Thursday , 23 May 2019
Breaking News
You are here: Home » Literature » ਪੰਜਾਬੀ ਸਾਹਿਤ ਦੀ ਬਹੁਪੱਖੀ ਸ਼ਖਸੀਅਤ ਗੁਰਬਖ਼ਸ਼ ਸਿੰਘ ਪ੍ਰੀਤਲੜੀ

ਪੰਜਾਬੀ ਸਾਹਿਤ ਦੀ ਬਹੁਪੱਖੀ ਸ਼ਖਸੀਅਤ ਗੁਰਬਖ਼ਸ਼ ਸਿੰਘ ਪ੍ਰੀਤਲੜੀ

ਰਣਜੀਤ ਸਿੰਘ ਸਿੱਧੂ

ਪੁਨਰ ਜਾਗ੍ਰਿਤੀ ਦੀਆਂ ਲਹਿਰਾਂ ਦੇ ਪ੍ਰਭਾਵ ਅਧੀਨ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਜਦੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਇਕ ਇਤਿਹਾਸਕ ਮੋੜ ਆਇਆ ਅਤੇ ਸੁਚੇਤ ਰੂਪ ਵਿਚ ਇਸ ਦੀ ਉ¤ਨਤੀ ਲਈ ਸਿੰਘ ਸਭਾ ਲਹਿਰ ਵਲੋਂ ਧਾਰਮਿਕ ਪੱਧਰ ’ਤੇ ਬੀੜਾ ਚੁੱਕਿਆ ਗਿਆ, ਉਸ ਸਮੇਂ ਹੀ ਪੂਰਨ ਭਗਤ ਦੀ ਧਰਤੀ ਤੋਂ ਸਿਆਲਕੋਟ ਵਿਚ 26 ਅਪ੍ਰੈਲ 1895 ਨੂੰ ਮਾਤਾ ਮਾਲਣੀ ਦੀ ਕੁੱਖੋਂ, ਸ. ਪਸ਼ੌਰਾ ਸਿੰਘ ਦੇ ਘਰ ਗੁਰਬਖ਼ਸ਼ ਸਿੰਘ ਦਾ ਜਨਮ ਹੋਇਆ ਜੋ ਪੰਜਾਬੀ ਜੀਵਨ, ਸਭਿਆਚਾਰ, ਭਾਸ਼ਾ ਅਤੇ ਸਾਿਹਤ ’ਤੇ ਇਕ ਬੋਹੜ ਵਾਂਗ ਛਾ ਗਿਆ ਅਤੇ ਜਿਸ ਦੀ ਤਲਿਸਮੀ ਸਖ਼ਸ਼ੀਅਤ, ਮਾਖਿਓਂ ਮਿੱਠੀ ਬੋਲੀ, ਸਲੀਕੇ ਭਰੇ ਸਾਊ ਸਭਿਆਚਾਰ ਅਤੇ ਆਦਰਸ਼ਵਾਦੀ ਕਲਪਨਾ ਨੇ ਸਮੁੱਚੇ ਪੰਜਾਬੀ ਜਗਤ ਨੂੰ ਆਪਣੇ ਵੱਸ ਵਿਚ ਕਰ ਲਿਆ। ਗੁਰਬਖ਼ਸ਼ ਸਿੰਘ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣੀਆਂ ਲਿਖਤਾਂ ਨਾਲ ਇਕ ਨਵੇਂ ਸਾਹਿਤ ਯੁੱਗ ਦੀ ਸ਼ੁਰੂਆਤ ਕੀਤੀ।
ਸੰਨ 1902 ਵਿਚ ਜਦੋਂ ਅਜੇ ਆਪ ਦੀ ਉਮਰ 7 ਸਾਲਾਂ ਦੀ ਹੀ ਸੀ ਤਾਂ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਬੜੀ ਹਿੰਮਤ ਅਤੇ ਮਿਹਨਤ ਨਾਲ ਸਿਆਲਕੋਟ ਤੋਂ ਦਸਵੀਂ ਪਾਸ ਕਰਕੇ ਐਫ.ਸੀ. ਕਾਲਜ ਲਾਹੌਰ ਵਿਚ ਉਚੇਰੀ ਸਿੱਖਿਆ ਲਈ ਦਾਖ਼ਲਾ ਲਿਆ। ਆਰਥਿਕ ਤੰਗੀ ਕਾਰਨ ਥੋੜ੍ਹੇ ਹੀ ਚਿਰ ਬਾਅਦ ਕਾਲਜ ਛੱਡ ਕੇ 15 ਰੁਪਏ ਮਹੀਨੇ ’ਤੇ ਕਲਰਕ ਦੀ ਨੌਕਰੀ ਕੀਤੀ। ਪੜ੍ਹਾਈ ਦੀ ਤਾਂਘ ਕਾਰਨ ਫਿਰ ਥਾਮਸਸ ਸਿਵਲ ਇੰਜੀਨਿਅਰਿੰਗ ਕਾਲਜ ਰੁੜਕੀ ਵਿਚ ਦਾਖ਼ਲਾ ਲਿਆ ਅਤੇ ਇੱਥੇ 1913 ਵਿਚ ਸਿਵਲ ਇੰਜੀਨਿਅਰਿੰਗ ਦਾ ਡਿਪਲੋਮਾ ਕੀਤ। ਆਪ ਫ਼ੌਜ ਵਿਚ ਭਰਤੀ ਹੋ ਕੇ ਇਰਾਕ ਤੇ ਇਰਾਨ ਚਲੇ ਗਏ। ਉਥੇ ਆਪ ਦੀ ਮੁਲਾਕਾਤ ਇਕ ਇਸਾਈ ਮਿਸ਼ਨਰੀ ਰੈਵਰੈਂਡ ਮਿਸਟਰ ਸਟੈਂਡ ਨਾਲ ਹੋਈ ਅਤੇ ਉਸੇ ਦੀ ਸਿਫ਼ਾਰਸ਼ ਨਾਲ ਅਮਰੀਕਾ ਦੀ ਨਾਮਵਰ ਮਿਸ਼ੀਗਨ ਯੂਨੀਵਰਸਿਟੀ ਵਿਚ ਇੰਜੀਨਿਅਰਿੰਗ ਦੀ ਉਚੇਰੀ ਸਿੱਖਿਆ ਲਈ ਦਾਖ਼ਲਾ ਲੈ ਲਿਆ। 1922 ਵਿਚ ਉਥੋਂ ਬੀ.ਐਸ.ਸੀ. (ਇੰਜੀਨਿਅਰਿੰਗ) ਦੀ ਡਿਗਰੀ ਪ੍ਰਾਪਤ ਕੀਤੀ। ਉਥੋਂ ਦੇਸ਼ ਵਾਪਸ ਆਏ ਤਾਂ ਕਾਫ਼ੀ ਭੱਜ ਦੌੜ ਤੋਂ ਬਾਅਦ ਮਸਾਂ ਰੇਲਵੇ ਦੀ ਨੌਕਰੀ ਲੱਭੀ। 1925 ਵਿਚ ਇਹ ਨੌਕਰੀ ਮਿਲੀ ਅਤੇ 1932 ਵਿਚ ਉਸ ਤੋਂ ਮੁਕਤ ਹੋ ਕੇ ਨੌਸ਼ਹਿਰੇ ਦੇ ਸਥਾਨ ’ਤੇ ਜ਼ਮੀਨ ਠੇਕੇ ’ਤੇ ਲੈ ਕੇ ਆਧੁਨਿਕ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਆਦਰਸ਼ਿਕ ਸਮਾਜ ਦੀ ਉਸਾਰੀ ਲਈ ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਅਤੇ ਲੋਕਾਂ ਨੂੰ ਹਰ ਪ੍ਰਕਾਰ ਦੇ ਨਸਲੀ, ਜਾਤੀ, ਰੰਗ ਰੂਪ, ਧਰਮ ਦੇ ਬੰਧਨਾਂ ਤੋਂ ਮੁਕਤ ਕਰਨ ਲਈ ਇਕ ਨਰੋਈ ਜੀਵਨ ਜਾਂਚ ਦਾ ਸੁਨੇਹਾ ਦੇਣ ਲਈ ਇਕ ਮਾਸਿਕ ਪੱਤਰ ‘ਪ੍ਰੀਤਲੜੀ’ ਦੀ ਪ੍ਰਕਾਸ਼ਨਾ 1933 ਦੇ ਸਤੰਬਰ ਮਹੀ

ਨੇ ਵਿਚ ਸ਼ੁਰੂ ਕੀਤੀ। ਪ੍ਰੀਤਲੜੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਇਕ ਮਾਅਰਕਾ ਸੀ। ਇਹ ਮਾਸਿਕ ਪੱਤਰ ਪਾਠਕਾਂ ਵਿਚ ਬੜਾ ਹਰਮਨ ਪਿਆਰਾ ਸੀ।
ਸੰਨ 1936 ਵਿਚ ਆਪ ਮਾਡਲ ਟਾਊਨ ਲਾਹੌਰ ਆ ਵਸੇ। ਦੋ ਕੁ ਸਾਲ ਬਾਅਦ 1938 ਵਿਚ ਇਨ੍ਹਾਂ ਨੇ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ ਪਿੰਡ ਲੋਪੋਂ ਦੀ 15 ਏਕੜ ਜ਼ਮੀਨ ਮੁੱਲ ਲੈ ਕੇ ਪ੍ਰੀਤ ਨਗਰ ਦੀ ਸਥਾਪਨਾ ਕੀਤੀ। 1947 ਵਿਚ ਦੇਸ਼ ਦੀ ਵੰਡ ਸਮੇਂ ਪ੍ਰੀਤ ਨਗਰ ਉਜੜ ਗਿਆ ਅਤੇ ਗੁਰਬਖ਼ਸ਼ ਸਿੰਘ ਦਿੱਲੀ ਚਲੇ ਗਏ ਤੇ ਉਥੇ ਡਾ. ਮਹਿੰਦਰ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਸਨ, ਨੇ ਆਪ ਦੀ ਬਹੁਤ ਸਹਾਇਤਾ ਕੀਤੀ ਪਰ ਦਿੱਲੀ ਉਨ੍ਹਾਂ ਦਾ ਦਿਲ ਨਹੀਂ ਲੱਗਿਆ ਤੇ ਫਿਰ 1950 ਵਿਚ ਪ੍ਰੀਤਨਗਰ ਵਿਚ ਮੁੜ ਆਏ ਅਤੇ ਉਸ ਦੀ ਪੁਨਰ ਸਥਾਪਨਾ ਵਿਚ ਜੁਟ ਗਏ ਅਤੇ ਆਖ਼ਰੀ ਦਮ ਤੱਕ ਇੱਥੇ ਰਹੇ। ਇੱਥੇ 1940 ਵਿਚ ਬਾਲ ਸੰਦੇਸ਼ ਨਾਂ ਦਾ ਮਾਸਿਕ ਪੱਤਰ ਸ਼ੁਰੂ ਕੀਤਾ।
ਗੁਰਬਖ਼ਸ਼ ਸਿੰਘ ਦਾ 1912 ਵਿਚ ਸ਼ਿਵਦਈ ਨਾਂ ਦੀ ਲੜਕੀ ਨਾਲ ਵਿਆਹ ਗਿਆ ਅਤੇ ਇਨ੍ਹਾਂ ਦੇ ਘਰ ਵਿਚ ਜਗਜੀਤ ਕੌਰ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ। ਗੁਰਬਖ਼ਸ਼ ਸਿੰਘ ਦੇ ਸੁਖਾਵੇਂ ਪੱਧਰ ਤੇ ਸੁਧਰੇ ਜੀਵਨ ਵਿਚ ਇਨ੍ਹਾਂ ਦੀ ਪਤਨੀ ਦਾ ਕਾਫ਼ੀ ਸਹਿਯੋਗ ਹੈ, ਆਪਣੇ ਦੋ ਲੜਕੇ ਨਵਤੇਜ ਤੇ ਹਿਰਦੇਪਾਲ ਸਨ ਤੇ ਚਾਰ ਲੜਕੀਆਂ ਓਮਾ, ਉਰਮਿਲਾ, ਪ੍ਰਤਿਮਾ ਅਤੇ ਅਨੁਸੂਈਆ ਸਨ। ਗੁਰਬਖ਼ਸ਼ ਸਿੰਘ ਨੇ ਬੜੇ ਸਲੀਕੇ ਨਾਲ ਬੜੀ ਨੇਬੱਧ ਜ਼ਿੰਦਗੀ ਜੀਵੀ। ਉਹ ਬਹੁਪੱਖੀ ਸਖਸ਼ੀਅਤ ਦੇ ਮਾਲਕ ਸਨ। ਉਹ ਕਿੱਤੇ ਵਜੋਂ ਉਸਾਰੀ ਇੰਜੀਨਿਅਰ ਤੇ ਪੱਤਰਕਾਰ, ਸ਼ੌਕ ਵਜੋਂ ਨਿਬੰਧਕਾਰ, ਕਹਾਣੀਕਾਰ, ਨਾਵਲਕਾਰ, ਇਕਾਂਗੀਕਾਰ, ਸਵੈ ਜੀਵਨੀ ਲੇਖਕ, ਮਨੁੱਖ ਵਜੋਂ ਲੋਕ ਹਿਤੈਸ਼ੀ ਸਨ। ਉਨ੍ਹਾਂ ਦੇ 27 ਨਿਬੰਧ ਸੰਗ੍ਰਹਿ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ 300 ਤੋਂ ਵੱਧ ਨਿਬੰਧ ਸੰਸਕ੍ਰਿਤ ਵਿਚ ਸਨ ਜਿਵੇਂ ਪ੍ਰੀਤਮਾਰ, ਖੁੱਲ੍ਹਾ ਦਰ, ਫ਼ੈਸਲੇ ਦੀ ਘੜੀ, ਰੋਜ਼ਾਨਾ ਜ਼ਿੰਦਗੀ ਦੀ ਸਾਇੰਸ, ਸਾਵੀਂ ਪੱਧਰੀ ਜ਼ਿੰਦਗੀ, ਮਨੋਹਰ ਸਖ਼ਸ਼ੀਅਤ, ਪਰਮ ਮਨੁੱਖ, ਪ੍ਰਣ ਪੁਸਤਕ, ਮੇਰੇ ਝਰੋਖੇ ’ਚੋਂ, ਮੇਰੀਆਂ ਅਭੁੱਲ ਯਾਦਾਂ, ¦ਬੀ ਉਮਰ, ਇਕ ਦੁਨੀਆ ਤੇ ਤੇਰਾਂ ਸੁਪਨੇ, ਸਵੈ ਪੂਰਨਤਾ ਦੀ ਲਗਨ, ਚੰਗੇਰੀ ਦੁਨੀਆ, ਸਾਡੇ ਵਾਰਿਸ, ਨਵਾਂ ਸ਼ਿਵਾਲਾ, ਤਾਜ਼ ਤੇ ਸਰੂ, ਕੁਦਰਤੀ ਮਜ਼੍ਹਬ, ਭਖਦੀ ਜੀਵਨ ਚੰਗਿਆੜੀ, ਨਵੀਂ ਤਕੜੀ ਦੁਨੀਆਂ, ਖ਼ੁਸ਼ਹਾਲ ਜੀਵਨ, ਰੀਝਾਂ ਦੀ ਖੱਡੀ, ਜ਼ਿੰਦਗੀ ਦੀ ਰਾਸ, ਜੁੱਗਾਂ ਪੁਰਾਣੀ ਗੱਲ, ਬੰਦੀ ਛੋੜ ਗੁਰੂ ਨਾਨਕ, ਸਰਬਪੱਖੀ ਨਾਇਕ, ਜ਼ਿੰਦਗੀ ਦੀ ਡਾਟ ਆਦਿ ਹਨ।
ਗੁਰਬਖ਼ਸ਼ ਸਿੰਘ ਨੇ ਨਾਟਕ ਵੀ ਲਿਖੇ ਹਨ, ਜਿਵੇਂ ਰਾਜ ਕੁਮਾਰੀ ਲਹਿਕਾ, ਪ੍ਰੀਤ ਮੁਕਟ, ਪ੍ਰੀਤ ਮਣੀ, ਪੂਰਬ ਪੱਛਮ, ਸਾਡੀ ਹੋਣੀ ਦਾ ਲਿਸ਼ਕਾਰਾ, ਕੋਧਰੇ ਦੀ ਰੋਟੀ। ਆਪ ਨੇ ਤਿੰਨ ਨਾਵਲ ਲਿਖੇ ਜਿਵੇਂ ਅਣਵਿਆਹੀ ਮਾਂ, ਗੁਲਾਬੋ, ਰੁੱਖਾਂ ਦੀ ਚਰਾਂਦ। ਗੁਰਬਖਸ਼ ਸਿੰਘ ਨ ੇਕਹਾਣੀ ਵਾਲੀ ਵਿਧਾ ਨੂੰ ਆਪਣੇ ਵਿਅਕਤੀਤਵ ਦੇ ਪ੍ਰਗਟਾਅ ਲਈ ਚੁਣਿਆ। ਉਸ ਦੀ ਪਹਿਲੀ ਕਹਾਣੀ ਪ੍ਰਤਿਮਾ 1913 ਵਿਚ ਲਿਖੀ ਗਈ ਸੀ ਜਦੋਂ ਅਜੇ ਉਹ ਉਮਰ ਦੇ 18ਵੇਂ ਵਰ੍ਹੇ ਵਿਚ ਸਨ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ 12 ਕਹਾਣੀ ਸੰਗ੍ਰਹਿ ਦਿੱਤੇ ਹਨ ਜਿਵੇਂ ਪ੍ਰੀਤ ਕਹਾਣੀਆਂ, ਅਨੋਖੇ ਤੇ ਇਕੱਲੇ, ਨਾਗ ਪ੍ਰੀਤ ਦਾ ਜਾਦੂ, ਅਸਮਾਨੀ ਮਹਾਂਨਦੀ, ਵੀਣਾ ਵਿਨੋਦ, ਪ੍ਰੀਤਾਂ ਦੀ ਪਹਿਰੇਦਾਰ, ਭਾਬੀ ਮੈਨਾ, ਆਖ਼ਰੀ ਸਬਕ, ਸ਼ਬਨਮ, ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਜ਼ਿੰਦਗੀ ਵਾਰਿਸ ਹੈ, ਰੰਗ ਸਹਿਕਦਾ ਦਿਲ। ੳਸ ਨੇ ਆਪਣੀ ਸਵੈ ਜੀਵਨ  ਮੰਜ਼ਿਲ ਦਿਸ ਪਈ, ਮੇਰੀ ਜੀਵਨ ਕਹਾਣੀ ਭਾਗ 1, ਮੇਰੀ ਜੀਵਨ ਕਹਾਣੀ ਭਾਗ-2 1978 ਵਿਚ ਲਿਖੀਆਂ। ਇਸ ਤੋਂ ਇਲਾਵਾ ਗੁਰਬਖ਼ਸ਼ ਸਿੰਘ ਅਨੁਵਾਦ ਵੀ ਕੀਤੇ ਹਨ ਜਿਵੇਂ ਏਸ਼ੀਆ ਦਾ ਚਾਨਣ, ਸੁਪਨੇ, ਆਖ਼ਰੀ ਸ਼ਬਦ, ਮੌਲੀਘਰ ਦੇ ਨਾਟਕ, ਮਾਂ, ਘਾਹ ਦੀਆਂ ਪੱਤੀਆਂ, ਜ਼ਿੰਦਗੀ ਦੇ ਰਾਹਾਂ ’ਤੇ ਆਦਿ।
ਗੁਰਬਖਸ਼ ਸਿੰਘ ਨੂੰ ਆਪਣੀ ਸਖ਼ਸ਼ੀਅਤ ਦੇ ਗੁਣਾਂ ਕਰਕੇ ਆਪਣੇ ਜੀਵਨ ਕਾਲ ਵਿਚ ਆਪਣੀਆਂ ਕਰਨੀਆਂ ਲਈ, ਆਪਣੇ ਪਾਠਕਾਂ ਅਤੇ ਆਪਣੇ ਸੰਪਰਕ ਵਿਚ ਆਏ ਹੋਰ ਵਿਅਕਤੀਆਂ ਦੀ ਪ੍ਰਸੰਸ਼ਾ ਤੇ ਸਨੇਹ ਤਾਂ ਮਿਲਿਆ ਹੀ, ਪੰਜਾਬੀ ਭਾਸ਼ਾ, ਸਾਹਿਤ ਤੇ ਕਲਾ ਦੀ ਉ¤ਨਤੀ ਨਾਲ ਸਬੰਧਤ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਵਲੋਂ ਆਪ ਜੀ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਤੇ ਪੁਰਸਕਾਰ ਮਿਲੇ, ਜਿਵੇਂ  ਭਾਸ਼ਾ ਵਿਭਾਗ ਪੰਜਾਬ ਸਰਕਾਰ ਵਲੋਂ ਵਰ੍ਹੇ ਦੇ ਸਾਹਿਤਕਾਰ ਦਾ ਪੁਰਸਕਾਰ, ਭਾਸ਼ਾ ਵਿਭਾਗ ਵਲੋਂ ਤਿੰਨ ਪਹਿਲਾਂ ਪਹਿਲਾ ਸਾਹਿਤਕ ਇਨਾਮ, ਪ੍ਰਧਾਨ ਸਾਹਿਤ ਅਕਾਦਮੀ ਪੰਜਾਬ, ਮੈਂਬਰ ਪੰਜਾਬੀ ਸਲਾਹਕਾਰ ਕਮੇਟੀ, ਸਾਹਿਤ ਅਕਾਦਮੀ ਦਿੱਲੀ, ਮੈਂਬਰ, ਜਨਰਲ ਸਕੱਤਰ, ਸਾਹਿਤ ਅਕਾਦਮੀ ਦਿੱਲੀ, ਮੀਤ ਪ੍ਰਧਾਨ ਸਰਬ ਹਿੰਦ ਅਮਨ ਕੌਂਸਲ, ਮੈਂਬਰ ਸੰਸਾਰ ਅਮਨ ਕੌਂਸਲ, 1970 ਵਿਚ ਆਪ ਨੂੰ ਆਪਣੀ ਉਮਰ ਦੀ 75ਵੀਂ ਵਰ੍ਹੇ ਗੰਢ ’ਤੇ ਅਭਿਨੰਦਨ ਗੰ੍ਰਥਾਂ ਨਾਲ ਸਨਮਾਨਿਤ ਕੀਤਾ ਗਿਆ। ਆਪ ਜੀ ਸਾਹਿਤ ਅਕਾਦਮੀ ਦਿੱਲੀ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਫੈਲੋਸ਼ਿਪ ਪ੍ਰਦਾਨ ਕੀਤੀ। 20 ਅਗਸਤ 1977 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਸਾਥੋਂ ਵਿਛੜ ਗਿਆ, ਗਰਬਖ਼ਸ਼ ਸਿੰਘ ਪੰਜਾਬੀ ਸਾਹਿਤ ਦਾ ਇਕ ਪ੍ਰਭਾਵਸ਼ਾਲੀ, ਨਿਪੁੰਨ ਤੇ ਸੁਚੱਜਾ ਕਲਾਕਾਰ ਸੀ। ਉਹ ਆਪਣੀ ਕਲਾਕਾਰੀ ਸਦਕਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਅਮਰ ਰਹੇਗਾ। ਪੰਜਾਬੀ ਜ਼ੁਬਾਨ, ਸਾਹਿਤ ਤੇ ਸਭਿਆਚਾਰ ’ਤੇ ਗੁਰਬਖ਼ਸ਼ ਸਿੰਘ ਦੀ ਮੋਹਰ ਛਾਪ ਹਮੇਸ਼ਾਂ ਰਹੇਗੀ।

Comments are closed.

COMING SOON .....


Scroll To Top
11