Friday , 23 August 2019
Breaking News
You are here: Home » Editororial Page » ਪ੍ਰਿਯੰਕਾ ਗਾਂਧੀ ਦਾ ਦਾਖਲਾ: ਇੰਦਰਾ ਇਜ਼ ਬੈਕ

ਪ੍ਰਿਯੰਕਾ ਗਾਂਧੀ ਦਾ ਦਾਖਲਾ: ਇੰਦਰਾ ਇਜ਼ ਬੈਕ

ਜਿੰਨੀ ਸੋਹਣੀ, ਉਨੀ ਸੁਸ਼ੀਲ। ਹਸੂੰ-ਹਸੂੰ ਕਰਦੀ ਸੁਨੱਖੀ ਮੁਟਿਆਰ। ਆ ਗਈ ਵਾਪਸ ‘ਇੰਦਰਾ’ ਹੋ ਚੋਣਾਂ ਲਈ ਤਿਆਰ।
ਬੇਹੱਦ ਖ਼ੂਬਸੂਰਤ ਇਸ ਜੂਨੀਅਰ ਇੰਦਰਾ ਨੂੰ ‘ਬੂਹੇ ਆਈ ਜੰਨ, ਵਿੰਨੋ ਕੁੜੀ ਦੇ ਕੰਨ’ ਨਾਲ ਤੁਲਨਾਉਣ ਦੀ ਬਜਾਏ ਪ੍ਰਿਅੰਕਾ ਗਾਂਧੀ ਦਾ ਪ੍ਰਵੇਸ਼ ਭਾਜਪਾ ਦਾ ਕਿਲਾ ਨੇਸਤਨਾਬੂਦ ਕਰਨ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ ਜਿਸ ਤਹਿਤ ਉਹ ਇਕੱਲੇ ਉਤਰ ਪ੍ਰਦੇਸ਼ ਵਿਚ ਹੀ ਨਹੀਂ, ਪੂਰੇ ਮੁਲਕ ਦੇ ਕਾਂਗਰਸੀਆਂ ਵਿਚ ਨਵਾਂ ਜੋਸ਼ ਤੇ ਨਵੀਂ ਉਮੰਗ ਭਰ ਕੇ ਭਾਜਪਾ ਦੇ ਮਹਿਲਾ ਤੇ ਨੌਜਵਾਨ ਵੋਟ ਬੈਂਕ ਵਿਚ ਸੰਨ੍ਹ ਲਾ ਸਕਦੀ ਹੈ।
ਪ੍ਰਿਅੰਕਾ ਨੂੰ ਸਰਗਰਮ ਸਿਆਸਤ ਵਿਚ ਪੈਰ ਧਰਦਿਆਂ ਵੇਖਣ ਵਾਲੇ ਉਹਦੇ ਸ਼ੁਭਚਿੰਕਾਂ, ਸਨੇਹੀਆਂ ਦੇ ਇਹ ‘ਮਿੱਠੜੇ’ ਬੋਲ ‘ਇੰਦਰਾ ਇਜ਼ ਬੈਕ’ ਮਹਿਜ਼ ਇਤਫ਼ਾਕ ਨਹੀਂ, ਉਹ ਪ੍ਰਿਅੰਕਾ ਵਿਚ ਸਾਬਕਾ ਹਿੰਦੁਸਤਾਨੀ ਹੁਕਮਰਾਨ ਉਹਦੀ ਆਕਰਸ਼ਕ ਤਾਕਤਵਰ ਦਾਦੀ ਇੰਦਰਾ ਦਾ ਅਕਸ ਵੇਖਦੇ ਹਨ ਜਿਨ੍ਹਾਂ ਦੇ ਜੋਸ਼ੋ-ਖਰੋਸ਼ ਦਾ ਜਲੌਅ ਤਾਂ ਵੇਖੋ :
ਅਬ ਚਲੇਗੀ ਕਾਂਗਰਸ
ਕੀ ਆਂਧੀ (ਹਨੇਰੀ),
ਆ ਗਈ ਹੈ ਹਮਾਰੀ ਹਮਾਰੀ
ਪ੍ਰਿਅੰਕਾ ਗਾਂਧੀ।
ਦਰਅਸਲ ਪ੍ਰਿਅੰਕਾ ਨੂੰ ਆਪਣੀ ਦਾਦੀ ਇੰਦਰਾ ਗਾਂਧੀ ਵਾਂਗ ਸੂਤੀ ਸਾੜੀ ਪਹਿਨਣਾ ਪਸੰਦ ਹੈ। ਉਹਦਾ ਸਾੜੀ ਪਹਿਨਣ ਦਾ ਸਲੀਕਾ, ਅੰਦਾਜ਼-ਏ-ਬਿਆਂ ਤੇ ਚਿਹਰਾ-ਮੋਹਰਾ ਇੰਦਰਾ ਨਾਲ ਕਾਫ਼ੀ ਮਿਲਦਾ ਹੈ। ਕਈਆਂ ਨੂੰ ਹੇਅਰ ਸਟਾਈਲ ਦੀ ਵਜ੍ਹਾ ਨਾਲ ਪ੍ਰਿਅੰਕਾ ਆਪਣੀ ਦਾਦੀ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਜੋ ਕੋਈ ਵੀ ਸਖ਼ਤ ਫੈਸਲਾ ਲੈਣ ਤੋਂ ਪਿਛਾਂਹ ਨਹੀਂ ਸੀ ਹਟਦੀ। ਉਹ ਸਿੱਧੀ ਰੂ-ਬ-ਰੂ ਹੁੰਦੀ ਹੈ ਅਵਾਮ ਦੇ ਨਾਲ, ਤਕਰੀਰ ਦਾ ਅੰਦਾਜ਼ ਉਹੀ ਇੰਦਰਾ ਸਟਾਈਲ, ਵਰਕਰਾਂ ਨਾਲ ਗੁਫ਼ਤਗੂ-ਮੁਲਾਕਾਤ ਦੌਰਾਨ ਸਖ਼ਤ ਸ਼ਬਦ ਬੋਲਣ ਦੀ ਬਜਾਏ ਸਦਾ ਮੁਸਕਰਾਉਂਦੇ ਰਹਿਣਾ, ਇਹ ਉਹਦਾ ਸੁਭਾਅ ਹੀ ਨਹੀ, ਦਾਦੀ ਵਾਂਗ ਆਪਣੇ ਸਮਰਥਕਾਂ ਦੀ ਸਮਰਥਾ ਵਰਤਣਾ ਜਾਣਦੀ ਹੈ।
ਹਾਲਾਂਕਿ ਇਸ ਜੂਨੀਅਰ ਇੰਦਰਾ ਦਾ ਦਾਅਵਾ ਹੈ ਕਿ ਉਹ ਜ਼ਿਆਦਾ ਆਪਣੇ ਪਿਤਾ ਰਾਜੀਵ ਗਾਂਧੀ ’ਤੇ ਗਈ ਹੈ। ਪਰਦੇ ਪਿਛੇ ਰਹਿ ਕੇ ਕਾਂਗਰਸ ਦੀ ਕੁਸ਼ਲ ਮੈਨੇਜਰ ਤੇ ਮਜਬੂਤ ਸਟਾਰ ਚੋਣ ਪ੍ਰਚਾਰਕ ਰਹੀ ਪ੍ਰਿਅੰਕਾ ਸੰਨ 1999 ਤੋਂ ਹੀ ਆਪਣੀ ਮਾਂ ਦੀ ਚੋਣ ਮੁਹਿੰਮ ਵਿਚ ਧੜੱਲੇ ਨਾਲ ਹਿੱਸਾ ਲੈਂਦੀ ਆ ਰਹੀ ਹੈ ਤੇ ਤਦ ਤੋਂ ਹੀ ਉਹਦੀ ਤੁਲਨਾ ਉਹਦੀ ਦਾਦੀ ਨਾਲ ਹੋਣ ਲੱਗੀ।
ਤਦ ਰਾਇਬਰੇਲੀ ਤੋਂ ਪਰਿਵਾਰਕ ਰਿਸ਼ਤੇਦਾਰ ਅਰੁਨ ਨਹਿਰੂ ਖਿਲਾਫ ਆਪਣੇ ਪਰਿਵਾਰਕ ਮਿੱਤਰ ਕੈਪਟਨ ਸਤੀਸ਼ ਸ਼ਰਮਾ ਦੀ ਜਿੱਤ ਵਿਚ ਪ੍ਰਿਅੰਕਾ ਦੀ ਜਜ਼ਬਾਤੀ ਤਕਰੀਰ ਬਹੁਤ ਅਹਿਮ ਰਹੀ :
‘ਮੇਰੇ ਪਿਤਾ ਦੀ ਪਿੱਠ ਵਿਚ
ਜਿਸ ਨੇ ਛੁਰਾ ਮਾਰਿਐ,
ਉਸ ਨੂੰ ਆਪ ਕਦੇ
ਮੁਆਫ਼ ਨਾ ਕਰਿਉ।’
ਇਹ ਕੋਈ ਹੈਰਾਨੀਜਨਕ ਨਹੀਂ ਹੋਵੇਗਾ ਅਗਰ ਜਿਵੇਂ ਅਕਤੂਬਰ 1999 ਦੀਆਂ ਲੋਕ ਸਭਾ ਚੋਣਾਂ ਵਿਚ ਕੈਪਟਨ ਸਤੀਸ਼ ਸ਼ਰਮਾ ਦੇ ਪੱਖ ’ਚ ਮਹਿਜ ਦੋ ਦਿਨਾਂ ਪ੍ਰਚਾਰ ਕਰਦੇ ਹੋਏ ਪ੍ਰਿਅੰਕਾ ਨੇ ਕਾਂਗਰਸ ਨੂੰ ਅਲਵਿਦਾ ਕਹਿ ਜਨਤਾ ਦਲ ਦੀ ਸ਼ਰਨ ’ਚ ਗਏ ਅਰੁਣ ਨਹਿਰੂ ਖਿਲਾਫ਼ ਮਾਹੌਲ ਬਣਾ ਦਿੱਤਾ ਸੀ, ਇਹ ਇਤਿਹਾਸ ਐਤਵੀਂ ਵਾਰਾਣਸੀ ਵਿਚ ਵੀ ਦਿੱਸੇ।
ਅਹਿਮ ਇਹ ਕਿ ਰਾਹੁਲ ਨੇ ਆਪਣੀ ਭੈਣ ਪ੍ਰਿਅੰਕਾ ਨੂੰ ਕਾਂਗਰਸ ’ਚ ਵੱਕਾਰੀ ਜਗ੍ਹਾ ਦੇ ਕੇ ਪਲੇਠੀ ਕਮਾਨ ਵੀ ਉਤਰ ਪ੍ਰਦੇਸ਼ ਦੀ ਦਿੱਤੀ ਹੈ ਜੋ ਰਾਜ ਦੇ ਮੁੱਖ ਮੰਤਰੀ ਯੋਗੀ ਅਦਿਤਯਨਾਥ ਦਾ ਹੀ ਗੜ੍ਹ ਨਹੀਂ, ਮੁਲਕ ਦੇ ਹੁਕਮਰਾਨ ਨਰੇਂਦਰ ਮੋਦੀ ਦਾ ਚਹੇਤਾ ਹਲਕਾ ਵਾਰਾਣਸੀ ਵੀ ਇਸੇ ਖੇਤਰ ਵਿਚ ਹੈ।
ਉਤਰ ਪ੍ਰਦੇਸ਼ ਅਹਿਮ ਰਾਜ ਹੈ ਦਿੱਲੀ ਦੇ ਤਖ਼ਤ ’ਤੇ ਬੈਠਣ-ਬਿਠਾਉਣ ਵਾਲਿਆਂ ਲਈ, ਜਿਸ ਦਾ ਰਾਹ ਇਸ ਰਾਜ ਦੇ ਵਿਚੋਂ ਦੀ ਹੋ ਕੇ ਜਾਂਦਾ ਹੈ ਪਾਰਲੀਮੈਂਟ ’ਚ ਪਹੁੰਚਣ ਲਈ। ਚੂੰਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਚੋਣ ਦੰਗਲ ਦੌਰਾਨ ਆਪਣੇ ਜੌਹਰ ਵਿਖਾਉਣ ਦਾ ਸਮਾਂ ਇਥੇ ਘੱਟ ਮਿਲ ਸਕੇਗਾ, ਇਸ ਲਈ ਪ੍ਰਿਅੰਕਾ ਨੂੰ ਉਥੇ ਮੂਹਰੇ ਕਰ ਕੇ ਕਾਂਗਰਸ ਨੇ ਆਪਣੀ ਰਾਜਨੀਤੀ ਜ਼ਾਹਿਰ ਕਰ ਦਿੱਤੀ ਹੈ।
ਕਈ ਵਰ੍ਹਿਆਂ ਦੀ ¦ਮੀ ਉਡੀਕ ਤੇ ਘੈਂਸ-ਘੈਂਸ ਬਾਅਦ ਸਿਆਸੀ ਪਿੜ ਵਿਚ ਨਿੱਤਰੀ ਪ੍ਰਿਅੰਕਾ 1980ਵਿਆਂ ਦੇ ਮੱਧ ਤੱਕ ਕਾਂਗਰਸ ਦਾ ਗੜ੍ਹ ਰਹੇ ਉਤਰ ਪ੍ਰਦੇਸ਼ ਤੋਂ ਨਾਦ ਵਜਾਉਣ ਜਾ ਰਹੀ ਹੈ।
ਲੋਕ ਸਭਾ ਦੀਆਂ 543 ਸੀਟਾਂ ਵਾਲੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰਕ ਦੇਸ਼ ਹਿੰਦੁਸਤਾਨ ਦੇ ਲੋਕ ਸਭਾ ਦੀਆਂ 80 ਸੀਟਾਂ ਵਾਲੇ ਇਸ ਰਾਜ ਦੀ ਮੁਲਕ ਦੇ ਹੁਕਮਰਾਨ ਬਣਾਉਣ ਵਿਚ ਝੰਡੀ ਰਹੀ ਹੈ।
ਪੰਜ ਸਾਲ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਉਤਰ ਪ੍ਰਦੇਸ਼ ਦੀਆਂ 73 ਸੀਟਾਂ ’ਤੇ ਫਤਹਿ ਪਾ ਕੇ ਭਾਜਪਾ ਨੇ ਦਿੱਲੀ ਵਿਚ ਹਕੂਮਤ ਬਣਾਉਣ ਦਾ ਰਾਹ ਪੱਧਰਾ ਕਰ ਲਿਆ ਸੀ ਤੇ ਹੁਣ ਪ੍ਰਿਅੰਕਾ ਦੇ ਚੋਣ ਦੰਗਲ ਵਿਚ ਕੁੱਦਣ ਨਾਲ ਦਿਲਚਸਪ, ਦਿਲਕਸ਼ ਹੋ ਗਿਆ ਹੈ ਇਸ ਰਾਜ ਤੋਂ ਹੋ ਕੇ ਜਾਂਦਾ ‘ਦਿੱਲੀ’ ਤੱਕ ਦਾ ਸਫ਼ਰ।
ਹਿੰਦੁਸਤਾਨ ਦੇ ਹੁਕਮਰਾਨ ਨਰੇਂਦਰ ਮੋਦੀ ਨਾਲ ਪੂਰਾ ਖਹਿ ਕੇ ਆਹਢਾ ਲੈਂਦੇ ਆ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਹੁਣ ‘ਪੱਪੂ’ ਨਹੀਂ ਰਹੇ ਜੋ ਕਈ ਬਿਖੜੇ ਪੈਂਡੇ ¦ਘ ਕਈ ਔਖੇ ਇਮਤਿਹਾਨ ਪਾਸ ਕਰਦਿਆਂ ਹੁਣ ਪ੍ਰਪੱਕ ਲੀਡਰ ਬਣ ਚੁੱਕੇ ਹਨ। ਪ੍ਰਿਅੰਕਾ ਨੂੰ ਜਨਰਲ ਸਕੱਤਰ ਬਣਾਉਣ ਦਾ ਫੈਸਲਾ ਇੰਨੀ ਚੌਕਸੀ ਨਾਲ ਲਿਆ ਹੈ ਕਿ ਰਾਹੁਲ ਨੇ ਆਪਣੇ ਖਾਸ ਨੇੜਲੇ ਲੋਕਾਂ ਨੂੰ ਵੀ ਭਿਣਕ ਤੱਕ ਨਹੀਂ ਲੱਗਣ ਦਿੱਤੀ।
ਲੋਕ ਸਭਾ ਚੋਣਾਂ-2019 ਤੋਂ ਮਹਿਜ ਤਿੰਨ ਮਹੀਨੇ ਪਹਿਲਾਂ ਦੇ ਮੱਦੇਨਜ਼ਰ ਬਰਾਸਤਾ ਉਤਰ ਪ੍ਰਦੇਸ਼ ਦਿੱਲੀ ਪਹੁੰਚਣ ਵਾਲੇ ਮੋਦੀ ਦੇ ਵਿਜੇਤਾ ਅਸ਼ਵਮੇਧ ਘੋੜੇ ਵਾਲੇ ਰਥ ਦੀ ਰਾਹ ਡੱਕਣ ਲਈ ਰਾਹੁਲ ਨੇ ਐਤਕੀਂ ਆਪਣਾ ਮਾਸਟਰ ਸਟ੍ਰੋਕ ਪ੍ਰਿਅੰਕਾ ਕਾਰਡ ਖੇਡਿਆ ਹੈ ਜਿਸ ਦੀ ਭੂਮਿਕਾ ਨੂੰ ਹੀ ਅਮਲੀਜਾਮਾ ਪਹਿਨਾਇਆ ਗਿਆ ਹੈ ਜੋ ਉਹ ਪਰਦੇ ਪਿਛੇ ਰਹਿ ਕੇ ਨਿਭਾਉਂਦੀ ਆਈ ਹੈ। ਬਕੌਲ ਰਾਹੁਲ ਇਨ੍ਹਾਂ ਚੋਣਾਂ ਵਿਚ ਕਾਂਗਰਸ ਬੈਕ ਫੁੱਟ ’ਤੇ ਨਹੀਂ, ਸਗੋਂ ਫਰੰਟ ਫੁੱਟ ’ਤੇ ਖੇਡੇਗੀ।
ਆਕਰਸ਼ਕ, ਗਰਮਜੋਸ਼ੀ, ਮਧੁਰ ਸਲੀਕੇ ਨਾਲ ਲਬਰੇਜ਼ ਪ੍ਰਿਅੰਕਾ ’ਤੇ ਇੰਦਰਾ ਦੀ ਛਾਪ ਦੇ ਅਸਰ ਦਾ ਹੀ ਕਮਾਲ ਹੈ ਕਿ ਸ਼ਿਵ ਸੈਨਾ ਨੇ ਪ੍ਰਿਅੰਕਾ ਗਾਂਧੀ ਦੇ ਸਰਗਰਮ ਸਿਆਸਤ ਵਿਚ ਪੈਰ ਧਰਨ ’ਤੇ ਕਬੂਲਿਆ ਕਿ ਜੇ ਉਹ ਆਪਣੇ ‘ਸਿਆਸੀ ਪੱਤੇ’ ਢੰਗ ਨਾਲ ਚੱਲੇ ਤਾਂ ‘ਰਾਣੀ’ ਬਣ ਕੇ ਉਭਰ ਸਕਦੀ ਹੈ। ਉਹਦੇ ਆਉਣ ਨਾਲ ਨਾ ਕੇਵਲ ਉਚ ਜਾਤ ਵੋਟਰਾਂ ਦਾ ਪਾਰਟੀ ਪ੍ਰਤੀ ਆਕਰਸ਼ਨ ਹੋਰ ਵਧੇਗਾ ਸਗੋਂ ਕਾਂਗਰਸ ਦਾ ਉਹ ਪਰੰਪਰਾਗਤ ਵੋਟ ਬੈਂਕ ਵਾਪਸ ਆ ਸਕਦਾ ਹੈ ਜੋ ਪਾਰਟੀ ਤੋਂ ਦੂਰ ਚਲਾ ਗਿਆ ਸੀ।
ਭਾਜਪਾ ਦਾ ਇਹ ਸ਼ੋਸ਼ਾ ਕਿ ਪ੍ਰਿਅੰਕਾ ਨੂੰ ਉਤਾਰਨਾ ਕਾਂਗਰਸ ਪ੍ਰਧਾਨ ਰਾਹੁਲ ਦੀ ‘ਨਾਕਾਮੀ’ ਦਾ ਸੰਕੇਤ ਹੈ, ਵਿਚ ਦਮ ਨਹੀਂ।
ਪ੍ਰਿਅੰਕਾ ਦੀ ਸਿਆਸੀ ‘ਖੁਸ਼ਆਮਦੀਦ’ ’ਤੇ ਤਾਂ ਮੁਲਕ ਦੇ ਹੁਕਮਰਾਨ ਤੱਕ ਨੂੰ ਵੀ ਬੋਲਣਾ ਪਿਆ ਹੈ। ਮਜ਼ੇਦਾਰ ਇਹ ਕਿ ਇਸ ਤੋਂ ਪਹਿਲਾਂ ਏਸੇ ਹੁਕਮਰਾਨ ਬਤੌਰ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੇ ਇਸ ਜੁਮਲੇ ਕਿ ਕਾਂਗਰਸ ਹੁਣ ਬੁੱਢਿਆਂ ਦੀ ਪਾਰਟੀ ਹੋ ਗਈ ਹੈ, ਦੇ ਜਵਾਬ ਵਿਚ ਪ੍ਰਿਅੰਕਾ ਦਾ ਵਿਅੰਗ ਕਮਾਲ ਸੀ-ਕੀ ਤੁਹਾਨੂੰ ਮੈਂ ਬੁੱਢੀ ਲਗਦੀ ਹਾਂ?
ਇਉਂ ਭਾਜਪਾ ਅੰਦਰ ਹੁਣ ਘੁਸਰ-ਮੁਸਰ ਸ਼ੁਰੂ ਹੋ ਚੁੱਕੀ ਹੈ ਕਿ ਪ੍ਰਿਅੰਕਾ ਦੇ ਅਸਰ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ, ਜਿਸ ਦਾ ਪ੍ਰਭਾਵ ਰਾਹੁਲ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਉਹਦੀ ਲੋਕਪ੍ਰਿਅਤਾ ਮਹਿਜ ਉਤਰ ਪ੍ਰਦੇਸ਼ ਹੀ ਨਹੀਂ, ਮੁਲਕ ਦੇ ਕੋਨੇ-ਕੋਨੇ ਵਿਚ ਦਲਗਤ ਸੀਮਾ ਤੋਂ ਉਤਾਂਹ ਹੈ ਜਿਸ ਨੂੰ ਪਸੰਦ ਕਰਨ ਵਾਲਿਆਂ ’ਚ ਹਰ ਵਰਗ ਦੇ ਲੋਕ ਹਨ।
ਨਵਾਂ ਬੇਦਾਗ ਚਿਹਰਾ, ਮੁਟਿਆਰ ਲੁਕ, ਤੇਜ਼-ਤਰਾਰ ਪ੍ਰਿਅੰਕਾ ਦੀ ਇਮੇਜ ਪ੍ਰਪੱਕ ਮਹਿਲਾ ਦੀ ਰਹੀ ਹੈ ਤੇ ਦੇਸ਼ ਦਾ ਇਕ ਵੱਡਾ ਵਰਗ ਉਹਦੇ ’ਚ ਇੰਦਰਾ ਦਾ ਅਕਸ ਵੇਖਦਾ ਹੈ ਮੁਲਕ ਦੀ ਸ਼ਕਤੀਸ਼ਾਲੀ ਹੁਕਮਰਾਨ ਬਣਨ ਲਈ। ਆਮ ਲੋਕਾਂ ਨਾਲ ਡਾਇਲਾਗ ਕਾਇਮ ਕਰਨ ਤੇ ਉਨ੍ਹਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਮਾਮਲੇ ਵਿਚ ਪ੍ਰਿਅੰਕਾ ਦੀ ਤੁਲਨਾ ਮੁਲਕ ਦੇ ਮੌਜੂਦਾ ਹੁਕਮਰਾਨ ਨਰੇਂਦਰ ਮੋਦੀ ਨਾਲ ਕੀਤੀ ਜਾ ਸਕਦੀ ਹੈ। ਹੋ ਸਕਦੈ ਕਿ ਕਾਂਗਰਸ ਉਹਨੂੰ ਨਰੇਂਦਰ ਮੋਦੀ ਦੀ ਟੱਕਰ ਵਿਚ ਸਟਾਰ ਪ੍ਰਚਾਰਕ ਦੇ ਰੂਪ ਵਿਚ ਪੇਸ਼ ਕਰੇ।
ਪ੍ਰਿਅੰਕਾ ਦੇ ਸਿਆਸਤ ਵਿਚ ਆਉਣ ਤੋਂ ਬੌਖਲਾਈ ਭਾਜਪਾ ਕਾਂਗਰਸ ’ਤੇ ਪਰਿਵਾਰਵਾਦ ਨੂੰ ਲੈ ਕੇ ਹਮਲਾਵਰ ਹੋਣ ਲਈ ਏਸੇ ਹਥਿਆਰ ‘ਅਗਨਬਾਣ’ ਦਾ ਸਹਾਰਾ ਲੈ ਸਕਦੀ ਹੈ ਜਿਸ ਨੂੰ ਨਸ਼ਟ ਕਰਨ ਲਈ ਰਾਹੁਲ ਨੇ ਪ੍ਰਿਅੰਕਾ ਨੂੰ ਚੋਣ ਯੁੱਧ ਵਿਚ ਉਤਾਰ ਕੇ ‘ਬ੍ਰਹਮ ਅਸਤਰ’ ਦਾਗ ਦਿੱਤਾ ਹੈ।
ਵੇਖਣਾ ਇਹ ਹੋਵੇਗਾ ਕਿ ਮੋਦੀ ਤੂਫ਼ਾਨ ’ਚ ਘਿਰੇ ਕਾਂਗਰਸੀ ਬੇੜੇ ਲਈ ਉਹਦੀ ਇਹ ਨਵੀਂ ਮਲਾਹ ਲੋਕ ਸਭਾ ਦੇ ਠਾਠਾਂ ਮਾਰਦੇ ਚੋਣ ਹੜ੍ਹ ’ਚੋਂ ਸੁਰੱਖਿਅਤ ਬਾਹਰ ਲਿਆ ਕੇ ਦਿੱਲੀ ਤਖ਼ਤ ’ਤੇ ਕਾਬਜ਼ ਹੋਣ ’ਚ ਕਿੰਨੀ ਕੁ ਸਫ਼ਲ ਹੁੰਦੀ ਹੈ।
…ਤੇ ਫਿਰ ਉਹ ਵੀ ਉਦੋਂ ਜਦੋਂ ਪਾਣੀਆਂ ਦੀ ਡੂੰਘਾਈ ਬਨਾਰਸ (ਵਾਰਾਣਸੀ) ਦੇ ਕੁੰਭ ’ਚ ਨਾਪ ਚੁੱਕੇ ਨਰੇਂਦਰ ਮੋਦੀ ਏਸੇ ਤਖ਼ਤ ’ਤੇ ਮੁੜ ਬਰਕਰਾਰ ਰਹਿਣ ਲਈ ਇਸ ਬੇੜੀ ਨੂੰ ਕਿਨਾਰੇ ਨਾ ਲੱਗਣ ਦੇਣ ਲਈ ਆਪਣੀ ਪੂਰੀ ਵਾਹ ਲਾ ਰਹੇ ਹੋਣ!

Comments are closed.

COMING SOON .....


Scroll To Top
11