Tuesday , 19 February 2019
Breaking News
You are here: Home » PUNJAB NEWS » ਪੁਲਿਸ ਫੋਰਸ ’ਚ ਖੜ੍ਹੋਤ ਖਤਮ ਕਰਨ ਲਈ ਮੁੱਖ ਮੰਤਰੀ ਵੱਲੋਂ ‘ਵਨ ਰੈਂਕ ਅੱਪ ਪ੍ਰਮੋਸ਼ਨ’ ਸਕੀਮ ਦੀ ਸ਼ੁਰੂਆਤ

ਪੁਲਿਸ ਫੋਰਸ ’ਚ ਖੜ੍ਹੋਤ ਖਤਮ ਕਰਨ ਲਈ ਮੁੱਖ ਮੰਤਰੀ ਵੱਲੋਂ ‘ਵਨ ਰੈਂਕ ਅੱਪ ਪ੍ਰਮੋਸ਼ਨ’ ਸਕੀਮ ਦੀ ਸ਼ੁਰੂਆਤ

ਸੂਬੇ ਦੇ ਬਜਟ ਵਿੱਚੋਂ ਪੀ.ਆਰ.ਟੀ.ਸੀ. ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 5 ਕਰੋੜ ਰੁਪਏ ਦੇਣ ਦਾ ਐਲਾਨ

ਜਹਾਨ ਖੇਲਾਂ (ਹੁਸ਼ਿਆਰਪੁਰ), 9 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੁਲਿਸ ਕਰਮਚਾਰੀਆਂ ਲਈ ਯਕੀਨਨ ਸੇਵਾ ਤਰੱਕੀ (ਐਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ) ਲਈ ‘ਇਕ ਰੈਂਕ ਅੱਪ ਪ੍ਰਮੋਸ਼ਨ ਸਕੀਮ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਪੁਲਿਸ ਵਿੱਚ ਤਾਇਨਾਤ ਕੋਈ ਵੀ ਕਰਮਚਾਰੀ ਏ.ਐਸ.ਆਈ. ਦੇ ਅਹੁਦੇ ’ਤੇ ਪਦਉਨਤ ਹੋਣ ਤੋਂ ਪਹਿਲਾਂ ਸੇਵਾ-ਮੁਕਤ ਨਹੀਂ ਹੋਵੇਗਾ। ਮੁੱਖ ਮੰਤਰੀ ਅੱਜ ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਸਿਖਲਾਈ ਹਾਸਲ ਕਰ ਚੁੱਕੇ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ’ਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਕਿ ਪੁਲਿਸ ਵਿੱਚ ਹੈਡ ਕਾਂਸਟੇਬਲ ਅਤੇ ਨਾਨ-ਗਜ਼ਟਿਡ ਅਫ਼ਸਰਾਂ ਦੇ ਰੈਂਕਾਂ ਵਿੱਚ ਖੜ੍ਹੋਤ ਆ ਜਾਣ ਕਾਰਨ ਫੋਰਸ ਵਿੱਚ ਨਿਰਾਸ਼ਾ ਵਧ ਰਹੀ ਸੀ, ਕਿਉਂਕਿ ਬਹੁਤ ਸਾਰੇ ਅਹੁਦੇ ਖਾਲੀ ਪਏ ਹੋਣ ਅਤੇ ਯੋਗ ਪੁਲੀਸ ਮੁਲਾਜ਼ਮ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਦਉਨਤੀ ਨਹੀਂ ਮਿਲ ਪਾ ਰਹੀ ਸੀ। ਐਸ਼ਿਓਰਡ ਕਰੀਅਰ ਪ੍ਰੋਗੈਸ਼ਨ (ਏ.ਸੀ.ਪੀ.) ਸਕੀਮ ਨੂੰ ਰਸਮੀ ਤੌਰ ’ਤੇ ਜਾਰੀ ਕਰਦੇ ਹੋਏ ਉਨ੍ਹਾਂ ਨੇ ਤਰੱਕੀ ਕਰਨ ਵਾਲੇ 14 ਨਵੇਂ ਪੁਲਿਸ ਅਧਿਕਾਰੀਆਂ ਦੇ ਮੋਢਿਆਂ ’ਤੇ ਸਟਾਰ ਲਗਾਏ। ਇਸ ਸਕੀਮ ਤਹਿਤ 16 ਸਾਲਾਂ ਦੀ ਨੌਕਰੀ ਤੋਂ ਬਾਅਦ ਹੈਡਕਾਂਸਟੇਬਲ ਤੋਂ ਐਸਿਸਟੈਂਟ ਸਬ ਇੰਸਪੈਕਟਰ (ਏ.ਐਸ.ਆਈ.), 24 ਸਾਲ ਦੀ ਨੌਕਰੀ ਤੋਂ ਐਸਿਸਟੈਂਟ ਸਬ ਇੰਸਪੈਕਟਰ (ਏ.ਐਸ.ਆਈ) ਤੋਂ ਸਬ-ਇੰਸਪੈਕਟਰ (ਐਸ.ਆਈ.) ਅਤੇ 30 ਸਾਲ ਦੀ ਨੌਕਰੀ ਤੋਂ ਬਾਅਦ ਸਬ ਇੰਸਪੈਕਟਰ (ਐਸ.ਆਈ.) ਤੋਂ ਇੰਸਪੈਕਟਰ ਦੇ ਤੌਰ ’ਤੇ ਤਰੱਕੀ ਦਾ ਉਪਬੰਧ ਕੀਤਾ ਗਿਆ ਹੈ। ਪੀ.ਆਰ.ਟੀ.ਸੀ. ਵਿੱਚ ਭਰਤੀ ਜਵਾਨਾਂ ਨੂੰ ਦਿੱਤੀ ਜਾਣ ਵਾਲੀ ਟਰੇਨਿੰਗ ਨੂੰ ਇੰਡੀਅਨ ਮਿਲਟਰੀ ਅਕੈਡਮੀ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਵਰਗੀਆਂ ਵੱਕਾਰੀ ਸੰਸਥਾਵਾਂ ਦੇ ਬਰਾਬਰ ਦੱਸਦਿਆਂ ਮੁੱਖ ਮੰਤਰੀ ਨੇ ਟਰੇਨਿੰਗ ਸੈਂਟਰ ਦੇ ਮੌਜੂਦਾ ਢਾਂਚੇ ਦੀ ਅਪਗਰੇਡੇਸ਼ਨ ਲਈ ਸੂਬੇ ਦੇ ਬਜਟ ’ਚੋਂ 5 ਕਰੋੜ ਰੁਪਏ ਅਤੇ ਆਪਣੇ ਅਖਤਿਆਰੀ ਫੰਡ ਵਿੱਚੋਂ 50 ਲੱਖ ਰੁਪਏ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਦਿੱਤੇ ਜਾਣ ਦਾ ਐਲਾਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੂੰ 9 ਮਹੀਨਿਆਂ ਦੀ ਸਖਤ ਟਰੇਨਿੰਗ ਤੋਂ ਬਾਅਦ ਪਾਸ ਆਊਟ ਕਰ ਚੁੱਕੇ 255ਵੇਂ ਬੈਚ ਦੇ ਜਵਾਨਾਂ ਵੱਲੋਂ ਸ਼ਾਨਦਾਰ ਸਲਾਮੀ ਦਿੱਤੀ ਗਈ। ਉਨ੍ਹਾਂ ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੀ ਮਿਲਟਰੀ ਕੈਰੀਅਰ ਦੌਰਾਨ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਤੋਂ ਤਿੰਨ ਸਾਲ ਅਤੇ ਇਸ ਤੋਂ ਬਾਅਦ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.) ਤੋਂ ਇਕ ਸਾਲ ਦੀ ਟ੍ਰੇਨਿੰਗ ਲਈ ਸੀ। ਮੁੱਖ ਮੰਤਰੀ ਨੇ ਪੁਲਿਸ ਵੱਲੋਂ ਸੂਬੇ ਵਿੱਚੋਂ ਅੱਤਵਾਦ ਨੂੰ ਖਤਮ ਕਰਨ ਲਈ ਲੜੀ ਲੜਾਈ ਦੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਨੇ 1800 ਸ਼ਹਾਦਤਾਂ ਦੇ ਕੇ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਸਾਲ 1964 ਵਿੱਚ ਪੰਜਾਬ ਪੁਲਿਸ ਦੀਆਂ 4 ਟੁਕੜੀਆਂ ਨੂੰ ਹਜ਼ਰਤ ਬੱਲ ਵਿਖੇ ਕਾਨੂੰਨ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਭੇਜਿਆ ਗਿਆ ਸੀ ਅਤੇ ਉਸ ਸਮੇਂ ਦੌਰਾਨ ਉਹ ਵੀ ਆਰਮੀ ਅਫਸਰ ਦੇ ਤੌਰ ’ਤੇ ਉਥੇ ਮੌਜੂਦ ਸਨ। ਉਨ੍ਹਾਂ ਨੇ ਰਾਜ ਦੇ ਮਾੜੀਆਂ ਹਾਲਤਾਂ ਵਾਲੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਵਿੱਚ ਆਈ.ਐਸ.ਆਈ. ਦਾ ਵੀ ਮੁੱਖ ਤੌਰ ’ਤੇ ਹੱਥ ਰਿਹਾ ਹੈ ਅਤੇ ਹੁਣ ਨਸ਼ਾ ਵੇਚਣ ਅਤੇ ਗੈਂਗਸਟਰ ਵਰਗੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਵਾਲੇ ਅਨਸਰ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਾਫ਼ ਤੌਰ ’ਤੇ ਚਿਤਾਵਨੀ ਦਿੱਤੀ ਗਈ ਹੈ ਕਿ ਜਾਂ ਤਾਂ ਉਹ ਇਹ ਰਾਹ ਛੱਡ ਦੇਣ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਪੁਲਿਸ ਜਵਾਨ ਇਨ੍ਹਾਂ ਗੈਂਗਸਟਰਾਂ ਅਤੇ ਨਸ਼ਾ ਵਿਰੋਧੀ ਅਨਸਰਾਂ ਨਾਲ ਨਿਪਟਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਇਸ ਸਮਾਰੋਹ ਦੌਰਾਨ ਮੁੱਖ ਮੰਤਰੀ ਵੱਲੋਂ ਪਾਸ ਆਊਟ ਹੋਏ 2068 ਨਵ-ਨਿਯੁਕਤ ਕਾਂਸਟੇਬਲਾਂ ਨੂੰ ਭਾਰਤੀ ਸੰਵਿਧਾਨ ਤੇ ਆਪਣੀ ਡਿਊਟੀ ਪ੍ਰਤੀ ਸਮਰਪਣ ਰਹਿਣ ਸਬੰਧੀ ਸਹੁੰ ਵੀ ਚੁਕਾਈ ਗਈ। ਇਸ ਦੌਰਾਨ ਉਨ੍ਹਾਂ ਵਲੋਂ ਮਾਰਸ਼ਲ ਆਰਟ ਅਤੇ ਪੀ.ਟੀ. ਸ਼ੋਅ ਤੋਂ ਇਲਾਵਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ ਗਿਆ, ਜੋ ਖਿੱਚ ਦਾ ਕੇਂਦਰ ਰਿਹਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਵਲੋਂ ਇਨਡੋਰ ਵਿਸ਼ੇ ਵਿੱਚ ਓਵਰ ਆਲ ਟਾਪਰ ਰਹੇ ਫਾਜ਼ਿਲਕਾ ਦੇ ਕਾਂਸਟੇਬਲ ਮਨਪ੍ਰੀਤ ਸਿੰਘ ਅਤੇ ਆਊਟਡੋਰ ਵਿਸ਼ੇ ਵਿੱਚ ਟਾਪਰ ਰਹੇ ਲੁਧਿਆਣਾ ਦੇ ਸੁਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਪਾਸਿੰਗ ਆਊਟ ਦੇ ਪਰੇਡ ਕਮਾਂਡਰ ਬਲਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ। ਮੁੱਖ ਮੰਤਰੀ ਵਲੋਂ ਸੈਂਟਰ ਦੇ ਉਪ ਜ਼ਿਲ੍ਹਾ ਅਟਾਰਨੀ ਕੰਵਲਪ੍ਰੀਤ ਸਿੰਘ, ਡੀ.ਐਸ.ਪੀ. ਸ੍ਰੀ ਹਰਜੀਤ ਸਿੰਘ ਅਤੇ ਸ੍ਰੀ ਮਲਕੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸ੍ਰੀ ਸੁੰਦਰ ਸ਼ਾਮ ਅਰੋੜਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਡੀ.ਜੀ.ਪੀ. ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਸ੍ਰੀ ਐਮ.ਕੇ. ਤਿਵਾੜੀ, ਏ.ਡੀ.ਜੀ.ਪੀ. (ਐਚ.ਆਰ.ਡੀ.) ਸ੍ਰੀ ਸ਼ਸ਼ੀ ਪ੍ਰਭਾ ਦਿਵੇਦੀ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ, ਵਿਧਾਇਕ ਸ੍ਰੀ ਸੰਗਤ ਸਿੰਘ ਗਿਲਜੀਆਂ, ਸ੍ਰੀ ਰਜਨੀਸ਼ ਕੁਮਾਰ ਬੱਬੀ, ਸ੍ਰੀ ਅਰੁਣ ਕੁਮਾਰ ਡੋਗਰਾ, ਡਾ. ਰਾਜ ਕੁਮਾਰ, ਵਿਧਾਇਕ ਅਤੇ ਜ਼ਿਲ੍ਹਾ ਕਾਂਰਗਸ ਪ੍ਰਧਾਨ ਸ੍ਰੀ ਪਵਨ ਕੁਮਾਰ ਆਦੀਆ, ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਸ੍ਰੀ ਅਮਰਪ੍ਰੀਤ ਸਿੰਘ ਲਾਲੀ, ਸਾਬਕਾ ਐਮ.ਪੀ. ਸ੍ਰੀਮਤੀ ਸੰਤੋਸ਼ ਚੌਧਰੀ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

Comments are closed.

COMING SOON .....


Scroll To Top
11