Saturday , 30 May 2020
Breaking News
You are here: Home » Editororial Page » ਪ੍ਰੇਸ਼ਾਨੀ ਦਾ ਸਬੱਬ ਕਿਉਂ ਹੈ ਆਧਾਰ ਕਾਰਡ ਦਾ ਆਧਾਰ?

ਪ੍ਰੇਸ਼ਾਨੀ ਦਾ ਸਬੱਬ ਕਿਉਂ ਹੈ ਆਧਾਰ ਕਾਰਡ ਦਾ ਆਧਾਰ?

ਆਧਾਰ ਕਾਰਡ ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਜਾਣ ਵਾਲਾ 12 ਅੰਕਾਂ ਦਾ ਵਿਸ਼ੇਸ਼ ਪਹਿਚਾਣ ਪੱਤਰ ਹੈ। ਆਪਣੇ ਅਰੰਭ ਤੋਂ ਲੈ ਕੇ ਹੁਣ ਤੱਕ ਇਹ ਵਿਵਾਦਾਂ ਵਿੱਚ ਫਸਿਆ ਹੋਇਆ ਹੈ। ਬਹੁਤ ਸਾਰੀਆਂ ਕਾਨੂੰਨੀ ਸਮੱਸਿਆਵਾਂ ਵਿੱਚ ਨਿਕਲਦਾ ਹੋਇਆ ਲਗਭਗ ਆਪਣੇ ਦਸ ਸਾਲ ਪੂਰੇ ਕਰ ਚੁੱਕਿਆ ਹੈ। ਭਾਵੇਂ ਕਿ ਸਰਕਾਰ ਵੱਲੋਂ ਆਧਾਰ ਕਾਰਡ ਜ਼ਰੂਰੀ ਬਣਵਾਉਣ ਲਈ ਜਾਰੀ ਕੀਤੇ ਜਾਂਦੇ ਰਹੇ ਇਸ਼ਤਿਹਾਰਾਂ ਥੱਲੇ ਛੋਟਾ ਕਰ ਕੇ ਲਿਖਿਆ ਹੁੰਦਾ ਹੈ ਕਿ ‘ਆਧਾਰ ਸਵੈ-ਇੱਛਤ ਹੈ’ ਪਰ ਬਾਵਜੂਦ ਇਸਦੇ ਇਸਨੂੰ ਹਰ ਥਾਂ ਜ਼ਰੂਰੀ ਕੀਤਾ ਜਾ ਚੁੱਕਾ ਹੈ।
ਸ਼ੁਰੂਆਤ ਵਿੱਚ ਜਦੋਂ ਆਧਾਰ ਕਾਰਡ ਬਣਨੇ ਸ਼ੁਰੂ ਹੋਏ ਸੀ ਤੋਂ ਲੈ ਕੇ ਹੁਣ ਤੱਕ ਵੀ ਆਧਾਰ ਕੇਂਦਰਾਂ ਦੇ ਬਾਹਰ ਜਾਂ ਅੰਦਰ, ਲੰਮੀਆਂ ਕਤਾਰਾਂ ਵਿੱਚ ਖੜ੍ਹੇ ਲੋਕ ਦਿੱਸ ਹੀ ਜਾਣਗੇ। ਕਿਉਂਕਿ ਪਹਿਲਾਂ ਜਨਤਾ ਨੂੰ ਆਧਾਰ ਕਾਰਡ ਬਣਵਾਉਣ ਲਈ ਕਤਾਰਾਂ ਵਿੱਚ ਖੜ੍ਹਨਾ ਪਿਆ ਸੀ, ਬਣਨ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਦਰੁਸਤ ਕਰਵਾਉਣ ਲਈ ਕਤਾਰਾਂ ਵਿੱਚ ਖੜ੍ਹਨਾ ਪੈ ਰਿਹਾ ਹੈ ਅਤੇ ਬਾਵਜੂਦ ਉਸਦੇ ਵੀ ਕਿਸਮਤ ਵਾਲੇ ਹੀ ਨੇ ਉਹ ਲੋਕ, ਜਿਨ੍ਹਾਂ ਦੇ ਆਧਾਰ ਕਾਰਡ ਉੱਤੇ ਹਰ ਚੀਜ਼ ਦਰੁਸੱਤ ਵਾ ਸਹੀ ਹੈ। ਕਿਉਂਕਿ ਬਹੁਤੇ ਆਧਾਰ ਕਾਰਡ ਅਜਿਹੇ ਹਨ ਜਿਨ੍ਹਾਂ ਤੋਂ ਜਿਸ ਵਿਅਕਤੀ ਦਾ ਆਧਾਰ ਕਾਰਡ ਹੈ ਉਸਦੀ ਸ਼ਕਲ ਹੀ ਮੈਚ ਨਹੀਂ ਕਰਦੀ। ਕਿਸੇ ਦੇ ਨਾਮ ਦੇ ਅੱਖਰ ਗਲਤ ਹਨ, ਕਿਸੇ ਦੀ ਜਨਮ ਤਰੀਕ ਗਲਤ ਹੈ, ਕਿਸੇ ਦਾ ਇਕੱਲਾ ਜਨਮ ਸਾਲ ਦਰਜ ਹੈ, ਕਿਸੇ ਦੇ ਘਰ ਦਾ ਪਤਾ ਗਲਤ ਹੈ, ਕਿਸੇ ਦੇ ਆਧਾਰ ਕਾਰਡ ਦੇ ਪਿੱਛੇ ਬਾਪ ਦਾ ਨਾਮ ਹੀ ਨਹੀਂ ਤੇ ਕਿਸੇ ਔਰਤ ਦੇ ਆਧਾਰ ਕਾਰਡ ਪਿੱਛੇ ਪਤੀ ਦਾ ਨਾਮ ਨਹੀਂ, ਕਿਸੇ ਦਾ ਮੋਬਾਇਲ ਆਧਾਰ ਕਾਰਡ ਨਾਲ ਲਿੰਕ ਨਹੀਂ ਹੈ। ਕਿਸੇ ਮਰਦ ਨੂੰ ਔਰਤ ਅਤੇ ਔਰਤ ਨੂੰ ਮਰਦ ਵੀ ਲਿਖਿਆ ਹੋਇਆ ਹੈ। ਇੱਥੇ ਇਹ ਖ਼ਾਸ ਤੌਰ ਤੇ ਜ਼ਿਕਰਯੋਗ ਹੈ ਕਿ ਹਰ ਤਰ੍ਹਾਂ ਦੀ ਸਬੰਧਿਤ ਜਾਣਕਾਰੀ ਸਬੰਧਤ ਅਮਲੇ ਨੂੰ ਦਿੱਤੀ ਜਾਂਦੀ ਰਹੀ ਹੈ, ਪਰ ਬਾਵਜੂਦ ਉਸਦੇ ਆਧਾਰ ਕਾਰਡ ਅਧੂਰੇ ਹੀ ਬਣਦੇ ਰਹੇ ਹਨ।
ਅੱਗੇ ਚੱਲਦੇ ਹਾਂ ਤਾਂ ਜੇਕਰ ਕੋਈ ਅਣਵਿਆਹੀ ਇਸਤ੍ਰੀ ਹੈ ਤਾਂ ਉਸਦੇ ਆਧਾਰ ਕਾਰਡ ਪਿੱਛੇ ਸਪੁੱਤਰੀ ਲਿਖਣ ਤੋਂ ਬਾਅਦ ਪਿਤਾ ਦਾ ਨਾਮ ਲਿਖਿਆ ਜਾਣਾ ਚਾਹੀਦਾ ਹੈ ਅਤੇ ਪੁਰਾਣੇ ਆਧਾਰ ਕਾਰਡਾਂ ਤੇ ਲਿਖਿਆ ਵੀ ਜਾਂਦਾ ਰਿਹਾ ਹੈ। ਇਸੇ ਤਰ੍ਹਾਂ ਜੇਕਰ ਵਿਆਹੀ ਇਸਤ੍ਰੀ ਹੈ ਤਾਂ ਉਸਦੇ ਆਧਾਰ ਕਾਰਡ ਪਿੱਛੇ ਸੁਪਤਨੀ/ਪਤਨੀ ਆਦਿ ਲਿਖਿਆ ਜਾਣਾ ਚਾਹੀਦਾ ਹੈ ਅਤੇ ਜੇਕਰ ਕੋਈ ਪੁਰਸ਼ ਹੈ ਤਾਂ ਉਸਦੇ ਆਧਾਰ ਕਾਰਡ ਪਿੱਛੇ ਸਪੁੱਤਰ/ਪੁੱਤਰ ਆਦਿ ਲਿਖਿਆ ਹੋਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਪਹਿਲਾਂ ਹੁੰਦਾ ਵੀ ਰਿਹਾ ਹੈ। ਪਰ ਅੱਜ-ਕੱਲ੍ਹ ਵਿਆਹ ਤੋਂ ਬਾਅਦ ਜਦੋਂ ਔਰਤ ਆਪਣੇ ਆਧਾਰ ਕਾਰਡ ਉੱਤੇ ਪਤੀ ਦੇ ਨਾਮ ਅਤੇ ਘਰ ਦੇ ਪਤੇ ਦੀ ਸੋਧ ਕਰਵਾਉਣ ਲਈ ਇਲਾਕੇ ਨਾਲ ਸਬੰਧਿਤ ਇੰਰਾਲਮੈਂਟ ਕੇਂਦਰ ਜਾਂਦੀ ਹੈ ਤਾਂ ਘਰ ਦਾ ਪਤਾ ਤਾਂ ਸੋਧ ਦਿੱਤਾ ਜਾਂਦਾ ਹੈ ਪਰ ਸੁਪਤਨੀ ਲਿਖਣ ਦੀ ਥਾਂ ਮਾਰਫਤ ਲਿਖ ਦਿੱਤਾ ਜਾਂਦਾ ਹੈ। ਜਿਸ ਤੋਂ ਇਹ ਸਮਝ ਨਹੀਂ ਪੈਂਦੀ ਕਿ ਮਾਰਫਤ ਅੱਗੇ ਲਿਖੇ ਨਾਮ ਵਾਲਾ ਵਿਅਕਤੀ ਇਸ ਔਰਤ ਦਾ ਪਤੀ ਹੈ ਜਾਂ ਪਿਤਾ ਹੈ? ਇਹੀ ਹਾਲ ਨੌਜਵਾਨ ਗੱਭਰੂਆਂ ਨਾਲ ਕੀਤਾ ਜਾਂਦਾ ਹੈ ਜਦੋਂ ਉਹ ਕਿਸੇ ਕਿਸਮ ਦੀ ਦਰੁਸਤੀ ਕਰਵਾਉਂਦੇ ਹਨ ਤਾਂ ਉਹਨਾਂ ਦੇ ਆਧਾਰ ਕਾਰਡਾਂ ਪਿੱਛੇ ਵੀ ਸਪੁੱਤਰ ਦੀ ਥਾਂ ਮਾਰਫਤ ਕਰ ਦਿਤਾ ਜਾਂਦਾ ਹੈ।
ਸ਼ਾਇਦ ਆਧਾਰ ਮਹਿਕਮੇ ਨੂੰ ਪਸੰਦ ਹੈ ਕਿ ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਦਰੁਸੱਤੀ ਕਰਵਾਉਣ ਲਈ ਉਹਨਾਂ ਅੱਗੇ ਗਿੜਗੜਾਉਂਦੇ ਰਹਿਣ ਤਾਂ ਕਰਕੇ ਹੀ ਜਾਣਬੁੱਝ ਕੇ ਕੋਈ ਨਾ ਕੋਈ ਕੁੰਡੀ ਰੱਖ ਹੀ ਲਈ ਜਾਂਦੀ ਹੈ। ਇੱਕ ਗੱਲ ਹੋਰ ਆਧਾਰ ਉੱਤੇ ਅੰਗ੍ਰੇਜੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਾਲ ਹੀ ਸਬੰਧਿਤ ਸੂਬੇ ਦੀ ਸਥਾਨਕ ਬੋਲੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਜੋ ਇੱਕ ਸੱਭ ਤੋਂ ਚੰਗੇਰੀ ਗੱਲ ਹੈ, ਪਰ ਅਫਸੋਸ ਡਿਜੀਟਲ ਇੰਡੀਆ ਦੀ ਗੱਲ ਜਦੋਂ ਕਰਦੇ ਹਾਂ ਤਾਂ ਸਬੰਧਿਤ ਸੂਬੇ ਦੀ ਮਾਂ ਬੋਲੀ ਨੂੰ ਲਿਖਣ ਵੇਲੇ ਹਰ ਆਧਾਰ ਕਾਰਡ ਵਿੱਚ ਗਲਤੀ ਸੋ ਪ੍ਰਤੀਸ਼ਤ ਹੋਵੇਗੀ ਹੀ, ਖਾਸ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰ ਰਿਹਾ ਹੋਵਾਂ। ਪੰਜਾਬ ਵਿੱਚ ਬਣਨ ਵਾਲੇ ਕੁੱਝ ਕਾਰਡ ਅੰਗ੍ਰੇਜ਼ੀ ਦੇ ਨਾਲ ਪੰਜਾਬੀ ਵਿੱਚ ਵੀ ਹਨ (ਗਲਤੀਆਂ ਸਮੇਤ), ਕੁੱਝ ਉੱਤੇ ਪੰਜਾਬੀ ਦੀ ਥਾਂ ਹੁਣ ਹਿੰਦੀ ਲਿਖੀ ਜਾਣ ਲੱਗ ਪਈ ਹੈ ਅਤੇ ਕੁੱਝ ਕਾਰਡਾਂ ਉੱਤੇ ਹਿੰਦੀ, ਪੰਜਾਬੀ, ਅੰਗਰੇਜੀ ਤਿੰਨੇ ਭਾਸ਼ਾਵਾਂ ਦਾ ਨਮੂਨਾ ਦੇਖਣ ਨੂੰ ਮਿਲਦਾ ਹੈ।
ਉਦੋਂ ਸਥਿਤੀ ਹੋਰ ਹਾਸੋਹੀਣੀ ਬਣ ਜਾਂਦੀ ਹੈ ਜਦੋਂ ਕਿਸੇ ਨੂੰ ਪੁੱਛੋ ਕਿ ਤੇਰੀ ਜਨਮ-ਤਰੀਕ ਕੀ ਹੈ? ਜਾਂ ਤੇਰੇ ਘਰ ਦਾ ਪਤਾ ਕੀ ਹੈ? ਤਾਂ ਉਹ ਬੋਲਣ ਤੋਂ ਪਹਿਲਾਂ ਆਪਣੀ ਜੇਬ ਵਿੱਚ ਆਧਾਰ ਕਾਰਡ ਕੱਢਣ ਲੱਗ ਪੈਂਦਾ ਹੈ, ਕਿਉਂਕਿ ਭਾਵੇਂ ਉਸਨੂੰ ਪਤਾ ਹੈ ਜਨਮ ਤਰੀਕ ਜਾਂ ਘਰ ਦਾ ਪਤਾ ਕੀ ਹੈ, ਪਰ ਕਿਉਂਕਿ ਆਧਾਰ ਕਾਰਡ ਉੱਤੇ ਸੱਭ ਕੁੱਝ ਗਲਤ ਲਿਖਿਆ ਹੋਇਆ ਹੈ ਤਾਂ ਉਹ ਵਿਚਾਰਾ ਆਧਾਰ ਕਾਰਡ ਦੇ ਅਨੁਸਾਰ ਹੀ ਚੱਲਣਾ ਚਾਹੁੰਦਾ ਹੈ ਤਾਂ ਕਿ ਕਿਤੇ ਕੱਲ੍ਹ ਨੂੰ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਕੰਮ ਵਿੱਚ ਰੁਕਾਵਟ ਨਾ ਪੈ ਜਾਵੇ।
ਹੁਣ ਆਉਂਦੇ ਹਾਂ ਕਿ ਕੁੱਝ ਲੋਕ ਆਧਾਰ ਕਾਰਡ ਮੁਤਾਬਿਕ ਲਿਖੀ ਗਈ ਗਲਤ ਜਾਣਕਾਰੀ ਨੂੰ ਇਸਤੇਮਾਲ ਕਿਉਂ ਕਰਨਾ ਚਾਹੁੰਦੇ ਹਨ? ਉਪਰੋਕਤ ਵਰਨਣ ਕੀਤੀਆਂ ਗਈਆਂ ਸਮੱਸਿਆਵਾਂ ਤਾਂ ਉਹ ਹਨ ਜਿਨ੍ਹਾਂ ਨੂੰ ਅਸੀਂ ਬਰਦਾਸ਼ਤ ਕਰੀ ਜਾ ਰਹੇ ਹਾਂ। ਚੱਲੋ ਮੰਨ ਲਉ ਬਈ ਮਨ ਬਣ ਗਿਆ ਆਧਾਰ ਕਾਰਡ ਵਿੱਚ ਦਰੁਸਤੀ ਕਰਵਾਉਣ ਦਾ, ਤਾਂ ਅੱਜ ਕਲ੍ਹ ਸਰਕਾਰੀ ਥਾਵਾਂ ਜਿਵੇਂ ਸ਼ਹਿਰ ਜਾਂ ਕਸਬੇ ਦਾ ਕੋਈ ਮੁੱਖ ਡਾਕਘਰ ਜਾਂ ਕੁੱਝ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਆਧਾਰ ਕਾਰਡ ਦੀ ਦਰੁਸਤੀ ਕੀਤੀ ਜਾਂਦੀ ਹੈ। ਉੱਥੇ ਤੱਕ ਪੁੱਜਣ ਲਈ ਘਰੋਂ ਇੱਕ ਦਿਨ ਪਹਿਲਾਂ ਸਵੱਖਤੇ ਉੱਠ ਕੇ, ਸਬੰਧਿਤ ਆਧਾਰ ਕੇਂਦਰ ਦੇ ਬਾਹਰ ਲੱਗੀ ਲੰਮੀ ਕਤਾਰ ਵਿੱਚ ਖੜ੍ਹਨਾ ਪੈਂਦਾ ਹੈ, ਇਸ ਲਈ ਨਹੀਂ ਕਿ ਹੁਣ ਤੁਹਾਡਾ ਆਧਾਰ ਕਾਰਡ ਠੀਕ ਹੋ ਜਾਵੇਗਾ, ਬਲਕਿ ਇਸ ਲਈ ਕਿ ਹੁਣ ਤੁਹਾਨੂੰ ਆਪਣਾ ਆਧਾਰ ਕਾਰਡ ਠੀਕ ਕਰਵਾਉਣ ਲਈ ਵਾਰੀ ਆਉਣ ਤੇ ਟੋਕਣ ਮਿਲੇਗਾ, ਹਾਂ ਜੇ ਕਿਧਰੇ ਕੋਈ ਅਸਰ-ਰਸੂਖ ਵਾਲਾ ਬੰਦਾ ਆ ਕੇ ਟੋਕਣ ਲੈ ਗਿਆ ਤਾਂ ਤੁਸੀਂ ਅਗਲ਼ੀ ਸਵੇਰ ਸਵੱਖਤੇ ਉੱਠ ਕੇ ਦੁਬਾਰਾ ਆ ਸਕਦੇ ਹੋ। ਦੱਸਦਾ ਜਾਵਾਂ ਕਿ ਘੱਟੋ-ਘੱਟ 5 ਤੋਂ ਲੇ ਕੇ 20 ਕੁ ਟੋਕਣ ਰੋਜ਼ਾਨਾ ਵੰਡੇ ਜਾਂਦੇ ਹਨ। ਹੁਣ ਜਿਨ੍ਹਾਂ ਨੂੰ ਟੋਕਣ ਮਿਲ ਗਿਆ, ਉਹ ਆਪਣੀ ਵਾਰੀ ਅਨੁਸਾਰ ਅਗਲੇ ਦਿਨ ਮੁੜ ਸਬੰਧਿਤ ਕਰਮਚਾਰੀਆਂ ਵੱਲੋਂ ਦਿੱਤੇ ਗਏ ਸਮੇਂ ਅਨੁਸਾਰ ਪੁੱਜਣਗੇ, ਕਿਤੇ ਰੱਬ-ਸਬੱਬੀਂ ਇਹ ਮੌਕਾ ਖੁੱਸ ਗਿਆ ਤਾਂ ਤੁਹਾਡਾ ਟੋਕਣ ਵੀ ਆਪਣੀ ਮਿਆਦ ਗੁਆ ਲਵੇਗਾ। ਚਲੋ ਜੇ ਮੌਕਾ ਨਾ ਖੁਸਿਆ ਅਤੇ ਕੰਪਿਊਟਰ ਵਿੱਚ ਕੋਈ ਖਰਾਬੀ ਆ ਗਈ ਤਾਂ ਵੀ ਟੋਕਣ ਦੀ ਮਿਆਦ ਪੁੱਗ ਜਾਵੇਗੀ ਅਤੇ ਦੁਬਾਰਾ ਟੋਕਣ ਲੈਣ ਦਾ ਨੁਸਖਾ ਉੱਪਰ ਮੈਂ ਦੱਸ ਹੀ ਚੁੱਕਿਆ ਹਾਂ। ਹੁਣ ਜਿਹੜੇ ਵਿਚਾਰੇ ਅਪਾਹਜ ਹਨ, ਉਹ ਨਾ ਤਾਂ ਇਨਰਾਲਮੈਂਟ ਸੈਂਟਰਾਂ ਤੱਕ ਪੁੱਜ ਸਕਦੇ ਹਨ ਅਤੇ ਨਾ ਹੀ ਉਹਨਾਂ ਦੇ ਆਧਾਰ ਕਾਰਡ ਵਿੱਚ ਦਰੁਸਤੀ ਹੋ ਸਕਦੀ ਹੈ। ਇਸੇ ਤਰ੍ਹਾਂ ਲੰਮੀਆਂ ਕਤਾਰਾਂ ਵਿੱਚ ਬਜ਼ੁਰਗਾਂ ਲਈ ਤਾਂ ਦਰੁਸਤੀ ਕਰਵਾਉਣਾ ਖਾਲਾ ਜੀ ਦੇ ਵਾੜੇ ਤੋਂ ਵੀ ਔਖਾ ਹੀ ਹੈ।
ਗਲਤੀਆਂ ਦੀ ਸਹੀ ਢੰਗ ਨਾਲ ਦਰੁਸਤੀ ਕਿਵੇਂ ਹੋਵੇ? ਸਰਕਾਰ/ ਪ੍ਰਸ਼ਾਸਨ ਪਹਿਲੇ ਦੇ ਆਧਾਰ ਟੋਕਣ ਸਿਸਟਮ ਬੰਦ ਕਰਵਾਵੇ ਜਾਂ ਪਹਿਲਾਂ ਦੀ ਤਰ੍ਹਾਂ ਆਧਾਰ ਕਾਰਡ ਵਿੱਚ ਸੋਧ ਲਈ ਪ੍ਰਾਈਵੇਟ ਏਜੰਟਾਂ (ਸੀ.ਐੱਸ.ਸੀ ਦੇ ਅੰਤਰਗਤ) ਨੂੰ ਹੱਕ ਦੇਵੇ। ਦੂਜਾ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਜਿੱਥੇ ਵੀ ਆਧਾਰ ਦਰੁਸੱਤੀ ਕੀਤੀ ਜਾ ਰਹੀ ਹੈ ਕੀ ਉਥੇ ਲੱਗੇ ਹੋਏ ਕੈਮਰੇ ਦੀ ਕੁਆਲਿਟੀ ਸਹੀ ਹੈ? ਕੰਪਿਊਟਰ ਵਿੱਚ ਪੰਜਾਬੀ ਬੋਲੀ ਦਾ ਵਧੀਆ ਸਾਫਟਵੇਅਰ ਮੌਜੂਦ ਹੈ? ਅੱਪਡੇਟ ਕਰਨ ਵਾਲਾ ਅਮਲਾ ਪੜ੍ਹਿਆ-ਲਿਖਿਆ ਹੈ ਜਾਂ ਕੰਪਿਊਟਰ ਦੀ ਸਹੀ ਜਾਣਕਾਰੀ ਉਸ ਕੋਲ ਹੈ? ਜਿੱਥੇ ਫ਼ੋਟੋ ਖਿੱਚੀ ਜਾ ਰਹੀ ਹੈ ਉੱਥੇ ਪ੍ਰਕਾਸ਼ ਸਹੀ ਮਾਤਰਾ ਵਿੱਚ ਹੈ? ਕੀ ਅੰਗਹੀਣ/ਅਪਾਹਜ ਜਾਂ ਬਜ਼ੁਰਗਾਂ ਦੇ ਬੈਠਣ ਲਈ ਸਹੀ ਥਾਂ ਹੈ? ਆਦਿ ਇਹਨਾਂ ਗੱਲਾਂ ਵੱਲ ਸਬੰਧਿਤ ਮਹਿਕਮਾ ਧਿਆਨ ਦੇ ਕੇ ਆਧਾਰ ਕਾਰਡ ਦਾ ਵੀ ਆਪਣਾ ਆਧਾਰ ਬਣਾ ਸਕਦਾ ਹੈ। ਨਹੀਂ ਤਾਂ ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਕਿ ਆਧਾਰ ਕਾਰਡ ਦਾ ਆਪਣਾ ਆਧਾਰ ਹੀ ਨਹੀਂ ਹੈ, ਕਿਉਂਕਿ ਕਿਤੇ ਇਹ ਕਾਗਜ਼ ਤੇ ਛਪਿਆ ਹੈ, ਕਿਤੇ ਪੀ.ਵੀ.ਸੀ ਦੇ ਕਾਰਡ ਤੇ ਹੈ? ਕਿਤੇ ਇਸ ਦੀ ਫੋਟੋ ਧੁੰਦਲੀ ਹੈ, ਕਿਤੇ ਇਸ ਉੱਤੇ ਗਲਤੀਆਂ ਦੀ ਭਰਮਾਰ ਹੈ, ਕਿਤੇ ਇਸਦਾ ਕਿਊਆਰ-ਕੋਡ ਕੰਮ ਨਹੀਂ ਕਰਦਾ? ਕਿਤੇ ਕਿਊਆਰ-ਕੋਡ ਸਿਰਫ ਅਗਲੇ ਪਾਸੇ ਹੈ ਅਤੇ ਕਿਤੇ ਇਹ ਸਿਰਫ ਪਿਛਲੇ ਪਾਸੇ ਹੈ, ਕਿਤੇ ਇਹ ਦੋਵੇਂ ਪਾਸੇ ਛਪਿਆ ਹੈ ਅਤੇ ਕਿਤੇ ਦੋਨੋਂ ਪਾਸੇ ਹੀ ਨਹੀਂ ਛੱਪਿਆ, ਕਿਤੇ ਇਹ ਕਾਰਡ ਸਿਰਫ ਅੰਗ੍ਰੇਜੀ ਭਾਸ਼ਾ ਵਿੱਚ ਹੈ, ਕਿਤੇ ਇਹ ਸਿਰਫ ਪੰਜਾਬੀ ਭਾਸ਼ਾ ਵਿੱਚ ਹੈ, ਕਿਤੇ ਇਹ ਰਲਿਆ ਮਲਿਆ ਤਿੰਨੋਂ ਭਾਸ਼ਾਵਾਂ ਵਿੱਚ ਹੈ। ਸੋ ਕੁੱਲ ਮਿਲਾ ਕੇ ਆਧਾਰ ਕਾਰਡ ਦਾ ਆਧਾਰ ਕਾਇਮ ਕਰਨ ਦੀ ਲੋੜ ਹੈ ਤਾਂ ਕਿ ਇਸ ਨੂੰ ਜਿਸ ਮਕਸਦ ਦੀ ਪੂਰਤੀ ਲਈ ਬਣਾਇਆ ਗਿਆ ਹੈ, ਉਸਦੀ ਪੂਰਤੀ ਵੀ ਕਰੇ ਅਤੇ ਲੋਕਾਂ ਦੇ ਕਿਤੇ ਕੰਮ ਵੀ ਆ ਸਕੇ। ਨਹੀਂ ਤਾਂ ਆਧਾਰ ਕਾਰਡ ਦਾ ਆਧਾਰ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੀ ਰਹੇਗਾ।

Comments are closed.

COMING SOON .....


Scroll To Top
11