Friday , 17 January 2020
Breaking News
You are here: Home » EDITORIALS » ਪ੍ਰਦੂਸ਼ਣ ਨਾਲ ਜਿਉਣਾ ਮੁਹਾਲ

ਪ੍ਰਦੂਸ਼ਣ ਨਾਲ ਜਿਉਣਾ ਮੁਹਾਲ

ਦੇਸ਼ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਦਿੱਲੀ ਵਿੱਚ ਹਵਾ ਅਤੇ ਪਾਣੀ ਦੀ ਗੁਣਵੱਤਾ ਬਹੁਤ ਹੀ ਖਰਾਬ ਹੋਣ ਕਾਰਨ ਇਹ ਮਸਲਾ ਹੁਣ ਕੇਦਰੀ ਚਰਚਾ ਵਿੱਚ ਆ ਗਿਆ ਹੈ। ਪੰਜਾਬ, ਹਰਿਆਣ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਵੀ ਸਥਿਤੀ ਲਗਭਗ ਇਹੋ ਜਿਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਹੀ ਖਰਾਬ ਦਰਜੇ ‘ਤੇ ਪਹੁੰਚ ਚੁੱਕੀ ਹੈ। ਤਾਜ਼ਾ ਅੰਕੜਿਆਂ ਮੁਤਾਬਿਕ ਇਨ੍ਹਾਂ ਦਿਨਾਂ ‘ਚ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਪਟਿਆਲਾ ‘ਚ ਹਵਾ ਗੁਣਵੱਤਾ ਕ੍ਰਮਵਾਰ 251, 103, 158, 158 ਅਤੇ 117 ‘ਤੇ ਪਹੁੰਚ ਹੋਈ ਹੈ ਜਦੋਂ ਕਿ ਚੰਡੀਗੜ੍ਹ ‘ਚ ਹਵਾ ਗੁਣਵੱਤਾ ਇੰਡੈਕਸ 144 ਨੂੰ ਛੂਹ ਚੁੱਕਾ ਹੈ। ਬੇਸ਼ਕ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦਾ ਦੌਰ ਗੁਜ਼ਰ ਗਿਆ ਹੈ ਪ੍ਰੰਤੂ ਹਵਾ ਦਾ ਪ੍ਰਦੂਸ਼ਣ ਹਾਲੇ ਵੀ ਜਿਉਂ ਦਾ ਤਿਉਂ ਕਾਇਮ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਹਵਾ ਦੀ ਗੁਣਵੱਤਾ ਖਰਾਬ ਕਰਨ ਵਿੱਚ ਹੋਰ ਵੀ ਕਈ ਕਾਰਕ ਕੰਮ ਕਰ ਰਹੇ ਹਨ। ਲੁਧਿਆਣਾ ਦੇ ਰਿਮੋਟ ਸੈਂਸਿੰਗ ਸੈਂਟਰ ਮੁਤਾਬਿਕ 23 ਸਤੰਬਰ ਤੋਂ 15 ਨਵੰਬਰ ਤੱਕ ਇਕੱਲ ਪੰਜਾਬ ‘ਚ ਪਰਾਲੀ ਦੀਆਂ ਅੱਗ ਲਗਾਉਣ ਦੀਆਂ 48780 ਘਟਨਾਵਾਂ ਸਾਹਮਣੇ ਆਈਆਂ ਹਨ ਜੋ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 46545 ਸਨ। ਹਰਿਆਣਾ ਦੇ ਗੁੜਗਾਉਂ ਤੇ ਫ਼ਰੀਦਾਬਾਦ ‘ਚ ਹਵਾ ਗੁਣਵੱਤਾ ਪੱਧਰ 372 ਅਤੇ 269 ਪਹੁੰਚ ਗਿਆ ਸੀ। ਹਵਾ ਪ੍ਰਦੂਸ਼ਣ ਪੱਖੋਂ ਇਹ ਦੋਵੇਂ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹਨ। ਰਾਜਧਾਨੀ ਦਿੱਲੀ ਦੀ ਤਾਂ ਸਥਿਤੀ ਸਭ ਤੋਂ ਵੱਧ ਮਾੜੀ ਹੈ। ਲੰਘ ਸਨਿਚਰਵਾਰ ਦਿੱਲੀ ਵਿਚ ਸਵੇਰੇ 8.40 ਵਜੇ ਹਵਾ ਗੁਣਵੱਤਾ ਅੰਕੜਾ 412 ਸੀ ਜੋ ਕਿ ਤੇਜ਼ ਹਵਾਵਾਂ ਚੱਲਣ ਕਾਰਨ ਸ਼ਾਮ 4 ਵਜੇ ਤੱਕ 357 ‘ਤੇ ਆ ਗਿਆ ਜਦੋਂ ਕਿ ਫ਼ਰੀਦਾਬਾਦ ‘ਚ ਇਹ ਅੰਕੜਾ 358, ਗਾਜ਼ੀਆਬਾਦ ‘ਚ 347, ਗ੍ਰੇਟਰ ਨੋਇਡਾ ‘ਚ 309 ਤੇ ਨੋਇਡਾ ‘ਚ 338 ਰਿਹਾ ਜੋ ਕਿ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ। ਨਵੀਆਂ ਰਿਪੋਰਟਾਂ ਮੁਤਾਬਿਕ ਹਵਾ ਦੇ ਨਾਲ-ਨਾਲ ਦਿੱਲੀ ਦਾ ਪਾਣੀ ਵੀ ਮਿਥੇ ਮਿਆਰ ਤੋਂ ਕਾਫੀ ਹੇਠਲੇ ਪੱਧਰ ‘ਤੇ ਹੈ। ਕੇਂਦਰ ਸਰਕਾਰ ਵੱਲੋਂ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੇ ਆਧਾਰ ‘ਤੇ ਜਾਰੀ 21 ਰਾਜਧਾਨੀ ਸ਼ਹਿਰਾਂ ਦੀ ਸੂਚੀ ਮੁਤਾਬਿਕ ਕੌਮੀ ਰਾਜਧਾਨੀ ਦਿੱਲੀ ‘ਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਸਭ ਤੋਂ ਹੇਠਾਂ ਹੈ। ਦਿੱਲੀ ਵਿੱਚੋਂ ਲਏ ਗਏ ਪੀਣ ਵਾਲੇ ਪਾਣੀ ਦੇ ਸਾਰੇ ਨਮੂਨੇ ਫੇਲ੍ਹ ਸਾਬਿਤ ਹੋਏ ਹਨ। ਉਂਝ ਇਹ ਤਸੱਲੀ ਵਾਲੀ ਗੱਲ ਹੈ ਕਿ ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ਅਤੇ ਚੰਡੀਗੜ੍ਹ ਪੀਣ ਵਾਲੇ ਪਾਣੀ ਦੀ ਗੁਣਵੱਤਾ ਕੁਝ ਹੱਦ ਤੱਕ ਸਹੀ ਹੈ। ਹਵਾ ਤੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਦੀ ਕਾਰਗੁਜ਼ਾਰੀ ਬੇਹੱਦ ਢਿੱਲੀ ਹੈ। ਇਸ ਕਾਰਨ ਲੋਕਾਂ ਨੂੰ ਬਹੁਤ ਮਾੜੇ ਹਾਲਾਤਾਂ ਵਿੱਚ ਜ਼ਿੰਦਗੀ ਗੁਜ਼ਾਰਨੀ ਪੈ ਰਹੀ ਹੈ। ਜੇਕਰ ਪ੍ਰਦੂਸ਼ਣ ਦੀ ਸਮੱਸਿਆ ਵੱਲ ਯੋਗ ਧਿਆਨ ਨਾ ਦਿੱਤਾ ਗਿਆ ਤਾਂ ਇਹ ਵੱਡੇ-ਵੱਡੇ ਸ਼ਹਿਰ ਇਕ ਦਿਨ ਵਿਰਾਨ ਹੋ ਜਾਣਗੇ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੌਮੀ ਪੱਧਰ ‘ਤੇ ਪ੍ਰਦੂਸ਼ਣ ਦੇ ਖਾਤਮੇ ਲਈ ਤੁਰੰਤ ਪ੍ਰਭਾਵਸ਼ਾਲੀ ਕਾਰਵਾਈ ਆਰੰਭ ਕਰੇ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11