Monday , 19 August 2019
Breaking News
You are here: Home » EDITORIALS » ਪੀੜਤ ਕਿਸਾਨਾਂ ਨੂੰ ਮਿਲੇ ਤੁਰੰਤ ਮੁਆਵਜ਼ਾ

ਪੀੜਤ ਕਿਸਾਨਾਂ ਨੂੰ ਮਿਲੇ ਤੁਰੰਤ ਮੁਆਵਜ਼ਾ

ਪੰਜਾਬ ’ਚ ਪਿਛਲੇ ਦਿਨਾਂ ਦੌਰਾਨ ਭਾਰੀ ਮੀਂਹ, ਗੜੇਮਾਰੀ ਅਤੇ ਝਖੜ ਨੇ ਹਾੜੀ ਦੀਆਂ ਫਸਲਾਂ ਦਾ ਵੱਡੇ ਪਧਰ ’ਤੇ ਨੁਕਸਾਨ ਕੀਤਾ ਹੈ।ਇਸ ਨਾਲ ਪੰਜਾਬ ਦੇ ਦੋ ਤਿਹਾਈ ਖੇਤਰ ਦੇ ਕਿਸਾਨ ਪ੍ਰਭਾਵਿਤ ਹੋਏ ਹਨ। ਕਣਕ ਦੀ ਵਾਢੀ ਦਾ ਸਮਾਂ ਹੋਣ ਕਾਰਨ ਕੁਦਰਤੀ ਤੌਰ ’ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਹੈ। ਦੂਸਰੀਆਂ ਫਸਲਾਂ ਵੀ ਇਸ ਤੋਂ ਪ੍ਰਭਾਵਿਤ ਹੋਈਆਂ ਹਨ। ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਅਤੇ ਫਸਲਾਂ ਦੇ ਧਰਤੀ ਉਪਰ ਵਿਛ ਜਾਣ ਕਾਰਨ ਉਨ੍ਹਾਂ ਦੀ ਕਟਾਈ ਵੀ ਮੁਸ਼ਕਿਲ ਹੋ ਗਈ ਹੈ। ਖੇਤੀ ਮਾਹਿਰ ਵੀ ਮੰਨਦੇ ਹਨ ਕਿ ਇਸ ਨਾਲ ਪੰਜਾਬ ’ਚ ਕਣਕ ਦੀ ਫਸਲ ਦਾ 20 ਤੋਂ 40 ਫ਼ੀਸਦੀ ਤਕ ਨੁਕਸਾਨ ਹੋਇਆ ਹੈ ਸੂਰਜਮੁਖੀ ਦੀ ਫਸਲ ਤਾਂ ਕਈ ਜ਼ਿਲ੍ਹਿਆਂ ’ਚ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।ਪੰਜਬ ਵਿੱਚ 8 ਤੋਂ 10 ਹਜ਼ਾਰ ਹੈਕਟੇਅਰ ਰਕਬੇ ’ਚ ਸੂਰਜਮੁਖੀ ਦੀ ਫਸਲ ਬੀਜੀ ਜਾਂਦੀ ਹੈ। ਲਗਭਗ 3 ਲੱਖ ਹੈਕਟੇਅਰ ਵਿੱਚ ਸਬਜ਼ੀਆਂ ਉਗਾਈਆਂ ਜਾਂਦੀਆਂ। ਮੀਂਹ ਅਤੇ ਝੱਖੜ ਨੇ ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਕੀਤਾ ਹੈ। ਕਿਸਾਨਾਂ ਵਲੋਂ ਬੀਜੇ ਖ਼ਰਬੂਜ਼ੇ ਅਤੇ ਹੋਰਨਾਂ ਸਬਜ਼ੀਆਂ ਵੀ ਮੀਂਹ ਦੀ ਮਾਰ ਹੇਠ ਆ ਗਈਆਂ ਹਨ।ਪੂਰੇ ਪੰਜਾਬ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ ਹੈ ਤੇ ਕਈ ਥਾਈਂ ਗੜੇ ਵੀ ਪਏ ਹਨ।ਦੱਖਣੀ ਮਾਲਵੇ ਦੇ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਫ਼ਰੀਦਕੋਟ, ਫਾਜ਼ਿਲਕਾ, ਮੋਗਾ, ਮੁਕਤਸਰ ਅਤੇ ਫਿਰੋਜ਼ਪੁਰ, ਸੰਗਰੂਰ, ਬਰਨਾਲਾ ਵਿਚ ਜ਼ਿਆਦਾ ਮੀਂਹ ਪਿਆ ਜਦਕਿ ਲੁਧਿਆਣਾ, ਫਤਿਹਗੜ੍ਹ ਸਾਹਿਬ, ਮੁਹਾਲੀ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿਚ ਮੀਂਹ ਦੇ ਨਾਲ ਗੜੇ ਵੀ ਪਏ। ਸੋਮਵਾਰ ਸ਼ਾਮ ਤੋਂ ਸ਼ੁਰੂ ਹੋਇਆ ਕੁਦਰਤੀ ਕਰੋਪੀ ਦਾ ਕਹਿਰ ਬੁਧਵਾਰ ਦੇਰ ਸ਼ਾਮ ਤਕ ਜਾਰੀ ਰਿਹਾ।ਬੇਸ਼ੱਕ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਮੀਂਹ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿਤੇ ਹਨ। ਹਾੜੀ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਤੁਰੰਤ ਸਰਕਾਰ ਨੂੰ ਦੇਣ ਦੀ ਹਦਾਇਤ ਇੱਕ ਚੰਗਾ ਕਦਮ ਹੈ, ਪਰ ਸਰਕਾਰਾਂ ਦੇ ਕੰਮਕਾਜ ਤੇਜ਼ੀ ਨਾਲ ਨਹੀਂ ਹੁੰਦੇ ਰਿਪੋਰਟ ਤਿਆਰ ਹੋਣ ਤੋਂ ਬਾਅਦ ਕਿਸਾਨਾਂ ਨੂੰ ਮੁਆਵਜ਼ਾ ਮਿਲਣ ਤੱਕ ਕਈ ਮਹੀਨੇ ਬੀਤ ਜਾਂਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਮੁਆਵਜ਼ੇ ਦੀ ਤੁਰੰਤ ਅਦਾਇਗੀ ਦੇ ਪ੍ਰਬੰਧ ਕਰੇ ਤਾਂ ਜੋ ਪੀੜਤ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਕਿਸਾਨ ਪਹਿਲਾਂ ਹੀ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ। ਨਵੇਂ ਨੁਕਸਾਨ ਨਾਲ ਉਹ ਬੁਰੀ ਤਰ੍ਹਾਂ ਟੁੱਟ ਗਏ ਹਨ। ਕਿਸਾਨਾਂ ਨੂੰ ਬਚਾਉਣਾ ਇਸ ਸਮੇਂ ਸਰਕਾਰ ਦੀ ਪਹਿਲੀ ਤਰਜ਼ੀਹ ਹੋਣੀ ਚਾਹੀਦੀ ਹੈ। ਕਿਸਾਨ ਪਰਿਵਾਰਾਂ ਲਈ ਬਹੁਤ ਮੁਸ਼ਕਿਲ ਦੇ ਦਿਨ ਹਨ। ਇੱਕ ਪਾਸੇ ਉਨ੍ਹਾਂ ਨੂੰ ਕਰਜ਼ੇ ਮੋੜਨੇ ਹਨ ਦੂਜੇ ਪਾਸੇ ਉਨ੍ਹਾਂ ਕੋਲ ਘਰ ਦੇ ਖਰਚੇ ਚਲਾਉਣ ਲਈ ਪੈਸੇ ਤੱਕ ਨਹੀਂ ਹਨ। ਕੁਦਰਤੀ ਆਫਤ ਨੇ ਉਨ੍ਹਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਅਜਿਹੇ ਹਾਲਾਤਾਂ ਵਿੱਚ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤੁਰੰਤ ਪ੍ਰਭਾਵੀ ਕਦਮ ਚੁੱਕੇ। ਨੁਕਸਾਨ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਅਦਾਇਗੀ ਤਿੰਨ ਹਫਤਿਆਂ ਦੇ ਅੰਦਰ-ਅੰਦਰ ਕਰਨ ਲਈ ਪ੍ਰਬੰਧ ਕੀਤੇ ਜਾਣ। ਇਸ ਸਬੰਧ ਵਿੱਚ ਕਿਸਾਨ ਜੱਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਵੀ ਆਵਾਜ਼ ਉਠਾਉਣੀ ਚਾਹੀਦੀ ਹੈ।
-ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11