿਆਸੀ ਹਲਕਿਆਂਵਿਚ ਤਰਥੱਲੀ ਮਚਾ ਦਿੱਤੀ। 24 ਅਪ੍ਰੈਲ 1953 ਨੂੰ ਜਥੇਦਾਰ ਰਾਮਾ ਨੇ ਭਾਰਤ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਚਿੱਠੀ ਲਿਖੀ ਜਿਸ ਵਿਚ ਪੰਜਾਬੀ ਭਾਸ਼ਾ ਬੋਲਣ ਵਾਲੇ ਇਲਾਕਿਆਂ ਦਾ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਲਿਖਿਆ ਕਿ ਜੇਕਰ ਵੱਖਰਾ ਪੰਜਾਬੀ ਸੂਬਾ ਨਾ ਬਣਾਇਆ ਗਿਆ ਤਾਂ ਉਨ੍ਹਾਂ ਦੀ ਰਿਹਾਇਸ਼ ਦੇ ਸਾਹਮਣੇ ਉਹ ਮਰਨ ਵਰਤ ਰੱਖੇਗਾ। ਜਦੋਂ ਆਪਦੀ ਮੰਗ ਵਲ ਧਿਆਨ ਨਾ ਦਿੱਤਾ ਗਿਆ ਤਾਂ ਆਪਨੇ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਅਰਦਾਸ ਕਰਕੇ ਦਿੱਲੀ ਵਿਖੇ ਮਰਨ ਵਰਤ ਰੱਖਣ ਲਈ ਆਪਣੇ ਸਰੀਰ ਤੇ ਕੱਫਣ ਬੰਨ੍ਹਕੇ ਆਪਣੇ ਚਾਰ ਸਾਥੀਆਂ ਨਾਲ ਚਲੇ ਗਏ। ਪ੍ਰੰਤੂ ਆਪਨੂੰ ਪੁਲਿਸ ਨੇ ਨਰੇਲਾ ਰੇਲਵੇ ਸ਼ਟੇਸ਼ਨ ਤੋਂ 1 ਨਵੰਬਰ 1953 ਨੂੰ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ੍ਹ ਵਿਚ ਬੰਦ ਕਰ ਦਿੱਤਾ। ਜਥੇਦਾਰ ਰਾਮਾ ਨੇ ਜੇਲ੍ਹ ਵਿਚ ਵੀ ਭੁੱਖ ਹੜਤਾਲ ਕਰ ਦਿੱਤੀ। ਜਦੋਂ ਆਪਨੇ ਭੁੱਖ ਹੜਤਾਲ ਖ਼ਤਮ ਨਾ ਕੀਤੀ ਤਾਂ ਆਪਨੂੰ ਜੇਲ੍ਹ ਵਿਚੋਂ ਰਿਹਾ ਕਰਕੇ ਰਾਮਾ ਪਿੰਡ ਵਿਚ ਛੱਡ ਦਿੱਤਾ ਗਿਆ ਤਾਂ ਜੋ ਉਹ ਵਾਪਸ ਦਿੱਲੀ ਆ ਕੇ ਭੁੱਖ ਹੜਤਾਲ ਨਾ ਕਰ ਸਕੇ। ਭੁੱਖ ਹੜਤਾਲ ਕਰਕੇ ਆਪ ਬਹੁਤ ਕਮਜ਼ੋਰ ਹੋ ਗਏ ਸਨ। ਅਕਾਲੀ ਦਲ ਦੇ ਬਹੁਤ ਸਾਰੇ ਨੇਤਾ ਪੰਜਾਬੀ ਸੂਬੇ ਦੀ ਮੰਗ ਕਰਨ ਦਾ ਸਿਹਰਾ ਆਪੋ ਆਪਣੇ ਸਿਰ ਤੇ ਬੰਨ੍ਹਦੇ ਹਨ ਪ੍ਰੰਤੂ ਸਹੀ ਅਰਥਾਂ ਵਿਚ ਆਪ ਪਹਿਲੇ ਅਕਾਲੀ ਨੇਤਾ ਹਨ, ਜਿਨ੍ਹਾਂ ਨੇ ਦਿੱਲੀ ਵਿਖੇ ਜਾ ਕੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚਾ ਲਗਾਇਆ ਅਤੇ ਭੁਖ ਹੜਤਾਲ ਕੀਤੀ। ਬਾਕੀ ਅਕਾਲੀ ਨੇਤਾਵਾਂ ਨੇ ਤਾਂ ਉਨ੍ਹਾਂ ਤੋਂ ਬਾਅਦ ਪੰਜਾਬੀ ਸੂਬੇ ਦੀ ਮੰਗ ਕੀਤੀ ਸੀ। ਜਦੋਂ ਭਾਰਤ ਦੇ ਗ੍ਰਹਿ ਮੰਤਰੀ ਬਠਿੰਡਾ ਵਿਖੇ ਆਏ ਤਾਂ ਆਪ ਨੇ ਉਥੇ ਜ਼ਬਰਦਸਤ ਵਿਖਾਵਾ ਕੀਤਾ ਅਤੇ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਦੇ ਧੜੇ ਨੇ ਆਪ ਦਾ ਵਿਰੋਧ ਕੀਤਾ ਅਤੇ ਆਪ ਦੇ ਪੰਜਾਬੀ ਸੂਬੇ ਦੇ ਅੰਦੋਲਨ ਨੂੰ ਫ਼ੇਲ੍ਹ ਕਰ ਦਿੱਤਾ। ਅਸਲ ਵਿਚ ਇਹ ਚੌਧਰ ਦਾ ਮਸਲਾ ਸੀ ਕਿ ਪੰਜਾਬੀ ਸੂਬਾ ਬਣਾਉਣ ਦਾ ਸਿਹਰਾ ਕਿਸ ਦੇ ਸਿਰ ਤੇ ਬੰਨ੍ਹਿਆਂ ਜਾਵੇ। ਆਪ ਨੂੰ ਕਿਸੇ ਅਹੁਦੇ ਦੀ ਭੁੱਖ ਨਹੀਂ ਸੀ, ਇਸ ਕਰਕੇ ਆਪ ਨੇ ਕਦੀਂ ਵੀ ਕੋਈ ਚੋਣ ਨਹੀਂ ਲੜੀ। ਆਪ ਬਹੁਤ ਹੀ ਸਿਰੜੀ ਅਤੇ ਧੜੱਲੇਦਾਰ ਨੇਤਾ ਸਨ, ਕਦੀਂ ਵੀ ਕਿਸੇ ਦੇ ਪ੍ਰਭਾਵ ਜਾਂ ਲਾਲਚ ਅਧੀਨ ਨਹੀਂ ਆਏ। ਹਮੇਸ਼ਾ ਆਪਣੇ ਸਿਧਾਂਤਾਂ ਤੇ ਅੜੇ ਰਹੇ। ਅਖ਼ੀਰ ਅਕਾਲੀ ਦਲ ਦੀ ਏਕਤਾ ਨੂੰ ਮੁਖ ਰੱਖਦਿਆਂ ਮੁੜ ਅਕਾਲੀ ਦਲ ਵਿਚ ਆਪਣੇ ਮਾਲਵਾ ਰਿਆਸਤੀ ਅਕਾਲੀ ਦਲ ਨੂੰ ਸ਼ਾਮਲ ਕਰ ਦਿੱਤਾ।

Comments are closed.

COMING SOON .....


Scroll To Top
11