Sunday , 21 April 2019
Breaking News
You are here: Home » Religion » ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਕੰਮਾਂ ’ਚ ਦਖਲ ਨਹੀਂ ਦਿੱਤਾ : ਮੱਕੜ

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਕੰਮਾਂ ’ਚ ਦਖਲ ਨਹੀਂ ਦਿੱਤਾ : ਮੱਕੜ

ਸ੍ਰੀ ਆਨੰਦਪੁਰ ਸਾਹਿਬ, 15 ਅਪਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਮੇਰੇ ਕਾਰਜਕਾਲ ਦੌਰਾਨ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਵਿੱਦਿਅਕ ਅਦਾਰਿਆਂ ਦੇ ਕਿਸੇ ਵੀ ਮਾਮਲੇ ‘ਚ ਦਖਲਅੰਦਾਜ਼ੀ ਨਹੀਂ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੀਤਾ। ਜਥੇਦਾਰ ਮੱਕੜ ਨੇ ਬਾਦਲਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ‘ਚ ਕੀਤੀ ਜਾਂਦੀ ਦਖਲਅੰਦਾਜ਼ੀ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਸਰਾਸਰ ਗ਼ਲਤ ਹੈ ਕਿਉਂਕਿ ਮੇਰੇ ਕਾਰਜਕਾਲ ਦੌਰਾਨ ਨਾ ਹੀ ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਕਿਸੇ ਵੀ ਮੁਲਾਜ਼ਮਾਂ ਦੀ ਭਰਤੀ ਸਬੰਧੀ ਜਾਂ ਕਿਸੇ ਦੇ ਖਿਲਾਫ ਕੋਈ ਸਿਫਾਰਿਸ਼ ਨਹੀਂ ਕੀਤੀ।ਇਹੀ ਕਾਰਨ ਸੀ ਕਿ ਮੇਰੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਮੂੰਹ ਵਿੱਦਿਅਕ ਅਦਾਰਿਆਂ ਨੇ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੇਰੀ ਇਹ ਸਦਾ ਹੀ ਕੌਸ਼ਿਸ਼ ਰਹੀ ਹੈ ਕਿ ਕਿਸੇ ਵੀ ਅਦਾਰੇ ‘ਚ ਭਰਤੀ ਹੋਣ ਵਾਲੇ ਮੁਲਾਜ਼ਮ ਪੂਰੇ ਮਾਪਦੰਡਾਂ ਅਨੁਸਾਰ ਭਰਤੀ ਹੋਣ ਤਾਂ ਜੋ ਸੰਸਥਾ ਦੀ ਬਿਹਤਰੀ ਹੋ ਸਕੇ। ਬਾਦਲਾਂ ਦੇ ਸੋਹਲੇ ਗਾ ਰਹੇ ਮੱਕੜ ਨੂੰ ਜਦੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਵਿਵਾਦਿਤ ਫਿਲਮ ਨਾਨਕਸ਼ਾਹ ਫਕੀਰ ਨੂੰ ਦਿੱਤੀ ਗਈ ਮਨਜ਼ੂਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਰਾਸਰ ਗ਼ਲਤ ਹੈ। ਕਿਉਂਕਿ ਨਾ ਹੀ ਮੈਂ ਕਦੇ ਇਸ ਫਿਲਮ ਨੂੰ ਮਨਜ਼ੂਰੀ ਦਿੱਤੀ ਹੈ ਤੇ ਨਾ ਹੀ ਮੈਂ ਕਦੇ ਕਿਸੇ ਨੂੰ ਅਜਿਹਾ ਕਰਨ ਦੇ ਲਈ ਕੋਈ ਚਿੱਠੀ ਹੀ ਜਾਰੀ ਕੀਤੀ ਹੈ। ਮੱਕੜ ਨੇ ਇਹ ਵੀ ਕਿਹਾ ਕਿ ਜਦੋਂ ਮੈਂ ਸਿੱਕੇ ਦੇ ਘਰ ਇਹ ਫਿਲਮ ਵੇਖਣ ਗਿਆ ਤਾਂ ਪਹਿਲਾ ਸੀਨ ਵੇਖਦੇ ਸਾਰ ਹੀ ਇਨਕਾਰ ਕਰਕੇ ਬਾਹਰ ਆ ਗਿਆ ਸੀ ਜਦਕਿ ਉਸਤੋਂ ਬਾਅਦ ਜੂਨ 2015 ‘ਚ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾਂ ਸਥਾਪਨਾ ਦਿਵਸ ਮੌਕੇ ਪੰਡਲ ‘ਚ ਮੈਨੂੰ ਸਿੱਕਾ ਮਿਲਿਆ ਸੀ ਤੇ ਉਸਨੇ ਫਿਲਮ ਨੂੰ ਮਨਜ਼ੂਰੀ ਦੇਣ ਦੀ ਗੱਲ ਕਹੀ ਸੀ ਪਰ ਉਸ ਵੇਲੇ ਵੀ ਮੈਂ ਉਸਨੂੰ ਇਹ ਆਖ ਕੇ ਇਨਕਾਰ ਕੀਤਾ ਸੀ ਕਿ ਸਿੱਖ ਧਰਮ ਦੇ ਗੁਰੂ ਸਹਿਬਾਨ, ਗੁਰੂ ਸਹਿਬਾਨ ਦੇ ਪਰਿਵਾਰ, ਚਾਰ ਸਾਹਿਬਜ਼ਾਦੇ ਅਤੇ ਪੰਜਾਂ ਪਿਆਰਿਆਂ ਨੂੰ ਕਿਸੇ ਵੀ ਸੂਰਤ ‘ਚ ਕਿਸੇ ਮਨੁੱਖੀ ਕਿਰਦਾਰ ਵੱਲੋਂ ਫਿਲਮਾਇਆ ਨਹੀਂ ਜਾ ਸਕਦਾ ਹੈ। ਇਸਲਈ ਜਾਂ ਤਾਂ ਤੁਸੀਂ ਇਨ੍ਹਾਂ ਨੂੰ ਐਨੀਮੇਸ਼ਨ ‘ਚ ਤਬਦੀਲ ਕਰੋ ਜਾਂ ਫਿਰ ਫਿਲਮ ਦਾ ਪ੍ਰੋਜੈਕਟ ਰੱਦ ਕਰੋ। ਜਿੱਥੋਂ ਤੱਕ ਉਸਨੂੰ ਜਾਰੀ ਕੀਤੇ ਗਏ ਪੱਤਰ ਦਾ ਸੁਆਲ ਹੈ ਤਾਂ ਉਹ ਤੱਤਕਾਲੀ ਅਧਿਕਾਰੀ ਨੇ ਕਥਿਤ ਤੌਰ ਤੇ ਚਲਾਕੀ ਦੇ ਨਾਲ ਆਪਣੇ ਪੱਧਰ ਤੇ ਹੀ ਜਾਰੀ ਕਰ ਦਿੱਤਾ ਸੀ। ਜਦਕਿ ਰੂਪ ਸਿੰਘ ਤਾਂ ਵੀਚਾਰਾ ਭੋਲਾ ਪੰਛੀ ਸੀ ਜਿਸਨੇ ਉਸ ਅਧਿਕਾਰੀ ਦੀ ਪ੍ਰਵਾਨਗੀ ਦੇ ਪੱਤਰ ਨੂੰ ਵੇਖ ਕੇ ਅਗਾਊਂ ਲਏ ਗਏ ਫੈਸਲੇ ਨੂੰ ਲਾਗੂ ਕਰਵਾਉਣ ਦੀ ਕਾਰਵਾਈ ਕੀਤੀ ਸੀ।

Comments are closed.

COMING SOON .....


Scroll To Top
11