Thursday , 25 April 2019
Breaking News
You are here: Home » EDITORIALS » ਪੰਜਾਬੀ ਮਾਂ-ਬੋਲੀ ਦਾ ਵਿਕਾਸ

ਪੰਜਾਬੀ ਮਾਂ-ਬੋਲੀ ਦਾ ਵਿਕਾਸ

ਪੰਜਾਬੀ ਮਾਂ-ਬੋਲੀ ਦੇ ਵਿਕਾਸ ਦੇ ਰਾਹ ਵਿੱਚ ਹਾਲੇ ਵੀ ਵਡੀਆਂ ਰੋਕਾਂ ਹਨ। ਪੰਜਾਬੀ ਦੇ ਵਿਕਾਸ ਲਈ ਠੀਕ ਦਿਸ਼ਾ ਵਿਚ ਯਤਨ ਨਹੀਂ ਹੋ ਰਹੇ।ਪੰਜਾਬੀ ਭਾਸ਼ਾ ਦੇ ਖੋਜ ਕਾਰਜਾਂ ਵਿੱਚ ਵੀ ਇਕ ਤਰ੍ਹਾਂ ਨਾਲ ਖੜੋਤ ਆਈ ਹੋਈ ਹੈ। ਪੰਜਾਬੀ ਭਾਸ਼ਾ ਵਿਚ ਕੰਪਿਊਟਰੀਕਰਨ ਅਧਾਰਿਤ ਸਮਗਰੀ ਨੂੰ ਤਿਆਰ ਕਰਨ ਲਈ ਵੀ ਬਹੁਤ ਨਿਗੂਣੇ ਯਤਨ ਹੋ ਰਹੇ ਹਨ। ਭਾਸ਼ਾ ਦੇ ਕੰਪਿਊਟਰੀਕਰਨ ਦੀ ਪਹਿਲੀ ਲੋੜ ਬੁਨਿਆਦੀ ਸਮੱਗਰੀ ਹੈ।ਜਿਸ ਭਾਸ਼ਾ ਵਿਚ ਮਿਆਰੀ ਤੇ ਵਿਸ਼ਾਲ ਸ਼ਬਦ ਕੋਸ਼, ਸ਼ਬਦ ਭੰਡਾਰ, ਸਮ ਅਰਥ ਕੋਸ਼, ਉਲਟ ਭਾਵੀ ਕੋਸ਼, ਉਪਭਾਸ਼ਾਈ ਕੋਸ਼, ਤਕਨੀਕੀ ਸ਼ਬਦਾਵਲੀ, ਵਿਸ਼ਵ ਕੋਸ਼ ਅਤੇ ਹੋਰਨਾਂ ਸਬੰਧਿਤ ਭਾਸ਼ਾਵਾਂ ਦੇ ਕੋਸ਼, ਸ਼ਬਦ ਜੋੜ ਕੋਸ਼ ਅਤੇ ਮਿਆਰੀ ਵਿਆਕਰਨ ਦੀਆਂ ਪੁਸਤਕਾਂ ਸ਼ਾਮਲ ਹਨ।ਇਸ ਪਖ ਤੋਂ ਭਾਸ਼ਾ ਦੀ ਸਰਲਤਾ ਵੀ ਇਕ ਅਹਿਮ ਮੁਦਾ ਹੈ।ਦੁਨੀਆਂ ਦੀਆਂ ਅਰਬੀ, ਚੀਨੀ ਆਦਿ ਭਾਸ਼ਾਵਾਂ ਉਦੋਂ ਹੀ ਵਿਕਸਿਤ ਹੋ ਸਕੀਆਂ ਹਨ। ਜਦੋਂ ਉਨ੍ਹਾਂ ਨੂੰ ਕੰਪਿਊਟਰ ਦੇ ਲਿਹਾਜ਼ ਨਾਲ ਸਰਲ ਬਣਾਇਆ ਗਿਆ। ਪੰਜਾਬੀ ਨੂੰ ਇਕ ਵਿਕਸਤ ਭਾਸ਼ਾ ਬਣਾਉਣ ਲਈ ਇਸ ਦਿਸ਼ਾ ਵਿਚ ਵਡੇ ਯਤਨਾਂ ਦੀ ਜ਼ਰੂਰਤ ਹੈ। ਵਿਅਕਤੀਗਤ ਪਧਰ ਤੇ ਇਸ ਸਬੰਧ ਵਿਚ ਹੋ ਰਹੇ ਯਤਨ ਇਸ ਕਰਕੇ ਪ੍ਰਭਾਵੀ ਨਹੀਂ ਹੋ ਰਹੇ ਕਿਉਂਕਿ ਆਪਸੀ ਤਾਲਮੇਲ ਦੀ ਕਮੀ ਕਾਰਨ ਯੋਗ ਨਤੀਜੇ ਨਹੀਂ ਮਿਲ ਰਹੇ।ਪੰਜਾਬੀ ਭਾਸ਼ਾ ਨੂੰ ਸਰਲ ਅਤੇ ਮਿਆਰੀ ਬਣਾਉਣ ਲਈ ਬੁਨਿਆਦੀ ਸਰੋਤਾਂ ਦੀ ਕਮੀ ਨੂੰ ਪੂਰਾ ਕਰਨ ਲਈੇ ਯਤਨ ਤੇਜ਼ ਹੋਣੇ ਚਾਹੀਦੇ ਹਨ। ਇਸ ਸਬੰਧ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਕਾਰਜ ਲਈ ਕੰਮ ਕਰ ਰਹੀਆਂ ਸਾਰੀਆਂ ਸੰਸਥਾਵਾਂ ਦਰਮਿਆਨ ਤਾਲਮੇਲ ਕਾਇਮ ਕਰਨ ਦੀ ਜ਼ਰੂਰਤ ਹੈ।ਕੰਪਿਊਟਰ ਵਰਤੋਂਕਾਰ ਪੰਜਾਬੀ ਫੌਂਟਾਂ ਅਤੇ ਕੀਬੋਰਡਾਂ ਦੀਆਂ ਸਮਸਿਆਵਾਂ ਤੋਂ ਸਾਰੇ ਵਖ-ਵਖ ਹਨ।ਯੂਨੀਕੋਡ ਪ੍ਰਣਾਲੀ ਦੇ ਰੂਪ ਵਿਚ ਫੌਂਟਾਂ ਦੇ ਮਿਆਰੀਕਰਨ ਰਾਹਤ ਮਿਲੀ ਹੈ, ਪ੍ਰੰਤੂ ਸੋਹਣੀ ਦਿਖ ਵਾਲੇ ਫੌਂਟਾਂ ਦੀ ਵਡੀ ਲੋੜ ਹੈ। ਇਸੇ ਤਰ੍ਹਾਂ ਪੰਜਾਬੀ ਕੀਬੋਰਡਾਂ ਦੇ ਏਕੀਕਰਨ ਦੀ ਤੁਰੰਤ ਜਰੂਰਤ ਹੈ। ਪੰਜਾਬੀ ਇਸ ਸਮੇਂ ਸਾਈਬਰ ਅਤੇ ਮੋਬਾਈਲ ਤਕਨਾਲੋਜੀ ਵਿਚ ਪਛੜ ਗਈ ਹੈ। ਔਂਡਰਾਇਡ ਅਤੇ ਵਿੰਡੋਜ਼ ਆਧਾਰਿਤ ਫੌਂਟਾਂ ਤੋਂ ਬਿਨਾਂ ਹੋਰ ਕਿਸੇ ਵੀ ਸਾਧਾਰਨ ਫੌਂਟ ਵਿਚ ਪੰਜਾਬੀ ਨੂੰ ਲੋੜੀਂਦਾ ਸਮਰਥਨ ਪ੍ਰਾਪਤ ਨਹੀਂ ਹੈ।।ਇਸ ਲਈ ਪੰਜਾਬੀ ਦੇ ਵਿਕਾਸ ਲਈ ਨਵੇਂ ਸਾਫ਼ਟਵੇਅਰਾਂ ਦੇ ਵਿਕਾਸ ਦੀ ਵੀ ਤੁਰੰਤ ਲੋੜ ਹੈ। ਇਸ ਕਾਰਜ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਡਾ ਫ਼ੰਡ ਮੁਹਈਆ ਕਰਵਾਏ।ਆਧੁਨਿਕ ਤਕਨਾਲੋਜੀ ਦੇ ਹਾਣ ਦਾ ਬਣਾਉਣ ਲਈ ਪੰਜਾਬੀ ਭਾਸ਼ਾ ਅਤੇ ਕੰਪਿਊਟਰੀਕਰਨ ਦੇ ਵਿਆਪਕ ਪ੍ਰੋਜੈਕਟ ਵਿਉਂਤਣ ਲਈ ਪੰਜਾਬ ਸਰਕਾਰ ਨੂੰ ਵਿਸ਼ੇਸ਼ ਦਿਲਚਸਪੀ ਲੈਣੀ ਚਾਹੀਦੀ ਹੈ। ਬਚਿਆਂ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜਨ ਹਿਤ ਕਾਮਿਕਸ, ਕਾਰਟੂਨ ਫ਼ਿਲਮਾਂ, ਜੀਵੰਤ ਕਹਾਣੀਆਂ ਦੀਆਂ ਸੀ.ਡੀਜ਼.ਦਾ ਵੀ ਵਡੇ ਪਧਰ ਤੇ ਨਿਰਮਾਣ ਹੋਣਾ ਚਾਹੀਦਾ ਹੈ।ਉਚੇਰੀ ਸਿਖਿਆ ਅਤੇ ਕਿਤਾਕਾਰੀ ਕੋਰਸਾਂ ਦਾ ਮਾਧਿਅਮ ਪੰਜਾਬੀ ਬਣਾਉਣ ਲਈ ਸਿਲੇਬਸ ਦੀਆਂ ਕਿਤਾਬਾਂ ਤਿਆਰ ਕਰਨ ਹਿਤ ਵੀ ਵਡੇ ਯਤਨ ਹੋਣੇ ਚਾਹੀਦੇ ਹਨ।ਪੰਜਾਬੀ ਦੀ ਸ਼ਬਦਾਵਲੀ ਖਾਸ ਕਰਕੇ ਤਕਨੀਕੀ ਸ਼ਬਦਾਵਲੀ ਵਿਕਸਤ ਕਰਨ ਦੀ ਵੀ ਜ਼ਰੂਰਤ ਹੈ।ਪੰਜਾਬੀ ਭਾਸ਼ਾ ਨੂੰ ਆਧੁਨਿਕ ਤਕਨਾਲੋਜੀ ਦੇ ਹਾਣ ਦਾ ਬਣਾਉਣ ਲਈ ਭਾਸ਼ਾ ਵਿਗਿਆਨੀ ਅਤੇ ਕੰਪਿਊਟਰ ਮਾਹਿਰ ਬਹੁਤ ਚੰਗਾ ਯੋਗਦਾਨ ਪਾ ਸਕਦੇ ਹਨ।‘ਵਰਲਡ ਵਾਚ ਇੰਸਟੀਚਿਊਟ’ ਅਨੁਸਾਰ ਕਿਸੇ ਭਾਸ਼ਾ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਾਉਣ ਲਈ ਇਸ ਨੂੰ ਬੋਲਣ ਵਾਲੇ ਘਟੋ-ਘਟ 1,00,000 ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਇਸ ਅਨੁਸਾਰ ਇਸ ਸਦੀ ਦੇ ਅੰਤ ਤਕ ਸੰਸਾਰ ਦੀਆਂ 90 ਫ਼ੀਸਦੀ ਭਾਸ਼ਾਵਾਂ ਵਿਚੋਂ ਲਗਪਗ ਅਧੀਆਂ ਭਾਸ਼ਾਵਾਂ ਦੇ ਅਲੋਪ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸੰਸਾਰ ਭਰ ’ਚ ਬੋਲੀਆਂ ਜਾਣ ਵਾਲੀਆਂ 6900 ਭਾਸ਼ਾਵਾਂ ’ਚੋਂ ਲਗਪਗ ਅਧੀਆਂ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ 2500 ਤੋਂ ਵੀ ਘਟ ਗਈ ਹੈ। ਅਜਿਹੇ ਹਾਲਾਤਾਂ ਦਾ ਭਾਵੇਂ ਪੰਜਾਬੀ ਭਾਸ਼ਾ ਨੂੰ ਸ਼ਾਇਦ ਸਾਹਮਣਾ ਨਾ ਕਰਨਾ ਪਵੇ, ਪ੍ਰੰਤੂ ਪੰਜਾਬੀ ਨੂੰ ਸੰਸਾਰ ਦੀ ਇਕ ਵਡੀ ਅਤੇ ਵਿਕਸਤ ਭਾਸ਼ਾ ਬਣਾਉਣ ਲਈ ਵਿਆਪਕ ਯਤਨਾਂ ਦੀ ਜ਼ਰੂਰਤ ਹੈ। ਇਸ ਸਮੇਂ ਪੰਜਾਬੀ ਕੈਨੇਡਾ, ਯੂ.ਕੇ. ਅਤੇ ਕੁੱਝ ਹੋਰ ਦੇਸ਼ਾਂ ਵਿਚ ਵੀ ਆਪਣਾ ਚੰਗਾ ਪ੍ਰਭਾਵ ਬਣਾ ਰਹੀ ਹੈ।ਮਲੇਸ਼ੀਆ ’ਚ ਲਗਪਗ 1,30,000 ਤੋਂ ਵਧ ਪੰਜਾਬੀ ਰਹਿੰਦੇ ਹਨ। ਇਸੇ ਤਰ੍ਹਾਂ ਸਿੰਗਾਪੁਰ ਅਤੇ ਅਮਰੀਕਾ ‘ਚ ਵਿਚ ਵੀ ਬਹੁਤ ਵਡਾ ਪੰਜਾਬੀ ਸਮਾਜ ਵਸਦਾ ਹੈ। ਕੈਨੇਡਾ ਵਿਚ । ਇਸ ਸਮੇਂ ਪੰਜਾਬੀ ਭਾਸ਼ਾ ਬੋਲਣ ਵਾਲੇ ਲਗਪਗ 800,000 ਲੋਕ ਰਹਿੰਦੇ ਹਨ। ਅਧਿਐਨ ਤੋਂ ਇਹ ਤਥ ਵੀ ਸਾਹਮਣੇ ਆਇਆ ਹੈ ਕਿ ਤੀਜੀ ਪੀੜ੍ਹੀ ਦੇ ਲਗਪਗ 33 ਫ਼ੀਸਦੀ ਪੰਜਾਬੀ ਬਚਿਆਂ ਨੇ ਮਾਤ ਭਾਸ਼ਾ ’ਤੇ ਪੂਰੀ ਪਕੜ ਹਾਸਲ ਕਰ ਲਈ ਹੈ, ਪਰ ਪੰਜਾਬ ਵਿਚ ਸਥਿਤੀ ਥੋੜ੍ਹੀ ਦੁਖਦ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਡੇ ਯਤਨ ਪੰਜਾਬ ਵਿਚੋਂ ਹੀ ਸ਼ੁਰੂ ਕਰਨੇ ਹੋਣਗੇ। – ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11