Wednesday , 19 December 2018
Breaking News
You are here: Home » Editororial Page » ‘ਪੰਜਾਬੀ’ ਪਰਿਵਾਰ, ਸਰਕਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣੇ

‘ਪੰਜਾਬੀ’ ਪਰਿਵਾਰ, ਸਰਕਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣੇ

ਹਿੰਦੁਸਤਾਨ-ਪਾਕਿਸਤਾਨ ਦੀ ਵੰਡ ਦਾ ਸ਼ਿਕਾਰ ਪਾਕਿਸਤਾਨ ਦੇ ਬਾਹਵਲਪੁਰ ਖੇਤਰ ਦੇ ਲੋਕ ਬਾਹਵਲਪੁਰੀ ਬੋਲਦੇ ਹਨ। ਰਾਜਪੁਰਾ ਵਿੱਚ ਬਾਹਵਲਪੁਰੀਏ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਮੇਰੀ ਇਕ ਵਿਦਿਆਰਥਣ ਇਸੇ ਭਾਈਚਾਰੇ ਨਾਲ ਸਬੰਧਤ ਸੀ। ਉਸ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਪੁਰਾਣੀ ਪੀੜ੍ਹੀ ਬਾਹਵਲਪੁਰੀ ਬੋਲੀ ਵਿੱਚ ਹੀ ਵਾਰਤਾਲਾਪ ਕਰਦੀ ਹੈ ਅਤੇ ਨਵੀਂ ਪੀੜ੍ਹੀ ਸਮਝ ਤਾਂ ਲੈਂਦੀ ਹੈ ਪਰ ਬੋਲਦੀ ਘੱਟ ਹੀ ਹੈ। ਮੈਂ ਉਸ ਨੂੰ ਐਮ.ਫਿਲ ਦੀ ਖੋਜ ਦਾ ਵਿਸ਼ਾ ਬਾਹਵਲਪੁਰੀ ਵਿੱਚ ਹੋ ਰਹੀ ਪੱਤਰਕਾਰੀ ਦੇ ਦਿੱਤਾ। ਕੁੱਝ ਦਿਨਾਂ ਦੀ ਮਿਹਨਤ ਤੋਂ ਬਾਅਦ ਪਤਾ ਲੱਗਾ ਕਿ ਬਾਹਵਲਪੁਰੀ ਵਿੱਚ ਕੁੱਝ ਵੀ ਉਪਲੱਬਧ ਨਹੀਂ। ਬਸ, ਇਕ ਰਸਾਲਾ ਮਿਲਿਆ ਸੀ ਦੇਵਨਾਗਰੀ ਲਿੱਪੀ ਵਿੱਚ ਜਿਸਦੇ ਮੁੱਖ ਪੰਨੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਗੁਣਗਾਇਨ ਕੀਤਾ ਹੋਇਆ ਸੀ। ਹਾਲਾਂਕਿ ਇਹ ਖੋਜ ਸਿਰੇ ਨਹੀਂ ਚੜ੍ਹ ਸਕੀ ਸੀ ਪਰ ਇਕ ਖਦਸ਼ਾ ਤਾਂ ਸਪੱਸ਼ਟ ਸੀ ਕਿ ਬਾਹਵਲਪੁਰੀ ਵਾਂਗ ਹਿੰਦੁਸਤਾਨ ਦੀਆਂ ਅਨੇਕਾਂ ਭਾਸ਼ਾਵਾਂ ਦਾ ਭਵਿੱਖ ਖ਼ਤਰੇ ਵਿੱਚ ਹੈ। ਮੇਰੇ ਖਦਸ਼ੇ ਦੀ ਉਸ ਵੇਲੇ ਪੁਸ਼ਟੀ ਹੋਈ ਜਦੋਂ ‘ਪੀਪਲਜ਼ ਲਿੰਗਸਿਟਕ ਸਰਵੇ ਆਫ ਇੰਡੀਆ’ ਨਾਮਕ ਸੰਸਥਾ ਨੇ ਆਪਣੇ ਅਧਿਅਨ ਤੋਂ ਬਾਅਦ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਕਿ ਪਿਛਲੇ 50 ਸਾਲਾਂ ਵਿੱਚ ਹਿੰਦੁਸਤਾਨ ਦੀਆਂ 250 ਭਾਸ਼ਾਵਾਂ ਖਤਮ ਹੋ ਗਈਆਂ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਭਾਸ਼ਾਵਾਂ ਦੇ ਲੁਪਤ ਹੋਣ ਦਾ ਇਕ ਕਾਰਨ ਅਜਿਹੀਆਂ ਭਾਸ਼ਾਵਾਂ ਬੋਲਣ ਵਾਲੇ ਬੱਚਿਆਂ ਨੂੰ ਸਾਡੇ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਵਾਂਗ ਸਿੱਖਿਆ ਦੇਣਾ ਸ਼ਾਮਿਲ ਨਹੀਂ ਹੈ। ਬਹੁਤ ਸਾਰੀਆਂ ਬੋਲੀਆਂ ਘਰਾਂ ਅਤੇ ਪਰਿਵਾਰਾਂ ਤੱਕ ਹੀ ਸੀਮਿਤ ਹੋ ਗਈਆਂ ਹਨ। ਜਿਉਂ-ਜਿਉਂ ਘਰਾਂ ਦੇ ਵੱਡੇ ਬਜ਼ੁਰਗ ਇਸ ਦੁਨੀਆਂ ਤੋਂ ਤੁਰ ਰਹੇ ਹਨ, ਉਨ੍ਹਾਂ ਦੀ ਬੋਲੀ ਵੀ ਲੁਪਤ ਹੁੰਦੀ ਜਾ ਰਹੀ ਹੈ। ਇਨ੍ਹਾਂ ਦੇ ਖਤਮ ਹੋਣ ਨਾਲ ਉਹ ਸੰਸਕ੍ਰਿਤੀ ਦੇ ਮਿਟਣ ਦਾ ਵੀ ਡਰ ਬਣ ਜਾਂਦਾ ਹੈ, ਜਿਸ ਨੇ ਇਸ ਭਾਸ਼ਾ ਨੂੰ ਬਣਾਇਆ ਸੀ। ਸਾਡੇ ਦੇਸ਼ ਵਿੱਚ 780 ਅਜਿਹੀਆਂ ਭਾਸ਼ਾਵਾਂ ਹਨ ਜਿਨ੍ਹਾਂ ਦੇ ਮਰਨ ਦਾ ਖਤਰਾ ਬਣਿਆ ਹੋਇਆ ਹੈ। ਹਿੰਦੁਸਤਾਨ ਦੀਆਂ ਭਾਸ਼ਾਵਾਂ ਦੀ ਦੁਰਗਤੀ ਦਾ ਵੱਡਾ ਕਾਰਨ ਅੰਗਰੇਜ਼ੀ ਨੂੰ ਲੈ ਕੇ ਸਾਡੀ ਮਾਨਸਿਕਤਾ ਹੈ। ਅੰਗਰੇਜ਼ ਭਾਵੇਂ ਦੇਸ਼ ਤੋਂ ਚਲੇ ਗਏ ਪਰ ਅੰਗਰੇਜ਼ੀ ਅਜੇ ਵੀ ਰਾਜ ਕਰ ਰਹੀ ਹੈ। ਵਿਗਿਆਨ, ਸਮਾਜ ਵਿਗਿਆਨ, ਪੱਤਰਕਾਰੀ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਸਮੱਗਰੀ ਦੀ ਉਪਲੱਬਤਾ ਸਿਰਫ ਅੰਗਰੇਜ਼ੀ ਵਿੱਚ ਹੀ ਹੈ। ਇਸ ਪੱਖੋਂ ਸਾਡੀਆਂ ਸਰਕਾਰਾਂ ਅਤੇ ਸੰਸਥਾਵਾਂ ਨੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ। ਸਬੂਤ ਵਜੋਂ ਮੈਂ ਕਹਿ ਸਕਦਾ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਫਰਜ਼ ਬਣਦਾ ਸੀ ਕਿ ਉਹ ਪੱਤਰ ਵਿਹਾਰ ਰਾਹੀਂ ਪੱਤਰਕਾਰੀ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਵਿੱਚ ਸਮੱਗਰੀ ਮੁਹੱਈਆ ਕਰਵਾਉਂਦੀ ਪਰ ਅਜੇ ਤੱਕ ਇਹ ਨਹੀਂ ਹੋ ਸਕਿਆ। ਪੰਜਾਬੀ ਪੱਤਰਕਾਰੀ ਲਈ ਪੰਜਾਬੀ ਵਿੱਚ ਮੈਂ ਹੀ ਕੁੱਝ ਕਿਤਾਬਾਂ ਲਿਖਿਆ ਹਨ ਜਾਂ ਮੇਰੇ ਤੋਂ ਪਹਿਲਾਂ ਚਾਰ ਕਿਤਾਬਾਂ ਲਿਖਿਆ ਗਈਆਂ ਸਨ।
ਇਸ ਤਰ੍ਹਾਂ ਦਾ ਹਾਲ ਹੋਰ ਵਿਸ਼ਿਆਂ ਦਾ ਵੀ ਹੈ। ਇਕ ਹੋਰ ਵੀ ਗੱਲ ਕਰਨੀ ਬਣਦੀ ਹੈ ਕਿ ਦੇਸ਼ ਦੀਆਂ ਲੋਕਲ ਭਾਸ਼ਾਵਾਂ ਵਿੱਚ ਖੋਜ ਕਰਨ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਹੈ। ਜ਼ਿਆਦਾ ਗਿਣਤੀ ਵਿੱਚ ਖੋਜੀ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਹਨ। ਇਕ ਸਰਵੇਖਣ ਦੌਰਾਨ ਮੈਂ ਬੱਚਿਆਂ ਨੂੰ ਪੁਛਿਆ ਕਿ ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇ ਅਸੀਂ ਪੰਜਾਬੀ ਵਿੱਚ ਬੋਲਦੇ ਹਾਂ ਤਾਂ ਦੂਜੇ ਬੱਚੇ ਸਾਨੂੰ ਚਿੜ੍ਹਾਉਂਦੇ ਹਨ। ਉਂਜ ਵੀ ਪਬਲਿਕ ਅਤੇ ਹੋਰ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਬੋਲਣ ’ਤੇ ਅਣਐਲਾਨੀ ਪਾਬੰਦੀ ਲੱਗੀ ਹੋਈ ਹੈ। ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਅੰਗਰੇਜ਼ੀ ਬੋਲਣ। ‘‘ਅੰਗਰੇਜ਼ੀ ਜਾਣਨ ਵਾਲੇ ਨੂੰ ਨੌਕਰੀ ਜਲਦੀ ਮਿਲ ਜਾਂਦੀ ਹੈ।’’ ਮੈਨੂੰ ਬਹੁਤ ਸਾਰੇ ਮਾਪਿਆਂ ਨੇ ਦੱਸਿਆ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਮਾਂ ਬੋਲੀ ਪ੍ਰਫੁਲਤ ਹੋਵੇ ਤਾਂ ਸਾਨੂੰ ਜਾਗਰੂਕ ਹੋ ਕੇ ਕੁੱਝ ਯਤਨ ਕਰਨੇ ਪੈਣਗੇ। ਸਾਨੂੰ ਵਪਾਰ, ਰੁਜ਼ਗਾਰ, ਪਰਿਵਾਰ ਅਤੇ ਸਰਕਾਰ ਦੀ ਭਾਸ਼ਾ ਮਾਂ ਬੋਲੀ ਨੂੰ ਬਣਾਉਣਾ ਹੋਵੇਗਾ।

Comments are closed.

COMING SOON .....


Scroll To Top
11