Thursday , 27 June 2019
Breaking News
You are here: Home » EDITORIALS » ਪੁਲਿਸ ਮੁਲਾਜ਼ਮਾਂ ਦੀ ਨਸ਼ੇ ਸਬੰਧੀ ਜਵਾਬਦੇਹੀ

ਪੁਲਿਸ ਮੁਲਾਜ਼ਮਾਂ ਦੀ ਨਸ਼ੇ ਸਬੰਧੀ ਜਵਾਬਦੇਹੀ

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਅੰਦਰ ਨਸ਼ਿਆਂ ਦੇ ਪ੍ਰਕੋਪ ਨੂੰ ਠੱਲ੍ਹਣ ਲਈ ਵਿਆਪਕ ਅਤੇ ਪ੍ਰਭਾਵੀ ਨੀਤੀ ਬਣਾਈ ਜਾ ਰਹੀ ਹੈ। ਇਸ ਨੀਤੀ ਦਾ ਖਰੜਾ ਕਈ ਪੱਧਰਾਂ ’ਤੇ ਵਿਚਾਰ ਅਧੀਨ ਹੈ। ਨਸ਼ਿਆਂ ਦੇ ਵਿਰੋਧ ਵਿੱਚ ਇਸ ਪ੍ਰਸਤਾਵਤ ਨੀਤੀ ਦੇ ਖਰੜੇ ਵਿੱਚ ਇਹ ਸੁਝਾਅ ਦਿੱਤਾ ਗਿਆ ਹੈ ਕਿ ਨਸ਼ਿਆਂ ਬਾਰੇ ਜਵਾਬਦੇਹੀ ਲਈ ਪੁਲਿਸ ਮੁਲਾਜ਼ਮਾਂ ਦੀ ਏ.ਸੀ.ਆਰ. ਵਿੱਚ ਨਸ਼ਿਆਂ ਸਬੰਧੀ ਇਕ ਨਵਾਂ ਕਾਲਮ ਜੋੜਿਆ ਜਾਵੇ। ਜੇਕਰ ਸਬੰਧਤ ਮੁਲਾਜ਼ਮ ਦਾ ਵਤੀਰਾ ਨਸ਼ਿਆਂ ਦੀ ਰੋਕਥਾਮ ਪ੍ਰਤੀ ਨਾਹ ਪੱਖੀ ਹੈ ਤਦ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸੇ ਨੀਤੀ ਤਹਿਤ ਸਰਕਾਰ ਨੇ ਸੂਬੇ ਦੇ 95 ਨਿੱਜੀ ਨਸ਼ਾ ਛੁਡਾਊ ਕੇਂਦਰ ਨੂੰ ਰੈਗੂਲੇਟ ਕਰਨ ਦਾ ਨਿਰਣਾ ਲਿਆ ਹੈ। ਇਸ ਨਾਲ ਸਰਕਾਰ ਵੱਲੋਂ ਨਾਮਜ਼ਦ ਅਥਾਰਟੀ ਇਨ੍ਹਾਂ ਕੇਂਦਰਾਂ ਵਿਚ ਨਸ਼ੇੜੀਆਂ ਦੀ ਗਿਣਤੀ ਤੇ ਨਸ਼ਾ ਛੁਡਾਉਣ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਦਾ ਜਾਇਜ਼ਾ ਲੈ ਸਕੇਗੀ। ਅਸਲ ਵਿੱਚ ਪੰਜਾਬ ਦੇ ਨਸ਼ਾ ਛੁਡਾਉ ਕੇਂਦਰਾਂ ਦਾ ਕੰਮਕਾਜ ਵੀ ਸਹੀ ਨਹੀਂ ਹੈ। ਕਈ ਨਸ਼ਾ ਛੁਡਾਊ ਕੇਂਦਰ ਨਸ਼ੀਲੇ ਪਦਾਰਥਾਂ ਦਾ ਕੇਂਦਰ ਬਣੇ ਹੋਏ ਹਨ। ਨਸ਼ੇ ਦੀ ਆਦਤ ਦਾ ਸ਼ਿਕਾਰ ਨੌਜਵਾਨਾਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਯੋਗ ਇਲਾਜ ਸਹੂਲਤਾਂ ਵੀ ਨਹੀਂ ਮਿਲਦੀਆਂ। ਹੋਰ ਤਾਂ ਹੋਰ ਨਸ਼ਾ ਛੁਡਾਊ ਕੇਂਦਰਾਂ ਵਿੱਚ ਬਹੁਤ ਹੀ ਮਾਰੂ ਅਤੇ ਗੈਰ ਮਨੁਖੀ ਦਵਾਈਆਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਇਹ ਚੰਗੀ ਗੱਲ ਹੈ ਕਿ ਸਰਕਾਰ ਨੇ ਨਸ਼ਾ ਛੁਡਾਊ ਕੇਂਦਰਾਂ ਦੇ ਕੰਮਕਾਜ ਨੂੰ ਦਰੁਸਤ ਕਰਨ ਲਈ ਪ੍ਰਸਤਾਵ ਲਿਆਂਦਾ ਹੈ। ਇਸ ਦੇ ਨਾਲ ਸਰਕਾਰ ਦੀ ਇਹ ਪਹਿਲ ਵੀ ਚੰਗੀ ਹੈ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਨਸ਼ੇ ਦੇ ਸ਼ਿਕਾਰ ਨੌਜਵਾਨਾਂ ਤੋਂ ਪੁਲਿਸ ਕੋਈ ਪੁਛਗਿੱਛ ਨਹੀਂ ਕਰੇਗੀ। ਇਹ ਨੀਤੀ ਬਣਾਉਣ ਵਿੱਚ ਸਰਕਾਰ ਸਿਵਲ ਸਰਜਨਾਂ ਅਤੇ ਮਨੋਵਿਗਿਆਨੀਆਂ ਤੋਂ ਵੀ ਸਲਾਹ ਲੈ ਰਹੀ ਹੈ। ਮੁੱਖ ਮੰਤਰੀ ਇਹ ਚਾਹੁੰਦੇ ਹਨ ਕਿ ਨਸ਼ੇ ਦੇ ਪੀੜਤਾਂ ਨਾਲ ਕੋਈ ਜ਼ਿਆਦਤੀ ਨਾ ਕੀਤੀ ਜਾਵੇ ਸਗੋਂ ਹਮਦਰਦੀ ਨਾਲ ਉਨ੍ਹਾਂ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਇਹ ਵੀ ਚਾਹੁੰਦੀ ਹੈ ਕਿ ਵਿਦਿਅਕ ਸੰਸਥਾਵਾਂ ਵੀ ਇਸ ਸਬੰਧ ਵਿੱਚ ਚੌਕਸੀ ਰੱਖਣ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਵਿਦਿਆਰਥੀਆਂ ’ਤੇ ਖਾਸ ਨਜ਼ਰ ਰੱਖੀ ਜਾਵੇ। ਨਸ਼ੇ ਦੀ ਰੋਕਥਾਮ ਲਈ ਇਸ ਤਰ੍ਹਾਂ ਦੇ ਬਹੁਪੱਖੀ ਕਦਮ ਬੇਹਦ ਪ੍ਰਭਾਵੀ ਸਾਬਿਤ ਹੋ ਸਕਦੇ ਹਨ। ਸਰਕਾਰ ਨੂੰ ਇਸ ਮਾਮਲੇ ਵਿੱਚ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਖਾਸ ਤੌਰ ’ਤੇ ਮਦਦ ਲੈਣੀ ਚਾਹੀਦੀ ਹੈ। ਧਾਰਮਿਕ ਸਥਾਨਾਂ ਦੇ ਪ੍ਰਬੰਧਕ ਵੀ ਇਸ ਸਬੰਧ ਵਿੱਚ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਨਸ਼ਿਆਂ ਖਿਲਾਫ਼ ਬਹੁਪੱਖੀ ਰਣਨੀਤੀ ਨੂੰ ਤਦ ਹੀ ਪ੍ਰਭਾਵੀ ਬਣਾਇਆ ਜਾ ਸਕਦਾ ਹੈ ਜੇਕਰ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਪੂਰਾ ਸਹਿਯੋਗ ਦੇਵੇ। ਪੰਜਾਬ ਨੂੰ ਇਸ ਲਈ ਵਧੇਰੇ ਫੰਡ ਵੀ ਮਿਲਣੇ ਚਾਹੀਦੇ ਹਨ। ਪੰਜਾਬ ਸਰਕਾਰ ਨੂੰ ਨਸ਼ੇ ਦੇ ਸ਼ਿਕਾਰ ਲੋਕਾਂ ਦਾ ਮੁਫਤ ਇਲਾਜ਼ ਕਰਨ ਦਾ ਬੀੜਾ ਚੁੱਕਿਆ ਹੈ। ਇਹ ਇਕ ਬੇਹਦ ਚੰਗਾ ਕਦਮ ਹੈ। ਇਸ ਨਾਲ ਗਰੀਬ ਵਰਗ ਨੂੰ ਖਾਸ ਤੌਰ ’ਤੇ ਰਾਹਤ ਮਿਲੇਗੀ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸਰਕਾਰ ਦੇ ਯਤਨਾਂ ਨਾਲ ਪੰਜਾਬ ਛੇਤੀ ਹੀ ਨਸ਼ਾ ਮੁਕਤ ਹੋ ਜਾਵੇਗਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11