Monday , 14 October 2019
Breaking News
You are here: Home » Editororial Page » ਪੰਜਾਬੀ ਰੰਗ ਮੰਚ ਦੀ ਲਾਜ ਰੱਖਣ ਵਾਲੀ ਨਿਰਦੇਸ਼ਕਾ, ਅਦਾਕਾਰਾ, ਨ੍ਰਿਤਕੀ ਅਤੇ ਗਾਇਕਾ: ਲਾਜ ਬੇਦੀ

ਪੰਜਾਬੀ ਰੰਗ ਮੰਚ ਦੀ ਲਾਜ ਰੱਖਣ ਵਾਲੀ ਨਿਰਦੇਸ਼ਕਾ, ਅਦਾਕਾਰਾ, ਨ੍ਰਿਤਕੀ ਅਤੇ ਗਾਇਕਾ: ਲਾਜ ਬੇਦੀ

ਨ੍ਰਿਤ, ਗਾਇਕੀ ਅਤੇ ਅਦਾਕਾਰੀ ਲਈ ਦੇਸ਼ਾਂ ਦੀਆਂ ਹੱਦਾਂ ਰੁਕਾਵਟ ਨਹੀਂ ਪਾਉਂਦੀਆਂ ਬਸ਼ਰਤੇ ਕਿ ਨਰਤਕੀ, ਗਾਇਕਾ ਅਤੇ ਅਦਾਕਾਰ ਦਾ ਇਰਾਦਾ ਮਜ਼ਬੂਤ ਅਤੇ ਲਗਨ ਦੀ ਪ੍ਰਵਿਰਤੀ ਲਾਸਾਨੀ ਹੋਵੇ। ਅਜਿਹੀ ਹੀ ਇਕ ਕਲਾਕਾਰ ਲਾਜ ਬੇਦੀ ਨੇ ਅਫਰੀਕਾ ਵਿਚ ਜਨਮ ਲੈ ਕੇ ਪੰਜਾਬੀ ਰੰਗ ਮੰਚ ਨੂੰ ਚਾਰ ਚੰਨ ਲਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। 11 ਸਾਲ ਦੀ ਉਮਰ ਵਿਚ ਹੀ ਯਤੀਮ ਹੋਣ ਦੇ ਬਾਵਜੂਦ ਵੀ ਉਸਨੇ ਹੌਸਲਾ ਨਹੀਂ ਹਾਰਿਆ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਕੇ ਜੀਵਨ ਗੁਜਾਰਿਆ। ਉਸਨੇ ਆਪਣਾ ਅਦਾਕਾਰੀ ਦਾ ਕੈਰੀਅਰ ਆਪ ਬਣਾਇਆ। ਲਾਜ ਦਾ ਜਨਮ ਅਫਰੀਕਾ ਦੇ ਕਿਸੂਮੂ ਸ਼ਹਿਰ ਵਿਚ ਕਾਂਸੀ ਰਾਮ ਦੇ ਘਰ 1 ਨਵੰਬਰ 1924 ਨੂੰ ਹੋਇਆ। ਜਦੋਂ ਉਹ ਅਜੇ ਮਾਸੂਮੀਅਤ ਵਿਚ ਹੀ ਸੀ ਤਾਂ 11 ਸਾਲ ਦੀ ਉਮਰ ਵਿਚ ਹੀ ਉਸਦੇ ਮਾਤਾ ਪਿਤਾ ਦੀ ਮੌਤ ਹੋਣ ਕਰਕੇ ਉਹ ਯਤੀਮ ਹੋ ਗਈ। ਆਪਦੀ ਦਾਦੀ ਅਤੇ ਵੱਡੀ ਭੈਣ ਸ਼ਕੁੰਤਲਾ ਨੇ ਲਾਜ ਦੀ ਪਾਲਣਾ ਪੋਸ਼ਣਾ ਕੀਤੀ। ਜਦੋਂ ਸ਼ਕੁੰਤਲਾ ਦਾ ਵਿਆਹ ਹੋ ਗਿਆ ਤਾਂ ਉਹ ਪਰਿਵਾਰ ਦੀ ਜਾਇਦਾਦ ਅਫਰੀਕਾ ਵਿਚੋਂ ਵੇਚਕੇ ਆਪਣੀ ਦਾਦੀ, ਆਪਣੇ ਪਤੀ ਅਤੇ ਮਾਸੂਮ ਲਾਜ ਨੂੰ ਨਾਲ ਲੈ ਕੇ ਵਾਪਸ ਆਪਣੇ ਵਤਨ ਭਾਰਤ ਆ ਗਈ। ਇਥੇ ਉਹ ਰੋਪੜ ਜਿਲ੍ਹੇ ਦੇ ਕਸਬਾ ਮੋਰਿੰਡਾ ਵਿਚ ਆਪਣੇ ਜੱਦੀ ਘਰ ਵਿਚ ਆ ਕੇ ਰਹਿਣ ਲੱਗ ਪਏ। ਅਸਥਿਰਤਾ ਦੇ ਹਾਲਾਤ ਵਿਚ ਉਸਨੂੰ ਉਚ ਪੜ੍ਹਾਈ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਆਰਥਕ ਹਾਲਾਤ ਹੀ ਅਜਿਹੇ ਸਨ ਕਿ ਲਾਜ ਲਈ ਪੜ੍ਹਨਾ ਅਸੰਭਵ ਸੀ। ਲਾਜ ਦੀ ਦਾਦੀ ਨੇ ਸ਼ਕੁੰਤਲਾ ਨੂੰ ਸਲਾਹ ਦਿੱਤੀ ਕਿ ਵਿਆਹ ਦਾ ਖਰਚਾ ਬਚਾਉਣ ਲਈ ਆਪਣੀ ਰਿਸ਼ਤੇਦਾਰੀ ਵਿਚ ਹੀ ਲਾਜ ਦਾ ਵਿਆਹ ਕਰ ਦਿੱਤਾ ਜਾਵੇ। ਲਾਜ ਅਤੇ ਸਤਿਆ ਵਰਤ ਬੇਦੀ ਦੇ ਪਰਿਵਾਰ ਦੂਰ ਦੇ ਰਿਸ਼ਤੇਦਾਰ ਸਨ। ਗੁਆਂਢ ਵਿਚ ਹੀ ਰਹਿੰਦੇ ਸਨ, ਇਸ ਕਰਕੇ ਦੋਵੇਂ ਪਰਿਵਾਰ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਸਤਿਆ ਵਰਤ ਬੇਦੀ ਦਾ ਪਰਿਵਾਰ ਆਰਥਿਕ ਤੌਰ ਤੇ ਅਮੀਰ ਸੀ। ਬਹੁਤ ਹੀ ਸਾਧਾਰਣ ਢੰਗ ਨਾਲ ਮਜ਼ਬੂਰੀ ਵਸ ਲਾਜ ਦਾ 13 ਸਾਲ ਦੀ ਅਲ੍ਹੜ੍ਹ ਉਮਰ ਵਿਚ ਹੀ 16 ਸਾਲ ਦੇ ਸਤਿਆ ਵਰਤ ਬੇਦੀ ਨਾਲ ਵਿਆਹ ਕਰ ਦਿੱਤਾ ਗਿਆ। ਲਾਜ ਨੂੰ ਅਜੇ ਵਿਆਹ ਦੀ ਗੰਭੀਰਤਾ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਉਹ ਲਾਜ ਤੋਂ ਲਾਜ ਬੇਦੀ ਬਣ ਗਈ। ਉਪਰੋਥਲੀ ਉਸਦੇ ਘਰ 2 ਲੜਕੀਆਂ ਮਧੂ, ਨੀਲਮ ਅਤੇ ਇਕ ਲੜਕੇ ਰਾਹੁਲ ਨੇ ਜਨਮ ਲਿਆ। ਲਾਜ ਬੇਦੀ ਦਾ ਸਹੁਰਾ ਫੌਜ ਵਿਚ ਡਾਕਟਰ ਸੀ ਅਤੇ ਪਟਿਆਲੇ ਤਾਇਨਾਤ ਸੀ। ਸਤਿਆ ਵਰਤ ਬੇਦੀ ਦੇ ਅਮੀਰ ਮਾਪੇ ਆਪਣੇ ਸਪੁੱਤਰ ਨੂੰ ਉਚ ਪੜ੍ਹਾਈ ਕਰਵਾਉਣਾ ਚਾਹੁੰਦੇ ਸਨ। ਇਸ ਲਈ ਲਾਜ ਬੇਦੀ ਨੂੰ ਪਟਿਆਲੇ ਛੱਡ ਕੇ ਸਤਿਆ ਵਰਤ ਬੇਦੀ ਆਪ ਉਚ ਪੜ੍ਹਾਈ ਕਰਨ ਲਈ ਚਲਿਆ ਗਿਆ। ਉਹ ਐਮ ਏ ਕਰਕੇ ਅੰਗਰੇਜ਼ੀ ਦਾ ਟ੍ਰਿਬਿਊਨ ਵਿਚ ਰਿਪੋਰਟਰ ਭਰਤੀ ਹੋ ਗਿਆ। ਖ਼ੁਸ਼ਕਿਸਮਤੀ ਇਹ ਰਹੀ ਕਿ ਸਤਿਆ ਵਰਤ ਬੇਦੀ, ਲਾਜ ਬੇਦੀ ਲਈ ਭਗਵਾਨ ਦਾ ਰੂਪ ਸਾਬਤ ਹੋਇਆ, ਜਿਸਨੇ ਲਾਜ ਬੇਦੀ ਦੀ ਪ੍ਰਤਿਭਾ ਦੀ ਪਛਾਣ ਕਰਦਿਆਂ ਉਸਨੂੰ ਨ੍ਰਿਤ ਕਰਨ ਦੀ ਸਿਖਿਆ ਲੈਣ ਲਈ ਉਤਸ਼ਾਹਤ ਕੀਤਾ। ਅਲ੍ਹੜ ਉਮਰ ਦੀ ਸਿਖਿਆ ਨੇ ਬਾਲੜੀ ਦੇ ਮਨ ਨੇ ਐਸਾ ਪ੍ਰਭਾਵ ਛੱਡਿਆ ਕਿ ਉਹ ਪੇਸ਼ੇਵਰ ਨਰਤਕੀ ਬਣਕੇ ਉਭਰੀ। ਨ੍ਰਿਤ ਦੇ ਨਾਲ ਹੀ ਉਸਨੇ ਗਾਉਣਾ ਅਤੇ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ। ਵੇਖਣ ਨੂੰ ਸੁੰਦਰ ਅਤੇ ਸੁਡੌਲ ਸਰੀਰ ਅਤੇ ਮਨਮੋਹਕ ਵਿਅਕਤਿਵ ਦੀ ਹੋਣ ਕਰਕੇ ਉਸਦੀਆਂ ਅਦਾਵਾਂ ਨੇ ਦਰਸ਼ਕਾਂ ਅਤੇ ਰੰਗ ਮੰਚ ਦੇ ਨਿਰਦੇਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਸੁਹਣੀ ਸੁਨੱਖੀ ਨਰਤਕੀ ਦੀਆਂ ਅਦਾਵਾਂ ਨੇ ਉਸਦੀ ਕਲਾਤਮਕ ਪ੍ਰਤਿਭਾ ਨੂੰ ਹੋਰ ਨਿਖ਼ਾਰ ਦਿੱਤਾ। ਜਦੋਂ ਉਹ ਸਟੇਜ ਤੇ ਬਿਜਲੀ ਦੀ ਤਰ੍ਹਾਂ ਆ ਕੇ ਡਾਨਸ ਕਰਦਿਆਂ ਲਿਸ਼ਕਦੀ ਤਾਂ ਮੋਰਨੀ ਦੀ ਤਰ੍ਹਾਂ ਪਾਇਲਾਂ ਪਾਉਂਦੀ ਲੱਗਦੀ ਸੀ। ਦਰਸ਼ਕਾਂ ਦੇ ਮਨਾਂ ਵਿਚ ਸਰਸਰਾਹਟ ਪੈਦਾ ਹੋ ਜਾਂਦੀ ਸੀ। ਹਾਲਾਂ ਕਿ ਉਨ੍ਹਾਂ ਦਿਨਾਂ ਵਿਚ ਲੜਕੀਆਂ ਦਾ ਸਟੇਜ ਤੇ ਆਉਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਖਾਸ ਤੌਰ ਤੇ ਮੋਰਿੰਡਾ ਵਰਗੇ ਦਿਹਾਤੀ ਇਲਾਕੇ ਵਿਚ। 1945 ਵਿਚ ਭਾਰਤ ਦੇ ਪ੍ਰਸਿੱਧ ਰੰਗ ਮੰਚ ਜੋੜੇ ਜ਼ੌਹਰਾ ਸਹਿਗਲ ਅਤੇ ਕਮਲੇਸ਼ਵਰ ਸਹਿਗਲ ਨਾਲ ਮੇਲ ਹੋਇਆ, ਜਿਨ੍ਹਾਂ ਉਸਦੀ ਕਲਾਤਮਕ ਪ੍ਰਵਿਰਤੀ ਦੀ ਕਦਰ ਕਰਦਿਆਂ ਆਪਣੇ ਟਰੁਪ ਵਿਚ ਸ਼ਾਮਲ ਕਰਕੇ ਅਦਾਕਾਰੀ ਕਰਨ ਦਾ ਮੌਕਾ ਦਿੱਤਾ। ਅਜੇ ਇਕ ਸਾਲ ਹੀ ਹੋਇਆ ਸੀ ਕਿ 1946 ਵਿਚ ਆਪਦੀ ਅਦਾਕਰੀ ਦੀ ਪ੍ਰਸੰਸਾ ਸੁਣਕੇ ਸ਼ੀਲਾ ਭਾਟੀਆ ਨੇ ਲਾਹੌਰ ਵਿਖੇ ਆਪਣੇ ਟਰੁਪ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਲਾਜ ਬੇਦੀ ਨੇ ਸ਼ੀਲਾ ਭਾਟੀਆ ਨਾਲ ਅਦਾਕਰੀ, ਨ੍ਰਿਤ ਅਤੇ ਗਾਉਣਾ ਸ਼ੁਰੂ ਕਰ ਦਿੱਤਾ। ਲਾਜ ਬੇਦੀ ਦੀ ਅਦਾਕਰੀ ਵਿਚ ਨਿਖ਼ਾਰ ਆਉਣ ਦਾ ਮੁੱਖ ਕਾਰਨ ਉਸਦਾ ਨ੍ਰਿਤ ਅਤੇ ਗਾਇਕੀ ਦੀ ਮੁਹਾਰਤ ਹੋਣਾ ਵੀ ਸੀ। ਉਹ ਥਰੀ ਇਨ ਵਨ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਸਦਾ ਪਤੀ ਪਹਿਲਾਂ ਅੰਬਾਲਾ ਅਤੇ ਫਿਰ ਚੰਡੀਗੜ੍ਹ ਆ ਕੇ ਵਸ ਗਿਆ। ਲਾਜ ਬੇਦੀ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਗਈ ਕਿਉਂਕਿ ਚੰਡੀਗੜ੍ਹ ਰੰਗ ਮੰਚ ਲਈ ਬਹੁਤ ਵਧੀਆ ਕੇਂਦਰੀ ਸਥਾਨ ਸੀ। 1949 ਵਿਚ ਜਦੋਂ ਉਹ ਸਿਮਲਾ ਵਿਖੇ ਇਕ ਨਾਟਕ ਵਿਚ ਅਦਾਕਾਰੀ ਕਰਨ ਗਈ ਹੋਈ ਸੀ ਤਾਂ ਉਥੇ ‘ਗੇਟੀ ਥੇਟਰ’ ਵਿਚ ਪ੍ਰਿਥਵੀ ਰਾਜ ਕਪੂਰ ਦਾ ਨਾਟਕ ਹੋ ਰਿਹਾ ਸੀ। ਉਹ ਉਥੇ ਨਾਟਕ ਵੇਖਣ ਚਲੀ ਗਈ। ਪ੍ਰਿਥਵੀ ਰਾਜ ਕਪੂਰ ਦੀ ਸਲਾਹ ਤੇ ਉਸਨੇ ਆਪਣਾ ਸਾਰਾ ਜੀਵਨ ਅਦਾਕਾਰੀ ਲਈ ਸਮਰਪਤ ਕਰਨ ਦਾ ਫੈਸਲਾ ਕਰ ਲਿਆ। ਉਸ ਦਿਨ ਤੋਂ ਬਾਅਦ ਲਾਜ ਬੇਦੀ ਨੂੰ ਅਦਾਕਾਰੀ ਦਾ ਐਸਾ ਜਨੂੰਨ ਲੱਗਾ ਕਿ ਉਸਨੇ ਮੁੜਕੇ ਪਿਛੇ ਨਹੀਂ ਵੇਖਿਆ। ਲਗਪਗ ਅੱਧੀ ਸਦੀ ਉਹ ਨਾਟਕਾਂ ਅਤੇ ਫਿਲਮਾਂ ਵਿਚ ਅਦਾਕਾਰੀ ਕਰਦੀ ਹੋਈ ਛਾਈ ਰਹੀ। ਚੰਡੀਗੜ੍ਹ ਆ ਕੇ ਉਸਦਾ ਸੰਪਰਕ ਸ੍ਰ ਭਾਗ ਸਿੰਘ ਨਾਲ ਹੋਇਆ। ਲੋਕ ਸੰਪਰਕ ਵਿਭਾਗ ਪੰਜਾਬ ਵਿਚ ਗੀਤ ਅਤੇ ਨਾਟਕ ਵਿਭਾਗ ਦੀ ਸਥਾਪਨਾ ਹੋ ਚੁੱਕੀ ਸੀ। 1969 ਵਿਚ ਲਾਜ ਬੇਦੀ ਨੇ ਆਪਣਾ ਥੇਟਰ ਗਰੁਪ ਸ਼ਿਵਾਲਿਕ ਥੇਟਰ ਬਣਾ ਲਿਆ। ਸ੍ਰ ਭਾਗ ਸਿੰਘ ਦੇ ਲਿਖੇ ਸਮਾਜਿਕ ਬੁਰਾਈਆਂ ਵਿਰੁਧ ਨਾਟਕਾਂ ਦੀ ਲਾਜ ਬੇਦੀ ਨਿਰਦੇਸ਼ਨਾ ਕਰਦੀ ਅਤੇ ਆਪ ਅਦਾਕਾਰੀ ਵੀ ਕਰਦੀ ਰਹੀ। ਸਮੁੱਚੇ ਪੰਜਾਬ ਦੇ ਲਗਪਗ ਸਾਰੇ ਪਿੰਡਾਂ ਵਿਚ ਲਾਜ ਬੇਦੀ ਦੇ ਸ਼ਿਵਾਲਿਕ ਥੇਟਰ ਗਰੁਪ ਨੇ ਦਾਜ-ਦਹੇਜ਼, ਏਡਜ਼, ਨਸ਼ਿਆਂ, ਪਰਿਵਾਰ ਨਿਯੋਜਨ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁਧ ਨਾਟਕ ਕੀਤੇ ਗਏ। ਜਦੋਂ ਕੇਂਦਰ ਸਰਕਾਰ ਵਿਚ ਕਰਨਲ ਗੁਪਤੇ ਨੇ ਗੀਤ ਅਤੇ ਨਾਟਕ ਵਿਭਾਗ ਵਿਚ ਨੌਕਰੀ ਕੀਤੀ ਤਾਂ ਉਸ ਵੱਲੋਂ ਕੀਤੇ ਗਏ ‘ਮਾਲਤੀ ਮਾਧਵ’ ਵਿਚ ਅਦਾਕਾਰੀ ਲਾਜ ਬੇਦੀ ਨੇ ਕੀਤੀ। ਲਾਜ ਬੇਦੀ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਉਸਨੇ ਪੰਜਾਬੀ ਅਤੇ ਹਿੰਦੀ ਦੇ ਮੰਨੇ ਪ੍ਰਮੰਨੇ ਫਿਲਮਾਂ ਅਤੇ ਨਾਟਕਾਂ ਦੇ ਨਿਰਦੇਸ਼ਕਾਂ ਅਤੇ ਐਕਟਰਾਂ ਨਾਲ ਕੰਮ ਕੀਤਾ ਅਤੇ ਆਪਣੀ ਪੈਂਹਠ ਬਣਾਈ। ਜਿਨ੍ਹਾਂ ਵਿਚ ਧਰਮੇਂਦਰ, ਸ਼ਤਰੂਘਨ ਸਿਨਹਾ ਅਤੇ ਮੇਹਰ ਮਿਤਲ ਨਾਲ ਪੁੱਤ ਜੱਟਾਂ ਦੇ ਵਿਚ, ਬਲਬੀਰੋ ਭਾਬੀ ਵਿਚ ਸ਼ਤਰੂਘਨ ਸਿਨਹਾ ਅਤੇ ਮੇਹਰ ਮਿਤਲ ਨਾਲ, ਧਿਆਨੂੰ ਭਗਤ ਵਿਚ ਦਾਰਾ ਸਿੰਘ ਅਤੇ ਸਤੀਸ਼ ਕੌਲ ਨਾਲ, ਭਗਤੀ ਮੇਂ ਸ਼ਕਤੀ ਵਿਚ ਦਾਰਾ ਸਿੰਘ ਅਤੇ ਸਤੀਸ਼ ਕੌਲ ਨਾਲ ਅਤੇ ਤੇਰੀ ਮੇਰੀ ਇਕ ਜਿੰਦੜੀ ਵਿਚ ਧਰਮੇਂਦਰ ਅਤੇ ਵਰਿੰਦਰ ਨਾਲ ਕੰਮ ਕੀਤਾ। ਪੰਜਾਬੀ ਫਿਲਮਾਂ ਵਿਚ ਲਾਜ ਬੇਦੀ ਪਹਿਲੀ ਪੰਜਾਬਣ ਐਕਟਰੈਸ ਸੀ, ਜਿਸਨੂੰ ਸਭ ਤੋਂ ਪਹਿਲਾਂ ਜੀਵਨ ਸੰਗਰਾਮ ਫਿਲਮ ਵਿਚ ਅਦਾਕਾਰੀ ਕਰਨ ਲਈ ਪ੍ਰੋਡਿਊਸਰ ਰਾਜਬੰਸ ਖੰਨਾ ਨੇ ਚੁਣਿਆਂ ਸੀ। ਉਸਨੇ ਬਲਬੰਤ ਗਾਰਗੀ ਨਾਲ ਕਣਕ ਦੀ ਬੱਲੀ ਨਾਟਕ ਵਿਚ ਵੀ ਕੰਮ ਕੀਤਾ। ਲਾਜ ਬੇਦੀ ਨੇ ਸ਼ਹੀਦ ਊਧਮ ਸਿੰਘ, ਭਗਤੀ ਮੇਂ ਸ਼ਕਤੀ, ਜੈਮਾਤਾ ਸ਼ੇਰਾਂ ਵਾਲੀ, ਬਲਬੀਰੋ ਭਾਬੀ, ਵਲਾਇਤੀ ਬਾਬੂ, ਤੇਰੀ ਮੇਰੀ ਇੱਕ ਜ਼ਿੰਦੜੀ, ਰਾਮ ਕਹਿ ਗਏ ਹੈਂ, ਜੀਵਨ ਸੰਗਰਾਮ ਸ਼ੌਕਣ ਮੇਲੇ ਦੀ, ਸਵਾ ਲਾਖ ਸੇ ਏਕ ਲੜਾਊਂ, ਜੱਟ ਪੁੱਤਾਂ ਦੇ ਅਤੇ ਕਦੇ ਧੁੱਪ ਕਦੇ ਛਾਂ ਵਿਚ ਅਦਾਕਾਰੀ ਕੀਤੀ। ਲਾਜ ਬੇਦੀ ਦੀ ਅਗਵਾਈ ਵਿਚ ਸ਼ਿਵਾਲਿਕ ਥੇਟਰ ਫੌਜ ਦੇ ਮਨੋਰੰਜਨ ਲਈ ਸਰਹੱਦਾਂ ਤੇ ਜਾ ਕੇ ਖਾਸ ਤੌਰ ਤੇ ਬਰਫਾਂ ਵਿਚ ਵੀ ਲਦਾਖ ਵਿਚ ਪ੍ਰੋਗਰਾਮ ਕਰਦਾ ਰਿਹਾ। ਪਰਿਵਾਰ ਨਿਯੋਜਨ ਬਾਰੇ ਨਾਟਕ ਰਾਮ ਕਹਿ ਗਏ ਹੈਂ ਦੇ 300 ਸ਼ੋ ਕੀਤੇ। ਪੁੱਤ ਜੱਟਾਂ ਦੇ ਫਿਲਮ ਵਿਚ ਲਾਜ ਬੇਦੀ ਨੇ ਸ਼ਤਰੂਘਨ ਸਿਨਹਾ ਦੀ ਮਾਂ ਦਾ ਰੋਲ ਕੀਤਾ ਸੀ। ਲਾਜ ਬੇਦੀ ਪਹਿਲੀ ਪੰਜਾਬਣ ਹੈ, ਜਿਸਨੇ ਫਿਲਮਾਂ ਵਿਚ ਅਦਾਕਾਰੀ ਕੀਤੀ ਹੈ। ਇਸ ਤੋਂ ਬਾਅਦ ਤਾਂ ਹੋਰ ਬਹੁਤ ਸਾਰੀਆਂ ਐਕਟਰੈਸ ਆ ਗਈਆਂ। ਕਦੇ ਧੁੱਪ ਕਦੇ ਛਾਂ ਫਿਲਮ ਨੇ ਅਵਾਰਡ ਵੀ ਜਿਤਿਆ ਸੀ। ਲਾਜ ਬੇਦੀ ਨੂੰ ਪੰਜਾਬ ਦੀ ਦੁਰਗਾ ਖੋਟੇ ਵੀ ਕਿਹਾ ਜਾਂਦਾ ਸੀ। ਦਲੇਰ, ਬਹਾਦਰ ਅਤੇ ਧੜੱਲੇ ਨਾਲ ਅਦਾਕਾਰੀ ਕਰਨ ਵਾਲੀ ਐਕਟਰੈਸ ਸੀ। 18 ਅਕਤੂਬਰ 2018 ਨੂੰ 94 ਸਾਲ ਤੋਂ 2 ਮਹੀਨੇ ਘੱਟ ਉਮਰ ਭੋਗਕੇ ਨਿਊਯਾਰਕ ਵਿਚ ਆਪਣੀ ਲੜਕੀ ਨੀਲਮ ਪੁਰੀ ਕੋਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਆਪਦਾ ਲੜਕਾ ਰਾਹੁਲ ਅਤੇ ਲੜਕੀ ਨੀਲਮ ਪੁਰੀ ਅਮਰੀਕਾ ਵਿਚ ਸੈਟਲ ਹਨ। ਖ਼ੁਸ਼ੀ ਦੀ ਗੱਲ ਹੈ ਕਿ ਲਾਜ ਬੇਦੀ ਦੀ ਅਦਾਕਾਰੀ ਦੀ ਵਿਰਾਸਤ ਨੂੰ ਅੱਗੇ ਉਸਦੀ ਪੁੱਤਰੀ ਨੀਲਮ ਪੁਰੀ ਅਤੇ ਪੋਤਰੀ ਪੁਰਬਾ ਬੇਦੀ ਤੋਰ ਰਹੇ ਹਨ। ਨੀਲਮ ਪੁਰੀ ਨੇ ਬਾਲੀਵੁਡ ਡਾਨਸ ਅਕਾਡਮੀ ਬਣਾਈ ਹੋਈ ਹੈ, ਜਿਹੜੀ ਅਮਰੀਕਾ ਅਤੇ ਕੈਨੇਡਾ ਵਿਚ ਪਰਫਾਰਮੈਂਸ ਕਰਦੀ ਹੈ। ਅਮਰੀਕਾ ਅਤੇ ਕੈਨੇਡਾ ਦੇ ਫਿਲਮ ਫੈਸਟੀਵਲਾਂ ਵਿਚ ਹਿੱਸਾ ਲੈ ਰਹੇ ਹਨ। ਪੁਰਬਾ ਬੇਦੀ ਅੰਗਰੇਜੀ ਫਿਲਮਾਂ ਵਿਚ ਕੰਮ ਕਰ ਰਹੀ ਹੈ, ਉਸਨੇ ਅੰਗਰੇਜ਼ੀ ਦੀਆਂ ਅਮੈਰਿਕਨ ਦੇਸੀ, ਗਰੀਨ ਕਾਰਡ, ਗੋਸਿਪ ਗਰਲ, ਸੁਲੀ ਅਤੇ ਦਾਦੀ ਫਿਲਮਾਂ ਵਿਚ ਅਦਾਕਾਰੀ ਕੀਤੀ ਹੈ। ਲਾਜ ਬੇਦੀ ਨੇ ਆਖਰੀ ਵਾਰ ਆਪਣੀ ਪੋਤਰੀ ਪੁਰਬਾ ਬੇਦੀ ਵਲੋਂ ਨਿਰਦੇਸ਼ਤ ਕੀਤੀ ਦਾਦੀ ਫਿਲਮ ਵਿਚ ਅਦਾਕਾਰੀ ਕੀਤੀ ਹੈ। ਦਾਦੀ ਫਿਲਮ 2013 ਵਿਚ ਰੀਲੀਜ਼ ਹੋਈ ਸੀ।

Comments are closed.

COMING SOON .....


Scroll To Top
11