Tuesday , 23 October 2018
Breaking News
You are here: Home » Carrier » ਪ੍ਰੀ-ਨਰਸਰੀ ਜਮਾਤਾਂ ਲਈ ਸਮੱਗਰੀ ਦੀ ਘਾਟ ਬਿਨਾਂ ਕਿਤਾਬਾਂ ਹੀ ਲੱਗਣਗੀਆਂ ਜਮਾਤਾਂ

ਪ੍ਰੀ-ਨਰਸਰੀ ਜਮਾਤਾਂ ਲਈ ਸਮੱਗਰੀ ਦੀ ਘਾਟ ਬਿਨਾਂ ਕਿਤਾਬਾਂ ਹੀ ਲੱਗਣਗੀਆਂ ਜਮਾਤਾਂ

ਸਰਦੂਲਗੜ੍ਹ, 13 ਨਵੰਬਰ (ਬਲਜੀਤ ਪਾਲ)- ਪੰਜਾਬ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਬਾਲ ਦਿਵਸ ਤੋਂ ਸ਼ੁਰੂ ਹੋ ਰਹੀਆਂ ਪ੍ਰੀ-ਨਰਸਰੀ ਜਮਾਤਾਂ ਦੇ ਉਦਘਾਟਨ ਲਈ ਅਧਿਆਪਕਾਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਮੁੱਖ ਦਫ਼ਤਰ ਦੇ ਹੁਕਮਾਂ ਤਹਿਤ ਅਧਿਆਪਕਾਂ ਨੇ ਬਿਨ੍ਹਾਂ ਕਿਸੇ ਸਰਕਾਰੀ ਗ੍ਰਾਂਟ ਹੀ ਕਮਰੇ ਸਜਾ ਲਏ , ਪਹਿਲੇ ਦਿਨ ਸਕੂਲ ਪੁੱਜਣ ਵਾਲੇ ਵਿਦਿਆਰਥੀਆਂ ਦਾ ਦਿਲ ਲਗਾਉਣ ਲਈ ਖੇਡਾਂ ਦੇ ਸਮਾਨ ਦਾ ਵੀ ਇੱਧਰੋਂ ਓਧਰੋਂ ਜੁਗਾੜ ਕਰ ਲਿਆ ਹੈ। ਇੱਕ ਪਾਸੇ ਸਰਕਾਰੀ ਪ੍ਰਾਇਮਰੀ ਸਕੁਲਾਂ ਦੇ ਅਧਿਆਪਕਾਂ ਨੇ ਇਸ ਨਵੀਂ ਸਕੀਮ ਦਾ ਵੱਡੇ ਪੱਧਰ ’ਤੇ ਸਵਾਗਤ ਕੀਤਾ ਹੈ ਪਰ ਦੂਸਰੇ ਪਾਸੇ ਖਾਲੀ ਖੀਸੇ ਕੀਤੇ ਜਾ ਰਹੇ ਪ੍ਰਬੰਧਾਂ ਕਾਰਨ ਔਖਾਈ ਵੀ ਜ਼ਾਹਰ ਕੀਤੀ ਹੈ।ਕਈਆਂ ਦਾ ਕਹਿਣਾ ਹੈ ਪਹਿਲਾਂ ਅਸੀਂ ਮਿੱਡ ਡੇ ਮੀਲ ’ਤੇ ਕਈ ਕਈ ਹਜ਼ਾਰ ਖਰਚ ਕੀਤੇ ਹੋਏ ਹਨ ਅਤੇ ਹੁਣ ਆਹ ਇੱਕ ਹੋਰ ਖਰਚ ਗਲ ਆ ਪਿਆ । ਜ਼ਿਲ੍ਹੇ ਭਰ ਦੇ ਵੱਡੀ ਗਿਣਤੀ ਅਧਿਆਪਕਾਂ ਦਾ ਕਹਿਣਾ ਹੈ ਕਿ ਪ੍ਰੀ-ਨਰਸਰੀ ਜਮਾਤਾਂ ਸ਼ੁਰੂ ਕਰਨ ਤੋਂ ਪਹਿਲਾਂ ਹਰ ਸਕੂਲ ਨੂੰ ਯੋਗ ਫੰਡ ਦੇ ਕੇ ਪੂਰੀ ਤਿਆਰੀ ਕੀਤੀ ਜਾਂਦੀ ।ਉਨ੍ਹਾਂ ਕਿਹਾ ਇਹ ਨਾ ਹੋਵੇ ਕਿ ਸਕੂਲਾਂ ਵਿੱਚ ਕਿਤਾਬਾਂ, ਸੇਵਾਦਾਰਾਂ ਅਤੇ ਹੋਰ ਸਾਜੋ ਸਮਾਨ ਦੀ ਘਾਟ ਦੇਖ ਕੇ ਵਿਦਿਆਰਥੀਆਂ ਦੇ ਮਾਪੇ ਮੁੜ ਤੋਂ ਕੰਨੀ ਕਤਰਾ ਜਾਣ। ਚੰਡੀਗੜ੍ਹ ਮੁੱਖ ਦਫ਼ਤਰ ਤੋਂ ਵਾਰ ਵਾਰ ਹੁੰਦੇ ਕਰੜੇ ਹੁਕਮਾਂ ਤੋਂ ਡਰਦੇ ਕੁੱਝ ਅਧਿਆਪਕਾਂ ਨੇ ਨਾਮ ਨਾ ਛਪੇ ਜਾਣ ਦੀ ਸਰਤ ’ਤੇ ਗੱਲ ਕਰਦਿਆਂ ਦੱਸਿਆ ਕਿ ਸਾਡੇ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਵੱਡੀ ਘਾਟ ਹੈ ਅਤੇ ਦੂਸਰੇ ਪਾਸੇ ਨਿੱਕੇ ਬੱਚਿਆਂ ਦੀ ਇੱਕ ਹੋਰ ਨਵੀਂ ਜਮਾਤ ਕਿਵੇ ਪੜ੍ਹਾਈ ਜਾਵੇਗੀ ।ਨਿੱਕੇ ਬੱਚਿਆਂ ਨੂੰ ਪਖਾਨਾ ਕਰਵਾਉਣ,ਪਿਆਸ ਵਕਤ ਪਾਣੀ ਆਦਿ ਪਿਲਉਂਣ , ਘਰੋਂ ਲੈ ਕੇ ਆਉਣ ਅਤੇ ਘਰ ਤੱਕ ਛੱਡਣ ਲਈ ਕੋਈ ਵੀ ਪੱਕੀ ਸੇਵਦਾਰ ਨਹੀਂ ।ਕੁੱਝ ਕੁ ਸਕੂਲਾਂ ਵਿੱਚ ਸਫਾਈ ਸੇਵਕਾ ਵੀ ਪਾਰਟ ਟਾਈਮ ਹੀ ਹਨ ।ਰਾਏਪੁਰ ਸਕੂਲ ਦੇ ਇੱਕ ਅਧਿਆਪਕ ਨੇ ਦੱਸਿਆ ਵੱਡੇ ਪਿੰਡਾਂ ਵਿੱਚ ਛੋਟੇ ਬੱਚਿਆਂ ਨੂੰ ਕਈ ਕਈ ਕਿੱਲੋਮੀਟਰ ਦੂਰ ਤੁਰ ਕੇ ਸਕੂਲ ਆਉਣਾ ਵੱਡੀ ਮੁਸ਼ਕਿਲ ਵਾਲਾ ਕੰਮ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਭੂਸ਼ਨ ਸਿੰਘ ਬਾਜਵਾ ਨੇ ਦੱਸਿਆ ਜ਼ਿਲ੍ਹੇ ਦੇ 297 ਸਕੂਲਾਂ ਵਿੱਚ ਅੱਜ ਪ੍ਰੀ ਨਰਸਰੀ ਜਮਾਤਾਂ ਦੀ ਸ਼ੁਰੂਆਤ ਹੋਵੇਗੀ । ਸਾਰੇ ਪਬੰਧ ਮੁਕੰਮਲ ਹਨ । ਜਦੋਂ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿਤਾਬਾਂ ਜਲਦੀ ਹੀ ਆ ਜਾਣਗੀਆਂ। ਜਮਾਤਾਂ ਸਜਾਉਣ ਲਈ ਕੀਤੇ ਗਏ ਖਰਚੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਅਜੇ ਤੱਕ ਸਾਰੇ ਪ੍ਰਬੰਧ ਸਬੰਧਿਤ ਸਕੂਲਾਂ ਦੇ ਅਧਿਆਪਕਾਂ ਨੇ ਖੁਦ ਹੀ ਕੀਤੇ ਹਨ । ਸਾਰੀਆਂ ਕਮੀਆਂ ਹੌਲੀ ਹੌਲੀ ਦੂਰ ਕਰ ਲਈਆਂ ਜਾਣਗੀਆਂ।

Comments are closed.

COMING SOON .....


Scroll To Top
11