Friday , 19 April 2019
Breaking News
You are here: Home » Editororial Page » ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ

ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਪੰਜ ਪਾਤਸ਼ਾਹੀਆ ਨੂੰ ਆਪਣੇ ਹੱਥੀਂ ਗੁਰਿਆਈ ਦਾ ਤਿਲਕ ਲਗਾਇਆ। ਜੁਗੋ ਜੁੱਗ ਅਟੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦ ਪਹਿਲੀ ਵਾਰ ਸੱਚਖੰਡ ਸ੍ਰੀ ਹਰੀਮੰਦਰ ਸਾਹਿਬ ਅੰਮ੍ਰਿਤਸਰ ਵਿੱਚ ‘ਪੋਥੀ ਸਾਹਿਬ’ ਜੀ ਦੇ ਰੂਪ ਵਿੱਚ ਪ੍ਰਕਾਸ਼ ਹੋਇਆ ਤਾਂ ਬਾਬਾ ਬੁੱਢਾ ਜੀ ਹਰੀਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਬਣੇ। ‘ਪੋਥੀ ਸਾਹਿਬ’ ਦਾ ਪਹਿਲੀ ਵਾਰ ਪ੍ਰਕਾਸ਼ ਆਪ ਨੇ ਕੀਤਾ। ਭਾਈ ਕਾਹਨ ਸਿੰਘ ਨਾਭਾ ‘ਮਹਾਨ ਕੋਸ਼’ ਵਿੱਚ ਲਿੱਖਦੇ ਹਨ ਕਿ ਬਾਬਾ ਬੁੱਢਾ ਜੀ ਦਾ ਜਨਮ 7 ਕੱਤਕ ਸੰਮਤ 1563 ਅਕਤੂਬਰ 22 ਸੰਨ 1506 ਈ: ਨੂੰ ਪਿਤਾ ਭਾਈ ਸੁੱਘਾ ਰੰਧਾਵਾ ਜੀ ਅਤੇ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂ ਨੰਗਲ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਦਾ ਬਚਪਨ ਦਾ ਨਾਂ ‘ਬੂੜਾ’ ਸੀ। ਆਪ ਆਪਣੇ ਮਾਪਿਆਂ ਦੀ ਇਕਲੋਤੀ ਸੰਤਾਨ ਸਨ। ਥੋੜ੍ਹੇ ਚਿਰ ਬਾਅਦ ਹੀ ਆਪ ਦੇ ਪ੍ਰੀਵਾਰ ਵਾਲੇ ਪਿੰਡ ਰਮਦਾਸ ਜਾ ਕੇ ਰਹਿਣ ਲੱਗ ਪਏ। ਇੱਥੇ ਹੀ ਸੰਨ 1518 ਨੂੰ ਇੱਕ ਦਿਨ ਆਪ ਪਸ਼ੂ ਚਾਰ ਰਹੇ ਸਨ ਤੇ ਆਪ ਦਾ ਮੇਲ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ। ਆਪ ਗੁਰੂ ਸਾਹਿਬ ਜੀ ਲਈ ਦੁੱਧ ਦਾ ਕਟੋਰਾ ਲੈ ਕੇ ਗਏ। ਇਸੇ ਦੌਰਾਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਈ ਗੱਲਾਂ ਸਾਂਝੀਆਂ ਹੋਈਆਂ ਤੇ ਆਪ ਨੇ ਜੰਮਣ ਮਰਨ ਦੇ ਚੱਕਰ ਤੋਂ ਮੁੱਕਤੀ ਮੰਗੀ। ਭਾਈ ਮਨੀ ਸਿੰਘ ਜੀ ਲਿੱਖਦੇ ਹਨ ਕਿ ਗੁਰੂ ਜੀ ਨੇ ਆਪ ਨੂੰ ਕਿਹਾ ਕਿ ‘ਤੂੰ ਅਜੇ ਛੋਟਾ ਬਾਲਕ ਹੈ, ਪਰ ਬੁੱਧੀਮਾਨ ਬਹੁਤ ਹੈ, ਤੇਰਾ ਨਾਉਂ ਕੀ ਹੈ’? ਤਾਂ ਆਪ ਨੇ ਕਿਹਾ ਕਿ ‘ਮੇਰਾ ਨਾਉਂ ਬੂੜਾ ਹੈ ਜੀ’ ਤਾਂ ਗੁਰੂ ਜੀ ਨੇ ਫੁਰਮਾਇਆ ਕਿ ‘ਭਾਈ ਤੂੰ ਬੂੜਾ ਨਹੀ ਬੁੱਢਾ ਹੈ। ਉਸ ਮਾਲਕ ਦਾ ਨਾਮ ਜਪ ਤੇਰਾ ਕਲਿਆਣ ਹੋਵੇਗਾ’। ਉਸ ਦਿਨ ਤੋਂ ਬਾਅਦ ਆਪ ਦਾ ਨਾਂ ‘ਬਾਬਾ ਬੁੱਢਾ’ ਪੈ ਗਿਆ। ਆਪ ਆਪਣਾ ਘਰ ਬਾਹਰ ਛੱਡ ਕੇ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਕੋਲ ਰਹਿਣ ਲੱਗ ਪਏ। ਗੁਰੂ ਜੀ ਨੇ ਨਾਮ ਜੱਪਣ ਦੀ ਜੁੱਗਤ ਦੱਸੀ ਤਾਂ ਆਪ ਸੇਵਾ ਤੇ ਸਿਮਰਨ ਵਿੱਚ ਮਸਤ ਰਹਿਣ ਲੱਗ ਪਏ। ਗੁਰੂ ਘਰ ਦੀ ਸੇਵਾ ਕਰਦਿਆਂ ਬਾਬਾ ਬੁੱਢਾ ਜੀ ਇੱਕ ਦਿਨ ਜਵਾਨ ਹੋ ਗਏ ਤੇ ਆਪ ਆਪਣੇ ਮਾਪਿਆਂ ਦੀ ਇਕਲੋਤੀ ਸੰਤਾਨ ਹੋਣ ਕਰਕੇ ਮਾਪੇ ਆਪ ਦਾ ਵਿਆਹ ਬੜੀ ਧੂਮ-ਧਾਮ ਨਾਲ ਕਰਨਾਂ ਚਾਹੁੰਦੇ ਸਨ, ਪਰ ਆਪ ਨੇ ਇਨਕਾਰ ਕਰ ਦਿੱਤਾ। ਆਪ ਦੇ ਮਾਤਾ ਪਿਤਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀ ਸਮਝਾਉ ਤਾਂ ਗੁਰੂ ਸਾਹਿਬ ਦੇ ਸਮਝਾਉਣ ਤੇ ਆਪ ਨਾ ਹੀ ਨਹੀ ਕਰ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਝਾਉਣ ਤੇ 1523 ਈ: ਨੂੰ 17 ਸਾਲ ਦੀ ਉਮਰ ਵਿੱਚ ਪਿੰਡ ਅਚਲ ਬਟਾਲਾ ਵਿੱਚ ਬੀਬੀ ਮਿਰੋਆ ਜੀ ਨਾਲ ਆਪ ਦਾ ਵਿਆਹ ਹੋਇਆ। ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਵਿੱਚ ਸ਼ਾਮਿਲ ਨਹੀ ਹੋ ਸਕੇ, ਪਰ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲੱਖਮੀ ਦਾਸ ਜੀ ਬਾਬਾ ਬੁੱਢਾ ਜੀ ਦੇ ਵਿਆਹ ਵਿੱਚ ਸ਼ਾਮਿਲ ਹੋਏ। ਆਪ ਦੇ ਚਾਰ ਪੁੱਤਰ ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਤੇ ਭਾਈ ਭਾਨਾ ਜੀ ਸਨ। ਆਪਣੇ ਅੰਤਲੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1539 ਵਿੱਚ ਜਦ ਗੁਰਿਆਈ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੋਂਪੀ ਤਾਂ ਗੁਰਿਆਈ ਦੇਣ ਦੀ ਰਸਮ ਬਾਬਾ ਬੁੱਢਾ ਜੀ ਨੇ ਨਿਭਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਵਰ ਬਖਸ਼ਿਆ ਕਿ ‘ਤੈਥੋਂ ਉਹਲੇ ਨਾ ਹੋਸਾਂ’ ਫਿਰ ਆਪ ਗੁਰੂ ਅੰਗਦ ਦੇਵ ਜੀ ਨਾਲ ਖਡੂਰ ਸਾਹਿਬ ਆ ਗਏ। ਆਪ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਤਨੋਂ-ਮਨੋਂ ਜੁੱਟ ਗਏ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਜਦ ਗੁਰੂ ਅਮਰਦਾਸ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦੀ ਬਖਸ਼ਿਸ਼ ਕਰਨੀ ਚਾਹੀ ਤਾਂ 1552 ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਗਾਇਆ ਤੇ ਜਦ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਾਹਿਬਜਾਦੇ ਦਾਤੂ ਜੀ ਨੇ ਵਿਰੋਧ ਜਾਇਆ ਤਾਂ ਸ੍ਰੀ ਗੁਰੂ ਅਮਰਦਾਸ ਜੀ ਗੁਪਤਵਾਸ ਹੋ ਗਏ। ਸੰਗਤਾਂ ਬਹਿਬਲ ਹੋ ਉਠੀਆਂ। ਬਾਬਾ ਬੁੱਢਾ ਜੀ ਨੇ ਆਪਣੀ ਸਿਆਣਪ ਤੇ ਸੂਝ-ਬੂਝ ਨਾਲ ਗੁਰੂ ਜੀ ਨੂੰ ਲੱਭ ਲਿਆ। ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਆ ਗਏ। ਬਾਉਲੀ ਦੀ ਸੇਵਾ ਸ਼ੁਰੂ ਕਰਵਾਈ। ਜਿਸ ਬਾਉਲੀ ਦੀ ਸੇਵਾ ਭਾਈ ਜੇਠਾ ਜੀ (ਸ੍ਰੀ ਗੁਰੂ ਰਾਮਦਾਸ ਜੀ) ਨੇ ਟੋਕਰੀ ਆਪਣੇ ਸਿਰ ਤੇ ਚੁੱਕ ਕੇ ਕੀਤੀ, ਉਸ ਬਾਉਲੀ ਦਾ ਟੱਕ ਬਾਬਾ ਬੁੱਢਾ ਜੀ ਨੇ 1552 ਈ: ਆਪਣੇ ਮੁਬਾਰਕ ਹੱਥਾਂ ਨਾਲ ਲਗਾਇਆ। ਇੱਥੇ ਹੀ 22 ਮੰਜੀਆਂ ਦੀ ਸਥਾਪਨਾ ਕੀਤੀ ਗਈ ਤੇ ਪ੍ਰਬੰਧਕ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਗੁਰੂ ਅਮਰਦਾਸ ਜੀ ਤੋਂ ਬਾਅਦ 1574 ਵਿੱਚ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦਾ ਤਿਲਕ ਲਗਾਉਣ ਦਾ ਸੁਭਾਗ ਵੀ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਇਆ। ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਿੱਚ ਅੰਮ੍ਰਿਤ ਸਰੋਵਰ ਦਾ ਟੱਕ ਵੀ ਬਾਬਾ ਬੁੱਢਾ ਜੀ ਤੋਂ ਹੀ ਲਗਵਾਇਆ ਤੇ ਮੁੱਖ ਸੇਵਾਦਾਰ ਵੀ ਨਿਯੁਕਤ ਕਰ ਦਿੱਤਾ। ਜਿਸ ਬੇਰੀ ਦੇ ਥੱਲੇ ਬੈਠ ਕੇ ਬਾਬਾ ਬੁੱਢਾ ਜੀ ਇਸ ਸਰੋਵਰ ਦੀ ਸੇਵਾ ਕਰਵਾਉਂਦੇ ਸਨ, ਉਹ ਥਾਂ ਬੇਰ-ਬਾਬਾ ਬੁੱਢਾ ਜੀ ਦੇ ਨਾਂ ਨਾਲ ਪ੍ਰਸਿੱਧ ਹੈ। ਜਦ 1581 ਵਿੱਚ ਗੁਰਗੱਦੀ ਦੀ ਬਖਸ਼ਿਸ਼ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੋਈ ਤਾਂ ਉਸਾਰੀ ਦੇ ਸਾਰੇ ਕੰਮਾਂ ਦਾ ਪ੍ਰਬੰਧ ਬਾਬਾ ਬੁੱਢਾ ਜੀ ਨੂੰ ਸੋਂਪਿਆਂ ਗਿਆ। ਫਿਰ ਗੁਰੂ ਹੁਕਮਾਂ ਅਨੁਸਾਰ ਆਪ ਬੀੜ ਸਾਹਬ ਝਬਾਲ ਵਿਖੇ ਚਲੇ ਗਏ। ਇਸ ਜਗ੍ਹਾ ਦਾ ਨਾਮ ਆਪ ਦੇ ਨਾਮ ਨਾਲ ਬੀੜ ਬਾਬਾ ਬੁੱਢਾ ਸਾਹਿਬ ਮਸ਼ਹੂਰ ਹੋ ਗਿਆ। ਇਸ ਜਗ੍ਹਾ ਆਪ ਨੇ ਸਿੱਖੀ ਦਾ ਪ੍ਰਚਾਰ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਆਪ ਨੂੰ ਮਿਲਣ ਬੀੜ ਸਾਹਿਬ ਜਾਂਦੇ ਸਨ। ਇੱਥੇ ਆਪ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਪ੍ਰਾਪਤੀ ਦਾ ਵਰ ਦਿੱਤਾ ਸੀ। ਆਪ ਦੇ ਵਰ ਨਾਲ 1595 ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਹਰ ਵਿਦਿਆ, ਪੜਾਈ, ਸ਼ਾਸਤਰ ਵਿਦਿਆ, ਘੋੜ ਸਵਾਰੀ, ਤੀਰ ਅੰਦਾਜ਼ੀ, ਨੇਜ਼ੇਬਾਜੀ ਦੀ ਸਿੱਖਿਆ ਦੇ ਕੇ ਨਿਪੁੰਨ ਕੀਤਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ 1606 ਵਿੱਚ ਗੁਰਿਆਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦੇਣ ਸਮੇਂ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਪਹਿਨਾਈਆਂ। ਗੁਰੂ ਹਰਿਗੋਬਿੰਦ ਸਾਹਿਬ ਜੀ ਜਦ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਗਏ, ਤਾਂ ਹਾਕਮਾਂ ਨੇ ਆਪ ਨੂੰ ਗੁਰੂ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਤਾਂ ਆਪ ਨੇ ਚੌਂਕੀ ਸਾਹਿਬ ਦੀ ਰੀਤ ਚਲਾਈ ਜੋ ਅੱਜ ਵੀ ਬਰਕਰਾਰ ਹੈ। ਗੁਰੂ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਸਮੇਤ ਬਾਹਰ ਆਉਣ ਦੀ ਖੁਸ਼ੀ ਵਿੱਚ ਬਾਬਾ ਬੁੱਢਾ ਜੀ ਨੇ ਅੰਮ੍ਰਿਤਸਰ ਸਾਹਿਬ ਵਿੱਚ ਦੀਪ ਮਾਲਾ ਕੀਤੀ। ਬਾਬਾ ਬੁੱਢਾ ਜੀ ਬਿਰਧ ਅਵਸਥਾ ਵਿੱਚ ਪਹੁੰਚ ਚੁੱਕੇ ਸਨ। ਆਪ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਆਗਿਆ ਲੈ ਕੇ ਆਪਣੇ ਪਿੰਡ ਰਮਦਾਸ ਚਲੇ ਗਏ। ਆਪਣਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਆਪ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਤਾਂ ਗੁਰੂ ਸਾਹਬ ਰਮਦਾਸ ਪਹੁੰਚ ਗਏ। ਅੰਤ 16 ਨਵੰਬਰ 1631 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਹੱਥਾਂ ਵਿੱਚ 125 ਸਾਲ ਦੀ ਉਮਰ ਭੋਗ ਕੇ ਆਪ ਅਕਾਲ ਚਲਾਣਾ ਕਰ ਗਏ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ‘ਬਡਾ ਪੁਰਾਤਨ ਸਿਖ ਪ੍ਰਮਾਨ’ ਕਹਿ ਕੇ ਸਨਮਾਨ ਬਖਸ਼ਿਆ। ਗੁਰੂ ਸਾਹਬ ਜੀ ਨੇ ਬਾਬਾ ਜੀ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਤੇ ਆਪਣੀ ਦੇਖ-ਰੇਖ ਵਿੱਚ ਬਾਬਾ ਜੀ ਦਾ ਅੰਤਿਮ ਸਸਕਾਰ ਵੀ ਕਰਵਾਇਆ। ਇਸ ਮੰਗਲਵਾਰ 23 ਅਕਤੂਬਰ ਨੂੰ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।

Comments are closed.

COMING SOON .....


Scroll To Top
11