Monday , 20 January 2020
Breaking News
You are here: Home » Carrier » ਪੁਲਿਸ ਲਾਈਨ ਵਿਖੇ ਪੁਲਿਸ ਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਹਥਿਆਰਾਂ ਦੀ ਟ੍ਰੇਨਿੰਗ

ਪੁਲਿਸ ਲਾਈਨ ਵਿਖੇ ਪੁਲਿਸ ਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਹਥਿਆਰਾਂ ਦੀ ਟ੍ਰੇਨਿੰਗ

ਮਾਨਸਾ, 22 ਮਈ (ਨਛੱਤਰ ਸਿੰਘ ਕਾਹਨਗੜ੍ਹ)- ਮਾਨਸਾ ਪੁਲਿਸ ਵੱਲੋਂ ਤਿੰਨ ਮਹੀਨਿਆਂ ਤੋਂ ਵੀ ਜਿਆਦਾ ਚੱਲਣ ਵਾਲੇ ‘ਹਥਿਆਰਾਂ ਦੀ ਟ੍ਰੇਨਿੰਗ’ ਦੇ ਪ੍ਰੋਗਰਾਮ ਦਾ ਉਦੇਸ਼ ਇੱਕ ਤੀਰ ਦੋ ਨਿਸ਼ਾਨੇ ਵਾਂਗ ਹੈ। ਪਹਿਲਾ ਇਸ ਨਾਲ ਪੁਲਿਸ ਦੇ ਜਵਾਨ ਚੁਸਤ ਤੇ ਤੰਦਰੁਸਤ ਰਹਿਣਗੇ, ਦੂਜਾ ਜਵਾਨਾਂ ਦੀ ਹਥਿਆਰ ਚੁੱਕਣ ਤੇ ਚਲਾਉਣ ਦੀ ਤਕਨੀਕ ਵਿੱਚ ਹੋਰ ਨਿਖ਼ਾਰ ਆਵੇਗਾ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਨਵ-ਨਿਯੁਕਤ ਐਸ.ਪੀ. (ਐਚ) ਮਾਨਸਾ ਡਾ. ਸਚਿਨ ਗੁਪਤਾ, ਆਈ.ਪੀ.ਐਸ. ਨੇ ਦੱਸਿਆ ਕਿ ਹਥਿਆਰਾਂ ਦੀ ਟ੍ਰੇਨਿੰਗ ਦੇਣਾ ਇੱਕ ਰੋਜ਼ਾਨਾ ਦਾ ਅਭਿਆਸ ਹੈ ਪਰ ਇਸ ਵਾਰ ਜ਼ਿਲ੍ਹਾ ਮਾਨਸਾ ਦੀ ਸਾਰੀ ਪੁਲਿਸ ਨੂੰ ਬਹੁਤ ਹੀ ਤਕਨੀਕੀ ਢੰਗ ਨਾਲ ਇਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਹਥਿਆਰ ਚਲਾਉਣ ਦੇ ਕੋਰਸ ਨਾਲ ਜਵਾਨਾਂ ਦੇ ਵਿੱਚ ਚੁਸਤੀ ਆਉਂਦੀ ਹੈ ਅਤੇ ਦੁਸ਼ਮਣ ਨੂੰ ਲੜਾਈ ਦੇ ਮੈਦਾਨ ਵਿੱਚ ਚੁਸਤੀ ਤੇ ਫੁਰਤੀ ਨਾਲ ਜਲਦੀ ਬਰਬਾਦ ਕੀਤਾ ਜਾ ਸਕਦਾ ਹੈ। ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਪੁਲਿਸ ਲਾਈਨ ਵਿਖੇ ਚੱਲ ਰਹੀ ਇਸ ਟ੍ਰੇਨਿੰਗ ਵਿੱਚ ਇਸ ਵਾਰ ਅਸੀਂ ਸਿਰਫ਼ ਫਾਇਰਿੰਗ ਕਰਨ ’ਤੇ ਹੀ ਜ਼ੋਰ ਨਹੀਂ ਦੇ ਰਹੇ ਬਲਕਿ ਇਹ ਵੀ ਯਕੀਨੀ ਬਣਾ ਰਹੇ ਹਾਂ ਜੋ ਵੀ ਜਵਾਨ ਬੰਦੂਕ ਚਲਾ ਰਿਹਾ ਹੈ ਉਹ ਸਰੀਰਕ ਅਤੇ ਮਾਨਸਿਕ ਦੋਵਾਂ ਪਾਸੋਂ ਮਜ਼ਬੂਤ ਹੋਵੇ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਸੈਸ਼ਨ ਦੌਰਾਨ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਦੀ ਟ੍ਰੇਨਿੰਗ ਦੇਣ ਤੋਂ ਪਹਿਲਾਂ ਜਵਾਨਾਂ ਨੂੰ ਹਰ ਰੋਜ਼ ਸਵੇਰੇ ਜਾਗਿੰਗ ਤੇ ਹੋਰ ਅਭਿਆਸ ਕਰਵਾਇਆ ਜਾਂਦਾ ਹੈ, ਤਾਂ ਜੋ ਉਹ ਪੂਰੀ ਤਰ੍ਹਾਂ ਤੰਦਰੁਸਤ ਰਹਿਣ। ਪੁਲਿਸ ਲਾਈਨ ਵਿਖੇ ਟ੍ਰੇਨਰ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਸਾਰੀ ਪੁਲਿਸ ਫੋਰਸ ਨੂੰ ਹਥਿਆਰਾਂ ਨੂੰ ਫੜਨ ਦੇ ਢੰਗ, ਉਸਨੂੰ ਸਾਫ਼ ਕਰਨਾ ਅਤੇ ਉਸਨੂੰ ਚਲਾਉਣ ਦੀਆਂ ਤਕਨੀਕਾਂ ਸਬੰਧੀ ਬਰੀਕੀ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਜਵਾਨਾਂ ਨੂੰ ਸੈਲਫ ਲੋਡਿੰਗ ਰਾਈਫਲ (ਐਸ.ਐਲ.ਆਰ.), 9 ਐਮ.ਐਮ. ਐਸ.ਏ.ਐਫ. ਕਾਰਬਾਈਨ, 9 ਐਮ.ਐਮ. ਪਿਸਟਲ ਅਤੇ 7.62 ਏ.ਕੇ. 47 ਰਾਈਫਲ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਪੁਲਿਸ ਲਾਈਨ ਮਾਨਸਾ ਵਿਖੇ ਟ੍ਰੇਨਿੰਗ ਦਿੱਤੀ ਗਈ ਹੈ, ਉਨ੍ਹਾਂ ਵਿੱਚ 10 ਸਬ-ਇੰਸਪੈਕਟਰ,38 ਸਹਾਇਕ ਸਬ-ਇੰਸਪਕੈਟਰ, 156 ਹੈਡ ਕਾਂਸਟੇਬਲ, 261 ਕਾਂਸਟੇਬਲ ਅਤੇ 102 ਮਹਿਲਾ ਕਾਂਸਟੇਬਲ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ 1644 ਪੁਲਿਸ ਮੁਲਾਜ਼ਮਾਂ (ਪੁਰਸ਼ ਅਤੇ ਮਹਿਲਾ) ਵਿੱਚੋਂ 567 ਮੁਲਾਜ਼ਮ ਇਹ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਨਾਲ ਪੁਲਿਸ ਫੋਰਸ ਨੂੰ ਹਥਿਆਰ ਸਬੰਧੀ ਸਟੀਕ ਸੂਚਨਾ ਪ੍ਰਾਪਤ ਹੋਵੇਗੀ ਅਤੇ ਇਸ ਨਾਲ ਪੁਲਿਸ ਫੋਰਸ ਵਿੱਚ ਆਤਮ-ਵਿਸਵਾਸ਼ ਵੀ ਵਧੇਗਾ। ਟ੍ਰੇਨਿੰਗ ਲੈਣ ਵਾਲੇ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਕੋਰਸ ਕਰਨ ਨਾਲ ਉਨ੍ਹਾਂ ਦੇ ਆਤਮ-ਵਿਸਵਾਸ਼ ਵਿੱਚ ਵਾਧਾ ਹੋਇਆ ਹੈ ਅਤੇ ਅਨੁਸਾਸ਼ਨਤਾ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਸਾਨੂੰ ਸਿਖਾਇਆ ਜਾ ਰਿਹਾ ਹੈ ਕਿ ਵੱਖੋ-ਵੱਖਰੀਆਂ ਥਾਵਾਂ ’ਤੇ ਰਾਈਫਲ ਅਤੇ ਪਿਸਟਲ ਦੀ ਵਰਤੋਂ ਕਿਵੇਂ ਕਰਨੀ ਹੈ, ਜਿਸ ਨਾਲ ਦੁਸ਼ਮਣ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਸਾਡੇ ਸਾਥੀਆਂ ਨੂੰ ਵੀ ਨੁਕਸਾਨ ਨਾ ਪਹੁੰਚੇ। ਟ੍ਰੇਨਿੰਗ ਲੈਣ ਵਾਲੇ ਕਾਂਸਟੇਬਲਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਇਸ ਤਰ੍ਹਾਂ ਦੀ ਟ੍ਰੇਨਿੰਗ ਲੈ ਚੁੱਕੇ ਹਨ ਪਰ ਇਸ ਵਾਰ ਟ੍ਰੇਨਰ ਵੱਲੋਂ ਹੋਰ ਵੀ ਕਈ ਤਰ੍ਹਾਂ ਦੀਆਂ ਬਾਰੀਕਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਸੀਨੀਅਰ ਪੁਲਿਸ ਅਫ਼ਸਰ ਵੀ ਮੌਕੇ ’ਤੇ ਮੌਜੂਦ ਰਹਿ ਕੇ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਸਾਨੂੰ ਹਥਿਆਰ ਅਤੇ ਗੋਲਾ-ਬਾਰੂਦ ਚਲਾਉਣ ਦੇ ਵੱਖ-ਵੱਖ ਢੰਗਾਂ ਅਤੇ ਸੁਰੱਖਿਅਤ ਤਰੀਕਿਆਂ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।

Comments are closed.

COMING SOON .....


Scroll To Top
11